ਸੰਸਾਰ ਕੀ ਹੈ ?
ਇਨਸਾਨ ਜੰਮਣ ਤੋਂ ਲੈ ਕੇ ਮਰਨ ਤਕ ਆਪਣੇ ਆਪ ਬਾਰੇ ਹੀ ਸੋਚਦਾ ਰਹਿੰਦਾ ਹੈ ਤੇ ਇਸੇ ਸੁਆਰਥ ਅਧੀਨ ਬਾਕੀ ਦੀ ਦੁਨੀਆਂ ਬਾਰੇ ਕੋਈ ਜ਼ਿਆਦਾ ਸਮਝ ਨਹੀਂ ਬਣਾ ਸਕਦਾ। ਆਪਣੇ ਟੱਬਰ ਤੋਂ ਅੱਗੇ ਆਪਣਾ ਪਿੰਡ ਜਾਂ ਸ਼ਹਿਰ, ਫੇਰ ਜਿਲ੍ਹਾ ਜਾਂ ਇਲਾਕਾ, ਫੇਰ ਸੂਬਾ ਤੇ ਫੇਰ ਦੇਸ਼। ਜਿਵੇਂ ਜਿਵੇਂ ਉਸ ਦੀ ਸਮਝ ਦਾ ਦਾਇਰਾ ਵੱਡਾ ਹੁੰਦਾ ਜਾਂਦਾ ਹੈ ਤਿਵੇਂ ਤਿਵੇਂ ਵੱਡੇ ਹੁੰਦੇ ਜਾਂਦੇ ਦਾਇਰੇ ਨਾਲ ਲਗਾਅ ਜਾਂ ਵਫ਼ਾਦਾਰੀ ਦੀ ਤੀਬਰਤਾ ਘਟਦੀ ਜਾਂਦੀ ਹੈ। ਇਸੇ ਕਰਕੇ ਰਾਜਸੀ ਪਾਰਟੀਆਂ ਨੂੰ ਚੋਣਾਂ ਵੇਲੇ ਉਚੇਚਾ ਯਤਨ ਕਰਕੇ ਵੋਟਰਾਂ ਨੂੰ ਸਮਾਜਿਕ ਜਿੰਮੇਦਾਰੀ ਤੇ ਦੇਸ਼ਭਗਤੀ ਯਾਦ ਕਰਾਉਣੀ ਪੈਂਦੀ ਹੈ। ਜਿਨ੍ਹਾਂ ਪਾਰਟੀਆਂ ਦੀ ਸਾਰੀ ਟੇਕ ਹੀ ਦੇਸ਼ਭਗਤੀ ਉੱਤੇ ਹੋਵੇ ਉਹਨਾਂ ਦਾ ਹੋਰ ਵੀ ਜ਼ਿਆਦਾ ਜ਼ੋਰ ਲੱਗਦਾ ਹੈ। ਪਰ ਦੇਸ਼ ਤੋਂ ਅੱਗੇ ਵੀ ਧਰਤੀ ਤੇ ਰਹਿੰਦੀ ਹੋਰ ਦੁਨੀਆਂ ਹੈ ਤੇ ਇਸ ਵਿਚ ਕਈ ਦੇਸ਼ ਹਨ ਜੋ ਸਾਰੇ ਇੱਕ ਵੱਡੀ ਮਨੁੱਖਤਾ ਦਾ ਹਿੱਸਾ ਹਨ। ਕਿਓਂ ਨਾ ਇਨਸਾਨ ਉਸ ਮਨੁੱਖਤਾ ਨਾਲ ਲਗਾਅ ਰੱਖੇ ਤੇ ਵਫ਼ਾਦਾਰੀ ਕਰੇ। ਜਿੱਥੇ ਸਾਨੂੰ ਸਾਡੇ ਗੁਰੂਆਂ ਨੇ ਵਕਤ ਪੈਣ ਤੇ ਆਪਣੇ ਟੱਬਰ, ਪਿੰਡ, ਸ਼ਹਿਰ, ਇਲਾਕੇ, ਸੂਬੇ ਤੇ ਦੇਸ਼ ਦੀ ਰਾਖੀ ਕਰਨੀ ਸਿਖਾਈ ਉਥੇ ਹੀ ਪੂਰੀ ਮਨੁੱਖਤਾ ਨੂੰ ਆਪਣਾ ਸਮਝਣਾ ਵੀ ਸਿਖਾਇਆ। ਇਹ ਸਾਰਾ ਕੁਝ ਕਰਦਿਆਂ ਹੋਇਆਂ ਇਸ ਮਨੁੱਖਤਾ ਨੂੰ ਬਣਾਉਣ ਵਾਲੇ ਕਾਦਰ ਤੇ ਉਸਦੀ ਕੁਦਰਤ ਨੂੰ ਵੀ ਧਿਆਉਣ ਲਈ ਆਖਿਆ। ਧਿਆਉਂਦਿਆਂ ਧਿਆਉਂਦਿਆਂ ਹੀ ਉਹ ਅਸਚਰਜ ਉਪਜਦਾ ਹੈ ਜੋ ਉਸ ਕਾਦਰ ਤੇ ਉਸਦੀ ਕੁਦਰਤ ਬਾਰੇ ਹੋਰ ਵੱਧ ਜਾਨਣ ਲਈ ਉਤਸੁਕਤਾ ਪੈਦਾ ਕਰਦਾ ਹੈ। ਬਸ਼ਰਤੇ ਕਿ ਇਹ ਧਿਆਉਣਾ ਬ੍ਰਾਹਮਣ ਵਾਲੀ ਪੂਜਾ ਤੇ ਆਧਾਰਿਤ ਕਰਮਕਾਂਡੀ ਉਚਾਰਣ ਨਾ ਹੋਵੇ ਬਲਕਿ ਅਸਚਰਜ ਤੇ ਉਤਸੁਕਤਾ ਦਾ ਉਹ ਮੇਲ ਹੋਵੇ ਜੋ ਵੱਧ ਤੋਂ ਵੱਧ ਜਾਣ ਕੇ ਉਸ ਕੁਦਰਤ ਵਿਚੋਂ ਨਿਕਲੀ ਹੋਈ ਜ਼ਿੰਦਗੀ ਨੂੰ ਵੱਧ ਤੋਂ ਵੱਧ ਖੂਬਸੂਰਤ ਬਣਾਉਣਾ ਚਾਹੇ। ਅਸੀਂ ਅਜੇ ਭਾਵੇਂ ਬ੍ਰਾਹਮਣ ਦੇ ਬਖਸ਼ੇ ਹੋਏ ਚਿੱਕੜ ਵਿੱਚ ਹੀ ਚੁੱਭੀਆਂ ਲਾ ਰਹੇ ਹਾਂ ਪਰ ਪੱਛਮੀ ਮੁਲਕਾਂ ਦੇ ਵਿਗਿਆਨਕਾਂ ਨੇ ਮਨੁੱਖਤਾ ਲਈ ਬਹੁਤ ਕੁਝ ਲੱਭ ਦਿੱਤਾ ਹੈ। ਇਹ ਜ਼ਰੂਰ ਸੱਚ ਹੈ ਕਿ ਉਹਨਾਂ ਵਿਗਿਆਨਕਾਂ ਦੀ ਪ੍ਰੇਰਨਾ ਦਾ ਵੱਡਾ ਸਰੋਤ ਯੁਗਪੁਰਸ਼ਾਂ ਦੀ ਦੱਸੀ ਮਨੁੱਖਤਾ ਦੀ ਭਲਾਈ ਨਹੀਂ ਸੀ ਸਗੋਂ ਪਦਾਰਥਕ ਮੌਜਾਂ ਦੀ ਖਿੱਚ ਸੀ ਤੇ ਹੈ। ਰਾਜਿਆਂ ਰਜਵਾੜਿਆਂ ਦੇ ਖ਼ਾਤਮੇ ਤੋਂ ਬਾਅਦ ਪਿਛਲੀਆਂ ਦੋ ਤਿੰਨ ਸਦੀਆਂ ਵਿੱਚ ਉੱਗੇ ਤੇ ਫ਼ਲੇ ਕੌਮਵਾਦ (ਰਾਸ਼ਟਰਵਾਦ), ਨੁਕਸਦਾਰ ਲੋਕਰਾਜ ਅਤੇ ਪੂੰਜੀਵਾਦ ਨੇ ਇਹਨਾਂ ਮੌਜਾਂ ਦੀ ਖਿੱਚ ਹੋਰ ਵਧਾ ਦਿੱਤੀ ਹੈ। ਇਹ ਤਾਂ ਚਲਦੇ ਫਿਰਦੇ ਮਨੁੱਖ ਦੇ ਉਸਾਰੇ ਹੋਏ ਸਮਾਜ ਦੀ ਮੋਟੀ ਜਿਹੀ ਸਥਿਤੀ ਹੈ। ਪਰ ਕੁਦਰਤ ਨੇ ਬਹੁਤ ਕੁਝ ਅਸਥੂਲ ਵੀ ਪੈਦਾ ਕੀਤਾ ਹੈ ਜਿਸ ਵਿੱਚੋਂ ਮਨੁੱਖ ਨਿਕਲਿਆ ਹੈ। ਜੇ ਹੋਰ ਉਤਸੁਕਤਾ ਹੈ ਤਾਂ ਸਰਲ ਸ਼ਬਦਾਂ ਵਿੱਚ ਅੱਗੇ ਪੜ੍ਹ ਸਕਦੇ ਹੋ। ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਪਾਠਕਾਂ ਨੂੰ ਸਮਝ ਆ ਜਾਏ ਜਿਹੜੇ ਕਦੀ ਵਿਗਿਆਨ ਦੇ ਵਿਦਿਆਰਥੀ ਨਹੀਂ ਰਹੇ।
ਪ੍ਰਸਿੱਧ ਵਿਗਿਆਨਕ ਐਲਬਰਟ ਆਇਨਸਟਾਈਨ ਦੇ ਜਨਰਲ ਰਿਲੇਟਿਵਿਟੀ ਦੇ ਸਿਧਾਂਤ ਦਾ ਇੱਕ ਕੁਦਰਤੀ ਸਿੱਟਾ ਇਹ ਸੀ ਕਿ ਇਸ ਬ੍ਰਹਿਮੰਡ ਜਾਂ ਸੰਸਾਰ ਦੀ ਉਪਜ ਇੱਕ ਵੱਡੇ ਧਮਾਕੇ (Big Bang) ਵਿੱਚੋਂ ਹੋਈ। ਇਸ ਦਾ ਮਤਲਬ ਇੱਕ ਲਗਾਤਾਰ ਫੈਲਦਾ ਹੋਇਆ ਸੰਸਾਰ ਸੀ। ਪਰ ਇਹ ਮੰਨਣਾ ਉਦੋਂ, ਅਰਥਾਤ 1917 ਵਿੱਚ, ਵਿਗਿਆਨਕਾਂ ਲਈ ਵੀ ਔਖਾ ਸੀ ਕਿ ਸੰਸਾਰ ਲਗਾਤਾਰ ਫੈਲ ਰਿਹਾ ਹੈ। ਇਸ ਲਈ ਆਇਨਸਟਾਈਨ ਨੇ ਆਪਣੇ ਇਸ ਸਿਧਾਂਤ ਦੇ ਗਣਿਤਕ ਸਮੀਕਰਨਾਂ ਵਿੱਚ ਇੱਕ ਵਾਧੂ ਅੱਖਰ (Cosmological Constant) ਪਾਇਆ ਤਾਂ ਕਿ ਸਾਡਾ ਸੰਸਾਰ ਸਥਿਰ ਰਹਿ ਸਕੇ !
ਪਰ 1929 ਵਿੱਚ, ਐਡਵਿਨ ਹੱਬਲ ਨਾਂ ਦੇ ਵਿਗਿਆਨਕ ਨੇ ਐਲਾਨ ਕਰ ਦਿੱਤਾ ਕਿ ਸਾਡੀ ਆਕਾਸ਼ ਗੰਗਾ ਤੋਂ ਅਗਲੀਆਂ ਗਲੈਕਸੀਆਂ ਸਾਡੇ ਤੋਂ ਦੂਰ ਭੱਜ ਰਹੀਆਂ ਹਨ ਤੇ ਉਹ ਵੀ ਸਾਡੇ ਤੋਂ ਉਹਨਾਂ ਦੀ ਦੂਰੀ ਦੇ ਅਨੁਪਾਤ ਵਿੱਚ। ਅਰਥਾਤ ਜਿੰਨੀ ਕੋਈ ਗਲੈਕਸੀ ਸਾਡੇ ਤੋਂ ਦੂਰ ਹੈ ਓਨੀ ਹੀ ਵੱਧ ਗਤੀ ਨਾਲ ਭੱਜ ਰਹੀ ਹੈ। ਆਖ਼ਰ ਸੰਸਾਰ ਫਿਰ ਫੈਲਣ ਲੱਗਾ ! ਜਿਵੇਂ ਜਿਵੇਂ ਗੱਲ ਅੱਗੇ ਤੁਰੀ ਵਿਗਿਆਨਕ ਕੁਝ ਤੱਥ ਲੱਭਣ ਵਿੱਚ ਕਾਮਯਾਬ ਹੋਏ ਤੇ ਕੁਝ ਮੰਨਣਯੋਗ ਅੰਦਾਜ਼ੇ ਲਾਏ। ਹੁਣ ਤਕ ਦੀ ਖੋਜ ਮੁਤਾਬਕ ਵੱਡਾ ਧਮਾਕਾ ਅੱਜ ਤੋਂ ਤਕਰੀਬਨ 13.7 ਅਰਬ (ਬਿਲੀਅਨ) ਸਾਲ ਪਹਿਲਾਂ ਹੋਇਆ । ਅਰਥਾਤ ਇਸ ਸੰਸਾਰ ਦੀ ਉਮਰ 13.7 ਅਰਬ ਸਾਲ ਹੈ। ਸੰਸਾਰ ਦੀ ਵਰਤਮਾਨ ਉਮਰ ਇਸਦੇ ਫੈਲਣ ਦੇ ਇਤਿਹਾਸ ਅਤੇ ਫੈਲਾਅ ਦੀ ਮੌਜੂਦਾ ਦਰ ਤੋਂ ਕੱਢੀ ਗਈ ਹੈ। ਸਾਡੇ ਘੱਟ ਜਾਣਕਾਰੀ ਵਾਲੇ ਸੱਜਣ ਆਮ ਤੌਰ ਤੇ ਹੀ ਗ਼ਲਤ ਗਿਣਤੀ ਮਿਣਤੀ ਲਿਖਦੇ ਰਹਿੰਦੇ ਹਨ। ਇਸ ਲਈ ਇਥੇ ਇਹ ਦੱਸਣਾ ਠੀਕ ਲੱਗਦਾ ਹੈ ਕਿ ਅਸੀਂ ਲੋਕ ਜ਼ਿਆਦਾ ਗਿਣਤੀ ਵਾਲੀਆਂ ਚੀਜ਼ਾਂ ਨੂੰ ਲੱਖਾਂ, ਕਰੋੜਾਂ, ਅਰਬਾਂ, ਖ਼ਰਬਾਂ ਆਦਿ ਵਿੱਚ ਗਿਣਦੇ ਹਾਂ। ਜਿਓਂ ਜਿਓਂ ਗਿਣਤੀ ਵਿੱਚ ਦੋ ਸਿਫ਼ਰਾਂ ਵਧੀ ਜਾਂਦੀਆਂ ਹਨ ਤਿਓਂ ਤਿਓਂ ਅਸੀਂ ਹਜ਼ਾਰ (1,000) ਨੂੰ ਲੱਖ (1,00,000), ਲੱਖ ਨੂੰ ਕਰੋੜ (1,00,00,000), ਕਰੋੜ ਨੂੰ ਅਰਬ (1,00,00,00,000) ਆਦਿ ਕਹਿੰਦੇ ਜਾਂਦੇ ਹਾਂ। ਪਰ ਪੱਛਮੀ ਵਿਗਿਆਨਕਾਂ ਦੀ ਗਿਣਤੀ ਵਿੱਚ ਜਿਓਂ ਜਿਓਂ ਤਿੰਨ ਸਿਫ਼ਰਾਂ ਵਧੀ ਜਾਂਦੀਆਂ ਹਨ ਤਿਓਂ ਤਿਓਂ ਅਗਲਾ ਅੱਖਰ ਆਈ ਜਾਂਦਾ ਹੈ। ਇਹਨਾਂ ਗਿਣਤੀਆਂ ਲਈ ਉਹ ਹਜ਼ਾਰ (1,000), ਮਿਲੀਅਨ (1,000,000), ਬਿਲੀਅਨ (1,000,000,000), ਟ੍ਰਿਲੀਅਨ (1,000,000,000,000) ਆਦਿ ਵਰਤਦੇ ਹਨ। ਇਸ ਤਰ੍ਹਾਂ ਦਸ ਲੱਖ ਦਾ ਮਤਲਬ ਇੱਕ ਮਿਲੀਅਨ ਤੇ ਇੱਕ ਅਰਬ ਦਾ ਮਤਲਬ ਇੱਕ ਬਿਲੀਅਨ ਬਣਦਾ ਹੈ। ਕੰਪਿਊਟਰ ਨੂੰ ਜਾਨਣ ਵਾਲੇ ਜਾਣਦੇ ਹੋਣਗੇ ਕਿ ਇੱਕ ਐੱਮ ਬੀ (ਮੈਗਾ ਬਾਈਟ) ਤੇ ਇੱਕ ਜੀ ਬੀ (ਗੀਗਾ ਬਾਈਟ) ਦਾ ਤਰਤੀਬਵਾਰ ਮਤਲਬ ਇੱਕ ਮਿਲੀਅਨ ਬਾਈਟ ਤੇ ਇੱਕ ਬਿਲੀਅਨ ਬਾਈਟ ਦੀ ਸਮਰੱਥਾ ਹੈ। ਇਸ ਤਰ੍ਹਾਂ ਹਰ ਵਿਸ਼ੇ ਦੀ ਲੋੜ ਮੁਤਾਬਕ ਉਸ ਲਈ ਗਿਣਤੀ ਤੇ ਮਿਣਤੀ ਦੇ ਅੱਖਰ ਵਰਤੇ ਜਾਂਦੇ ਹਨ।
ਹੁਣ ਵੱਡੀਆਂ ਗਿਣਤੀਆਂ ਚੋਂ ਬਾਹਰ ਆਈਏ ਤੇ ਇਹ ਹਜ਼ਮ ਕਰਨ ਦੀ ਕੋਸ਼ਿਸ਼ ਕਰੀਏ ਕਿ ਵੱਡੇ ਧਮਾਕੇ ਤੋਂ ਪਹਿਲਾਂ ਸੰਸਾਰ ਦਾ ਆਕਾਰ ਸਿਰਫ ਸੂਈ ਦੇ ਨੱਕੇ ਕੁ ਜਿੰਨਾ ਸੀ। ਬਿਗ ਬੈਂਗ ਸਿਧਾਂਤ ਅਨੁਮਾਨ ਲਗਾਉਂਦਾ ਹੈ ਕਿ ਸ਼ੁਰੂਆਤੀ ਸੰਸਾਰ ਇੱਕ ਬਹੁਤ ਹੀ ਗਰਮ ਸਥਾਨ ਸੀ। ਬਿਗ ਬੈਂਗ ਤੋਂ ਇੱਕ ਸਕਿੰਟ ਬਾਅਦ ਸੰਸਾਰ ਦਾ ਤਾਪਮਾਨ ਲਗਪਗ 10 ਅਰਬ ਡਿਗਰੀ ਸੀ ਅਤੇ ਇਹ ਅਤਿਅੰਤ ਛੋਟੇ ਛੋਟੇ ਕਣਾਂ ਅਰਥਾਤ ਨਿਊਟ੍ਰੋਨਾਂ, ਪ੍ਰੋਟੋਨਾਂ, ਇਲੈਕਟਰੋਨਾਂ, ਪੋਜ਼ੀਟਰੋਨਾਂ, ਫੋਟੋਨਾਂ ਅਤੇ ਨਿਊਟਰੀਨੋਂਆਂ ਨਾਲ ਭਰਿਆ ਹੋਇਆ ਸੀ। ਤਾਪਮਾਨ ਦਾ ਅੰਦਾਜ਼ਾ ਸਮਝਣ ਲਈ ਇਹ ਜਾਣ ਲੈਣਾ ਹੀ ਕਾਫ਼ੀ ਹੋਏਗਾ ਕਿ ਪਾਣੀ 100 ਡਿਗਰੀ (ਸੈਲਸੀਅਸ) ਤੇ ਉਬਲਦਾ ਹੈ। ਲੋਹਾ 1538 ਡਿਗਰੀ ਤੇ ਪਿਘਲਦਾ ਹੈ ਤੇ 2861 ਡਿਗਰੀ ਤੇ ਲੋਹਾ ਉਬਾਲੇ ਮਾਰਨ ਲੱਗ ਜਾਂਦਾ ਹੈ। ਜਿਵੇਂ ਜਿਵੇਂ ਸੰਸਾਰ ਠੰਢਾ ਹੋਇਆ, ਨਿਊਟਰੋਨ, ਪ੍ਰੋਟੋਨ ਅਤੇ ਇਲੈਕਟ੍ਰੋਨ ਆਪਸ ਵਿੱਚ ਨਸ਼ਟ ਹੋ ਕੇ ਜਾਂ ਮਿਲਕੇ ਸੰਸਾਰ ਦਾ ਸਭ ਤੋਂ ਹੌਲਾ ਪ੍ਰਮਾਣੂੰ (Atom) ਬਣਾਉਣ ਲੱਗੇ ਜਿਸਨੂੰ ਹਾਈਡ੍ਰੋਜਨ ਆਖਿਆ ਜਾਂਦਾ ਹੈ। ਸੰਸਾਰ ਦੇ ਸ਼ੁਰੂ ਵਿੱਚ ਹੀ ਜ਼ਿਆਦਾ ਹਾਈਡ੍ਰੋਜਨ ਆਪਸ ਵਿੱਚ ਮਿਲਕੇ ਉਸ ਤੋਂ ਅਗਲਾ ਭਾਰਾ ਪ੍ਰਮਾਣੂੰ ਹੀਲੀਅਮ ਬਣ ਗਿਆ। ਇਸ ਸਮੇਂ ਵਿਚ ਥੋੜ੍ਹਾ ਬਹੁਤ ਅਗਲਾ ਭਾਰਾ ਪ੍ਰਮਾਣੂੰ ਲੀਥੀਅਮ ਵੀ ਬਣਿਆ।
ਇਥੇ ਪਹੁੰਚ ਕੇ ਇਹ ਜਾਨਣਾ ਚਾਹੀਦਾ ਹੈ ਕਿ ਹਰ ਪ੍ਰਮਾਣੂੰ ਵਿੱਚ ਨਿਊਟਰੋਨ, ਪ੍ਰੋਟੋਨ ਅਤੇ ਇਲੈਕਟ੍ਰੋਨ ਹੁੰਦੇ ਹਨ। ਸਿਰਫ਼ ਹਾਈਡ੍ਰੋਜਨ ਦੇ ਪ੍ਰਮਾਣੂੰ ਵਿੱਚ ਕੋਈ ਨਿਊਟਰੋਨ ਨਹੀਂ ਹੁੰਦਾ। ਪ੍ਰਮਾਣੂੰ ਨੂੰ ਸਮਝਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਇਸ ਨੂੰ ਸੂਰਜ ਮੰਡਲ ਦਾ ਇੱਕ ਅੱਤ ਛੋਟਾ ਰੂਪ ਸਮਝਿਆ ਜਾਵੇ। ਸੂਰਜ ਦੀ ਟਿੱਕੀ ਨੂੰ ਪ੍ਰਮਾਣੂੰ ਦਾ ਕੇਂਦਰ ਸਮਝਿਆ ਜਾਵੇ ਜਿਥੇ ਨਿਊਟਰੋਨ ਤੇ ਪ੍ਰੋਟੋਨ ਇਕੱਠੇ ਰਹਿੰਦੇ ਹਨ ਤੇ ਸੂਰਜ ਦੁਆਲੇ ਘੁੰਮਦੇ ਗ੍ਰਹਿਆਂ ਨੂੰ ਇਲੈਕਟ੍ਰੋਨ ਸਮਝਿਆ ਜਾਵੇ। ਉਂਜ ਗ੍ਰਹਿਆਂ ਤੇ ਇਲੈਕਟ੍ਰੋਨ ਦੇ ਪੁੰਜ (ਮੋਟੇ ਤੌਰ ਤੇ ਭਾਰ) ਦਾ ਫ਼ਰਕ ਕਿੰਨਾ ਹੈ? ਨੌਂ ਨੂੰ ਐਸੇ ਅੱਖਰ ਨਾਲ ਤਕਸੀਮ ਕਰੋ ਜੋ ਏਕੇ ਨੂੰ ਅਠਾਈ ਸਿਫਰਾਂ ਲਾ ਕੇ ਬਣਦਾ ਹੈ। ਇਲੈਕਟ੍ਰੋਨ ਦਾ ਪੁੰਜ ਲਗਭਗ ਏਨੇ ਗ੍ਰਾਮ ਹੈ। ਪ੍ਰੋਟੋਨ ਤੇ ਨਿਊਟਰੋਨ ਕੋਈ ਬਹੁਤ ਵੱਡੇ ਨਹੀਂ। ਉਹ ਇਲੈਕਟ੍ਰੋਨ ਤੋਂ ਤਕਰੀਬਨ 1840 ਗੁਣਾ ਵੱਡੇ ਹਨ। ਅਰਥਾਤ ਉੱਪਰ ਦੱਸਿਆ ਅਠਾਈ ਸਿਫਰਾਂ ਵਾਲਾ ਅੱਖਰ ਚੌਵੀ ਕੁ ਸਿਫਰਾਂ ਵਾਲਾ ਲੈਣਾ ਪਏਗਾ। ਪ੍ਰਮਾਣੂੰ ਦੇ ਆਕਾਰ ਬਾਰੇ ਜਾਨਣ ਲਈ ਏਨਾ ਕਾਫੀ ਹੈ ਕਿ ਪ੍ਰਮਾਣੂੰ ਦੇ ਕੇਂਦਰ (ਜਿੱਥੇ ਨਿਊਟਰੋਨ ਤੇ ਪ੍ਰੋਟੋਨ ਰਹਿੰਦੇ ਹਨ) ਤੋਂ ਬਾਹਰਲੇ ਸਿਰੇ ਤੱਕ (ਜਿੱਥੇ ਇਲੈਕਟ੍ਰੋਨ ਚੱਕਰ ਲਾਉਂਦੇ ਹਨ) ਦਾ ਫ਼ਾਸਲਾ ਪੀਕੋਮੀਟਰਾਂ ਵਿੱਚ ਨਾਪਿਆ ਜਾਂਦਾ ਹੈ। ਇੱਕ ਮੀਟਰ ਵਿੱਚ ਇੱਕ ਹਜ਼ਾਰ ਅਰਬ (ਏਕੇ ਨਾਲ 12 ਸਿਫ਼ਰਾਂ) ਪੀਕੋਮੀਟਰ ਆਓਂਦੇ ਹਨ। ਵੀਹਵੀਂ ਸਦੀ ਵਿੱਚ ਕਈ ਦਹਾਕਿਆਂ ਤੱਕ ਇਹ ਤਿੰਨੇ ਕਣ ਸਭ ਤੋਂ ਛੋਟੇ ਕਣ ਮੰਨੇ ਜਾਂਦੇ ਰਹੇ। ਪਰ ਪਿਛਲੇ 25-30 ਸਾਲਾਂ ਵਿੱਚ ਪੱਕਾ ਹੋ ਗਿਆ ਹੈ ਕਿ ਨਿਊਟਰੋਨ ਤੇ ਪ੍ਰੋਟੋਨ ਵੀ ਅੱਗੋਂ ਕੁਆਰਕਾਂ ਦੇ ਬਣੇ ਹੁੰਦੇ ਹਨ ਜਿਨ੍ਹਾਂ ਦੀਆਂ ਅੱਗੋਂ 6 ਕਿਸਮਾਂ ਹਨ। ਇਨ੍ਹਾਂ ਦੋਨਾਂ ਦੇ ਅੰਦਰ ਰਹਿਣ ਵਾਲੇ ਕੁਆਰਕਾਂ ਦੀ ਠੀਕ ਸਥਿਤੀ ਬਾਰੇ ਅਜੇ ਅੱਗੋਂ ਖੋਜ ਜਾਰੀ ਹੈ। ਜਿਵੇਂ ਸੰਸਾਰ ਦੇ ਅਖੀਰਲੇ ਸਿਰੇ ਤੱਕ ਜਾਣਾ ਅਸੰਭਵ ਵਰਗਾ ਹੈ ਉਸੇ ਤਰ੍ਹਾਂ ਸਭ ਤੋਂ ਛੋਟੇ ਕਣਾਂ ਦੇ ਕੇਂਦਰ ਤੱਕ ਪਹੁੰਚਣਾ ਵੀ ਨਾ ਹੋਇਆਂ ਵਰਗਾ ਹੈ। ਇਹਨਾਂ ਤੋਂ ਇਲਾਵਾ ਵੀ ਕਈ ਕਣਾਂ ਦਾ ਵਿਗਿਆਨਕਾਂ ਨੂੰ ਪਤਾ ਹੈ ਪਰ ਉਹਨਾਂ ਬਾਰੇ ਗੱਲ ਕਰਦਿਆਂ ਵਿਸ਼ਾ ਬਹੁਤ ਫੈਲ ਜਾਏਗਾ। ਪ੍ਰਮਾਣੂੰ ਦੇ ਕੇਂਦਰ ਵਿੱਚ ਜਿੰਨੇ ਪ੍ਰੋਟੋਨ ਹੁੰਦੇ ਹਨ ਓਨੇ ਹੀ ਇਲੈਕਟ੍ਰੋਨ ਇਸ ਕੇਂਦਰ ਦੇ ਦੁਆਲੇ ਘੁੰਮਦੇ ਹਨ ਤਾਂ ਕਿ ਪ੍ਰਮਾਣੂੰ ਨਿਰਪੱਖ, ਅਰਥਾਤ ਬਿਜਲਈ ਚਾਰਜ ਤੋਂ ਰਹਿਤ, ਹੋਵੇ। ਇਹ ਇਸ ਲਈ ਜ਼ਰੂਰੀ ਹੈ ਕਿਓਂਕਿ ਜਿੰਨਾ ਸਕਾਰਾਤਮਕ (Positive) ਚਾਰਜ ਹਰ ਪ੍ਰੋਟੋਨ ਤੇ ਹੁੰਦਾ ਹੈ ਓਨਾ ਹੀ ਨਕਾਰਾਤਮਕ (Negative) ਚਾਰਜ ਹਰ ਇਲੈਕਟ੍ਰੋਨ ਤੇ ਹੁੰਦਾ ਹੈ। ਨਿਊਟਰੋਨ ਵਿਚਾਰੇ ਨੂੰ ਕੁਦਰਤ ਤੋਂ ਕੋਈ ਚਾਰਜ ਨਹੀਂ ਮਿਲਿਆ। ਇਸ ਗੱਲ ਨੂੰ ਹੋਰ ਸਪੱਸ਼ਟ ਕਰਨਾ ਹੋਵੇ ਤਾਂ ਕਹਿਣਾ ਪਵੇਗਾ ਕਿ ਪ੍ਰੋਟੋਨ ਵਿਚਲੇ ਕਵਾਰਕਾਂ ਦਾ ਉਲਟ ਚਾਰਜ ਆਪੋ ਵਿੱਚ ਖ਼ਾਰਜ ਹੋ ਕੇ ਵੀ ਕੁਝ ਚਾਰਜ ਪ੍ਰੋਟੋਨ ਲਈ ਬਚ ਜਾਂਦਾ ਹੈ ਪਰ ਨਿਊਟਰੋਨ ਵਿਚਲੇ ਕਵਾਰਕਾਂ ਦਾ ਆਪੋ ਵਿਚਲੇ ਉਲਟ ਚਾਰਜ ਬਰਾਬਰ ਖ਼ਤਮ ਹੋਣ ਤੋਂ ਬਾਅਦ ਕੋਈ ਚਾਰਜ ਬਾਕੀ ਨਹੀਂ ਬਚਦਾ।
ਹਾਈਡ੍ਰੋਜਨ ਦੇ ਪ੍ਰਮਾਣੂੰ ਵਿੱਚ ਇੱਕ ਪ੍ਰੋਟੋਨ ਅਤੇ, ਜਿਵੇਂ ਪਹਿਲਾਂ ਦੱਸਿਆ, ਇੱਕ ਹੀ ਇਲੈਕਟ੍ਰੋਨ ਹੁੰਦਾ ਹੈ। ਇਸ ਤੋਂ ਅਗਲੇ ਤੱਤ ਹੀਲੀਅਮ ਦੇ ਪ੍ਰਮਾਣੂੰ ਵਿੱਚ ਦੋ ਪ੍ਰੋਟੋਨ ਹੁੰਦੇ ਹਨ। ਇਸ ਤੋਂ ਅਗਲੇ ਤੱਤ ਲੀਥੀਅਮ ਦੇ ਪ੍ਰਮਾਣੂੰ ਵਿੱਚ ਤਿੰਨ ਪ੍ਰੋਟੋਨ ਹੁੰਦੇ ਹਨ। ਹਾਈਡ੍ਰੋਜਨ, ਹੀਲੀਅਮ ਤੇ ਲੀਥੀਅਮ ਹੁਰਾਂ ਨੂੰ ਤੱਤ (Element) ਕਹਿੰਦੇ ਹਨ। ਇਹ ਤੱਤ ਪ੍ਰਮਾਣੂੰਆਂ ਦੇ ਬਣੇ ਹੁੰਦੇ ਹਨ। ਪ੍ਰਮਾਣੂੰ ਦੇ ਕੇਂਦਰ ਵਿੱਚ ਜਿੰਨੇ ਕੁ ਪ੍ਰੋਟੋਨ ਹੁੰਦੇ ਹਨ ਲਗਭਗ ਓਨੇ ਕੁ ਹੀ ਨਿਊਟਰੋੰਨ ਵੀ ਰਹਿੰਦੇ ਹਨ ਜੋ ਪ੍ਰਮਾਣੂੰ ਦਾ ਭਾਰ ਵੀ ਵਧਾਉਂਦੇ ਹਨ। ਇਸ ਤੋਂ ਅੱਗੇ ਜਿਓਂ ਜਿਓਂ ਪ੍ਰੋਟੋਨਾਂ ਦੀ ਗਿਣਤੀ ਪ੍ਰਮਾਣੂੰ ਦੇ ਕੇਂਦਰ ਵਿੱਚ ਵਧਦੀ ਜਾਂਦੀ ਹੈ ਤਿਓਂ ਤਿਓਂ ਨਵਾਂ ਤੱਤ ਜਨਮ ਲੈਂਦਾ ਹੈ। ਕਾਰਬਨ, ਔਕਸੀਜ਼ਨ, ਲੋਹਾ, ਸੋਨਾ, ਪਲਾਟੀਨਮ ਆਦਿ ਸਭ ਤੱਤ ਹਨ। ਇਹ ਤੱਤ ਹੀ ਅੱਗੋਂ ਹੋਰ ਕਣਾਂ ਤੇ ਊਰਜਾ ਨਾਲ ਮਿਲਕੇ ਜਾਂ ਨਸ਼ਟ ਹੋ ਕੇ ਇਸ ਦਿਸਦੇ ਸੰਸਾਰ ਦੀ ਰਚਨਾ ਕਰਦੇ ਹਨ। ਸੰਸਾਰ ਵਿਚ ਹੁਣ ਤੱਕ ਕੁਲ 118 ਤੱਤ ਲੱਭੇ ਗਏ ਹਨ ਜਿਨ੍ਹਾਂ ਵਿਚੋਂ ਪਹਿਲੇ 94 ਕੁਦਰਤੀ ਤੌਰ ਤੇ ਪਾਏ ਜਾਂਦੇ ਹਨ ਜਦਕਿ ਬਾਕੀ ਵਿਗਿਆਨਕਾਂ ਦੁਆਰਾ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤੇ ਗਏ ਹਨ ਜਾਂ ਕਹਿ ਸਕਦੇ ਹਾਂ ਕਿ ਬਾਕੀ ਦੇ 24 ਸਿੰਥੈਟਿਕ ਤੱਤ ਹਨ।
ਹਰੇਕ ਤੱਤ ਦੇ ਆਪਣੇ ਗੁਣ ਹੁੰਦੇ ਹਨ ਜੋ ਬਦਲਦੇ ਨਹੀਂ । ਜਿਵੇਂ ਔਕਸੀਜ਼ਨ ਇੱਕ ਗੈਸ ਦੇ ਗੁਣ ਰੱਖਦੀ ਹੈ ਜਦਕਿ ਲੋਹਾ ਇੱਕ ਧਾਤ ਦੇ। ਕਿਹੜਾ ਤੱਤ ਕਿਹੜੇ ਦੂਜੇ ਤੱਤ ਨਾਲ ਕਿਵੇਂ ਪ੍ਰਤੀਕਿਰਿਆ ਕਰੇਗਾ ਇਹ ਪਹਿਲਾਂ ਤੋਂ ਨਿਸਚਿਤ ਹੈ। ਮਿਸਾਲ ਦੇ ਤੌਰ ਤੇ ਹਾਈਡ੍ਰੋਜਨ ਦੇ ਦੋ ਪ੍ਰਮਾਣੂੰ ਜੇ ਔਕਸੀਜਨ ਦੇ ਇੱਕ ਪ੍ਰਮਾਣੂੰ ਨਾਲ ਮਿਲਣਗੇ ਤਾਂ ਪਾਣੀ ਬਣੇਗਾ। ਉਲਟਾ ਸੋਚ ਕੇ ਦੇਖ ਲਉ। ਹੋਰ ਕਿਸੇ ਵੀ ਤਰੀਕੇ ਨਾਲ ਪਾਣੀ ਨਹੀਂ ਬਣ ਸਕਦਾ। ਪਾਣੀ ਤੱਤ ਨਹੀਂ ਹੈ ਇਸਨੂੰ ਯੌਗਿਕ ਕਹਿੰਦੇ ਹਨ। ਇਸਦੇ ਆਪਣੇ ਵਿਲੱਖਣ ਗੁਣ ਹਨ। ਇਹ ਸਭ ਕੁਝ ਇੱਕ ਬੱਝੇ ਹੋਏ ਵਰਤਾਰੇ ਵਿੱਚ ਵਾਪਰਦਾ ਹੈ। ਪਾਣੀ ਆਪਣੀ ਮਰਜ਼ੀ ਨਾਲ ਤੇਲ ਜਾਂ ਲੱਕੜ ਨਹੀਂ ਬਣ ਸਕਦਾ। ਔਕਸੀਜ਼ਨ ਦੇ ਗੁਣ ਗੈਸ ਵਾਲੇ ਕਿਓਂ ਹਨ ਤੇ ਲੋਹੇ ਦੇ ਧਾਤ ਵਾਲੇ ਕਿਓਂ? ਇਹ ਵੀ ਅਣਸਮਝਿਆ ਨਹੀਂ ਹੈ। ਇਹ ਸਾਰਾ ਪ੍ਰਮਾਣੂੰ ਵਿੱਚ ਵਸਦੇ ਕਣਾਂ ਦੀ ਗਿਣਤੀ ਮਿਣਤੀ ਅਤੇ ਊਰਜਾ ਤੇ ਨਿਰਭਰ ਕਰਦਾ ਹੈ। ਵਿਗਿਆਨਕਾਂ ਨੇ ਇਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਰੇ ਤੱਤਾਂ ਦੀ ਇੱਕ ਸਾਰਣੀ ਭਾਵ ਟੇਬਲ ਬਣਾਇਆ ਹੋਇਆ ਹੈ ਜਿਸ ਨੂੰ ਪੀਰਿਓਡਿਕ ਟੇਬਲ ਕਹਿੰਦੇ ਹਨ। ਇਸ ਵਿੱਚ ਇੱਕੋ ਜਿਹੇ ਗੁਣਾਂ ਵਾਲੇ ਤੱਤਾਂ ਨੂੰ ਅੱਗੋਂ ਗਰੁੱਪਾਂ ਵਿੱਚ ਵੰਡਿਆ ਹੋਇਆ ਹੈ ਜੋ ਕਾਫ਼ੀ ਤਰਤੀਬ ਵਾਲਾ ਹੈ ਤੇ ਵਿਗਿਆਨ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ।
ਵਿਗਿਆਨ ਦਾ ਕਹਿਣਾ ਹੈ ਕਿ ਪਹਿਲੇ ਤਿੰਨ ਕੁ ਤੱਤ ਤਾਂ ਵੱਡੇ ਧਮਾਕੇ ਦੇ ਸ਼ੁਰੂ ਵਿੱਚ ਹੀ ਬਣ ਗਏ ਪਰ ਬਾਕੀ ਦੇ ਸਭ ਬਾਅਦ ਵਿੱਚ ਬਣੇ। ਜਿਓਂ ਜਿਓਂ ਵੱਡੇ ਧਮਾਕੇ ਤੋਂ ਬਾਅਦ ਸੰਸਾਰ ਫੈਲਦਾ ਗਿਆ ਤਿਓਂ ਤਿਓਂ ਇਹ ਠੰਢਾ ਵੀ ਹੁੰਦਾ ਗਿਆ ਜਿਸ ਨਾਲ ਕਣਾਂ ਦੇ ਸੰਘਣੇ ਬੱਦਲ ਆਪੋ ਵਿੱਚ ਮਿਲਕੇ ਜਾਂ ਨਸ਼ਟ ਹੋ ਕੇ ਗਲੈਕਸੀਆਂ ਤੇ ਤਾਰਿਆਂ ਵਿੱਚ ਬਦਲੇ। ਇਹ ਸਾਰਾ ਕੁਝ ਇੰਨਾ ਸਿੱਧਾ ਸਾਦਾ ਨਹੀਂ ਹੈ। ਬਹੁਤ ਸਾਰੇ ਐਸੇ ਵਰਤਾਰੇ ਹਨ ਜਿਹਨਾਂ ਦੇ ਕਾਰਨ ਲੱਭਦਿਆਂ ਲੱਭਦਿਆਂ ਵਿਗਿਆਨਕਾਂ ਨੂੰ ਕਹਿਣਾ ਪਿਆ ਕਿ ਭਾਵੇਂ ਬਾਅਦ ਵਿੱਚ ਹੋਇਆ ਫੈਲਾਅ ਇੱਕ ਤਰਤੀਬ ਵਿੱਚ ਲੱਗਦਾ ਹੈ ਪਰ ਸ਼ੁਰੂ ਸ਼ੁਰੂ ਵਿੱਚ ਇਹ ਅਥਾਹ ਫੈਲਾਅ (Inflation) ਸੀ।
ਭਾਵੇਂ ਸਾਡਾ ਸੂਰਜ ਵੀ ਇੱਕ ਤਾਰਾ ਹੈ ਪਰ ਇਹ ਵਿਚਾਰਾ ਛੋਟੇ ਤਾਰਿਆਂ ਵਿੱਚ ਗਿਣਿਆ ਜਾਂਦਾ ਹੈ ! ਤਾਰਿਆਂ ਦਾ ਬਣਨਾ ਤੇ ਫੇਰ ਲੱਖਾਂ ਕਰੋੜਾਂ ਸਾਲਾਂ ਦੇ ਅਲੱਗ ਅਲੱਗ ਹਾਲਾਤ ਚੋਂ ਲੰਘ ਕੇ ਖ਼ਤਮ ਹੋਣਾ ਤੇ ਖ਼ਲਾਅ ਦੇ ਖਿਲਾਰੇ ਵਿੱਚੋਂ ਫੇਰ ਹੋਰ ਤਾਰਾ ਬਣ ਜਾਣਾ ਵੀ ਇੱਕ ਰੌਚਿਕ ਤੇ ਵੱਡਾ ਵਿਸ਼ਾ ਹੈ। ਇਥੇ ਇੰਨਾ ਕਹਿ ਸਕਦੇ ਹਾਂ ਕਿ ਤਾਰੇ ਦਾ ਕਿਹੋ ਜਿਹਾ ਅੰਤ ਹੋਵੇਗਾ ਇਹ ਉਸ ਦੇ ਆਕਾਰ ਤੇ ਨਿਰਭਰ ਕਰਦਾ ਹੈ। ਲੀਥੀਅਮ (ਤਿੰਨ ਪ੍ਰੋਟੋਨਾਂ ਵਾਲਾ) ਤੋਂ ਵੱਡੇ ਤੱਤ ਕੇਵਲ ਵੱਡੇ ਤਾਰਿਆਂ ਵਿੱਚ ਇੱਕ ਖ਼ਾਸ ਅਵਸਥਾ ਵਿੱਚ ਜਾ ਕੇ ਬਣਦੇ ਹਨ। ਕੋਈ ਵੱਡਾ ਤਾਰਾ ਜਦੋਂ ਖ਼ਤਮ ਹੁੰਦਾ ਹੈ ਤਾਂ ਇਹਨਾਂ ਵੱਡੇ ਤੱਤਾਂ ਨੂੰ ਖ਼ਲਾਅ ਵਿੱਚ ਖਿਲਾਰ ਦੇਂਦਾ ਹੈ। ਇਹ ਵੱਡੇ ਤੱਤ ਹਨ ਕਾਰਬਨ (6 ਪ੍ਰੋਟੋਨ), ਆਕਸੀਜਨ (8), ਸਿਲੀਕੋਨ (14), ਸਲਫ਼ਰ(16) ਤੇ ਲੋਹਾ (26)। ਇਸ ਤੋਂ ਵੱਡੇ ਤੱਤ ਅਤਿਅੰਤ ਹੀ ਵੱਡੇ ਤਾਰਿਆਂ ਵਿੱਚ ਹੋਰ ਵੀ ਅਲੱਗ ਟੁੱਟ ਭੱਜ ਨਾਲ ਬਣਦੇ ਹਨ। ਧਰਤੀ ਤੇ ਬਣੀ ਹੋਈ ਜ਼ਿੰਦਗੀ ਕਾਰਬਨ ਤੇ ਅਾਧਾਰਿਤ ਹੈ ਤੇ ਵੱਡੇ ਤੱਤਾਂ ਤੋਂ ਬਿਨਾ ਹੋ ਹੀ ਨਹੀਂ ਸਕਦੀ। ਕਿਓਂਕਿ ਸਾਰੇ ਵੱਡੇ ਤੱਤ ਤਾਰਿਆਂ ਦੁਆਰਾ ਖ਼ਲਾਅ ਵਿੱਚ ਸੁੱਟੇ ਗਏ ਹਨ, ਇਸ ਲਈ ਅਸੀਂ ਬੜੇ ਆਰਾਮ ਨਾਲ ਕਹਿ ਸਕਦੇ ਹਾਂ ਕਿ ਅਸੀਂ ਤਾਰਿਆਂ ਤੋਂ ਬਣੇ ਹਾਂ !
ਸਾਡਾ ਸੂਰਜ, ਜੋ ਇੱਕ ਤਾਰਾ ਹੈ, ਆਕਾਸ਼ ਗੰਗਾ ਗਲੈਕਸੀ ਦਾ ਹਿੱਸਾ ਹੈ। ਸਾਡੇ ਸਭ ਤੋਂ ਨੇੜੇ ਅਗਲੀ ਗਲੈਕਸੀ ਦਾ ਨਾਂ ਐਂਡ੍ਰੋਮੀਡਾ ਹੈ। ਇਹ ਧਰਤੀ ਦੇ ਏਨਾ ਕੁ ਨੇੜੇ ਹੈ ਕਿ ਉਹਦਾ ਪ੍ਰਕਾਸ਼ ਵੀ ਧਰਤੀ ਤੇ ਤਕਰੀਬਨ 25 ਲੱਖ ਸਾਲਾਂ ਵਿੱਚ ਪਹੁੰਚਦਾ ਹੈ। ਪ੍ਰਕਾਸ਼ ਦੀ ਗਤੀ ਤਕਰੀਬਨ 3 ਲੱਖ ਕਿਲੋਮੀਟਰ ਪ੍ਰਤੀ ਸਕਿੰਟ ਹੈ। ਚੰਨ ਧਰਤੀ ਤੋਂ ਏਨਾ ਕੁ ਹੀ ਦੂਰ ਹੈ। ਸੋ ਚੰਨ ਦਾ ਪ੍ਰਕਾਸ਼ ਧਰਤੀ ਤੇ ਇੱਕ ਸਕਿੰਟ ਵਿੱਚ ਪਹੁੰਚਦਾ ਹੈ। ਸੂਰਜ ਧਰਤੀ ਤੋਂ ਲਗਭਗ 15 ਕਰੋੜ ਕਿਲੋਮੀਟਰ ਹੈ। ਜੇ ਇਸਨੂੰ ਪ੍ਰਕਾਸ਼ ਦੀ ਗਤੀ ਨਾਲ ਤਕਸੀਮ ਕੀਤਾ ਜਾਵੇ ਤਾਂ ਸਮਝ ਸਕਦੇ ਹਾਂ ਕਿ ਸੂਰਜ ਦਾ ਪ੍ਰਕਾਸ਼ ਧਰਤੀ ਤੇ 8 ਮਿੰਟ 19 ਸਕਿੰਟ ਵਿੱਚ ਪਹੁੰਚਦਾ ਹੈ। ਇਸਦਾ ਮਤਲਬ ਹੈ ਕਿ ਜਦੋਂ ਸਵੇਰੇ ਸੂਰਜ ਨਮਸਕਾਰ ਸ਼ੁਰੂ ਹੁੰਦਾ ਹੈ ਉਸ ਵੇਲੇ ਸੂਰਜ ਚੜ੍ਹੇ ਨੂੰ 8 ਮਿੰਟ ਹੋ ਚੁੱਕੇ ਹੁੰਦੇ ਹਨ। ਨਮਸਕਾਰ ਵਾਲੇ ਹਮੇਸ਼ਾਂ ਦੇਰ ਨਾਲ ਕਰਦੇ ਹਨ। ਇਹੋ ਹਾਲ ਸ਼ਾਮ ਨੂੰ ਸੂਰਜ ਡੁੱਬਣ ਵੇਲੇ ਹੁੰਦਾ ਹੈ। ਖ਼ੈਰ, ਡੁੱਬਦੇ ਸੂਰਜ ਨੂੰ ਕੌਣ ਸਲਾਮ ਕਰਦਾ ਹੈ ! ਇਸੇ ਤਰ੍ਹਾਂ ਅਸੀਂ ਅੱਜ ਜੋ ਤਾਰੇ ਵੇਖ ਰਹੇ ਹਾਂ ਇਹ ਹਾਲਤ ਉਹਨਾਂ ਤਾਰਿਆਂ ਦੀ ਲੱਖਾਂ ਕਰੋੜਾਂ ਸਾਲ ਪਹਿਲਾਂ ਦੀ ਹੈ। ਕਿਸੇ ਤਾਰੇ ਨੂੰ ਅਸੀਂ ਕਿੰਨੀ ਪੁਰਾਣੀ ਹਾਲਤ ਵਿੱਚ ਅੱਜ ਵੇਖ ਰਹੇ ਹਾਂ ਇਹ ਉਸਦੀ ਸਾਡੇ ਤੋਂ ਦੂਰੀ ਤੇ ਨਿਰਭਰ ਕਰਦਾ ਹੈ।
ਸੂਰਜ ਤੋਂ ਅੱਗੇ ਸਾਡੇ ਸਭ ਤੋਂ ਨੇੜੇ ਦਾ ਤਾਰਾ ਪ੍ਰੌਕਸੀਮਾ ਸੈਂਟੌਰੀ ਹੈ ਜੋ ਧਰਤੀ ਤੋਂ ਤਕਰੀਬਨ ਸਵਾ ਚਾਰ ਪ੍ਰਕਾਸ਼ ਵਰ੍ਹੇ ਦੂਰ ਹੈ। ਜੇ ਅੱਜ ਅਸੀਂ ਉਸਨੂੰ ਦੇਖ ਲਈਏ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਉਸ ਨੂੰ ਉਸ ਹਾਲਤ ਵਿੱਚ ਵੇਖਿਆ ਹੈ ਜਿਸ ਵਿੱਚ ਉਹ ਅੱਜ ਤੋਂ ਸਵਾ ਚਾਰ ਸਾਲ ਪਹਿਲਾਂ ਸੀ।
ਧਰਤੀ ਸੂਰਜ ਦੇ ਦੁਆਲੇ 30 ਕਿਲੋਮੀਟਰ ਪ੍ਰਤੀ ਸਕਿੰਟ (ਅਰਥਾਤ 1,08,000 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਘੁੰਮਦੀ ਹੈ। ਅੱਗੋਂ ਸੂਰਜ, ਧਰਤੀ ਸਮੇਤ ਸਾਰੇ ਗ੍ਰਹਿਆਂ ਨੂੰ ਨਾਲ ਲੈ ਕੇ, 225 ਕਿਲੋਮੀਟਰ ਪ੍ਰਤੀ ਸਕਿੰਟ (ਅਰਥਾਤ 8,10,000 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਆਕਾਸ਼ ਗੰਗਾ ਦੇ ਕੇਂਦਰ ਦੁਆਲੇ ਘੁੰਮਦਾ ਹੈ। ਦੋ-ਚਾਰ ਕਿਲੋਮੀਟਰ ਦੇ ਫਲਾਈਓਵਰ ਦੀ ਤਾਰੀਫ਼ ਕਰਦਿਆਂ ਤੇ ਉਸ ਤੋਂ ਆਪਣੀ ਕਾਰ ਦੀ 100 ਕੁ ਕਿਲੋਮੀਟਰ ਪ੍ਰਤੀ ਘੰਟਾ ਵਾਲੀ ਰਫ਼ਤਾਰ ਨਾਲ ਚਲਦਿਆਂ ਕੀ ਅਸੀਂ ਏਡੇ ਵੱਡੇ ਆਕਾਰਾਂ ਨੂੰ ਲੱਖਾਂ ਕਿਲੋਮੀਟਰ ਪ੍ਰਤੀ ਘੰਟਾ ਦੀਆਂ ਗਤੀਆਂ ਨਾਲ ਦੌੜਦੇ ਕਲਪਨਾ ਵੀ ਕਰਨ ਜੋਗੇ ਹਾਂ ?
ਜਿੱਥੋਂ ਤੱਕ ਗਲੈਕਸੀਆਂ ਦੀ ਗਿਣਤੀ ਦਾ ਸਬੰਧ ਹੈ, ਇੱਕ ਅੰਦਾਜ਼ੇ ਮੁਤਾਬਕ ਦਿਸਣ ਤੇ ਸਮਝਣਯੋਗ ਗਲੈਕਸੀਆਂ ਦੀ ਗਿਣਤੀ ਲਗਭਗ ਕੁਝ ਹਜ਼ਾਰ ਅਰਬ ਹੋਵੇਗੀ। ਅੱਗੋਂ ਇਹਨਾਂ ਵਿੱਚ ਵਸਦੇ ਤਾਰਿਆਂ ਆਦਿ ਦੀ ਗਿਣਤੀ ਦੇ ਅੰਦਾਜ਼ੇ ਲਾਉਂਦਿਆਂ ਏਕੇ ਨੂੰ ਤੇਈ ਚੌਵੀ ਸਿਫ਼ਰਾਂ ਲੱਗ ਜਾਂਦੀਆਂ ਹਨ। ਸਮਝਿਆ ਜਾ ਸਕਦਾ ਹੈ ਕਿ ਇਹਨਾਂ ਗਿਣਤੀਆਂ ਨੂੰ ਠੀਕ ਠੀਕ ਸਮਝਣਾ ਅਜੇ ਮਨੁੱਖੀ ਸ਼ਕਤੀ ਤੋਂ ਕਾਫ਼ੀ ਪਰ੍ਹਾਂ ਹੈ। ਸਾਡੀ ਸੂਰਜੀ ਪ੍ਰਣਾਲੀ, ਜਿਸ ਦਾ ਹਿੱਸਾ ਸਾਡੀ ਧਰਤੀ ਵੀ ਹੈ, ਦਾ ਜਨਮ ਤੇ ਵਿਕਾਸ ਕੋਈ ਸਾਢੇ ਚਾਰ ਅਰਬ ਸਾਲ ਪਹਿਲਾਂ ਵਿਸ਼ਾਲ ਕਣ-ਬੱਦਲਾਂ ਦੇ ਇੱਕ ਛੋਟੇ ਜਿਹੇ ਹਿੱਸੇ ਦੇ ਢਹਿਣ ਸੁੰਗੜਨ ਨਾਲ ਸ਼ੁਰੂ ਹੋਇਆ ਸੀ। ਇਹ ਸੁੰਗੜਨਾ ਗੁਰੂਤਾ ਖਿੱਚ ਦੀ ਵਜ੍ਹਾ ਨਾਲ ਹੋਇਆ।
ਇਹ ਵੀ ਲੱਗਦਾ ਹੈ ਕਿ ਸੂਰਜ ਲਗਭਗ ਆਪਣੀ ਉਮਰ ਦੇ ਅੱਧ ਵਿੱਚ ਹੈ। ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਮਨੁੱਖ ਦੀ ਦੁਨੀਆਂ ਓਦੋਂ ਤੱਕ ਰਹੇਗੀ ਹੀ। ਸੂਰਜ ਦੇ ਵੱਖ ਵੱਖ ਹਾਲਾਤ ਵਿੱਚੋਂ ਲੰਘਦਿਆਂ ਮਨੁੱਖ ਦੀ ਦੁਨੀਆਂ ਦਾ ਕਲਿਆਣ ਸੂਰਜ ਦੇ ਕਲਿਆਣ ਤੋਂ ਕਿਤੇ ਪਹਿਲਾਂ ਹੋ ਜਾਣਾ ਹੈ। ਇਹ ਵੀ ਜ਼ਰੂਰੀ ਨਹੀਂ ਕਿ ਇਸ ਵਿੱਚ ਸੂਰਜ ਨੂੰ ਕੋਈ ਰੋਲ ਨਿਭਾਉਣਾ ਪਵੇ। ਡਾਇਨੋਸਾਰਾਂ ਦੇ ਕੱਦ ਬੁੱਤ ਵਾਂਗੂੰ ਬੰਦੇ ਦਾ ਦਿਮਾਗ ਵੀ ਕਾਫ਼ੀ ਨਾਲੋਂ ਜ਼ਿਆਦਾ ਵਿਕਾਸ ਕਰ ਗਿਆ ਹੈ। ਜ਼ਿਆਦਾ ਸੰਭਵ ਹੈ ਕਿ ਬੰਦਾ ਆਪਣਾ ਬੰਦੋਬਸਤ ਆਪੇ ਕਰ ਲਏਗਾ !
ਰੱਬ ਬਾਰੇ ਜਾਨਣਾ ਤਾਂ ਦੂਰ, ਮਨੁੱਖ ਤਾਂ ਅਜੇ ਉਸ ਰੱਬ ਵੱਲੋਂ ਪੈਦਾ ਕੀਤੀ ਤੇ ਦਿਸਦੀ ਦੁਨੀਆਂ ਬਾਰੇ ਵੀ ਪੂਰਾ ਨਹੀਂ ਦੱਸ ਸਕਦਾ। ਜੇ ਸੰਸਾਰ ਨੂੰ ਉਪਰ ਦੱਸੇ ਵੱਡੇ ਧਮਾਕੇ ਦੀ ਪੈਦਾਇਸ਼ ਹੀ ਮੰਨ ਲਿਆ ਜਾਏ ਤਾਂ ਕੀ ਗਾਰੰਟੀ ਹੈ ਕਿ ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਹੋਰ ਧਮਾਕਾ ਨਹੀਂ ਹੋਇਆ ਤੇ ਉਸ ਧਮਾਕੇ ਨਾਲ ਪੈਦਾ ਹੋਏ ਸੰਸਾਰ ਜਾਂ ਸੰਸਾਰਾਂ ਦੇ ਕੀ ਨੇਮ ਹਨ। ਜਾਂ ਉਸੇ ਵਕਤ ਹੀ ਕੋਈ ਹੋਰ ਵੱਡੇ ਧਮਾਕੇ ਨਹੀਂ ਹੋਏ। ਇਹਨਾਂ ਭਸੂੜੀਆਂ ਵਿੱਚੋਂ ਨਿਕਲਣ ਲਈ ਹੀ ਵਿਗਿਆਨਕ ਹੁਣ ਬਹੁ-ਸੰਸਾਰੀ ਦੁਨੀਆਂ (Multiverse) ਦੀ ਕਲਪਣਾ ਕਰਨ ਲੱਗ ਪਏ ਹਨ ਜਦਕਿ ਇਸ ਇੱਕ-ਸੰਸਾਰੀ ਦੁਨੀਆਂ ਦੀਆਂ ਸਾਰੀਆਂ ਗੱਲਾਂ ਤਾਂ ਅਜੇ ਸਮਝ ਨਹੀਂ ਆਈਆਂ ।
ਧਰਤੀ ਤੇ ਜੀਵਨ ਦੀ ਉਤਪਤੀ ਤੇ ਮਨੁੱਖ ਦੀ ਹਸਤੀ ਤਕ ਦਾ ਵਿਕਾਸ ਕਿਵੇਂ ਹੋਇਆ ? ਅਜੇ ਤਕ ਡਾਰਵਿਨ ਦੇ ਵਿਕਾਸਵਾਦ ਦੇ ਸਿਧਾਂਤ ਤੋਂ ਬਿਹਤਰ ਕੋਈ ਹੋਰ ਸਿਧਾਂਤ ਇਸ ਨੂੰ ਸਪੱਸ਼ਟ ਨਹੀਂ ਕਰਦਾ। ਡਾਰਵਿਨ ਦੇ ਸਿਧਾਂਤ ਦੇ ਰੱਦ ਹੋਣ ਤੱਕ ਮਨੁੱਖ ਲਈ ਇਹ ਹੰਕਾਰ ਕਰਨਾ ਮੁਸ਼ਕਿਲ ਹੈ ਕਿ ਕਿਸੇ ਅਦਿੱਖ ਸ਼ਕਤੀ ਨੇ ਉਸਨੂੰ ਅਚਾਨਕ ਇਥੋਂ ਦਾ ਰਾਜਾ ਬਣਾ ਕੇ ਸਥਾਪਤ ਕਰ ਦਿੱਤਾ ਤੇ ਉਹ ਉਸ ਸ਼ਕਤੀ ਦੁਆਰਾ ਪੈਦਾ ਕੀਤੇ ਬਾਕੀ ਜੀਵਾਂ ਨਾਲ ਮਨਮਰਜ਼ੀ ਕਰ ਸਕਦਾ ਹੈ। ਇਸ ਸੰਦਰਭ ਵਿੱਚ ਗੁਰੂਆਂ ਦੇ ਸਰਬੱਤ ਦੇ ਭਲੇ ਦੇ ਉਪਦੇਸ਼ ਹੋਰ ਵੀ ਪ੍ਰਸੰਗਿਕ ਹਨ। ਕੁਦਰਤੀ ਸ਼ਕਤੀ ਦੇ ਬਾਰੇ ਵੱਖ ਵੱਖ ਧਰਮਾਂ ਵਾਲੇ ਆਪੋ ਆਪਣੀ ਜਾਣਕਾਰੀ ਦੇਂਦੇ ਹਨ। ਇਸ ਪੱਖੋਂ ਵੱਖ ਵੱਖ ਧਰਮਾਂ ਪਿੱਛੇ ਚੱਲਣ ਵਾਲਿਆਂ ਵੱਲੋਂ ਆਪੋ ਆਪਣੇ ਧਰਮ ਨੂੰ ਦੂਜੇ ਦੇ ਧਰਮ ਨਾਲੋਂ ਬਿਹਤਰ ਆਖਣਾ ਫਜ਼ੂਲ ਦੀ ਕਿਰਿਆ ਹੈ ਤੇ ਅਜਿਹਾ ਕਹਿਣਾ ਉਸ ਧਰਮ ਦੇ ਪਿਛਲੱਗੂਆਂ ਦੇ ਅੰਦਰ ਵੱਸੇ ਕਿਸੇ ਹੀਣ ਭਾਵ ਨੂੰ ਹੀ ਪ੍ਰਗਟ ਕਰਦਾ ਹੈ। ਅਸਲੀ ਧਰਮ ਉਹੀ ਹੈ ਜੋ ਪੂਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਿਆਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ। ਉਸ ਮਨੁੱਖਤਾ ਨੂੰ ਪੈਦਾ ਕਰਨ ਵਾਲਾ ਰੱਬ ਕਿਹੋ ਜਿਹਾ ਹੈ, ਇਸ ਬਾਰੇ ਗੁਰੂ ਬਾਬੇ ਵੱਲੋਂ ਜਪੁ ਜੀ ਦੇ ਸ਼ੁਰੂ ਵਿੱਚ ਦਿੱਤੀ ਇਕ ਖੁੱਲ੍ਹੀ ਖੁਲਾਸੀ ਪਰਿਭਾਸ਼ਾ ਹੀ ਕਾਫ਼ੀ ਹੈ ਜਿਸਨੂੰ ਵਿਗਿਆਨਕਾਂ ਦੀਆਂ ਹੁਣ ਤੱਕ ਦੀਆਂ ਖੋਜਾਂ ਨਹੀਂ ਕੱਟਦੀਆਂ ।
(੦੨/੧੦/੨੦੧੯ ਤੋਂ ਰੋਜ਼ਾਨਾ ਸਪੋਕਸਮੈਨ ਵਿਚ ਛਪਿਆ ਹੋਇਆ)
No comments:
New comments are not allowed.