September 12, 2020

ਅੰਬੇਦਕਰ ਤੇ ਦਲਿਤਿਸਤਾਨ (Ambedkar and Dalitistan)

ਅੰਬੇਦਕਰ ਦਾ ਵਿਚਾਰਨਯੋਗ ਸਿਧਾਂਤ

        ਡਾਕਟਰ ਬੀ ਆਰ ਅੰਬੇਦਕਰ ਨੇ ਬੜੇ ਸਪੱਸ਼ਟ ਸ਼ਬਦਾਂ ਵਿੱਚ ਇਹ ਦੱਸ ਦਿੱਤਾ ਹੈ ਕਿ ਜੇ ਕਦੇ ਉਸਨੂੰ ਖ਼ੁਦ ਅਤੇ ਦੇਸ਼ ਦੇ ਵਿਚਕਾਰ ਚੋਣ ਕਰਨ ਦੀ ਮਜ਼ਬੂਰੀ ਆਈ ਤਾਂ ਉਹ ਆਪਣੇ ਨਾਲੋਂ ਦੇਸ਼ ਨੂੰ ਤਰਜੀਹ ਦੇਵੇਗਾ। ਪਰ ਜੇ ਕਦੇ ਇਹੋ ਚੋਣ ਉਸ ਨੂੰ ਉਸਦੇ ਦਲਿਤ ਭਾਈਚਾਰੇ ਅਤੇ ਦੇਸ਼ ਦੇ ਵਿਚਕਾਰ ਕਰਨੀ ਪਈ ਤਾਂ ਉਹ ਆਪਣੇ ਦਲਿਤ ਭਾਈਚਾਰੇ ਨੂੰ ਤਰਜੀਹ ਦੇਵੇਗਾ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਜੇ ਦੇਸ਼ ਨੇ ਉਸਦੇ ਦਲਿਤ ਭਾਈਚਾਰੇ ਦਾ ਵਾਜਬ ਖ਼ਿਆਲ ਨਾ ਰੱਖਿਆ ਤਾਂ ਉਹ ਆਪਣੇ ਦਲਿਤ ਭਾਈਚਾਰੇ ਨੂੰ ਅਲੱਗ ਕਰਨਾ ਵੀ ਸੋਚ ਸਕਦਾ ਹੈ। ਇ ਦਾ ਮਤਲਬ ਦੇਸ਼ ਤੋਂ ਅਲਹਿਦਗੀ ਲਈ ਵਿਚਾਰ ਕਰਨਾ ਵੀ ਹੈ। ਇਹਦੇ ਵਿਚ ਕਦੇ ਵੀ ਭਾਰਤੀ ਹਕੂਮਤ ਨੂੰ ਕੋਈ ਬਗ਼ਾਵਤ ਦੀ ਬੋਅ ਨਹੀਂ ਆਈ ਤੇ ਨਾ ਹੀ ਉਸ ਨੇ ਕਦੀ ਡਾਕਟਰ ਅੰਬੇਦਕਰ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਨ ਬਾਰੇ ਸੋਚਿਆ। ਜੇਕਰ ਇਹੋ ਸਿਧਾਂਤਕ ਪੈਂਤੜਾ ਅਕਾਲੀ ਆਗੂ ਸਿੱਖਾਂ ਬਾਰੇ ਅਪਨਾਉਂਦੇ ਤੇ ਇਸ ਬਾਰੇ ਡਾਕਟਰ ਅੰਬੇਦਕਰ ਦੇ ਸਿਧਾਂਤ ਦਾ ਜ਼ਿਕਰ ਵੀ ਵਿਚ ਲਿਆਉਂਦੇ ਤਾਂ ਉਹਨਾਂ ਨੂੰ ਉਹ ਮੁਸ਼ਕਲਾਂ ਨਾ ਆਉਂਦੀਆਂ ਜਿਹੜੀਆਂ ਉਹਨਾਂ ਨੇ ਡੱਕੋ ਡੋਲੇ ਖਾਂਦਿਆਂ ਆਪ ਤੇ ਪੂਰੀ ਸਿੱਖ ਕੌਮ ਲਈ ਸਹੇੜੀਆਂ। 

(ਰੋਜ਼ਾਨਾ ਸਪੋਕਸਮੈਨ ਵਿਚੋਂ) 👇



ਵੱਡੇ ਧਰਮ ਓਪਰੀ ਨਜ਼ਰੇ (Main Religions At A Glance)

 ਧਰਮ ਕੀ ਹਨ ?

ਦੁਨੀਆਂ ਦੀ ਆਬਾਦੀ 2017 ਦੇ ਅੰਦਾਜ਼ੇ ਮੁਤਾਬਿਕ ਲਗਭਗ 7 ਅਰਬ 40 ਕਰੋੜ ਤੋਂ ਵੱਧ ਸੀ। ਇਸ ਵਿਚ ਈਸਾਈ 31.4%, ਮੁਸਲਿਮ 23.2%, ਹਿੰਦੂ 15%, ਬੋਧੀ 7.1%, ਸਿੱਖ 0.4% ਅਤੇ ਯਹੂਦੀ 0.2% ਹਨ। ਬਾਕੀ ਹੋਰ ਧਰਮ ਜਾਂ ਧਰਮ ਨੂੰ ਨਾ ਮੰਨਣ ਵਾਲੇ ਹਨ। ਇਸ ਦਾ ਮਤਲਬ ਹੈ ਕਿ ਦੁਨੀਆਂ ਵਿੱਚ ਹਰ ਢਾਈ ਸੌ ਦੇ ਪਿੱਛੇ ਇੱਕ ਸਿੱਖ ਹੈ। ਜਿਥੋਂ ਤੱਕ ਭਾਰਤ ਦਾ ਸੰਬੰਧ ਹੈ ਇਸ ਦੇਸ਼ ਦੀ 2011 ਦੀ ਮਰਦਮਸ਼ੁਮਾਰੀ ਦੇ ਮੁਤਾਬਕ ਆਬਾਦੀ ਲਗਭਗ 1 ਅਰਬ 21 ਕਰੋੜ ਸੀ। ਇਸ ਵਿਚ ਹਿੰਦੂ 79.8%, ਮੁਸਲਿਮ 14.2%, ਈਸਾਈ 2.3%, ਸਿੱਖ 1.7%, ਬੋਧੀ 0.7% ਅਤੇ ਜੈਨ 0.4% ਹਨ। ਇਸ ਦਾ ਮਤਲਬ ਹੈ ਕਿ ਭਾਰਤ ਵਿੱਚ ਲਗਭਗ ਹਰ 60ਵਾਂ ਮਨੁੱਖ ਇੱਕ ਸਿੱਖ ਹੈ।

ਕਿਸੇ ਵੀ ਵਰਤਾਰੇ ਨੂੰ ਅਲੱਗ ਅਲੱਗ ਪੱਖਾਂ ਤੋਂ ਜਾਂਚਿਆ ਜਾ ਸਕਦਾ ਹੈ। ਧਰਮ ਨੂੰ ਵੀ। ਇੱਕ ਪੱਖ ਇਹ ਵੀ ਹੈ ਕਿ ਕਿਸੇ ਵੀ ਧਰਮ ਦੇ ਬਾਨੀ ਦੇ ਇਸ ਜਹਾਨ ਤੋਂ ਰੁਖ਼ਸਤ ਹੋ ਜਾਣ ਤੋਂ ਕੁਝ ਸਮੇਂ ਬਾਅਦ ਇਸ ਦੀਆਂ ਦੋ ਮੁੱਖ ਸ਼ਕਲਾਂ ਉੱਭਰ ਆਉਂਦੀਆਂ ਹਨ। ਇੱਕ ਇਖ਼ਲਾਕੀ ਜਾਂ ਆਚਰਣਕ (Moralistic) ਸ਼ਕਲ ਤੇ ਦੂਜੀ ਰਸਮੀ (Ritualistic) ਸ਼ਕਲ। ਬਾਨੀ ਦੇ ਹੁੰਦਿਆਂ ਤੇ ਉਸ ਤੋਂ ਥੋੜ੍ਹੀ ਦੇਰ ਬਾਅਦ ਤੱਕ ਅਗਵਾਈ ਦੇਣ ਵਾਲਿਆਂ ਦੇ ਸਮੇਂ ਇਖ਼ਲਾਕੀ ਪੱਖ ਭਾਰੂ ਰਹਿੰਦਾ ਹੈ। ਇਸ ਦਾ ਕਾਰਨ ਹੈ ਬਾਨੀ ਤੇ ਉਸ ਦੇ ਕਰੀਬੀਆਂ ਦੀ ਇਮਾਨਦਾਰੀ ਤੇ ਲਗਨ। ਧਰਮ ਦਾ ਬਾਨੀ ਤੇ ਇਮਾਨਦਾਰ ਅਗਵਾਈ ਦੇਣ ਵਾਲੇ ਆਪਣੇ ਲੋਕਾਂ ਦਾ ਇਖ਼ਲਾਕ ਉੱਚਾ ਚੁੱਕਣ ਲਈ ਪੂਰਾ ਜ਼ੋਰ ਲਾ ਦੇਂਦੇ ਹਨ ਤੇ ਇਸ ਕਾਰਜ ਲਈ ਇਤਿਹਾਸਕ ਕੁਰਬਾਨੀਆਂ ਕਰਦੇ ਹਨ। ਪਰ ਵਕਤ ਪੈਣ ਨਾਲ ਉਹਨਾਂ ਦੇ ਪੈਰੋਕਾਰਾਂ ਵਿੱਚ ਇਹ ਗੁਣ ਘਟਦੇ ਜਾਂਦੇ ਹਨ। ਬਾਅਦ ਵਿੱਚ ਅਗਵਾਈ ਦੇਣ ਵਾਲਿਆਂ ਦਾ ਕਾਰੋਬਾਰੀ ਔਗੁਣ ਉਭਰਣ ਲੱਗ ਪੈਂਦਾ ਹੈ ਜੋ ਉਹਨਾਂ ਨੂੰ ਲੋਕਾਂ ਨਾਲ ਆਪਣੇ ਕਾਰੋਬਾਰੀ ਸੰਬੰਧ ਜੋੜੀ ਰੱਖਣ ਲਈ ਰਸਮਾਂ ਪੈਦਾ ਕਰਨ ਦੀ ਲੋੜ ਮਹਿਸੂਸ ਕਰਾਉਂਦਾ ਹੈ। ਇਸ ਜ਼ਰੂਰਤ ਵਿੱਚੋਂ ਪੁਜਾਰੀ ਵਰਗ ਪੈਦਾ ਹੁੰਦਾ ਹੈ। ਹੌਲੀ ਹੌਲੀ ਧਰਮ ਦਾ ਇਖ਼ਲਾਕੀ ਪੱਖ ਲਗਭਗ ਖ਼ਤਮ ਹੋ ਜਾਂਦਾ ਹੈ ਤੇ ਬਹੁਤਾ ਰਸਮੀ ਪੱਖ ਬਚਿਆ ਰਹਿੰਦਾ ਹੈ। ਕਿਉਂਕਿ ਬਾਅਦ ਵਾਲੇ ਆਗੂਆਂ ਦੀ ਇਖ਼ਲਾਕੀ ਗਿਰਾਵਟ ਉਹਨਾਂ ਦੇ ਪੈਰੋਕਾਰਾਂ ਨੂੰ ਪ੍ਰੇਰ ਨਹੀਂ ਸਕਦੀ ਇਸ ਕਰਕੇ ਉਹਨਾਂ ਦੇ ਪੈਰੋਕਾਰ ਵੀ ਰਸਮੀ ਗੱਲਾਂ ਨੂੰ ਜ਼ਿਆਦਾ ਤਵੱਜੋਂ ਦੇ ਕੇ ਉਸ ਵਿੱਚ ਤਸੱਲੀ ਭਾਲਦੇ ਹਨ। ਇਹ ਸਾਰੇ ਧਰਮਾਂ ਵਿੱਚ ਹੋਇਆ ਹੈ। ਕਿਸੇ ਵੀ ਧਰਮ ਦੇ ਸ਼ੁਰੂ ਵਾਲੇ ਇਖ਼ਲਾਕੀ ਬੁਲੰਦੀ ਦੇ ਇਤਿਹਾਸ ਨੂੰ ਪੜ੍ਹੋ ਤੇ ਉਹਨਾਂ ਦੇ ਅੱਜ ਦੇ ਕਿਰਦਾਰ ਨਾਲ ਤੁਲਨਾ ਕਰੋ। ਇਸ ਕਰਕੇ ਕਹਿ ਸਕਦੇ ਹਾਂ ਕਿ ਕੋਈ ਵੀ ਧਰਮ ਮਾੜਾ ਨਹੀਂ ਸੀ ਪਰ ਬਾਅਦ ਵਾਲੇ ਆਗੂਆਂ ਦੀ ਇਖ਼ਲਾਕੀ ਗਿਰਾਵਟ ਨੇ ਧਰਮ ਦੀ ਧਾਰਨਾ ਨੂੰ ਵੀ ਬਦਨਾਮ ਕੀਤਾ। ਹਰ ਧਰਮ ਦੇ ਸ਼ੁਰੂ ਵਿੱਚ ਲੋਕ ਦੂਜਿਆਂ ਲਈ ਮਰਦੇ ਹਨ ਪਰ ਵਕਤ ਪੈਣ ਤੇ ਉਹੀ ਲੋਕ ਇੰਨੀ ਇਖ਼ਲਾਕੀ ਗਿਰਾਵਟ ਦਾ ਸ਼ਿਕਾਰ ਹੁੰਦੇ ਹਨ ਕਿ ਦੂਜਿਆਂ ਦੀ ਨਿਹੱਕੀ ਜਾਨ ਲੈਣਾ ਵੀ ਧਾਰਮਕ ਕੰਮ ਸਮਝਣ ਲਗ ਪੈਂਦੇ ਹਨ। ਈਸਾ ਮਸੀਹ ਦੂਜਿਆਂ ਲਈ ਸ਼ਹੀਦ ਹੋ ਗਿਆ ਪਰ ਉਸਦੇ ਪੈਰੋਕਾਰਾਂ ਨੇ ਦੂਜਿਆਂ ਤੇ ਰਾਜ ਕਰਨ ਲਈ ਇਤਿਹਾਸ ਵਿੱਚ ਅੰਤਾਂ ਦੇ ਜ਼ੁਲਮ ਢਾਏ। ਉਸਦੇ ਅੱਜ ਦੇ ਪੈਰੋਕਾਰਾਂ ਦਾ ਸਭ ਤੋਂ ਤਾਕਤਵਰ ਮੁਲਕ ਮੁਸਲਮਾਨਾਂ ਦੇ ਹਰ ਮੁਲਕ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ ਹੈ ਕੁਝ ਖਣਿਜੀ ਤੇਲ ਲਈ ਤੇ ਬਾਵਜੂਦ ਇਸਦੇ ਕਿ ਉਸਦੇ ਲੜਾਈ ਦੇ ਬਹਾਨੇ ਬਾਅਦ ਵਿੱਚ ਝੂਠੇ ਸਾਬਤ ਹੋਏ। ਦੂਜੇ ਪਾਸੇ ਮੁਹੰਮਦ ਸਾਹਬ ਨੇ ਆਪਣੇ ਬੁਤਪ੍ਰਸਤ ਤੇ ਜ਼ਾਹਿਲ ਲੋਕਾਂ ਨੂੰ ਉੱਚਾ ਚੁੱਕਣ ਲਈ ਅਨੇਕਾਂ ਤਕਲੀਫ਼ਾਂ ਝੱਲੀਆਂ ਪਰ ਅੱਜ ਉਹਨਾਂ ਦੇ ਪੈਰੋਕਾਰ ਆਪਣੇ ਲੱਕ ਨਾਲ ਬੰਬ ਬੰਨ੍ਹ ਕੇ ਬੇਗ਼ੁਨਾਹ ਲੋਕਾਂ ਨੂੰ ਹਲਾਕ ਕਰਨ ਵਿੱਚ ਵੀ ਸ਼ਾਨ ਸਮਝਦੇ ਹਨ। ਸਿੱਖ ਗੁਰੂਆਂ ਨੇ ਭਾਰਤੀ ਲੋਕਾਂ ਨੂੰ ਇਖ਼ਲਾਕੀ ਉੱਚਤਾ ਅਪਨਾਉਣ ਦਾ ਸੰਦੇਸ਼ ਦੇਣ ਲਈ ਬੇਅੰਤ ਕੁਰਬਾਨੀਆਂ ਕੀਤੀਆਂ। ਗੁਰੂਆਂ ਨੇ ਗੁਰਬਾਣੀ ਵਿੱਚ ਹੰਕਾਰ ਤੇ ਕਾਬੂ ਪਾਉਣ ਲਈ ਪੂਰੇ ਜ਼ੋਰ ਨਾਲ ਕਿਹਾ ਹੈ ਅਤੇ ਨਿਮਰਤਾ ਤੇ ਕਿਰਤ ਨੂੰ ਬਹੁਤ ਵਡਿਆਇਆ ਹੈ। ਪਰ ਅੱਜ ਉਹਨਾਂ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ ਆਪਣਾ ਹੰਕਾਰ ਟੁੱਟਦਾ ਵੇਖਕੇ ਖ਼ੁਦਕੁਸ਼ੀਆਂ ਕਰ ਰਹੇ ਹਨ ਤੇ ਉਹਨਾਂ ਦੇ ਆਗੂਆਂ ਦੀ ਇਖ਼ਲਾਕੀ ਗਿਰਾਵਟ ਨਾਪਣ ਲਈ ਤਾਂ ਪੈਮਾਨਾ ਵੀ ਨਹੀਂ ਲੱਭਦਾ। ਚਾਰ ਛਿੱਲੜਾਂ ਬਦਲੇ ਮਨੂਵਾਦੀਆਂ ਕੋਲ ਵਿਕਣ ਲਈ ਨਿਲਾਮ ਘਰਾਂ ਦੇ ਬਾਹਰ ਹੀ ਬੈਠੇ ਹਨ। ਇਸੇ ਤਰ੍ਹਾਂ ਬਾਕੀ ਧਰਮਾਂ ਦੀ ਇਖ਼ਲਾਕੀ ਗਿਰਾਵਟ ਜਾਣੀ ਜਾ ਸਕਦੀ ਹੈ। ਕਿਓਂਕਿ ਸਿੱਖ ਧਰਮ ਸਭ ਤੋਂ ਨਵਾਂ ਹੈ (ਕੇਵਲ ਪੰਜ ਕੁ ਸੌ ਸਾਲ ਪੁਰਾਣਾ) ਤੇ ਰਸਮੀ ਕੂੜੇ ਕਰਕਟ ਵਿੱਚ ਪਿਆਂ ਅਜੇ ਥੋੜ੍ਹਾ ਵਕਤ ਹੋਇਆ ਹੈ, ਇਸਨੂੰ ਦੁਬਾਰਾ ਲੀਹ ਤੇ ਲਿਆਉਣ ਲਈ ਦੂਜਿਆਂ ਨਾਲੋਂ ਘੱਟ ਮਿਹਨਤ ਦੀ ਜ਼ਰੂਰਤ ਹੈ। ਪਰ ਇਸਦੇ ਆਗੂਆਂ ਵਿੱਚ ਗਿਰਾਵਟ ਹੀ ਏਨੀ ਹੈ ਕਿ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਹੈ।

ਇੱਕ ਆਮ ਆਦਮੀ ਧਰਮ ਦੇ ਪਿਛੇ ਚਲਦਾ ਹੈ। ਆਮ ਆਦਮੀ ਦੀ ਸਮਝ ਦੇ ਮੁਤਾਬਕ ਕਿਸੇ ਵੀ ਧਰਮ ਨੂੰ ਪਰਿਭਾਸ਼ਿਤ ਕਰਨ ਲਈ ਦੋ ਮੁੱਖ ਵਿਸ਼ੇਸ਼ਤਾਵਾਂ ਦਾ ਮੌਜੂਦ ਹੋਣਾ ਜ਼ਰੂਰੀ ਹੈ। ਇੱਕ ਉਸ ਧਰਮ ਦਾ ਕੋਈ ਬਾਨੀ (Founder) ਹੋਣਾ ਜਿਸ ਨੇ ਉਹ ਸ਼ੁਰੂ ਕੀਤਾ ਤੇ ਦੂਜਾ ਉਸ ਧਰਮ ਦੇ ਕੋਈ ਵਿਸ਼ਵਾਸ਼ ਜਾਂ ਮੁਢਲੇ ਸਿਧਾਂਤ (Creed) ਹੋਣਾ ਜਿਸ ਤੇ ਉਸ ਧਰਮ ਦੇ ਪੈਰੋਕਾਰ ਚੱਲਣਾ ਜ਼ਰੂਰੀ ਸਮਝਦੇ ਹੋਣ। ਇਸ ਸੰਬੰਧ ਵਿੱਚ ਦੁਨੀਆਂ ਦੇ ਮੁੱਖ ਧਰਮਾਂ ਦਾ ਵਿਸ਼ਲੇਸ਼ਣ ਸੰਖੇਪ ਵਿੱਚ ਕਰਦੇ ਹਾਂ।  

(1) ਈਸਾਈ ਧਰਮ ਤਕਰੀਬਨ 2000 ਸਾਲ ਪਹਿਲਾਂ ਹੋਏ ਈਸਾ ਮਸੀਹ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਆਧਾਰਿਤ ਹੈ। ਇਸ ਦੇ ਪੈਰੋਕਾਰ, ਜਿਨ੍ਹਾਂ ਨੂੰ ਈਸਾਈਆਂ ਵਜੋਂ ਜਾਣਿਆ ਜਾਂਦਾ ਹੈ, ਵਿਸ਼ਵਾਸ ਕਰਦੇ ਹਨ ਕਿ ਈਸਾ ਮਸੀਹ ਪਰਮੇਸ਼ਰ ਦਾ ਪੁੱਤਰ ਹੈ ਅਤੇ ਸਾਰੇ ਲੋਕਾਂ ਦਾ ਮੁਕਤੀਦਾਤਾ ਹੈ, ਜਿਸਦੇ ਆਉਣ ਦੀ ਓਲਡ ਟੈੱਸਟੇਮੈਂਟ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਅਤੇ ਨਿਊ ਟੈੱਸਟੇਮੈਂਟ ਵਿੱਚ ਸੰਕੇਤ ਹੈ। ਜਿਥੋਂ ਤੱਕ ਧਾਰਮਿਕ ਸਿਧਾਂਤਾਂ ਦੀ ਗੱਲ ਹੈ, ਈਸਾਈ ਧਰਮ ਦੇ ਬਹੁਤੇ ਲੋਕ ਧਾਰਮਿਕ ਸਿਧਾਂਤਾਂ ਦੇ ਸਾਰ ਰਸੂਲ ਦੇ ਸਿਧਾਂਤ (The Apostles' Creed) ਨੂੰ ਮੰਨਦੇ ਹਨ ਜਿਸ ਵਿੱਚ ਤ੍ਰਿਕੜੀ (Trinity) ਵਿੱਚ ਯਕੀਨ, ਅਰਥਾਤ ਪਰਮੇਸ਼ਰ ਵਿੱਚ ਵਿਸ਼ਵਾਸ, ਈਸਾ ਮਸੀਹ ਨੂੰ ਪਰਮੇਸ਼ਰ ਦਾ ਪੁੱਤਰ ਮੰਨਣਾ ਤੇ ਪਵਿੱਤਰ ਆਤਮਾ (Holy Spirit) ਨੂੰ ਮੰਨਣਾ, ਪਾਪ (Sin), ਮਸੀਹ ਦਾ ਦੂਜੀ ਵਾਰ ਆਉਣਾ ਮੰਨਣਾ, ਨਿਆਂ ਦਾ ਦਿਨ ਆਦਿ ਮੁੱਖ ਹਨ। ਈਸਾਈ ਧਰਮ ਦੇ ਸਿਧਾਂਤ ਬਾਈਬਲ ਵਿੱਚੋਂ ਸਮਝੇ ਜਾ ਸਕਦੇ ਹਨ। ਸੋ ਈਸਾਈ ਧਰਮ ਦਾ ਬਾਨੀ ਈਸਾ ਮਸੀਹ ਹੈ ਤੇ ਇਸ ਦੇ ਧਾਰਮਿਕ ਸਿਧਾਂਤਾਂ ਦੀ ਜਾਣਕਾਰੀ ਲਈ ਜਾ ਸਕਦੀ ਹੈ।

(2) ਇਸਲਾਮ ਧਰਮ ਤਕਰੀਬਨ 1400 ਸਾਲ ਪਹਿਲਾਂ ਹੋਏ ਹਜ਼ਰਤ ਮੁਹੰਮਦ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਆਧਾਰਿਤ ਹੈ। ਇਸਲਾਮ ਦਾ ਸਭ ਤੋਂ ਬੁਨਿਆਦੀ ਸੰਕਲਪ ਇੱਕ ਅੱਲ੍ਹਾ ਦਾ ਹੋਣਾ ਹੈ ਤੇ ਇਹ ਈਸਾਈਅਤ ਦੇ ਤ੍ਰਿਕੜੀ ਦੇ ਸਿਧਾਂਤ ਨੂੰ ਰੱਦ ਕਰਦਾ ਹੈ। ਜੰਨਤ, ਜਹੰਨੁਮ ਤੇ ਕਿਆਮਤ ਆਦਿ ਇਸ ਦੇ ਹੋਰ ਸੰਕਲਪ ਹਨ। ਇਸਲਾਮ ਮੂਰਤੀ ਪੂਜਾ ਨੂੰ ਬੁਰੀ ਤਰ੍ਹਾਂ ਰੱਦ ਕਰਦਾ ਹੈ, ਇਸਲਾਮ ਵਿਚ ਪਰਮਾਤਮਾ ਸਭ ਦੀ ਸਮਝ ਤੋਂ ਬਾਹਰ ਹੈ ਅਤੇ ਉਸ ਨੂੰ ਕੁਝ ਨਾਵਾਂ ਜਾਂ ਗੁਣਾਂ ਦੁਆਰਾ ਵਰਨਣ ਕੀਤਾ ਗਿਆ ਹੈ ਜਿਵੇਂ ਅਲ-ਰਹਿਮਾਨ ਤੇ ਅਲ-ਰਹੀਮ। ਮੁਸਲਮਾਨਾਂ ਦਾ ਮੰਨਣਾ ਹੈ ਕਿ ਸੰਸਾਰ ਵਿੱਚ ਹਰ ਚੀਜ਼ ਦੀ ਸਿਰਜਣਾ ਪਰਮਾਤਮਾ ਦੇ ਕਹੇ ਗਏ ਹੁਕਮ ਨਾਲ ਹੋਈ। ਪਰਮਾਤਮਾ ਨਾਲ ਸੰਪਰਕ ਕਰਨ ਲਈ ਕੋਈ ਵੀ ਵਿਚੋਲੇ ਨਹੀਂ ਹੁੰਦੇ। ਇਸਲਾਮ ਦੇ ਅਸੂਲਾਂ ਨੂੰ ਸਮਝਣ ਲਈ ਕੁਰਾਨ ਸ਼ਰੀਫ਼ ਪੜ੍ਹਿਆ ਜਾ ਸਕਦਾ ਹੈ। ਸੋ ਇਸਲਾਮ ਦਾ ਬਾਨੀ ਹਜ਼ਰਤ ਮੁਹੰਮਦ ਹੈ ਤੇ ਇਸ ਦੇ ਧਾਰਮਿਕ ਸਿਧਾਂਤਾਂ ਦੀ ਜਾਣਕਾਰੀ ਲਈ ਜਾ ਸਕਦੀ ਹੈ। 

(3) ਬੁੱਧ ਧਰਮ ਤਕਰੀਬਨ 2400 ਸਾਲ ਪਹਿਲਾਂ ਹੋਏ ਮੰਨੇ ਜਾਂਦੇ ਗੌਤਮ ਬੁੱਧ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਆਧਾਰਿਤ ਹੈ। ਬਹੁਤ ਹੀ ਸਧਾਰਨ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਗੌਤਮ ਬੁੱਧ ਦੀਆਂ ਸਿੱਖਿਆਵਾਂ ਦਾ ਮੂਲ ਹਨ "ਚਾਰ ਪਵਿੱਤਰ ਸੱਚ"। ਇਹਨਾ ਸੱਚਾਂ ਦੀ ਮੁਹਾਰਤ ਨਾਲ ਹੀ ਨਿਰਵਾਣ ਅਰਥਾਤ ਮੁਕਤੀ ਮਿਲ ਸਕਦੀ ਹੈ। ਪਹਿਲਾ ਸੱਚ ਹੈ ਦੁੱਖ। ਦੂਜੇ ਸੱਚ ਵਿੱਚ ਬੁੱਧ ਨੇ ਸਿੱਖਾਇਆ ਕਿ ਸਾਰੇ ਦੁੱਖਾਂ ਦੀ ਜੜ੍ਹ ਇੱਛਾ ਹੈ। ਤੀਜੇ ਸੱਚ ਵਿੱਚ ਬੁੱਧ ਨੇ ਕਿਹਾ ਕਿ ਇੱਛਾ ਨੂੰ ਮਿਟਾਉਣ ਦਾ ਰਸਤਾ ਆਪਣੇ ਆਪ ਨੂੰ ਲਗਾਵ ਤੋਂ ਮੁਕਤ ਕਰਨਾ ਹੈ। ਚੌਥੇ ਪਵਿੱਤਰ ਸੱਚ ਵਿੱਚ ਦੁੱਖ ਦੇ ਅੰਤ ਲਈ ਬੁੱਧ ਦੀ ਤਜਵੀਜ਼ ਹੈ ਸਿਧਾਂਤਾਂ ਦਾ ਇੱਕ ਸਮੂਹ ਜਿਸਨੂੰ ਅਸ਼ਟ ਮਾਰਗ ਕਿਹਾ ਜਾਂਦਾ ਹੈ ਭਾਵ ਅੱਠ-ਮਾਰਗੀ ਰਸਤਾ। ਇਹ ਅੱਠ-ਮਾਰਗੀ ਰਸਤਾ ਹੈ ਸਹੀ ਸਮਝ, ਸਹੀ ਇਰਾਦਾ, ਸਹੀ ਬੋਲ, ਸਹੀ ਕਾਰਜ, ਸਹੀ ਕਿੱਤਾ, ਸਹੀ ਕੋਸ਼ਿਸ਼, ਸਹੀ ਸੋਚ ਅਤੇ ਸਹੀ ਧਿਆਨ ਕੇਂਦਰਤ ਕਰਨਾ। ਬੁੱਧ ਦੀਆਂ ਸਿੱਖਿਆਵਾਂ ਬੁੱਧ ਧਰਮ ਦੇ ਧਾਰਮਿਕ ਸਾਹਿਤ ਵਿੱਚ ਮਿਲਦੀਆਂ ਹਨ ਜਿਹਨਾਂ ਵਿੱਚ ਮੁੱਖ ਹਨ ਬੁੱਧ ਦੇ ਸੂਤਰ। ਇਸ ਲਈ ਕਹਿ ਸਕਦੇ ਹਾਂ ਕਿ ਬੁੱਧ ਧਰਮ ਦਾ ਬਾਨੀ ਗੌਤਮ ਬੁੱਧ ਹੈ ਤੇ ਇਸ ਦੇ ਧਾਰਮਿਕ ਸਿਧਾਂਤਾਂ ਦੀ ਜਾਣਕਾਰੀ ਲਈ ਜਾ ਸਕਦੀ ਹੈ। 

(4) ਸਿੱਖ ਧਰਮ ਗੁਰੂ ਨਾਨਕ ਸਾਹਿਬ (550 ਸਾਲ ਪਹਿਲਾਂ) ਅਤੇ 9 ਸਿੱਖ ਗੁਰੂਆਂ ਦੀਆਂ ਜੀਵਨੀਆਂ ਤੇ ਸਿੱਖਿਆਵਾਂ 'ਤੇ ਅਧਾਰਤ ਹੈ। ਦਸਵੇਂ ਗੁਰੂ ਸਾਹਿਬ ਨੇ ਗੁਰੂ ਗਰੰਥ ਸਾਹਿਬ ਨੂੰ ਗੁਰੂ ਦੇ ਤੌਰ ਤੇ ਥਾਪਿਆ ਜਿਸ ਨਾਲ ਮਨੁੱਖੀ ਗੁਰੂਆਂ ਦੀ ਲੜੀ ਨੂੰ ਖ਼ਤਮ ਕੀਤਾ ਗਿਆ ਅਤੇ ਸਿੱਖਾਂ ਲਈ ਇਸ ਧਾਰਮਿਕ ਗ੍ਰੰਥ ਨੂੰ ਸਦੀਵੀ ਰਹਿਬਰ ਬਣਾ ਦਿੱਤਾ ਗਿਆ। ਗੁਰੂ ਗਰੰਥ ਸਾਹਿਬ ਦੇ ਸ਼ੁਰੂ ਵਿੱਚ ਪਹਿਲੇ ਗੁਰੂ ਨੇ ਇਸ ਸੰਸਾਰ ਨੂੰ ਰੂਪਮਾਨ ਕਰਨ ਵਾਲੇ ਰੱਬ ਨੂੰ ਪਰਿਭਾਸ਼ਿਤ ਕੀਤਾ ਹੈ। ਇਹ ਪਰਿਭਾਸ਼ਾ ਇੰਨੀ ਖ਼ੂਬਸੂਰਤ ਤੇ ਸੰਪੂਰਨ ਹੈ ਕਿ ਇਸ ਤੋਂ ਕੋਈ ਬਿਲਕੁਲ ਰਿਹਾ ਹੋਇਆ ਬੰਦਾ ਹੀ ਮੁਨਕਰ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਨੇ ਪਹਿਲੀ ਪੌੜੀ ਦੇ ਸ਼ੁਰੂ ਵਿੱਚ ਇਨਸਾਨ ਦੁਆਰਾ ਮੁਕਤੀ ਪਾਉਣ ਦੇ ਕੁਝ ਝੂਠੇ ਰਾਹਾਂ ਨੂੰ ਅੰਕਿਤ ਕੀਤਾ ਹੈ। ਫਿਰ ਸਚਿਆਰਾ ਮਨੁੱਖ ਹੋਣ ਲਈ ਕੀ ਕੀਤਾ ਜਾਵੇ ? ਇਹ ਪ੍ਰਸ਼ਨ ਕਰਕੇ ਉੱਤਰ ਵਿੱਚ ਕਿਹਾ ਹੈ ਕਿ ਸੰਸਾਰ ਤੇ ਕੁਦਰਤ ਨੂੰ ਪੈਦਾ ਕਰਨ ਵਾਲੇ ਦੇ ਹੁਕਮ ਤੇ ਉਸ ਦੀ ਰਜ਼ਾ ਵਿੱਚ ਚੱਲਣਾ ਹੀ ਸਹੀ ਹੈ। ਅਗਲੀਆਂ ਪੌੜੀਆਂ ਵਿੱਚ ਉਸ ਦੇ ਹੁਕਮ ਤੇ ਰਜ਼ਾ ਨੂੰ ਵਿਸਥਾਰ ਦੇ ਕੇ ਸਮਝਾਇਆ ਹੈ। ਇਸ ਦਾ ਸਿੱਧਾ ਜਿਹਾ ਅਰਥ ਹੈ ਕਿ ਕੁਦਰਤ ਨੂੰ ਤੇ ਉਸਦੇ ਸਿਧਾਂਤਾਂ ਨੂੰ ਸਮਝ ਕੇ ਉਹਨਾਂ ਦੇ ਨਾਲ ਚੱਲਿਆ ਜਾਏ। ਜੇ ਇਸ ਨੂੰ ਥੋੜ੍ਹਾ ਗਹਿਰਾਈ ਨਾਲ ਸੋਚਿਆ ਜਾਵੇ ਤਾਂ ਇਸ ਵਿੱਚੋਂ ਹੀ ਵਿਗਿਆਨਿਕ ਸੋਚ, ਸਭ ਦੀ ਬਰਾਬਰੀ, ਕੁਦਰਤ ਦੇ ਵਹਾਅ ਨਾਲ ਖਿਲਵਾੜ ਨਾ ਕਰਨ, ਕੁਦਰਤ ਦੁਆਰਾ ਦਿਤੇ ਮਨੁੱਖੀ ਸਰੂਪ ਨੂੰ ਬਰਕਰਾਰ ਰੱਖਣ, ਕੁਦਰਤ ਦੁਆਰਾ ਦਿੱਤੀਆਂ ਰਹਿਮਤਾਂ ਦਾ ਸਦਉਪਯੋਗ ਕਰਨ ਆਦਿ ਦੀ ਸਿੱਖਿਆ ਸਹਿਜੇ ਹੀ ਮਿਲ ਜਾਂਦੀ ਹੈ । ਕੀ ਇਸੇ ਤੋਂ ਕੁਦਰਤ ਦੁਆਰਾ ਪੈਦਾ ਕੀਤੇ ਦੂਜੇ ਜੀਆਂ ਨੂੰ ਵਾਜਬ ਸਥਾਨ ਦੇਣ ਤੇ ਉਸ ਦੀ ਸਿਰਜਣਾ ਨੂੰ ਪਿਆਰ ਕਰਨ ਤੇ ਉਸਦੀ ਉਸਤਤ ਕਰਨ ਦੀ ਸਿੱਖਿਆ ਨਹੀਂ ਮਿਲਦੀ ? ਇਸ ਤੋਂ ਅੱਗੇ ਇੱਕ ਸਿੱਖ ਦੀ ਸਖਸ਼ੀ ਜਿੰਦਗੀ, ਸੰਗਤੀ ਵਿਹਾਰ ਅਤੇ ਉਸ ਤੋਂ ਵੀ ਅੱਗੇ ਸਰਬੱਤ ਦੇ ਭਲੇ ਦਾ ਸੰਕਲਪ ਉੱਭਰ ਆਉਂਦਾ ਹੈ। ਗੁਰੂ ਗਰੰਥ ਸਾਹਿਬ ਨੂੰ ਅੱਗੋਂ ਹੋਰ ਪੜ੍ਹ ਸਮਝ ਕੇ ਆਪਣੀ ਜ਼ਿੰਦਗੀ ਨੂੰ ਹੋਰ ਸਵਾਰਿਆ ਜਾ ਸਕਦਾ ਹੈ। ਇਸ ਤੋਂ ਸਿੱਖੀ ਦੇ ਸਭ ਤੋਂ ਆਧੁਨਿਕ ਤੇ ਵਿਗਿਆਨਕ ਸੋਚ ਵਾਲੇ ਧਰਮ ਹੋਣ ਦੀ ਗਵਾਹੀ ਮਿਲਦੀ ਹੈ। ਇਸ ਲਈ ਕਹਿ ਸਕਦੇ ਹਾਂ ਕਿ ਸਿੱਖ ਧਰਮ ਦਾ ਬਾਨੀ ਗੁਰੂ ਬਾਬਾ ਨਾਨਕ ਹੈ ਤੇ ਇਸ ਦੇ ਧਾਰਮਿਕ ਸਿਧਾਂਤਾਂ ਦੀ ਜਾਣਕਾਰੀ ਵੀ ਲਈ ਜਾ ਸਕਦੀ ਹੈ।

(5) ਹਿੰਦੂ ਧਰਮ ਇੱਕ ਇਹੋ ਜਿਹਾ ਧਰਮ ਹੈ ਜਿਸ ਦੇ ਬਾਨੀ ਤੇ ਉਸ ਦੇ ਵਿਸ਼ਵਾਸ਼ਾਂ ਬਾਰੇ ਕੋਈ ਵੀ ਨਹੀਂ ਦੱਸ ਸਕਦਾ। ਇਥੇ ਆਪਣੇ ਵਿਚਾਰ ਦੇਣ ਦੀ ਬਜਾਏ ਹਿੰਦੂ ਧਰਮ ਦੇ ਮੰਨੇ ਪ੍ਰਮੰਨੇ ਪੁਰਸ਼ਾਂ ਦੇ ਵਿਚਾਰ ਹੀ ਦੇਣੇ ਵਾਜਬ ਹੋਣਗੇ। ਅੱਗੇ ਦਿੱਤੇ ਸ਼ਬਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਲਿਖੀ ਕਿਤਾਬ ਡਿਸਕਵਰੀ ਔਫ ਇੰਡੀਆ ਦੇ 74 ਤੇ 75 ਸਫ਼ੇ ਤੇ ਲਿਖੇ ਸ਼ਬਦਾਂ ਦਾ ਪੰਜਾਬੀ ਅਨੁਵਾਦ ਹੈ। 

"ਸ਼ਬਦ 'ਹਿੰਦੂ' ਸਾਡੇ ਪੁਰਾਣੇ ਸਾਹਿਤ ਵਿੱਚ ਨਹੀਂ ਵਾਪਰਦਾ। ਮੈਨੂੰ ਦੱਸਿਆ ਗਿਆ ਹੈ ਕਿ ਇਕ ਭਾਰਤੀ ਕਿਤਾਬ ਵਿਚ ਇਸ ਦਾ ਪਹਿਲਾ ਜ਼ਿਕਰ ਅੱਠਵੀਂ ਸਦੀ ਦੀ ਇੱਕ ਤਾਂਤਰਿਕ ਰਚਨਾ ਵਿੱਚ ਹੈ ਜਿੱਥੇ ਹਿੰਦੂ ਦਾ ਅਰਥ ਲੋਕ ਹੈ ਅਤੇ ਕਿਸੇ ਖਾਸ ਧਰਮ ਦੇ ਪੈਰੋਕਾਰ ਨਹੀਂ। ਪਰ ਇਹ ਸਪੱਸ਼ਟ ਹੈ ਕਿ ਇਹ ਸ਼ਬਦ ਬਹੁਤ ਪੁਰਾਣਾ ਹੈ, ਕਿਉਂਕਿ ਇਹ ਅਵੈਸਟਾ ਅਤੇ ਪੁਰਾਣੀ ਫ਼ਾਰਸੀ ਵਿਚ ਵਾਪਰਦਾ ਹੈ।  ਇਹ, ਉਦੋਂ ਅਤੇ ਹਜ਼ਾਰ ਸਾਲ ਜਾਂ ਇਸ ਤੋਂ ਵੀ ਵੱਧ ਸਮੇਂ ਲਈ, ਪੱਛਮੀ ਅਤੇ ਮੱਧ ਏਸ਼ੀਆ ਦੇ ਲੋਕਾਂ ਦੁਆਰਾ ਵਰਤਿਆ ਗਿਆ ਸੀ, ਭਾਰਤ ਲਈ ਜਾਂ ਸਿੰਧ ਦਰਿਆ ਦੇ ਦੂਜੇ ਪਾਸੇ ਰਹਿਣ ਵਾਲੇ ਲੋਕਾਂ ਲਈ। ਇਹ ਸ਼ਬਦ ਸਿੰਧੂ ਤੋਂ ਬਣਿਆ ਹੈ, ਜੋ ਪੁਰਾਣੇ ਅਤੇ ਮੌਜੂਦਾ ਸਿੰਧ ਲਈ ਭਾਰਤੀ ਨਾਮ ਹੈ। ਇਸ ਸਿੰਧੂ ਤੋਂ ਹਿੰਦੂ ਅਤੇ ਹਿੰਦੁਸਤਾਨ ਦੇ ਸ਼ਬਦਾਂ ਦੇ ਨਾਲ ਨਾਲ ਸਿੰਧ ਅਤੇ ਇੰਡੀਆ ਆਏ। --- 

ਕਿਸੇ ਵਿਸ਼ੇਸ਼ ਧਰਮ ਦੇ ਸੰਬੰਧ ਵਿਚ ਹਿੰਦੂ ਸ਼ਬਦ ਦਾ ਇਸਤੇਮਾਲ ਬਹੁਤ ਬਾਅਦ ਦੀ ਘਟਨਾ ਹੈ। ---

ਹਿੰਦੂ ਧਰਮ, ਇੱਕ ਵਿਸ਼ਵਾਸ਼ ਦੇ ਰੂਪ ਵਿੱਚ, ਅਸਪਸ਼ਟ, ਅਰੂਪ, ਬਹੁ-ਪਾਸੜ, ਸਭ ਨੂੰ ਸਭ ਕੁਝ ਹੈ। ਸ਼ਬਦ ਦੀ ਆਮ ਭਾਵਨਾ ਵਿੱਚ ਇਸਨੂੰ ਪ੍ਰਭਾਸ਼ਿਤ ਕਰਨਾ ਰੀਣ ਵੀ ਸੰਭਵ ਨਹੀਂ ਹੈ, ਨਾ ਇਹ ਨਿਸ਼ਚਿਤ ਕਰਨਾ ਕਿ ਇਹ ਇੱਕ ਧਰਮ ਵੀ ਹੈ ਜਾਂ ਨਹੀਂ। ਇਸ ਦੇ ਵਰਤਮਾਨ ਰੂਪ ਅਤੇ ਪੁਰਾਣੇ ਸਮੇਂ ਵਿੱਚ, ਇਹ ਬਹੁਤ ਸਾਰੇ ਵਿਸ਼ਵਾਸਾਂ ਅਤੇ ਪ੍ਰਥਾਵਾਂ ਨੂੰ ਅਪਣਾਉਂਦਾ ਹੈ, ਸਭ ਤੋਂ ਉੱਚੀਆਂ ਤੋਂ ਸਭ ਤੋਂ ਨੀਵੀਆਂ ਤੱਕ, ਅਕਸਰ ਇੱਕ ਦੂਜੇ ਦੀਆਂ ਵਿਰੋਧੀ ਜਾਂ ਇੱਕ ਦੂਜੇ ਨੂੰ ਕੱਟਦੀਆਂ ਹੋਈਆਂ।"

ਅੱਗੇ ਭਾਰਤ ਦੇ ਪਹਿਲੇ ਵਾਈਸ ਪ੍ਰੈਜ਼ੀਡੈਂਟ ਡਾਕਟਰ ਐੱਸ ਰਾਧਾਕ੍ਰਿਸ਼ਨਨ ਦੀਆਂ ਲਿਖਤਾਂ ਵਿੱਚੋਂ ਇੰਟਰਨੈਟ ਤੇ ਮਿਲਦੇ ਸ਼ਬਦਾਂ ਦਾ ਪੰਜਾਬੀ ਅਨੁਵਾਦ ਹੈ।

"ਹਿੰਦੂ ਧਰਮ ਕਿਸੇ ਵਿਸ਼ਵਾਸ਼ ਜਾਂ ਪੁਸਤਕ, ਕਿਸੇ ਪੈਗੰਬਰ ਜਾਂ ਬਾਨੀ ਨਾਲ ਬੱਝਿਆ ਹੋਇਆ ਨਹੀਂ ਹੈ, ਲਗਾਤਾਰ ਨਵੇਂ ਅਨੁਭਵਾਂ ਦੇ ਆਧਾਰ ਤੇ ਸੱਚਾਈ ਦੀ ਨਿਰੰਤਰ ਖੋਜ ਹੈ। ਹਿੰਦੂ ਧਰਮ ਰੱਬ ਬਾਰੇ ਲਗਾਤਾਰ ਵਿਕਾਸ ਵਿੱਚ ਰਹਿੰਦਾ ਮਨੁੱਖੀ ਵਿਚਾਰ ਹੈ।" ---

"ਇਹ ਵਿਚਾਰ ਦੇ ਇੱਕ ਰੂਪ ਨਾਲੋਂ ਜ਼ਿਆਦਾ ਜੀਵਨ ਦਾ ਇੱਕ ਰਸਤਾ ਹੈ ... ਆਸਤਕ ਅਤੇ ਨਾਸਤਕ, ਸੰਦੇਹਵਾਦੀ ਅਤੇ ਨਾਂਹਵਾਦੀ ਸਾਰੇ ਹਿੰਦੂ ਹੋ ਸਕਦੇ ਹਨ ਜੇਕਰ ਉਹ ਸਭਿਆਚਾਰ ਅਤੇ ਜੀਵਨ ਦੀ ਹਿੰਦੂ ਪ੍ਰਣਾਲੀ ਨੂੰ ਸਵੀਕਾਰ ਕਰਦੇ ਹਨ।"

ਉਪਰਲੇ ਸ਼ਬਦਾਂ ਦਾ ਧਿਆਨ ਕਰੀਏ ਤਾਂ ਇੱਕ ਕਹਿੰਦਾ ਹੈ ਕਿ ਹਿੰਦੂ ਸ਼ਬਦ ਧਰਮ ਲਈ ਬਹੁਤ ਬਾਅਦ ਵਿੱਚ ਵਰਤਿਆ ਗਿਆ ਤੇ ਦੂਜਾ ਕਹਿੰਦਾ ਹੈ ਕਿ ਹਿੰਦੂ ਧਰਮ ਲਗਾਤਾਰ ਖੋਜ ਵਿੱਚ ਹੈ। ਜੇ ਦੋਨਾਂ ਨੂੰ ਮੰਨੀਏ ਤਾਂ ਇਸ ਦਾ ਮਤਲਬ ਹੈ ਕਿ ਖੋਜ ਓਦੋਂ ਹੀ ਸ਼ੁਰੂ ਹੋਈ ਜਦੋਂ ਹਿੰਦੂ ਸ਼ਬਦ ਧਰਮ ਲਈ ਵਰਤਿਆ ਗਿਆ। ਫਿਰ ਉਸ ਤੋਂ ਪਹਿਲਾਂ ਇਹ ਕਿਹੜਾ ਧਰਮ ਸੀ ? ਸਾਰੇ ਵੇਦ ਸ਼ਾਸਤਰ ਤਾਂ ਪੁਰਾਤਨ ਦੱਸੇ ਜਾ ਰਹੇ ਹਨ। ਫਿਰ ਇਹ ਸ਼ੁਰੂ ਕਦੋਂ ਹੋਇਆ।  ਕੀ ਦੁਨੀਆਂ ਵਿੱਚ ਐਸਾ ਕੋਈ ਧਰਮ ਹੈ ਜਿਸ ਦਾ ਨਾਮ ਦੂਜੇ ਧਰਮਾਂ ਵਾਲਿਆਂ ਨੇ ਰਖਿਆ ਹੋਵੇ ? ਪਰ ਇਹ ਨਾਮ ਸਵਰਣ ਜਾਤੀਆਂ ਦੇ ਬੜੇ ਕੰਮ ਸਵਾਰਦਾ ਹੈ ਇਸ ਲਈ ਇਸਨੂੰ ਸੰਵਿਧਾਨ ਵਿੱਚ ਮਾਨਤਾ ਦੇ ਕੇ ਸਿੱਖ, ਬੁੱਧ ਤੇ ਜੈਨ ਧਰਮ ਇਸਦੇ ਹਿੱਸੇ ਸਾਬਤ ਕਰਨ ਦਾ ਕੋਝਾ ਯਤਨ ਕੀਤਾ ਗਿਆ ਹੈ । ਇਸ ਤਰ੍ਹਾਂ ਹਿੰਦੂ ਪਰਸਨਲ ਲਾਅ ਦੇ ਮੁਕਾਬਲੇ ਸਿੱਖ ਪਰਸਨਲ ਲਾਅ ਬਣਾਉਣ ਤੋਂ ਵੀ ਬਚਿਆ ਜਾ ਸਕਦਾ ਹੈ। ਹੌਲੀ ਹੌਲੀ ਇਹ ਸਵਰਣ ਜਾਤੀਆਂ ਲਈ ਸਿੱਧੇ ਸੱਤਾ ਪ੍ਰਾਪਤੀ ਦਾ ਸੌਖਾ ਸਾਧਨ ਬਣ ਗਿਆ ਹੈ ਜੋ ਅੱਜਕੱਲ੍ਹ ਪ੍ਰਚੰਡ ਤੌਰ ਤੇ ਪ੍ਰਤੱਖ ਹੈ।

ਦਰਅਸਲ ਨਹਿਰੂ ਤੇ ਰਾਧਾਕ੍ਰਿਸ਼ਨਨ ਵਾਂਗ ਹੀ ਵੱਡੇ ਤੋਂ ਵੱਡੇ ਦਾਰਸ਼ਨਿਕ ਜਾਂ ਪੰਡਿਤ, ਜਿਵੇਂ ਦਯਾਨੰਦ, ਵਿਵੇਕਾਨੰਦ, ਅਰਬਿੰਦੋ, ਟੈਗੋਰ ਆਦਿ ਜਦੋਂ ਹਿੰਦੂ ਧਰਮ ਨੂੰ ਪਰਿਭਾਸ਼ਿਤ ਕਰਨ ਲੱਗਦੇ ਹਨ ਤਾਂ ਮੁੜ੍ਹਕੋ-ਮੁੜ੍ਹਕੀ ਹੋ ਜਾਂਦੇ ਹਨ ਤੇ ਆਪਣੀ ਅੰਦਰਲੀ ਹਉਮੈ ਨੂੰ ਬਰਕਰਾਰ ਰੱਖਣ ਲਈ ਲਫ਼ਾਫੇਬਾਜ਼ੀ ਵਾਲੇ ਭਾਰੇ ਭਾਰੇ ਸ਼ਬਦ ਵਰਤਕੇ ਦੂਜਿਆਂ ਨੂੰ ਬੁੱਧੂ ਬਣਾਉਣ ਦਾ ਕਾਰਜ ਹੀ ਕਰਦੇ ਹਨ। ਗੱਲ ਸਿੱਧੀ ਜਿਹੀ ਹੈ ਕਿ ਹਿੰਦੂ ਧਰਮ ਕਿਸਨੇ ਸ਼ੁਰੂ ਕੀਤਾ ਤੇ ਇਸਦੇ ਕੀ ਮੁਢਲੇ ਸਿਧਾਂਤ (Creed) ਹਨ ? ਇਸ ਦਾ ਜਵਾਬ ਉਹ ਲਫ਼ਾਫੇਬਾਜ਼ੀ ਕਰਕੇ ਦੇਂਦੇ ਹਨ ਤੇ ਇਸੇ ਲਫ਼ਾਫੇਬਾਜ਼ੀ ਦੇ ਸਿਰ ਤੇ ਅੱਜਤੱਕ ਸਵਰਣ ਜਾਤੀਆਂ ਵਾਲੇ ਖ਼ੁਦ-ਬਣਾਏ ਅਛੂਤਾਂ, ਸ਼ੂਦਰਾਂ ਨੂੰ ਆਪਣੇ ਹਿੰਦੂ ਧਰਮ ਦੇ ਲਫ਼ਾਫੇ ਵਿੱਚ ਘੇਰ ਲੈਂਦੇ ਹਨ। ਉਹਨਾਂ ਦਾ ਮਾਨਸਿਕ ਤੇ ਆਰਥਿਕ ਸੋਸ਼ਣ ਕਰਦੇ ਹਨ। ਇਨ੍ਹਾਂ ਮਾਨਸਿਕ ਤੌਰ ਤੇ ਸੋਸ਼ਤ ਨਿਮਾਣਿਆਂ ਦਾ ਇਸਤੇਮਾਲ ਉਹ ਸਮੇਂ ਸਮੇਂ ਉਹਨਾਂ ਨੂੰ ਆਪਸ ਵਿੱਚ ਲੜ ਮਰਨ ਜਾਂ ਦੂਸਰੇ ਘੱਟ-ਗਿਣਤੀ ਲੋਕਾਂ ਨੂੰ ਦੰਗਿਆਂ ਰਾਹੀਂ ਦਬਾਉਣ ਲਈ ਕਰਦੇ ਹਨ। ਇਸ ਤਰ੍ਹਾਂ ਸਵਰਣ ਜਾਤੀਆਂ ਜੋ 10-15% ਦੇ ਆਸਪਾਸ ਹੀ ਹਨ ਸਦੀਆਂ ਤੋਂ ਰਾਜ ਸੱਤਾ ਨਾਲ ਇਕਮਿਕ ਹੋ ਕੇ ਆਨੰਦ ਮਾਣ ਰਹੀਆਂ ਹਨ। ਇਸੇ ਦੇ ਸਹਾਰੇ ਉਹਨਾਂ ਨੇ ਬੁੱਧ ਤੇ ਜੈਨ ਧਰਮ ਭਾਰਤ ਵਿੱਚੋਂ ਮਨਫ਼ੀ ਕਰ ਦਿੱਤੇ। ਸਿੱਖ ਧਰਮ ਹੁਣ ਉਹਨਾਂ ਲਈ ਇੱਕ ਚੁਣੌਤੀ ਦੇ ਤੌਰ ਤੇ ਮੌਜੂਦ ਹੈ। ਹੁਣ ਤਕ ਉਹ ਸਿੱਖਾਂ ਦੇ ਆਗੂਆਂ ਨੂੰ ਭੁਚਲਾਉਣ ਤੇ ਖ਼ਰੀਦਣ ਵਿੱਚ ਤੇ ਸਿੱਖ ਆਚਰਣ (Character) ਜਾਂ ਕਿਰਦਾਰ (Conduct) ਨੂੰ ਖੋਰਾ ਲਾਉਣ ਵਿੱਚ ਕਾਫ਼ੀ ਕਾਮਯਾਬ ਰਹੇ ਹਨ।

ਇਸ ਕਾਮਯਾਬੀ ਦਾ ਪਹਿਲਾ ਸਿਹਰਾ ਨੰਗ-ਮੁਨੰਗੇ ਗੁਜਰਾਤੀ ਗਾਂਧੀ ਦੇ ਸਿਰ ਬੱਝਦਾ ਹੈ ਜਿਸ ਨੇ ਸਿੱਖਾਂ ਦਾ ਗੁਰਦਵਾਰਾ ਅੰਦੋਲਣ ਭਾਰਤੀ ਆਜ਼ਾਦੀ ਦੀ ਲਹਿਰ ਦਾ ਹਿੱਸਾ ਬਣਾ ਦਿੱਤਾ। ਇਸ ਦੇ ਨਾਲ ਦੀਆਂ ਬੱਬਰ ਅਕਾਲੀ ਅਤੇ ਗ਼ਦਰ ਲਹਿਰਾਂ ਉਸ ਦੇ ਚੇਲਿਆਂ ਤੇ ਬਾਹਰਲੀ ਟੇਕ ਵਾਲੇ ਕਮਿਊਨਿਸਟਾਂ ਨੇ ਛੁਟਿਆ ਕੇ ਉਹ ਵੀ ਭਾਰਤੀ ਆਜ਼ਾਦੀ ਦੀ ਲਹਿਰ ਦੇ ਢਿੱਡ ਵਿੱਚ ਪਾ ਦਿੱਤੀਆਂ।

ਉਸ ਤੋਂ ਬਾਅਦ ਇਸ ਕੰਮ ਵਿੱਚ ਵੱਡੀ ਸਫਲਤਾ ਪਾਉਣ ਵਾਲਾ ਸੀ ਦੂਜਾ ਗੁਜਰਾਤੀ ਸਾਧੂ ਦਯਾ ਨੰਦ । ਉਸਨੇ ਗੁਰੂਆਂ ਦੇ ਦੱਸੇ ਮਾਰਗ ਨਾਲ ਹੌਲੀ ਹੌਲੀ ਜੁੜ ਰਹੇ ਚੰਗੇ ਭਲੇ ਪੰਜਾਬੀ ਹਿੰਦੂਆਂ ਨੂੰ ਪੂਰਬੀਆਂ (ਭਈਆਂ) ਤੇ ਪਹਾੜੀਆਂ ਦੀ ਸੰਸਕ੍ਰਿਤੀ ਨਾਲ ਜੋੜ ਦਿੱਤਾ ਜੋ ਹੁਣ, ਸਿੱਖਾਂ ਦੀ ਤਾਂ ਕੀ, ਪੰਜਾਬ ਦੀ ਬਿਹਤਰੀ ਦੀ ਗੱਲ ਕਰਨ ਜੋਗੇ ਵੀ ਨਹੀਂ ਰਹੇ। ਹੁਣ ਉਹ ਗ਼ੈਰ-ਪੰਜਾਬੀਆਂ ਦੇ ਸ਼ਿਵ-ਸੈਨਿਕ ਬਣ ਕੇ ਵਿਚਰ ਰਹੇ ਹਨ। ਪਰ ਵਿਚਾਰੇ ਜਦੋਂ ਪੰਜਾਬੋਂ ਬਾਹਰ ਜਾਂਦੇ ਹਨ ਤਾਂ ਆਪਣੇ ਆਪ ਨੂੰ ਪੰਜਾਬੀ ਦੱਸਦੇ ਹਨ ਤਾਂ ਕਿ ਪੁਰਾਣੇ ਪੰਜਾਬ ਦੇ ਸਿੱਖ ਇਤਿਹਾਸ ਦਾ ਕੁਝ ਪ੍ਰਕਾਸ਼ ਉਹਨਾਂ ਦੇ ਚਿਹਰੇ ਤੇ ਵੀ ਝਲਕ ਜਾਏ ਤੇ ਉਹਨਾਂ ਨੂੰ ਕੋਈ ਪੂਰਬੀਏ ਨਾ ਸਮਝ ਬੈਠੇ। ਵਰਨਾ ਪੰਜਾਬ ਦੇ ਲਹੂ-ਭਿੱਜੇ ਇਤਿਹਾਸ ਵਿੱਚ ਇਹੋ ਜਿਹੇ ਪੰਜਾਬੀ ਕਿਤੇ ਦਿਸਦੇ ਵੀ ਨਹੀਂ।

ਇਹਨਾਂ ਦੋਹਾਂ ਤੋਂ ਬਾਅਦ ਜਿਹੜੀ ਅਪਾਰ ਸਫ਼ਲਤਾ ਸਵਰਣਾਂ ਨੂੰ ਇਸ ਕੰਮ ਵਿੱਚ ਨਸੀਬ ਹੋਈ ਹੈ ਉਹ ਸਿੱਖਾਂ ਦੇ ਕਿਰਦਾਰ ਨੂੰ ਢਾਹ ਲਾਉਣ ਵਿੱਚ ਹੈ। ਇਸ ਸਫ਼ਲਤਾ ਦਾ ਸਿਹਰਾ ਆਰ ਐੱਸ ਐੱਸ ਤੇ ਭਾਰਤ ਦੀਆਂ ਸਿਆਸੀ ਪਾਰਟੀਆਂ ਵਿੱਚ ਬੈਠੇ ਘਾਗ ਸਵਰਣਾਂ (ਖ਼ਾਸ ਕਰਕੇ ਬ੍ਰਾਹਮਣਾਂ) ਦੇ ਸਿਰ ਹੈ। ਆਰ ਐੱਸ ਐੱਸ ਦੇ ਬਾਨੀ ਹੈਡਗਵਾਰ ਦੇ ਸਿਆਸੀ ਸਰਪ੍ਰਸਤ ਬੀ ਐੱਸ ਮੁੰਜੇ ਨੇ ਗਾਂਧੀ ਨਾਲ ਮਿਲਕੇ ਇੱਕ ਸਾਜ਼ਸ਼ੀ ਤਰੀਕੇ ਨਾਲ 1935-36 ਵਿੱਚ ਅੰਬੇਡਕਰ ਨੂੰ ਸਿੱਖ ਧਰਮ ਵਿੱਚ ਪ੍ਰਵੇਸ਼ ਕਰਨ ਤੋਂ ਡਰਾ ਕੇ ਰੋਕ ਲਿਆ । ਭਾਰਤ ਦੀ ਆਜ਼ਾਦੀ ਦੇ ਵਕਤ ਪੰਜਾਬ ਨੂੰ ਬੇਦਰਦੀ ਨਾਲ ਵਿੰਨ੍ਹਿਆਂ ਤੇ ਵੰਡਿਆ ਗਿਆ। ਇਸ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਸਿੱਖਾਂ ਦਾ ਹੀ ਹੋਇਆ ਜਾਂ ਕਰਵਾਇਆ ਗਿਆ। ਉਸ ਤੋਂ ਬਾਅਦ ਵਿੱਚ ਵੀ ਅੰਬੇਡਕਰ ਦੇ ਸਮਾਜ ਵਿੱਚ ਪੈਰ ਨਾ ਲੱਗਣ ਦਿੱਤੇ ਗਏ। ਆਖ਼ਰ ਉਸਨੇ ਆਪਣੀ ਹਿੰਦੂ ਧਰਮ ਵਿੱਚ ਨਾ ਰਹਿਣ ਦੀ ਪ੍ਰਤਿਗਿਆ ਪੂਰੀ ਕਰਨ ਲਈ 1956 ਵਿੱਚ ਮੌਤ ਤੋਂ 2 ਮਹੀਨੇ ਪਹਿਲਾਂ ਬੁੱਧ ਧਰਮ ਦਾ ਸਹਾਰਾ ਲੈ ਲਿਆ।

ਪਰ ਸਿੱਖ-ਦੁਸ਼ਮਣ ਲਗਾਤਾਰਤਾ ਪੰਜਾਬ ਦੀ ਖ਼ੂਨੀ ਵੰਡ ਤੋਂ ਬਾਅਦ ਵੀ ਜਾਰੀ ਰਹੀ। ਪੰਜਾਬ ਨੂੰ ਭਾਸ਼ਾਈ ਵੰਡ ਵਿੱਚ ਸ਼ਾਮਲ ਨਾ ਕਰਨਾ, ਆਖ਼ਰ ਕੁਰਬਾਨੀਆਂ ਤੋਂ ਬਾਅਦ ਵੰਡ ਕਰਨ ਵੇਲੇ ਵੀ ਬੇਈਮਾਨੀ ਨਾਲ ਰਾਜਧਾਨੀ ਤੇ ਦਰਿਆਈ ਪਾਣੀ ਕੇਂਦਰ ਦੁਆਰਾ ਹਥਿਆ ਲੈਣਾ, ਸਿੱਖ-ਦੁਸ਼ਮਣ ਡੇਰਿਆਂ ਨੂੰ ਮਦਦ ਤੇ ਹੱਲਾਸ਼ੇਰੀ ਦੇਣਾ, ਜਾਣਬੁੱਝ ਕੇ ਕਤਲੋਗ਼ਾਰਤ ਦਾ ਮਾਹੌਲ ਪੈਦਾ ਕਰਕੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਕਤਲ ਕਰ ਦੇਣਾ, ਦਰਬਾਰ ਸਾਹਿਬ ਤੇ ਫ਼ੌਜੀ ਹਮਲਾ ਕਰਨਾ, ਰੋਸ ਵਿੱਚ ਭੜਕੇ ਨੌਜਵਾਨਾਂ ਨੂੰ ਦੇਸ਼-ਦੁਸ਼ਮਣ ਥਾਪਕੇ ਮਾਰ ਮਿਟਾਉਣਾ, ਬਾਕੀਆਂ ਨੂੰ ਘਟੀਆ ਸਭਿਆਚਾਰਕ ਮੇਲਿਆਂ ਦੇ ਨਾਂ ਤੇ ਨਸ਼ਿਆਂ ਵੱਲ ਤੋਰਨਾ ਆਦਿ ਸਵਰਣਾਂ ਦੀ ਸਫਲਤਾ ਦੀਆਂ ਉਹ ਕੜੀਆਂ ਹਨ ਜਿਹਨਾਂ ਦੀ ਲਗਾਤਾਰਤਾ ਨੇ ਸਿੱਖ ਕਿਰਦਾਰ ਨੂੰ ਵੀ ਢਾਹ ਲਾ ਦਿੱਤੀ ਹੈ।

ਜੇ ਤੁਸੀਂ ਇਸ ਢਾਹ ਲੱਗੀ ਨੂੰ ਨਹੀਂ ਮੰਨਦੇ ਤਾਂ ਵੰਡ ਤੋਂ ਬਾਅਦ ਆਏ ਇਹ ਮੋਟੇ ਮੋਟੇ ਲੱਛਣ ਨੋਟ ਕਰੋ । ਪੜ੍ਹੇ ਲਿਖੇ ਤੇ ਅਮੀਰ ਸਿੱਖਾਂ ਦਾ ਤਾਕਤ ਤੇ ਦੌਲਤ ਲਈ ਦਿੱਲੀ ਦੇ ਤਾਕਤਵਰਾਂ ਦੀਆਂ ਜੁੱਤੀਆਂ ਚੱਟਣਾਂ (ਕਿਸੇ ਵੇਲੇ ਨਵਾਬੀ ਲੈ ਲੈਣ ਲਈ ਇੱਕ ਨਿਮਾਣੇ ਕਪੂਰ ਸਿੰਘ ਨੂੰ ਮਨਾਉਣਾ ਪਿਆ ਸੀ), ਹੰਕਾਰਵੱਸ ਵਧਾਏ ਹੋਏ ਖ਼ਰਚੇ ਪੂਰੇ ਨਾ ਹੋਣ ਤੇ ਖ਼ੁਦਕੁਸ਼ੀਆਂ ਕਰਨਾ (ਕਦੇ ਸਿੱਖਾਂ ਤੋਂ ਦੁਸ਼ਮਣ ਡਰਦੇ ਸਨ), ਕਿਰਤ ਤੇ ਨਿਮਰਤਾ ਨਾਲੋਂ ਚੌਧਰਪੁਣੇ ਨੂੰ ਤਰਜੀਹ ਦੇਣਾ (ਹਰ ਕੋਈ ਚੋਣ ਜਿੱਤਣ ਲਈ ਤਰਲੋਮੱਛੀ ਹੋਇਆ ਦਾਅ ਤੇ ਬੈਠਾ ਹੈ), ਇਸ ਚੌਧਰਪੁਣੇ ਦੀ ਚੋਣ ਜਿੱਤਣ ਲਈ ਆਪਣੇ ਗੁਰੂ ਦੀ ਬੇਅਦਬੀ ਸਹਿਣ ਦੀ ਹੱਦ ਤੱਕ ਵੀ ਜਾਣਾ, ਗੁਰਦਵਾਰਿਆਂ ਵਿੱਚ ਸੇਵਾਦਾਰਾਂ ਤੇ ਗੁਰਬਾਣੀ ਦੇ ਪਾਠਕਾਂ ਦੀ ਥਾਂ ਪ੍ਰਧਾਨ ਸਾਹਿਬ ਤੇ ਹੈਡ ਗ੍ਰੰਥੀ ਸਾਹਿਬ ਹੋਣਾ, ਗੁਰੂ ਦੀ ਸਮਝਾਈ ਸਾਦੀ ਜ਼ਿੰਦਗੀ ਜਿਊਣ ਨਾਲੋਂ ਵਿਖਾਵੇ ਦੇ ਕੰਮਾਂ ਤੇ ਅੰਤਾਂ ਦਾ ਖ਼ਰਚ ਕਰਨਾ, ਗੁਰਬਾਣੀ ਲਿਖ ਕੇ ਦੇ ਜਾਣ ਵਾਲੇ ਗੁਰੂਆਂ ਦੇ ਸਿੱਖਾਂ ਦਾ ਪੜ੍ਹਾਈ ਲਿਖਾਈ ਤੋਂ ਭਗੌੜੇ ਹੋਣਾ, ਗੁਰੂਆਂ ਤੇ ਸ਼ਹੀਦਾਂ ਦੇ ਖ਼ੂਨ ਨਾਲ ਭਿੱਜੀ ਧਰਤੀ ਨੂੰ ਪਿੱਠ ਦੇ ਕੇ ਕੇਵਲ ਆਰਥਕ ਤਰੱਕੀ ਲਈ ਵਿਦੇਸ਼ਾਂ ਨੂੰ ਭੱਜਣਾ, ਦੁਸ਼ਮਣਾਂ ਦੇ ਹਮਲਿਆਂ ਤੋਂ ਬਚਾਅ ਲਈ ਮਿਲੀ ਕਿਰਪਾਨ ਨੂੰ ਆਪਣਿਆਂ ਤੇ ਚਮਕਾਉਣਾ, ਕੁਝ ਇੰਚ ਜ਼ਮੀਨ ਬਦਲੇ ਜਾਂ ਨਿਗੂਣੇ ਜਿਹੇ ਲਾਭ ਲਈ ਆਪਣੇ ਹੀ ਮਾਂ-ਪਿਓ, ਭੈਣ-ਭਰਾ, ਚਾਚੇ-ਤਾਏ, ਭਤੀਜੇ-ਭਣੇਵੇਂ ਤੱਕ ਤੇ ਹਮਲਾ ਜਾਂ ਬੇਦਰਦੀ ਨਾਲ ਕਤਲ ਕਰ ਦੇਣਾ, ਆਦਿ। ਮੇਰੇ ਖ਼ਿਆਲ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਕਿਰਪਾਨ ਵਰਗੇ ਹਥਿਆਰਾਂ ਦੀ ਜ਼ਰੂਰਤ ਨੂੰ ਅਣਗੌਲਿਆਂ ਕਰਨਾ ਹੈ। ਜ਼ਰਾ ਸੋਚੋ, ਜੇ ਨਵੰਬਰ 84 ਵਿੱਚ ਮਾਰੇ ਜਾਣ ਵਾਲੇ ਸਾਰੇ ਬਾਲਗ਼ ਸਿੱਖਾਂ ਦੇ ਹੱਥੀਂ ਕਿਰਪਾਨਾਂ ਹੁੰਦੀਆਂ ਤੇ ਉਹ ਆਖ਼ਰੀ ਵੇਲਾ ਸਮਝ ਕੇ ਸਾਰਾਗੜ੍ਹੀ ਵਾਲੇ ਸਿਪਾਹੀਆਂ ਵਾਂਗੂੰ ਜੂਝਦੇ ਤਾਂ ਮਰਨ ਵਾਲਿਆਂ ਦੀ ਜ਼ਿਆਦਾ ਗਿਣਤੀ ਕਿਸ ਪਾਸੇ ਹੁੰਦੀ ? ਕੀ ਫਿਰ ਵੀ ਅਸੀਂ 84 ਦੇ ਇਨਸਾਫ ਲਈ ਓਨਾ ਹੀ ਵਿਲਕ ਰਹੇ ਹੁੰਦੇ ਜਿੰਨਾ ਅੱਜ ਖਿਝ ਰਹੇ ਹਾਂ ? ਕੀ ਗੁਰੂ ਨੇ ਘਰੇ ਕਿਰਪਾਨਾਂ ਰੱਖਣ ਤੋਂ ਰੋਕਿਆ ਸੀ ? ਪਰ ਸਾਡਾ ਕਿਰਦਾਰ ਹੁਣ ਸਾਨੂੰ ਐਸੀ ਕਿਰਪਾਨ ਵੱਲ ਲੈ ਗਿਆ ਹੈ ਜੋ ਜਨੇਊ ਦੀ ਯਾਦ ਕਰਾਉਂਦੀ ਹੈ ਤੇ ਲੋੜ ਵੇਲੇ ਕੁਝ ਵੀ ਨਹੀਂ ਕਰ ਸਕਦੀ। ਅਜੇ ਭਾਰਤ ਵਰਗੇ ਸਵਰਣ-ਸਾਜ਼ਸ਼ੀ ਦੇਸ਼ ਵਿੱਚ ਕਿਰਪਾਨ ਦੀ ਅਹਿਮੀਅਤ ਨੂੰ ਸਮਝਣ ਲਈ ਸਿੱਖਾਂ ਨੂੰ ਸ਼ਾਇਦ ਕੁਝ ਹੋਰ ਹੀ ਨਹੀਂ ਸਗੋਂ ਹੋਰ ਵੱਡੇ ਘੱਲੂਘਾਰਿਆਂ ਦੀ ਜ਼ਰੂਰਤ ਹੈ। ਉਹਨਾਂ ਨੂੰ ਤਾਂ ਸ਼ਾਇਦ ਅਜੇ ਬਚੇ ਹੋਏ ਪੰਜਾਬ ਵਿੱਚ ਬਦਲਾਏ ਜਾ ਰਹੇ ਆਬਾਦੀ ਦੇ ਅਨੁਪਾਤ ਦੇ ਸਿਰੇ ਲੱਗਣ ਦੀ ਉਡੀਕ ਹੈ। ਜੇ ਸੰਵਿਧਾਨ ਦੀ ਧਾਰਾ 25(2) ਵਿੱਚ ਮਿਲੇ ਹੋਏ ਕਿਰਪਾਨ ਦੇ ਇਸ ਹੱਕ ਨੂੰ ਹੀ ਅਸੀਂ ਸਹੀ ਤਰੀਕੇ ਨਾਲ ਨਹੀਂ ਵਰਤ ਸਕੇ ਤਾਂ ਹੋਰ ਬੇਇਨਸਾਫੀਆਂ ਲਈ ਲੜ ਕੇ ਵੀ ਕੀ ਲੈਣਾ ਹੈ। ਇਹ ਹੈ ਸਾਡਾ ਅੱਜ ਦਾ ਕਿਰਦਾਰ । ਪਰ ਇਸ ਸਭ ਕਾਸੇ ਨੂੰ ਸਮਝਣ, ਸਮਝਾਉਣ ਤੇ ਸਹੀ ਰਸਤਾ ਦੱਸਣ ਦੀ ਜਿੰਮੇਵਾਰੀ ਕਿਸ ਦੀ ਸੀ ? ਬੇਸ਼ੱਕ ਇਹ ਕੰਮ ਬੁਧੀਜੀਵੀਆਂ ਦਾ ਸੀ। ਪਰ ਤੁਸੀਂ ਕਦੀ ਦੋ ਸਿੱਖ ਬੁਧੀਜੀਵੀ ਇਕੱਠੇ ਵੇਖੇ ਹਨ ? ਉਹਨਾਂ ਦੇ ਹੰਕਾਰ ਤੇ ਮੈਂ ਨਾ ਮਾਨੂੰ ਦੀ ਰਟ ਵਿੱਚੋਂ ਕਿਸ ਤਰ੍ਹਾਂ ਦੇ ਕਿਰਦਾਰ ਦੀ ਬੋ ਆਓਂਦੀ ਹੈ ?

ਹੋਰ ਕੁਝ ਨਹੀਂ ਤਾਂ ਜਦੋਂ ਆਫਰੇ ਹੋਏ ਹਿੰਦੂ ਆਗੂ ਸਿੱਖਾਂ ਨੂੰ ਹਿੰਦੂਆਂ ਦਾ ਹੀ ਅੰਗ ਦਸਦੇ ਹਨ ਤਾਂ ਸਾਡੇ ਆਗੂ ਹੌਲੀ ਜਿਹੀ ਆਵਾਜ਼ ਵਿੱਚ ਸੁਰਖਿਆਵਾਦੀ ਦਲੀਲਾਂ ਦੇਣ ਦੀ ਬਜਾਏ ਇਹ ਕਿਉਂ ਨਹੀਂ ਪੁੱਛਦੇ ਕਿ ਸਿੱਖ ਜਿਸ ਹਿੰਦੂ ਧਰਮ ਦਾ ਹਿਸਾ ਹਨ, ਉਸਦੀ ਕੋਈ ਮੰਨਣਯੋਗ ਪ੍ਰੀਭਾਸ਼ਾ ਤਾਂ ਦੱਸੋ ? ਜੇ "ਇਸਨੂੰ ਪ੍ਰਭਾਸ਼ਿਤ ਕਰਨਾ ਰੀਣ ਵੀ ਸੰਭਵ ਨਹੀਂ ਹੈ, ਨਾ ਇਹ ਨਿਸ਼ਚਿਤ ਕਰਨਾ ਕਿ ਇਹ ਇੱਕ ਧਰਮ ਵੀ ਹੈ ਜਾਂ ਨਹੀਂ" ਤਾਂ ਸਿੱਖ ਕਾਹਦਾ ਹਿੱਸਾ ਬਣਨ ? ਪਰ ਇੰਨਾ ਪੁੱਛਣ ਲਈ ਵੀ ਕੁਝ ਹਿੰਮਤ ਚਾਹੀਦੀ ਹੈ ਤੇ ਉਹ ਵੀ ਕਿਰਦਾਰ ਦਾ ਹੀ ਹਿੱਸਾ ਹੈ।

(੦੪/੯/੨੦੧੯ ਤੋਂ ਰੋਜ਼ਾਨਾ ਸਪੋਕਸਮੈਨ ਵਿਚ ਛਪਿਆ ਹੋਇਆ)

ਇਹੁ ਜਗੁ ਸਚੈ ਕੀ ਹੈ ਕੋਠੜੀ (Anatomy of the Universe)

ਸੰਸਾਰ ਕੀ ਹੈ ?

ਇਨਸਾਨ ਜੰਮਣ ਤੋਂ ਲੈ ਕੇ ਮਰਨ ਤਕ ਆਪਣੇ ਆਪ ਬਾਰੇ ਹੀ ਸੋਚਦਾ ਰਹਿੰਦਾ ਹੈ ਤੇ ਇਸੇ ਸੁਆਰਥ ਅਧੀਨ ਬਾਕੀ ਦੀ ਦੁਨੀਆਂ ਬਾਰੇ ਕੋਈ ਜ਼ਿਆਦਾ ਸਮਝ ਨਹੀਂ ਬਣਾ ਸਕਦਾ। ਆਪਣੇ ਟੱਬਰ ਤੋਂ ਅੱਗੇ ਆਪਣਾ ਪਿੰਡ ਜਾਂ ਸ਼ਹਿਰ, ਫੇਰ ਜਿਲ੍ਹਾ ਜਾਂ ਇਲਾਕਾ, ਫੇਰ ਸੂਬਾ ਤੇ ਫੇਰ ਦੇਸ਼। ਜਿਵੇਂ ਜਿਵੇਂ ਉਸ ਦੀ ਸਮਝ ਦਾ ਦਾਇਰਾ ਵੱਡਾ ਹੁੰਦਾ ਜਾਂਦਾ ਹੈ ਤਿਵੇਂ ਤਿਵੇਂ ਵੱਡੇ ਹੁੰਦੇ ਜਾਂਦੇ ਦਾਇਰੇ ਨਾਲ ਲਗਾਅ ਜਾਂ ਵਫ਼ਾਦਾਰੀ ਦੀ ਤੀਬਰਤਾ ਘਟਦੀ ਜਾਂਦੀ ਹੈ। ਇਸੇ ਕਰਕੇ ਰਾਜਸੀ ਪਾਰਟੀਆਂ ਨੂੰ ਚੋਣਾਂ ਵੇਲੇ ਉਚੇਚਾ ਯਤਨ ਕਰਕੇ ਵੋਟਰਾਂ ਨੂੰ ਸਮਾਜਿਕ ਜਿੰਮੇਦਾਰੀ ਤੇ ਦੇਸ਼ਭਗਤੀ ਯਾਦ ਕਰਾਉਣੀ ਪੈਂਦੀ ਹੈ। ਜਿਨ੍ਹਾਂ ਪਾਰਟੀਆਂ ਦੀ ਸਾਰੀ ਟੇਕ ਹੀ ਦੇਸ਼ਭਗਤੀ ਉੱਤੇ ਹੋਵੇ ਉਹਨਾਂ ਦਾ ਹੋਰ ਵੀ ਜ਼ਿਆਦਾ ਜ਼ੋਰ ਲੱਗਦਾ ਹੈ। ਪਰ ਦੇਸ਼ ਤੋਂ ਅੱਗੇ ਵੀ ਧਰਤੀ ਤੇ ਰਹਿੰਦੀ ਹੋਰ ਦੁਨੀਆਂ ਹੈ ਤੇ ਇਸ ਵਿਚ ਕਈ ਦੇਸ਼ ਹਨ ਜੋ ਸਾਰੇ ਇੱਕ ਵੱਡੀ ਮਨੁੱਖਤਾ ਦਾ ਹਿੱਸਾ ਹਨ। ਕਿਓਂ ਨਾ ਇਨਸਾਨ ਉਸ ਮਨੁੱਖਤਾ ਨਾਲ ਲਗਾਅ ਰੱਖੇ ਤੇ ਵਫ਼ਾਦਾਰੀ ਕਰੇ। ਜਿੱਥੇ ਸਾਨੂੰ ਸਾਡੇ ਗੁਰੂਆਂ ਨੇ ਵਕਤ ਪੈਣ ਤੇ ਆਪਣੇ ਟੱਬਰ, ਪਿੰਡ, ਸ਼ਹਿਰ, ਇਲਾਕੇ, ਸੂਬੇ ਤੇ ਦੇਸ਼ ਦੀ ਰਾਖੀ ਕਰਨੀ ਸਿਖਾਈ ਉਥੇ ਹੀ ਪੂਰੀ ਮਨੁੱਖਤਾ ਨੂੰ ਆਪਣਾ ਸਮਝਣਾ ਵੀ ਸਿਖਾਇਆ। ਇਹ ਸਾਰਾ ਕੁਝ ਕਰਦਿਆਂ ਹੋਇਆਂ ਇਸ ਮਨੁੱਖਤਾ ਨੂੰ ਬਣਾਉਣ ਵਾਲੇ ਕਾਦਰ ਤੇ ਉਸਦੀ ਕੁਦਰਤ ਨੂੰ ਵੀ ਧਿਆਉਣ ਲਈ ਆਖਿਆ। ਧਿਆਉਂਦਿਆਂ ਧਿਆਉਂਦਿਆਂ ਹੀ ਉਹ ਅਸਚਰਜ ਉਪਜਦਾ ਹੈ ਜੋ ਉਸ ਕਾਦਰ ਤੇ ਉਸਦੀ ਕੁਦਰਤ ਬਾਰੇ ਹੋਰ ਵੱਧ ਜਾਨਣ ਲਈ ਉਤਸੁਕਤਾ ਪੈਦਾ ਕਰਦਾ ਹੈ। ਬਸ਼ਰਤੇ ਕਿ ਇਹ ਧਿਆਉਣਾ ਬ੍ਰਾਹਮਣ ਵਾਲੀ ਪੂਜਾ ਤੇ ਆਧਾਰਿਤ ਕਰਮਕਾਂਡੀ ਉਚਾਰਣ ਨਾ ਹੋਵੇ ਬਲਕਿ ਅਸਚਰਜ ਤੇ ਉਤਸੁਕਤਾ ਦਾ ਉਹ ਮੇਲ ਹੋਵੇ ਜੋ ਵੱਧ ਤੋਂ ਵੱਧ ਜਾਣ ਕੇ ਉਸ ਕੁਦਰਤ ਵਿਚੋਂ ਨਿਕਲੀ ਹੋਈ ਜ਼ਿੰਦਗੀ ਨੂੰ ਵੱਧ ਤੋਂ ਵੱਧ ਖੂਬਸੂਰਤ ਬਣਾਉਣਾ ਚਾਹੇ। ਅਸੀਂ ਅਜੇ ਭਾਵੇਂ ਬ੍ਰਾਹਮਣ ਦੇ ਬਖਸ਼ੇ ਹੋਏ ਚਿੱਕੜ ਵਿੱਚ ਹੀ ਚੁੱਭੀਆਂ ਲਾ ਰਹੇ ਹਾਂ ਪਰ ਪੱਛਮੀ ਮੁਲਕਾਂ ਦੇ ਵਿਗਿਆਨਕਾਂ ਨੇ ਮਨੁੱਖਤਾ ਲਈ ਬਹੁਤ ਕੁਝ ਲੱਭ ਦਿੱਤਾ ਹੈ। ਇਹ ਜ਼ਰੂਰ ਸੱਚ ਹੈ ਕਿ ਉਹਨਾਂ ਵਿਗਿਆਨਕਾਂ ਦੀ ਪ੍ਰੇਰਨਾ ਦਾ ਵੱਡਾ ਸਰੋਤ ਯੁਗਪੁਰਸ਼ਾਂ ਦੀ ਦੱਸੀ ਮਨੁੱਖਤਾ ਦੀ ਭਲਾਈ ਨਹੀਂ ਸੀ ਸਗੋਂ ਪਦਾਰਥਕ ਮੌਜਾਂ ਦੀ ਖਿੱਚ ਸੀ ਤੇ ਹੈ। ਰਾਜਿਆਂ ਰਜਵਾੜਿਆਂ ਦੇ ਖ਼ਾਤਮੇ ਤੋਂ ਬਾਅਦ ਪਿਛਲੀਆਂ ਦੋ ਤਿੰਨ ਸਦੀਆਂ ਵਿੱਚ ਉੱਗੇ ਤੇ ਫ਼ਲੇ ਕੌਮਵਾਦ (ਰਾਸ਼ਟਰਵਾਦ), ਨੁਕਸਦਾਰ ਲੋਕਰਾਜ ਅਤੇ ਪੂੰਜੀਵਾਦ ਨੇ ਇਹਨਾਂ ਮੌਜਾਂ ਦੀ ਖਿੱਚ ਹੋਰ ਵਧਾ ਦਿੱਤੀ ਹੈ। ਇਹ ਤਾਂ ਚਲਦੇ ਫਿਰਦੇ ਮਨੁੱਖ ਦੇ ਉਸਾਰੇ ਹੋਏ ਸਮਾਜ ਦੀ ਮੋਟੀ ਜਿਹੀ ਸਥਿਤੀ ਹੈ। ਪਰ ਕੁਦਰਤ ਨੇ ਬਹੁਤ ਕੁਝ ਅਸਥੂਲ ਵੀ ਪੈਦਾ ਕੀਤਾ ਹੈ ਜਿਸ ਵਿੱਚੋਂ ਮਨੁੱਖ ਨਿਕਲਿਆ ਹੈ। ਜੇ ਹੋਰ ਉਤਸੁਕਤਾ ਹੈ ਤਾਂ ਸਰਲ ਸ਼ਬਦਾਂ ਵਿੱਚ ਅੱਗੇ ਪੜ੍ਹ ਸਕਦੇ ਹੋ। ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਪਾਠਕਾਂ ਨੂੰ ਸਮਝ ਆ ਜਾਏ ਜਿਹੜੇ ਕਦੀ ਵਿਗਿਆਨ ਦੇ ਵਿਦਿਆਰਥੀ ਨਹੀਂ ਰਹੇ।

ਪ੍ਰਸਿੱਧ ਵਿਗਿਆਨਕ ਐਲਬਰਟ ਆਇਨਸਟਾਈਨ ਦੇ ਜਨਰਲ ਰਿਲੇਟਿਵਿਟੀ ਦੇ ਸਿਧਾਂਤ ਦਾ ਇੱਕ ਕੁਦਰਤੀ ਸਿੱਟਾ ਇਹ ਸੀ ਕਿ ਇਸ ਬ੍ਰਹਿਮੰਡ ਜਾਂ ਸੰਸਾਰ ਦੀ ਉਪਜ ਇੱਕ ਵੱਡੇ ਧਮਾਕੇ (Big Bang) ਵਿੱਚੋਂ ਹੋਈ। ਇਸ ਦਾ ਮਤਲਬ ਇੱਕ ਲਗਾਤਾਰ ਫੈਲਦਾ ਹੋਇਆ ਸੰਸਾਰ ਸੀ। ਪਰ ਇਹ ਮੰਨਣਾ ਉਦੋਂ, ਅਰਥਾਤ 1917 ਵਿੱਚ, ਵਿਗਿਆਨਕਾਂ ਲਈ ਵੀ ਔਖਾ ਸੀ ਕਿ ਸੰਸਾਰ ਲਗਾਤਾਰ ਫੈਲ ਰਿਹਾ ਹੈ। ਇਸ ਲਈ ਆਇਨਸਟਾਈਨ ਨੇ ਆਪਣੇ ਇਸ ਸਿਧਾਂਤ ਦੇ ਗਣਿਤਕ ਸਮੀਕਰਨਾਂ ਵਿੱਚ ਇੱਕ ਵਾਧੂ ਅੱਖਰ (Cosmological Constant) ਪਾਇਆ ਤਾਂ ਕਿ ਸਾਡਾ ਸੰਸਾਰ ਸਥਿਰ ਰਹਿ ਸਕੇ ! 

ਪਰ 1929 ਵਿੱਚ, ਐਡਵਿਨ ਹੱਬਲ ਨਾਂ ਦੇ ਵਿਗਿਆਨਕ ਨੇ ਐਲਾਨ ਕਰ ਦਿੱਤਾ ਕਿ ਸਾਡੀ ਆਕਾਸ਼ ਗੰਗਾ ਤੋਂ ਅਗਲੀਆਂ ਗਲੈਕਸੀਆਂ ਸਾਡੇ ਤੋਂ ਦੂਰ ਭੱਜ ਰਹੀਆਂ ਹਨ ਤੇ ਉਹ ਵੀ ਸਾਡੇ ਤੋਂ ਉਹਨਾਂ ਦੀ ਦੂਰੀ ਦੇ ਅਨੁਪਾਤ ਵਿੱਚ। ਅਰਥਾਤ ਜਿੰਨੀ ਕੋਈ ਗਲੈਕਸੀ ਸਾਡੇ ਤੋਂ ਦੂਰ ਹੈ ਓਨੀ ਹੀ ਵੱਧ ਗਤੀ ਨਾਲ ਭੱਜ ਰਹੀ ਹੈ। ਆਖ਼ਰ ਸੰਸਾਰ ਫਿਰ ਫੈਲਣ ਲੱਗਾ ! ਜਿਵੇਂ ਜਿਵੇਂ ਗੱਲ ਅੱਗੇ ਤੁਰੀ ਵਿਗਿਆਨਕ ਕੁਝ ਤੱਥ ਲੱਭਣ ਵਿੱਚ ਕਾਮਯਾਬ ਹੋਏ ਤੇ ਕੁਝ ਮੰਨਣਯੋਗ ਅੰਦਾਜ਼ੇ ਲਾਏ। ਹੁਣ ਤਕ ਦੀ ਖੋਜ ਮੁਤਾਬਕ ਵੱਡਾ ਧਮਾਕਾ ਅੱਜ ਤੋਂ ਤਕਰੀਬਨ 13.7 ਅਰਬ (ਬਿਲੀਅਨ) ਸਾਲ ਪਹਿਲਾਂ ਹੋਇਆ । ਅਰਥਾਤ ਇਸ ਸੰਸਾਰ ਦੀ ਉਮਰ 13.7 ਅਰਬ ਸਾਲ ਹੈ।  ਸੰਸਾਰ ਦੀ ਵਰਤਮਾਨ ਉਮਰ ਇਸਦੇ ਫੈਲਣ ਦੇ ਇਤਿਹਾਸ ਅਤੇ ਫੈਲਾਅ ਦੀ ਮੌਜੂਦਾ ਦਰ ਤੋਂ ਕੱਢੀ ਗਈ ਹੈ। ਸਾਡੇ ਘੱਟ ਜਾਣਕਾਰੀ ਵਾਲੇ ਸੱਜਣ ਆਮ ਤੌਰ ਤੇ ਹੀ ਗ਼ਲਤ ਗਿਣਤੀ ਮਿਣਤੀ ਲਿਖਦੇ ਰਹਿੰਦੇ ਹਨ। ਇਸ ਲਈ ਇਥੇ ਇਹ ਦੱਸਣਾ ਠੀਕ ਲੱਗਦਾ ਹੈ ਕਿ ਅਸੀਂ ਲੋਕ ਜ਼ਿਆਦਾ ਗਿਣਤੀ ਵਾਲੀਆਂ ਚੀਜ਼ਾਂ ਨੂੰ ਲੱਖਾਂ, ਕਰੋੜਾਂ, ਅਰਬਾਂ, ਖ਼ਰਬਾਂ ਆਦਿ ਵਿੱਚ ਗਿਣਦੇ ਹਾਂ। ਜਿਓਂ ਜਿਓਂ ਗਿਣਤੀ ਵਿੱਚ ਦੋ ਸਿਫ਼ਰਾਂ ਵਧੀ ਜਾਂਦੀਆਂ ਹਨ ਤਿਓਂ ਤਿਓਂ ਅਸੀਂ ਹਜ਼ਾਰ (1,000) ਨੂੰ ਲੱਖ (1,00,000), ਲੱਖ ਨੂੰ ਕਰੋੜ (1,00,00,000), ਕਰੋੜ ਨੂੰ ਅਰਬ (1,00,00,00,000) ਆਦਿ ਕਹਿੰਦੇ ਜਾਂਦੇ ਹਾਂ। ਪਰ ਪੱਛਮੀ ਵਿਗਿਆਨਕਾਂ ਦੀ ਗਿਣਤੀ ਵਿੱਚ ਜਿਓਂ ਜਿਓਂ ਤਿੰਨ ਸਿਫ਼ਰਾਂ ਵਧੀ ਜਾਂਦੀਆਂ ਹਨ ਤਿਓਂ ਤਿਓਂ ਅਗਲਾ ਅੱਖਰ ਆਈ ਜਾਂਦਾ ਹੈ। ਇਹਨਾਂ ਗਿਣਤੀਆਂ ਲਈ ਉਹ ਹਜ਼ਾਰ (1,000), ਮਿਲੀਅਨ (1,000,000), ਬਿਲੀਅਨ (1,000,000,000), ਟ੍ਰਿਲੀਅਨ (1,000,000,000,000) ਆਦਿ ਵਰਤਦੇ ਹਨ। ਇਸ ਤਰ੍ਹਾਂ ਦਸ ਲੱਖ ਦਾ ਮਤਲਬ ਇੱਕ ਮਿਲੀਅਨ ਤੇ ਇੱਕ ਅਰਬ ਦਾ ਮਤਲਬ ਇੱਕ ਬਿਲੀਅਨ ਬਣਦਾ ਹੈ। ਕੰਪਿਊਟਰ ਨੂੰ ਜਾਨਣ ਵਾਲੇ ਜਾਣਦੇ ਹੋਣਗੇ ਕਿ ਇੱਕ ਐੱਮ ਬੀ (ਮੈਗਾ ਬਾਈਟ) ਤੇ ਇੱਕ ਜੀ ਬੀ (ਗੀਗਾ ਬਾਈਟ) ਦਾ ਤਰਤੀਬਵਾਰ ਮਤਲਬ ਇੱਕ ਮਿਲੀਅਨ ਬਾਈਟ ਤੇ ਇੱਕ ਬਿਲੀਅਨ ਬਾਈਟ ਦੀ ਸਮਰੱਥਾ ਹੈ। ਇਸ ਤਰ੍ਹਾਂ ਹਰ ਵਿਸ਼ੇ ਦੀ ਲੋੜ ਮੁਤਾਬਕ ਉਸ ਲਈ ਗਿਣਤੀ ਤੇ ਮਿਣਤੀ ਦੇ ਅੱਖਰ ਵਰਤੇ ਜਾਂਦੇ ਹਨ। 

ਹੁਣ ਵੱਡੀਆਂ ਗਿਣਤੀਆਂ ਚੋਂ ਬਾਹਰ ਆਈਏ ਤੇ ਇਹ ਹਜ਼ਮ ਕਰਨ ਦੀ ਕੋਸ਼ਿਸ਼ ਕਰੀਏ ਕਿ ਵੱਡੇ ਧਮਾਕੇ ਤੋਂ ਪਹਿਲਾਂ ਸੰਸਾਰ ਦਾ ਆਕਾਰ ਸਿਰਫ ਸੂਈ ਦੇ ਨੱਕੇ ਕੁ ਜਿੰਨਾ ਸੀ। ਬਿਗ ਬੈਂਗ ਸਿਧਾਂਤ ਅਨੁਮਾਨ ਲਗਾਉਂਦਾ ਹੈ ਕਿ ਸ਼ੁਰੂਆਤੀ ਸੰਸਾਰ ਇੱਕ ਬਹੁਤ ਹੀ ਗਰਮ ਸਥਾਨ ਸੀ। ਬਿਗ ਬੈਂਗ ਤੋਂ ਇੱਕ ਸਕਿੰਟ ਬਾਅਦ ਸੰਸਾਰ ਦਾ ਤਾਪਮਾਨ ਲਗਪਗ 10 ਅਰਬ ਡਿਗਰੀ ਸੀ ਅਤੇ ਇਹ ਅਤਿਅੰਤ ਛੋਟੇ ਛੋਟੇ ਕਣਾਂ ਅਰਥਾਤ ਨਿਊਟ੍ਰੋਨਾਂ, ਪ੍ਰੋਟੋਨਾਂ, ਇਲੈਕਟਰੋਨਾਂ, ਪੋਜ਼ੀਟਰੋਨਾਂ, ਫੋਟੋਨਾਂ ਅਤੇ ਨਿਊਟਰੀਨੋਂਆਂ ਨਾਲ ਭਰਿਆ ਹੋਇਆ ਸੀ। ਤਾਪਮਾਨ ਦਾ ਅੰਦਾਜ਼ਾ ਸਮਝਣ ਲਈ ਇਹ ਜਾਣ ਲੈਣਾ ਹੀ ਕਾਫ਼ੀ ਹੋਏਗਾ ਕਿ ਪਾਣੀ 100 ਡਿਗਰੀ (ਸੈਲਸੀਅਸ) ਤੇ ਉਬਲਦਾ ਹੈ। ਲੋਹਾ 1538 ਡਿਗਰੀ ਤੇ ਪਿਘਲਦਾ ਹੈ ਤੇ 2861 ਡਿਗਰੀ ਤੇ ਲੋਹਾ ਉਬਾਲੇ ਮਾਰਨ ਲੱਗ ਜਾਂਦਾ ਹੈ। ਜਿਵੇਂ ਜਿਵੇਂ ਸੰਸਾਰ ਠੰਢਾ ਹੋਇਆ, ਨਿਊਟਰੋਨ, ਪ੍ਰੋਟੋਨ ਅਤੇ ਇਲੈਕਟ੍ਰੋਨ ਆਪਸ ਵਿੱਚ ਨਸ਼ਟ ਹੋ ਕੇ ਜਾਂ ਮਿਲਕੇ ਸੰਸਾਰ ਦਾ ਸਭ ਤੋਂ ਹੌਲਾ ਪ੍ਰਮਾਣੂੰ (Atom) ਬਣਾਉਣ ਲੱਗੇ ਜਿਸਨੂੰ ਹਾਈਡ੍ਰੋਜਨ ਆਖਿਆ ਜਾਂਦਾ ਹੈ। ਸੰਸਾਰ ਦੇ ਸ਼ੁਰੂ ਵਿੱਚ ਹੀ ਜ਼ਿਆਦਾ ਹਾਈਡ੍ਰੋਜਨ ਆਪਸ ਵਿੱਚ ਮਿਲਕੇ ਉਸ ਤੋਂ ਅਗਲਾ ਭਾਰਾ ਪ੍ਰਮਾਣੂੰ ਹੀਲੀਅਮ ਬਣ ਗਿਆ। ਇਸ ਸਮੇਂ ਵਿਚ ਥੋੜ੍ਹਾ ਬਹੁਤ ਅਗਲਾ ਭਾਰਾ ਪ੍ਰਮਾਣੂੰ ਲੀਥੀਅਮ ਵੀ ਬਣਿਆ।

ਇਥੇ ਪਹੁੰਚ ਕੇ ਇਹ ਜਾਨਣਾ ਚਾਹੀਦਾ ਹੈ ਕਿ ਹਰ ਪ੍ਰਮਾਣੂੰ ਵਿੱਚ ਨਿਊਟਰੋਨ, ਪ੍ਰੋਟੋਨ ਅਤੇ ਇਲੈਕਟ੍ਰੋਨ ਹੁੰਦੇ ਹਨ। ਸਿਰਫ਼ ਹਾਈਡ੍ਰੋਜਨ ਦੇ ਪ੍ਰਮਾਣੂੰ ਵਿੱਚ ਕੋਈ ਨਿਊਟਰੋਨ ਨਹੀਂ ਹੁੰਦਾ। ਪ੍ਰਮਾਣੂੰ ਨੂੰ ਸਮਝਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਇਸ ਨੂੰ ਸੂਰਜ ਮੰਡਲ ਦਾ ਇੱਕ ਅੱਤ ਛੋਟਾ ਰੂਪ ਸਮਝਿਆ ਜਾਵੇ। ਸੂਰਜ ਦੀ ਟਿੱਕੀ ਨੂੰ ਪ੍ਰਮਾਣੂੰ ਦਾ ਕੇਂਦਰ ਸਮਝਿਆ ਜਾਵੇ ਜਿਥੇ ਨਿਊਟਰੋਨ ਤੇ ਪ੍ਰੋਟੋਨ ਇਕੱਠੇ ਰਹਿੰਦੇ ਹਨ ਤੇ ਸੂਰਜ ਦੁਆਲੇ ਘੁੰਮਦੇ ਗ੍ਰਹਿਆਂ ਨੂੰ ਇਲੈਕਟ੍ਰੋਨ ਸਮਝਿਆ ਜਾਵੇ। ਉਂਜ ਗ੍ਰਹਿਆਂ ਤੇ ਇਲੈਕਟ੍ਰੋਨ ਦੇ ਪੁੰਜ (ਮੋਟੇ ਤੌਰ ਤੇ ਭਾਰ) ਦਾ ਫ਼ਰਕ ਕਿੰਨਾ ਹੈ? ਨੌਂ ਨੂੰ ਐਸੇ ਅੱਖਰ ਨਾਲ ਤਕਸੀਮ ਕਰੋ ਜੋ ਏਕੇ ਨੂੰ ਅਠਾਈ ਸਿਫਰਾਂ ਲਾ ਕੇ ਬਣਦਾ ਹੈ। ਇਲੈਕਟ੍ਰੋਨ ਦਾ ਪੁੰਜ ਲਗਭਗ ਏਨੇ ਗ੍ਰਾਮ ਹੈ। ਪ੍ਰੋਟੋਨ ਤੇ ਨਿਊਟਰੋਨ ਕੋਈ ਬਹੁਤ ਵੱਡੇ ਨਹੀਂ। ਉਹ ਇਲੈਕਟ੍ਰੋਨ ਤੋਂ ਤਕਰੀਬਨ 1840 ਗੁਣਾ ਵੱਡੇ ਹਨ। ਅਰਥਾਤ ਉੱਪਰ ਦੱਸਿਆ ਅਠਾਈ ਸਿਫਰਾਂ ਵਾਲਾ ਅੱਖਰ ਚੌਵੀ ਕੁ ਸਿਫਰਾਂ ਵਾਲਾ ਲੈਣਾ ਪਏਗਾ। ਪ੍ਰਮਾਣੂੰ ਦੇ ਆਕਾਰ ਬਾਰੇ ਜਾਨਣ ਲਈ ਏਨਾ ਕਾਫੀ ਹੈ ਕਿ ਪ੍ਰਮਾਣੂੰ ਦੇ ਕੇਂਦਰ (ਜਿੱਥੇ ਨਿਊਟਰੋਨ ਤੇ ਪ੍ਰੋਟੋਨ ਰਹਿੰਦੇ ਹਨ) ਤੋਂ ਬਾਹਰਲੇ ਸਿਰੇ ਤੱਕ (ਜਿੱਥੇ ਇਲੈਕਟ੍ਰੋਨ ਚੱਕਰ ਲਾਉਂਦੇ ਹਨ) ਦਾ ਫ਼ਾਸਲਾ ਪੀਕੋਮੀਟਰਾਂ ਵਿੱਚ ਨਾਪਿਆ ਜਾਂਦਾ ਹੈ। ਇੱਕ ਮੀਟਰ ਵਿੱਚ ਇੱਕ ਹਜ਼ਾਰ ਅਰਬ (ਏਕੇ ਨਾਲ 12 ਸਿਫ਼ਰਾਂ) ਪੀਕੋਮੀਟਰ ਆਓਂਦੇ ਹਨ। ਵੀਹਵੀਂ ਸਦੀ ਵਿੱਚ ਕਈ ਦਹਾਕਿਆਂ ਤੱਕ ਇਹ ਤਿੰਨੇ ਕਣ ਸਭ ਤੋਂ ਛੋਟੇ ਕਣ ਮੰਨੇ ਜਾਂਦੇ ਰਹੇ। ਪਰ ਪਿਛਲੇ 25-30 ਸਾਲਾਂ ਵਿੱਚ ਪੱਕਾ ਹੋ ਗਿਆ ਹੈ ਕਿ ਨਿਊਟਰੋਨ ਤੇ ਪ੍ਰੋਟੋਨ ਵੀ ਅੱਗੋਂ ਕੁਆਰਕਾਂ ਦੇ ਬਣੇ ਹੁੰਦੇ ਹਨ ਜਿਨ੍ਹਾਂ ਦੀਆਂ ਅੱਗੋਂ 6 ਕਿਸਮਾਂ ਹਨ। ਇਨ੍ਹਾਂ ਦੋਨਾਂ ਦੇ ਅੰਦਰ ਰਹਿਣ ਵਾਲੇ ਕੁਆਰਕਾਂ ਦੀ ਠੀਕ ਸਥਿਤੀ ਬਾਰੇ ਅਜੇ ਅੱਗੋਂ ਖੋਜ ਜਾਰੀ ਹੈ। ਜਿਵੇਂ ਸੰਸਾਰ ਦੇ ਅਖੀਰਲੇ ਸਿਰੇ ਤੱਕ ਜਾਣਾ ਅਸੰਭਵ ਵਰਗਾ ਹੈ ਉਸੇ ਤਰ੍ਹਾਂ ਸਭ ਤੋਂ ਛੋਟੇ ਕਣਾਂ ਦੇ ਕੇਂਦਰ ਤੱਕ ਪਹੁੰਚਣਾ ਵੀ ਨਾ ਹੋਇਆਂ ਵਰਗਾ ਹੈ। ਇਹਨਾਂ ਤੋਂ ਇਲਾਵਾ ਵੀ ਕਈ ਕਣਾਂ ਦਾ ਵਿਗਿਆਨਕਾਂ ਨੂੰ ਪਤਾ ਹੈ ਪਰ ਉਹਨਾਂ ਬਾਰੇ ਗੱਲ ਕਰਦਿਆਂ ਵਿਸ਼ਾ ਬਹੁਤ ਫੈਲ ਜਾਏਗਾ। ਪ੍ਰਮਾਣੂੰ ਦੇ ਕੇਂਦਰ ਵਿੱਚ ਜਿੰਨੇ ਪ੍ਰੋਟੋਨ ਹੁੰਦੇ ਹਨ ਓਨੇ ਹੀ ਇਲੈਕਟ੍ਰੋਨ ਇਸ ਕੇਂਦਰ ਦੇ ਦੁਆਲੇ ਘੁੰਮਦੇ ਹਨ ਤਾਂ ਕਿ ਪ੍ਰਮਾਣੂੰ ਨਿਰਪੱਖ, ਅਰਥਾਤ ਬਿਜਲਈ ਚਾਰਜ ਤੋਂ ਰਹਿਤ, ਹੋਵੇ। ਇਹ ਇਸ ਲਈ ਜ਼ਰੂਰੀ ਹੈ ਕਿਓਂਕਿ ਜਿੰਨਾ ਸਕਾਰਾਤਮਕ (Positive) ਚਾਰਜ ਹਰ ਪ੍ਰੋਟੋਨ ਤੇ ਹੁੰਦਾ ਹੈ ਓਨਾ ਹੀ ਨਕਾਰਾਤਮਕ (Negative) ਚਾਰਜ ਹਰ ਇਲੈਕਟ੍ਰੋਨ ਤੇ ਹੁੰਦਾ ਹੈ। ਨਿਊਟਰੋਨ ਵਿਚਾਰੇ ਨੂੰ ਕੁਦਰਤ ਤੋਂ ਕੋਈ ਚਾਰਜ ਨਹੀਂ ਮਿਲਿਆ। ਇਸ ਗੱਲ ਨੂੰ ਹੋਰ ਸਪੱਸ਼ਟ ਕਰਨਾ ਹੋਵੇ ਤਾਂ ਕਹਿਣਾ ਪਵੇਗਾ ਕਿ ਪ੍ਰੋਟੋਨ ਵਿਚਲੇ ਕਵਾਰਕਾਂ ਦਾ ਉਲਟ ਚਾਰਜ ਆਪੋ ਵਿੱਚ ਖ਼ਾਰਜ ਹੋ ਕੇ ਵੀ ਕੁਝ ਚਾਰਜ ਪ੍ਰੋਟੋਨ ਲਈ ਬਚ ਜਾਂਦਾ ਹੈ ਪਰ ਨਿਊਟਰੋਨ ਵਿਚਲੇ ਕਵਾਰਕਾਂ ਦਾ ਆਪੋ ਵਿਚਲੇ ਉਲਟ ਚਾਰਜ ਬਰਾਬਰ ਖ਼ਤਮ ਹੋਣ ਤੋਂ ਬਾਅਦ ਕੋਈ ਚਾਰਜ ਬਾਕੀ ਨਹੀਂ ਬਚਦਾ।

ਹਾਈਡ੍ਰੋਜਨ ਦੇ ਪ੍ਰਮਾਣੂੰ ਵਿੱਚ ਇੱਕ ਪ੍ਰੋਟੋਨ ਅਤੇ, ਜਿਵੇਂ ਪਹਿਲਾਂ ਦੱਸਿਆ, ਇੱਕ ਹੀ ਇਲੈਕਟ੍ਰੋਨ ਹੁੰਦਾ ਹੈ। ਇਸ ਤੋਂ ਅਗਲੇ ਤੱਤ ਹੀਲੀਅਮ ਦੇ ਪ੍ਰਮਾਣੂੰ ਵਿੱਚ ਦੋ ਪ੍ਰੋਟੋਨ ਹੁੰਦੇ ਹਨ। ਇਸ ਤੋਂ ਅਗਲੇ ਤੱਤ ਲੀਥੀਅਮ ਦੇ ਪ੍ਰਮਾਣੂੰ ਵਿੱਚ ਤਿੰਨ ਪ੍ਰੋਟੋਨ ਹੁੰਦੇ ਹਨ। ਹਾਈਡ੍ਰੋਜਨ, ਹੀਲੀਅਮ ਤੇ ਲੀਥੀਅਮ ਹੁਰਾਂ ਨੂੰ ਤੱਤ (Element) ਕਹਿੰਦੇ ਹਨ। ਇਹ ਤੱਤ ਪ੍ਰਮਾਣੂੰਆਂ ਦੇ ਬਣੇ ਹੁੰਦੇ ਹਨ। ਪ੍ਰਮਾਣੂੰ ਦੇ ਕੇਂਦਰ ਵਿੱਚ ਜਿੰਨੇ ਕੁ ਪ੍ਰੋਟੋਨ ਹੁੰਦੇ ਹਨ ਲਗਭਗ ਓਨੇ ਕੁ ਹੀ ਨਿਊਟਰੋੰਨ ਵੀ ਰਹਿੰਦੇ ਹਨ ਜੋ ਪ੍ਰਮਾਣੂੰ ਦਾ ਭਾਰ ਵੀ ਵਧਾਉਂਦੇ ਹਨ। ਇਸ ਤੋਂ ਅੱਗੇ ਜਿਓਂ ਜਿਓਂ ਪ੍ਰੋਟੋਨਾਂ ਦੀ ਗਿਣਤੀ ਪ੍ਰਮਾਣੂੰ ਦੇ ਕੇਂਦਰ ਵਿੱਚ ਵਧਦੀ ਜਾਂਦੀ ਹੈ ਤਿਓਂ ਤਿਓਂ ਨਵਾਂ ਤੱਤ ਜਨਮ ਲੈਂਦਾ ਹੈ। ਕਾਰਬਨ, ਔਕਸੀਜ਼ਨ, ਲੋਹਾ, ਸੋਨਾ, ਪਲਾਟੀਨਮ ਆਦਿ ਸਭ ਤੱਤ ਹਨ। ਇਹ ਤੱਤ ਹੀ ਅੱਗੋਂ ਹੋਰ ਕਣਾਂ ਤੇ ਊਰਜਾ ਨਾਲ ਮਿਲਕੇ ਜਾਂ ਨਸ਼ਟ ਹੋ ਕੇ ਇਸ ਦਿਸਦੇ ਸੰਸਾਰ ਦੀ ਰਚਨਾ ਕਰਦੇ ਹਨ। ਸੰਸਾਰ ਵਿਚ ਹੁਣ ਤੱਕ ਕੁਲ 118 ਤੱਤ ਲੱਭੇ ਗਏ ਹਨ ਜਿਨ੍ਹਾਂ ਵਿਚੋਂ ਪਹਿਲੇ 94 ਕੁਦਰਤੀ ਤੌਰ ਤੇ ਪਾਏ ਜਾਂਦੇ ਹਨ ਜਦਕਿ ਬਾਕੀ ਵਿਗਿਆਨਕਾਂ ਦੁਆਰਾ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤੇ ਗਏ ਹਨ ਜਾਂ ਕਹਿ ਸਕਦੇ ਹਾਂ ਕਿ ਬਾਕੀ ਦੇ 24 ਸਿੰਥੈਟਿਕ ਤੱਤ ਹਨ। 

ਹਰੇਕ ਤੱਤ ਦੇ ਆਪਣੇ ਗੁਣ ਹੁੰਦੇ ਹਨ ਜੋ ਬਦਲਦੇ ਨਹੀਂ । ਜਿਵੇਂ ਔਕਸੀਜ਼ਨ ਇੱਕ ਗੈਸ ਦੇ ਗੁਣ ਰੱਖਦੀ ਹੈ ਜਦਕਿ ਲੋਹਾ ਇੱਕ ਧਾਤ ਦੇ। ਕਿਹੜਾ ਤੱਤ ਕਿਹੜੇ ਦੂਜੇ ਤੱਤ ਨਾਲ ਕਿਵੇਂ ਪ੍ਰਤੀਕਿਰਿਆ ਕਰੇਗਾ ਇਹ ਪਹਿਲਾਂ ਤੋਂ ਨਿਸਚਿਤ ਹੈ। ਮਿਸਾਲ ਦੇ ਤੌਰ ਤੇ ਹਾਈਡ੍ਰੋਜਨ ਦੇ ਦੋ ਪ੍ਰਮਾਣੂੰ ਜੇ ਔਕਸੀਜਨ ਦੇ ਇੱਕ ਪ੍ਰਮਾਣੂੰ ਨਾਲ ਮਿਲਣਗੇ ਤਾਂ ਪਾਣੀ ਬਣੇਗਾ। ਉਲਟਾ ਸੋਚ ਕੇ ਦੇਖ ਲਉ। ਹੋਰ ਕਿਸੇ ਵੀ ਤਰੀਕੇ ਨਾਲ ਪਾਣੀ ਨਹੀਂ ਬਣ ਸਕਦਾ। ਪਾਣੀ ਤੱਤ ਨਹੀਂ ਹੈ ਇਸਨੂੰ ਯੌਗਿਕ ਕਹਿੰਦੇ ਹਨ। ਇਸਦੇ ਆਪਣੇ ਵਿਲੱਖਣ ਗੁਣ ਹਨ। ਇਹ ਸਭ ਕੁਝ ਇੱਕ ਬੱਝੇ ਹੋਏ ਵਰਤਾਰੇ ਵਿੱਚ ਵਾਪਰਦਾ ਹੈ। ਪਾਣੀ ਆਪਣੀ ਮਰਜ਼ੀ ਨਾਲ ਤੇਲ ਜਾਂ ਲੱਕੜ ਨਹੀਂ ਬਣ ਸਕਦਾ। ਔਕਸੀਜ਼ਨ ਦੇ ਗੁਣ ਗੈਸ ਵਾਲੇ ਕਿਓਂ ਹਨ ਤੇ ਲੋਹੇ ਦੇ ਧਾਤ ਵਾਲੇ ਕਿਓਂ? ਇਹ ਵੀ ਅਣਸਮਝਿਆ ਨਹੀਂ ਹੈ। ਇਹ ਸਾਰਾ ਪ੍ਰਮਾਣੂੰ ਵਿੱਚ ਵਸਦੇ ਕਣਾਂ ਦੀ ਗਿਣਤੀ ਮਿਣਤੀ ਅਤੇ ਊਰਜਾ ਤੇ ਨਿਰਭਰ ਕਰਦਾ ਹੈ। ਵਿਗਿਆਨਕਾਂ ਨੇ ਇਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਰੇ ਤੱਤਾਂ ਦੀ ਇੱਕ ਸਾਰਣੀ ਭਾਵ ਟੇਬਲ ਬਣਾਇਆ ਹੋਇਆ ਹੈ ਜਿਸ ਨੂੰ ਪੀਰਿਓਡਿਕ ਟੇਬਲ ਕਹਿੰਦੇ ਹਨ। ਇਸ ਵਿੱਚ ਇੱਕੋ ਜਿਹੇ ਗੁਣਾਂ ਵਾਲੇ ਤੱਤਾਂ ਨੂੰ ਅੱਗੋਂ ਗਰੁੱਪਾਂ ਵਿੱਚ ਵੰਡਿਆ ਹੋਇਆ ਹੈ ਜੋ ਕਾਫ਼ੀ ਤਰਤੀਬ ਵਾਲਾ ਹੈ ਤੇ ਵਿਗਿਆਨ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ।

ਵਿਗਿਆਨ ਦਾ ਕਹਿਣਾ ਹੈ ਕਿ ਪਹਿਲੇ ਤਿੰਨ ਕੁ ਤੱਤ ਤਾਂ ਵੱਡੇ ਧਮਾਕੇ ਦੇ ਸ਼ੁਰੂ ਵਿੱਚ ਹੀ ਬਣ ਗਏ ਪਰ ਬਾਕੀ ਦੇ ਸਭ ਬਾਅਦ ਵਿੱਚ ਬਣੇ। ਜਿਓਂ ਜਿਓਂ ਵੱਡੇ ਧਮਾਕੇ ਤੋਂ ਬਾਅਦ ਸੰਸਾਰ ਫੈਲਦਾ ਗਿਆ ਤਿਓਂ ਤਿਓਂ ਇਹ ਠੰਢਾ ਵੀ ਹੁੰਦਾ ਗਿਆ ਜਿਸ ਨਾਲ ਕਣਾਂ ਦੇ ਸੰਘਣੇ ਬੱਦਲ ਆਪੋ ਵਿੱਚ ਮਿਲਕੇ ਜਾਂ ਨਸ਼ਟ ਹੋ ਕੇ ਗਲੈਕਸੀਆਂ ਤੇ ਤਾਰਿਆਂ ਵਿੱਚ ਬਦਲੇ। ਇਹ ਸਾਰਾ ਕੁਝ ਇੰਨਾ ਸਿੱਧਾ ਸਾਦਾ ਨਹੀਂ ਹੈ। ਬਹੁਤ ਸਾਰੇ ਐਸੇ ਵਰਤਾਰੇ ਹਨ ਜਿਹਨਾਂ ਦੇ ਕਾਰਨ ਲੱਭਦਿਆਂ ਲੱਭਦਿਆਂ ਵਿਗਿਆਨਕਾਂ ਨੂੰ ਕਹਿਣਾ ਪਿਆ ਕਿ ਭਾਵੇਂ ਬਾਅਦ ਵਿੱਚ ਹੋਇਆ ਫੈਲਾਅ ਇੱਕ ਤਰਤੀਬ ਵਿੱਚ ਲੱਗਦਾ ਹੈ ਪਰ ਸ਼ੁਰੂ ਸ਼ੁਰੂ ਵਿੱਚ ਇਹ ਅਥਾਹ ਫੈਲਾਅ (Inflation) ਸੀ।

ਭਾਵੇਂ ਸਾਡਾ ਸੂਰਜ ਵੀ ਇੱਕ ਤਾਰਾ ਹੈ ਪਰ ਇਹ ਵਿਚਾਰਾ ਛੋਟੇ ਤਾਰਿਆਂ ਵਿੱਚ ਗਿਣਿਆ ਜਾਂਦਾ ਹੈ ! ਤਾਰਿਆਂ ਦਾ ਬਣਨਾ ਤੇ ਫੇਰ ਲੱਖਾਂ ਕਰੋੜਾਂ ਸਾਲਾਂ ਦੇ ਅਲੱਗ ਅਲੱਗ ਹਾਲਾਤ ਚੋਂ ਲੰਘ ਕੇ ਖ਼ਤਮ ਹੋਣਾ ਤੇ ਖ਼ਲਾਅ ਦੇ ਖਿਲਾਰੇ ਵਿੱਚੋਂ ਫੇਰ ਹੋਰ ਤਾਰਾ ਬਣ ਜਾਣਾ ਵੀ ਇੱਕ ਰੌਚਿਕ ਤੇ ਵੱਡਾ ਵਿਸ਼ਾ ਹੈ। ਇਥੇ ਇੰਨਾ ਕਹਿ ਸਕਦੇ ਹਾਂ ਕਿ ਤਾਰੇ ਦਾ ਕਿਹੋ ਜਿਹਾ ਅੰਤ ਹੋਵੇਗਾ ਇਹ ਉਸ ਦੇ ਆਕਾਰ ਤੇ ਨਿਰਭਰ ਕਰਦਾ ਹੈ। ਲੀਥੀਅਮ (ਤਿੰਨ ਪ੍ਰੋਟੋਨਾਂ ਵਾਲਾ) ਤੋਂ ਵੱਡੇ ਤੱਤ ਕੇਵਲ ਵੱਡੇ ਤਾਰਿਆਂ ਵਿੱਚ ਇੱਕ ਖ਼ਾਸ ਅਵਸਥਾ ਵਿੱਚ ਜਾ ਕੇ ਬਣਦੇ  ਹਨ। ਕੋਈ ਵੱਡਾ ਤਾਰਾ ਜਦੋਂ ਖ਼ਤਮ ਹੁੰਦਾ ਹੈ ਤਾਂ ਇਹਨਾਂ ਵੱਡੇ ਤੱਤਾਂ ਨੂੰ ਖ਼ਲਾਅ ਵਿੱਚ ਖਿਲਾਰ ਦੇਂਦਾ ਹੈ। ਇਹ ਵੱਡੇ ਤੱਤ ਹਨ ਕਾਰਬਨ (6 ਪ੍ਰੋਟੋਨ), ਆਕਸੀਜਨ (8), ਸਿਲੀਕੋਨ (14), ਸਲਫ਼ਰ(16) ਤੇ ਲੋਹਾ (26)। ਇਸ ਤੋਂ ਵੱਡੇ ਤੱਤ ਅਤਿਅੰਤ ਹੀ ਵੱਡੇ ਤਾਰਿਆਂ ਵਿੱਚ ਹੋਰ ਵੀ ਅਲੱਗ ਟੁੱਟ ਭੱਜ ਨਾਲ ਬਣਦੇ ਹਨ। ਧਰਤੀ ਤੇ ਬਣੀ ਹੋਈ ਜ਼ਿੰਦਗੀ ਕਾਰਬਨ ਤੇ ਅਾਧਾਰਿਤ ਹੈ ਤੇ ਵੱਡੇ ਤੱਤਾਂ ਤੋਂ ਬਿਨਾ ਹੋ ਹੀ ਨਹੀਂ ਸਕਦੀ। ਕਿਓਂਕਿ ਸਾਰੇ ਵੱਡੇ ਤੱਤ ਤਾਰਿਆਂ ਦੁਆਰਾ ਖ਼ਲਾਅ ਵਿੱਚ ਸੁੱਟੇ ਗਏ ਹਨ, ਇਸ ਲਈ ਅਸੀਂ ਬੜੇ ਆਰਾਮ ਨਾਲ ਕਹਿ ਸਕਦੇ ਹਾਂ ਕਿ ਅਸੀਂ ਤਾਰਿਆਂ ਤੋਂ ਬਣੇ ਹਾਂ !

ਸਾਡਾ ਸੂਰਜ, ਜੋ ਇੱਕ ਤਾਰਾ ਹੈ, ਆਕਾਸ਼ ਗੰਗਾ ਗਲੈਕਸੀ ਦਾ ਹਿੱਸਾ ਹੈ। ਸਾਡੇ ਸਭ ਤੋਂ ਨੇੜੇ ਅਗਲੀ ਗਲੈਕਸੀ ਦਾ ਨਾਂ ਐਂਡ੍ਰੋਮੀਡਾ ਹੈ।  ਇਹ ਧਰਤੀ ਦੇ ਏਨਾ ਕੁ ਨੇੜੇ ਹੈ ਕਿ ਉਹਦਾ ਪ੍ਰਕਾਸ਼ ਵੀ ਧਰਤੀ ਤੇ ਤਕਰੀਬਨ 25 ਲੱਖ ਸਾਲਾਂ ਵਿੱਚ ਪਹੁੰਚਦਾ ਹੈ। ਪ੍ਰਕਾਸ਼ ਦੀ ਗਤੀ ਤਕਰੀਬਨ 3 ਲੱਖ ਕਿਲੋਮੀਟਰ ਪ੍ਰਤੀ ਸਕਿੰਟ ਹੈ। ਚੰਨ ਧਰਤੀ ਤੋਂ ਏਨਾ ਕੁ ਹੀ ਦੂਰ ਹੈ। ਸੋ ਚੰਨ ਦਾ ਪ੍ਰਕਾਸ਼ ਧਰਤੀ ਤੇ ਇੱਕ ਸਕਿੰਟ ਵਿੱਚ ਪਹੁੰਚਦਾ ਹੈ। ਸੂਰਜ ਧਰਤੀ ਤੋਂ ਲਗਭਗ 15 ਕਰੋੜ ਕਿਲੋਮੀਟਰ ਹੈ। ਜੇ ਇਸਨੂੰ ਪ੍ਰਕਾਸ਼ ਦੀ ਗਤੀ ਨਾਲ ਤਕਸੀਮ ਕੀਤਾ ਜਾਵੇ ਤਾਂ ਸਮਝ ਸਕਦੇ ਹਾਂ ਕਿ ਸੂਰਜ ਦਾ ਪ੍ਰਕਾਸ਼ ਧਰਤੀ ਤੇ 8 ਮਿੰਟ 19 ਸਕਿੰਟ ਵਿੱਚ ਪਹੁੰਚਦਾ ਹੈ। ਇਸਦਾ ਮਤਲਬ ਹੈ ਕਿ ਜਦੋਂ ਸਵੇਰੇ ਸੂਰਜ ਨਮਸਕਾਰ ਸ਼ੁਰੂ ਹੁੰਦਾ ਹੈ ਉਸ ਵੇਲੇ ਸੂਰਜ ਚੜ੍ਹੇ ਨੂੰ 8 ਮਿੰਟ ਹੋ ਚੁੱਕੇ ਹੁੰਦੇ ਹਨ। ਨਮਸਕਾਰ ਵਾਲੇ ਹਮੇਸ਼ਾਂ ਦੇਰ ਨਾਲ ਕਰਦੇ ਹਨ। ਇਹੋ ਹਾਲ ਸ਼ਾਮ ਨੂੰ ਸੂਰਜ ਡੁੱਬਣ ਵੇਲੇ ਹੁੰਦਾ ਹੈ। ਖ਼ੈਰ, ਡੁੱਬਦੇ ਸੂਰਜ ਨੂੰ ਕੌਣ ਸਲਾਮ ਕਰਦਾ ਹੈ ! ਇਸੇ ਤਰ੍ਹਾਂ ਅਸੀਂ ਅੱਜ ਜੋ ਤਾਰੇ ਵੇਖ ਰਹੇ ਹਾਂ ਇਹ ਹਾਲਤ ਉਹਨਾਂ ਤਾਰਿਆਂ ਦੀ ਲੱਖਾਂ ਕਰੋੜਾਂ ਸਾਲ ਪਹਿਲਾਂ ਦੀ ਹੈ। ਕਿਸੇ ਤਾਰੇ ਨੂੰ ਅਸੀਂ ਕਿੰਨੀ ਪੁਰਾਣੀ ਹਾਲਤ ਵਿੱਚ ਅੱਜ ਵੇਖ ਰਹੇ ਹਾਂ ਇਹ ਉਸਦੀ ਸਾਡੇ ਤੋਂ ਦੂਰੀ ਤੇ ਨਿਰਭਰ ਕਰਦਾ ਹੈ। 

ਸੂਰਜ ਤੋਂ ਅੱਗੇ ਸਾਡੇ ਸਭ ਤੋਂ ਨੇੜੇ ਦਾ ਤਾਰਾ ਪ੍ਰੌਕਸੀਮਾ ਸੈਂਟੌਰੀ ਹੈ ਜੋ ਧਰਤੀ ਤੋਂ ਤਕਰੀਬਨ ਸਵਾ ਚਾਰ ਪ੍ਰਕਾਸ਼ ਵਰ੍ਹੇ ਦੂਰ ਹੈ। ਜੇ ਅੱਜ ਅਸੀਂ ਉਸਨੂੰ ਦੇਖ ਲਈਏ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਉਸ ਨੂੰ ਉਸ ਹਾਲਤ ਵਿੱਚ ਵੇਖਿਆ ਹੈ ਜਿਸ ਵਿੱਚ ਉਹ ਅੱਜ ਤੋਂ ਸਵਾ ਚਾਰ ਸਾਲ ਪਹਿਲਾਂ ਸੀ। 

ਧਰਤੀ ਸੂਰਜ ਦੇ ਦੁਆਲੇ 30 ਕਿਲੋਮੀਟਰ ਪ੍ਰਤੀ ਸਕਿੰਟ (ਅਰਥਾਤ 1,08,000 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਘੁੰਮਦੀ ਹੈ। ਅੱਗੋਂ ਸੂਰਜ, ਧਰਤੀ ਸਮੇਤ ਸਾਰੇ ਗ੍ਰਹਿਆਂ ਨੂੰ ਨਾਲ ਲੈ ਕੇ, 225 ਕਿਲੋਮੀਟਰ ਪ੍ਰਤੀ ਸਕਿੰਟ (ਅਰਥਾਤ 8,10,000 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਆਕਾਸ਼ ਗੰਗਾ ਦੇ ਕੇਂਦਰ ਦੁਆਲੇ ਘੁੰਮਦਾ ਹੈ। ਦੋ-ਚਾਰ ਕਿਲੋਮੀਟਰ ਦੇ ਫਲਾਈਓਵਰ ਦੀ ਤਾਰੀਫ਼ ਕਰਦਿਆਂ ਤੇ ਉਸ ਤੋਂ ਆਪਣੀ ਕਾਰ ਦੀ 100 ਕੁ ਕਿਲੋਮੀਟਰ ਪ੍ਰਤੀ ਘੰਟਾ ਵਾਲੀ ਰਫ਼ਤਾਰ ਨਾਲ ਚਲਦਿਆਂ ਕੀ ਅਸੀਂ ਏਡੇ ਵੱਡੇ ਆਕਾਰਾਂ ਨੂੰ ਲੱਖਾਂ ਕਿਲੋਮੀਟਰ ਪ੍ਰਤੀ ਘੰਟਾ ਦੀਆਂ ਗਤੀਆਂ ਨਾਲ ਦੌੜਦੇ ਕਲਪਨਾ ਵੀ ਕਰਨ ਜੋਗੇ ਹਾਂ ? 

ਜਿੱਥੋਂ ਤੱਕ ਗਲੈਕਸੀਆਂ ਦੀ ਗਿਣਤੀ ਦਾ ਸਬੰਧ ਹੈ, ਇੱਕ ਅੰਦਾਜ਼ੇ ਮੁਤਾਬਕ ਦਿਸਣ ਤੇ ਸਮਝਣਯੋਗ ਗਲੈਕਸੀਆਂ ਦੀ ਗਿਣਤੀ ਲਗਭਗ ਕੁਝ ਹਜ਼ਾਰ ਅਰਬ ਹੋਵੇਗੀ। ਅੱਗੋਂ ਇਹਨਾਂ ਵਿੱਚ ਵਸਦੇ ਤਾਰਿਆਂ ਆਦਿ ਦੀ ਗਿਣਤੀ ਦੇ ਅੰਦਾਜ਼ੇ ਲਾਉਂਦਿਆਂ ਏਕੇ ਨੂੰ ਤੇਈ ਚੌਵੀ ਸਿਫ਼ਰਾਂ ਲੱਗ ਜਾਂਦੀਆਂ ਹਨ। ਸਮਝਿਆ ਜਾ ਸਕਦਾ ਹੈ ਕਿ ਇਹਨਾਂ ਗਿਣਤੀਆਂ ਨੂੰ ਠੀਕ ਠੀਕ ਸਮਝਣਾ ਅਜੇ ਮਨੁੱਖੀ ਸ਼ਕਤੀ ਤੋਂ ਕਾਫ਼ੀ ਪਰ੍ਹਾਂ ਹੈ। ਸਾਡੀ ਸੂਰਜੀ ਪ੍ਰਣਾਲੀ, ਜਿਸ ਦਾ ਹਿੱਸਾ ਸਾਡੀ ਧਰਤੀ ਵੀ ਹੈ, ਦਾ ਜਨਮ ਤੇ ਵਿਕਾਸ ਕੋਈ ਸਾਢੇ ਚਾਰ ਅਰਬ ਸਾਲ ਪਹਿਲਾਂ ਵਿਸ਼ਾਲ ਕਣ-ਬੱਦਲਾਂ ਦੇ ਇੱਕ ਛੋਟੇ ਜਿਹੇ ਹਿੱਸੇ ਦੇ ਢਹਿਣ ਸੁੰਗੜਨ ਨਾਲ ਸ਼ੁਰੂ ਹੋਇਆ ਸੀ। ਇਹ ਸੁੰਗੜਨਾ ਗੁਰੂਤਾ ਖਿੱਚ ਦੀ ਵਜ੍ਹਾ ਨਾਲ ਹੋਇਆ। 

ਇਹ ਵੀ ਲੱਗਦਾ ਹੈ ਕਿ ਸੂਰਜ ਲਗਭਗ ਆਪਣੀ ਉਮਰ ਦੇ ਅੱਧ ਵਿੱਚ ਹੈ। ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਮਨੁੱਖ ਦੀ ਦੁਨੀਆਂ ਓਦੋਂ ਤੱਕ ਰਹੇਗੀ ਹੀ। ਸੂਰਜ ਦੇ ਵੱਖ ਵੱਖ ਹਾਲਾਤ ਵਿੱਚੋਂ ਲੰਘਦਿਆਂ ਮਨੁੱਖ ਦੀ ਦੁਨੀਆਂ ਦਾ ਕਲਿਆਣ ਸੂਰਜ ਦੇ ਕਲਿਆਣ ਤੋਂ ਕਿਤੇ ਪਹਿਲਾਂ ਹੋ ਜਾਣਾ ਹੈ। ਇਹ ਵੀ ਜ਼ਰੂਰੀ ਨਹੀਂ ਕਿ ਇਸ ਵਿੱਚ ਸੂਰਜ ਨੂੰ ਕੋਈ ਰੋਲ ਨਿਭਾਉਣਾ ਪਵੇ। ਡਾਇਨੋਸਾਰਾਂ ਦੇ ਕੱਦ ਬੁੱਤ ਵਾਂਗੂੰ ਬੰਦੇ ਦਾ ਦਿਮਾਗ ਵੀ ਕਾਫ਼ੀ ਨਾਲੋਂ ਜ਼ਿਆਦਾ ਵਿਕਾਸ ਕਰ ਗਿਆ ਹੈ। ਜ਼ਿਆਦਾ ਸੰਭਵ ਹੈ ਕਿ ਬੰਦਾ ਆਪਣਾ ਬੰਦੋਬਸਤ ਆਪੇ ਕਰ ਲਏਗਾ !

ਰੱਬ ਬਾਰੇ ਜਾਨਣਾ ਤਾਂ ਦੂਰ, ਮਨੁੱਖ ਤਾਂ ਅਜੇ ਉਸ ਰੱਬ ਵੱਲੋਂ ਪੈਦਾ ਕੀਤੀ ਤੇ ਦਿਸਦੀ ਦੁਨੀਆਂ ਬਾਰੇ ਵੀ ਪੂਰਾ ਨਹੀਂ ਦੱਸ ਸਕਦਾ। ਜੇ ਸੰਸਾਰ ਨੂੰ ਉਪਰ ਦੱਸੇ ਵੱਡੇ ਧਮਾਕੇ ਦੀ ਪੈਦਾਇਸ਼ ਹੀ ਮੰਨ ਲਿਆ ਜਾਏ ਤਾਂ ਕੀ ਗਾਰੰਟੀ ਹੈ ਕਿ ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਹੋਰ ਧਮਾਕਾ ਨਹੀਂ ਹੋਇਆ ਤੇ ਉਸ ਧਮਾਕੇ ਨਾਲ ਪੈਦਾ ਹੋਏ ਸੰਸਾਰ ਜਾਂ ਸੰਸਾਰਾਂ ਦੇ ਕੀ ਨੇਮ ਹਨ। ਜਾਂ ਉਸੇ ਵਕਤ ਹੀ ਕੋਈ ਹੋਰ ਵੱਡੇ ਧਮਾਕੇ ਨਹੀਂ ਹੋਏ। ਇਹਨਾਂ ਭਸੂੜੀਆਂ ਵਿੱਚੋਂ ਨਿਕਲਣ ਲਈ ਹੀ ਵਿਗਿਆਨਕ ਹੁਣ ਬਹੁ-ਸੰਸਾਰੀ ਦੁਨੀਆਂ (Multiverse) ਦੀ ਕਲਪਣਾ ਕਰਨ ਲੱਗ ਪਏ ਹਨ ਜਦਕਿ ਇਸ ਇੱਕ-ਸੰਸਾਰੀ ਦੁਨੀਆਂ ਦੀਆਂ ਸਾਰੀਆਂ ਗੱਲਾਂ ਤਾਂ ਅਜੇ ਸਮਝ ਨਹੀਂ ਆਈਆਂ ।

ਧਰਤੀ ਤੇ ਜੀਵਨ ਦੀ ਉਤਪਤੀ ਤੇ ਮਨੁੱਖ ਦੀ ਹਸਤੀ ਤਕ ਦਾ ਵਿਕਾਸ ਕਿਵੇਂ ਹੋਇਆ ? ਅਜੇ ਤਕ ਡਾਰਵਿਨ ਦੇ ਵਿਕਾਸਵਾਦ ਦੇ ਸਿਧਾਂਤ ਤੋਂ ਬਿਹਤਰ ਕੋਈ ਹੋਰ ਸਿਧਾਂਤ ਇਸ ਨੂੰ ਸਪੱਸ਼ਟ ਨਹੀਂ ਕਰਦਾ। ਡਾਰਵਿਨ ਦੇ ਸਿਧਾਂਤ ਦੇ ਰੱਦ ਹੋਣ ਤੱਕ ਮਨੁੱਖ ਲਈ ਇਹ ਹੰਕਾਰ ਕਰਨਾ ਮੁਸ਼ਕਿਲ ਹੈ ਕਿ ਕਿਸੇ ਅਦਿੱਖ ਸ਼ਕਤੀ ਨੇ ਉਸਨੂੰ ਅਚਾਨਕ ਇਥੋਂ ਦਾ ਰਾਜਾ ਬਣਾ ਕੇ ਸਥਾਪਤ ਕਰ ਦਿੱਤਾ ਤੇ ਉਹ ਉਸ ਸ਼ਕਤੀ ਦੁਆਰਾ ਪੈਦਾ ਕੀਤੇ ਬਾਕੀ ਜੀਵਾਂ ਨਾਲ ਮਨਮਰਜ਼ੀ ਕਰ ਸਕਦਾ ਹੈ। ਇਸ ਸੰਦਰਭ ਵਿੱਚ ਗੁਰੂਆਂ ਦੇ ਸਰਬੱਤ ਦੇ ਭਲੇ ਦੇ ਉਪਦੇਸ਼ ਹੋਰ ਵੀ ਪ੍ਰਸੰਗਿਕ ਹਨ। ਕੁਦਰਤੀ ਸ਼ਕਤੀ ਦੇ ਬਾਰੇ ਵੱਖ ਵੱਖ ਧਰਮਾਂ ਵਾਲੇ ਆਪੋ ਆਪਣੀ ਜਾਣਕਾਰੀ ਦੇਂਦੇ ਹਨ। ਇਸ ਪੱਖੋਂ ਵੱਖ ਵੱਖ ਧਰਮਾਂ ਪਿੱਛੇ ਚੱਲਣ ਵਾਲਿਆਂ ਵੱਲੋਂ ਆਪੋ ਆਪਣੇ ਧਰਮ ਨੂੰ ਦੂਜੇ ਦੇ ਧਰਮ ਨਾਲੋਂ ਬਿਹਤਰ ਆਖਣਾ ਫਜ਼ੂਲ ਦੀ ਕਿਰਿਆ ਹੈ ਤੇ ਅਜਿਹਾ ਕਹਿਣਾ ਉਸ ਧਰਮ ਦੇ ਪਿਛਲੱਗੂਆਂ ਦੇ ਅੰਦਰ ਵੱਸੇ ਕਿਸੇ ਹੀਣ ਭਾਵ ਨੂੰ ਹੀ ਪ੍ਰਗਟ ਕਰਦਾ ਹੈ। ਅਸਲੀ ਧਰਮ ਉਹੀ ਹੈ ਜੋ ਪੂਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਿਆਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ। ਉਸ ਮਨੁੱਖਤਾ ਨੂੰ ਪੈਦਾ ਕਰਨ ਵਾਲਾ ਰੱਬ ਕਿਹੋ ਜਿਹਾ ਹੈ, ਇਸ ਬਾਰੇ ਗੁਰੂ ਬਾਬੇ ਵੱਲੋਂ ਜਪੁ ਜੀ ਦੇ ਸ਼ੁਰੂ ਵਿੱਚ ਦਿੱਤੀ ਇਕ ਖੁੱਲ੍ਹੀ ਖੁਲਾਸੀ ਪਰਿਭਾਸ਼ਾ ਹੀ ਕਾਫ਼ੀ ਹੈ ਜਿਸਨੂੰ ਵਿਗਿਆਨਕਾਂ ਦੀਆਂ ਹੁਣ ਤੱਕ ਦੀਆਂ ਖੋਜਾਂ ਨਹੀਂ ਕੱਟਦੀਆਂ ।

(੦੨/੧੦/੨੦੧੯ ਤੋਂ ਰੋਜ਼ਾਨਾ ਸਪੋਕਸਮੈਨ ਵਿਚ ਛਪਿਆ ਹੋਇਆ)

ਪੰਜਾਬੀ ਜਿਸਦੇ ਪੰਜਾਬੀ ਵੀ ਨਹੀਂ (Some Issues of Punjabi)

ਪੰਜਾਬੀ ਦੇ ਕੁਝ ਮਸਲੇ ਤੇ ਹੱਲ


ਇਕ ਸਮੇਂ ਪੰਜਾਬ ਨੂੰ ਦੇਸ ਪੰਜਾਬ ਕਿਹਾ ਜਾਂਦਾ ਸੀ ਅਤੇ ਇਸ ਦੇ ਵਸਨੀਕਾਂ ਵਿਚ ਸਭਿਆਚਾਰ ਦਾ ਇਕ ਸਾਂਝਾ ਧਾਗਾ ਮੌਜੂਦ ਸੀ ਜੋ ਵਸਨੀਕਾਂ ਦੇ ਧਰਮ ਤੋਂ ਆਜ਼ਾਦ ਸੀ ਭਾਵੇਂ ਉਹ ਹਿੰਦੂ ਸਨ, ਸਿੱਖ ਸਨ ਜਾਂ ਮੁਸਲਮਾਨ। ਇਹ ਸਾਂਝਾ ਧਾਗਾ ਪੰਜਾਬੀ ਬੋਲੀ ਦੇ ਆਸਰੇ ਕਾਇਮ ਸੀ। ਤਕਰੀਬਨ ਸੌ ਸਾਲ ਪਹਿਲਾਂ ਤੋਂ ਜਦੋਂ ਦੀ ਭਾਰਤੀ ਸਿਆਸਤ ਗ਼ੈਰ-ਪੰਜਾਬੀ ਤੇ ਮਨੂੰਵਾਦੀ ਸਵਰਨ ਜਾਤੀਆਂ ਦੇ ਹੱਥ ਤੇ ਪਾਕਿਸਤਾਨੀ ਸਿਆਸਤ ਮੌਲਵੀਆਂ ਤੇ ਫ਼ੌਜੀਆਂ ਦੇ ਹੱਥ ਆਈ ਹੈ ਓਦੋਂ ਤੋਂ ਇਨ੍ਹਾਂ ਤਿੰਨਾਂ ਧਰਮਾਂ ਵਿਚਾਲੇ ਭਾਸ਼ਾਈ ਮਤਭੇਦ ਵੀ ਵਧੇ ਹੀ ਹਨ। ਨਤੀਜੇ ਵਜੋਂ ਪੰਜਾਬ ਦੇ ਲੱਖਾਂ ਲੋਕ ਹਲਾਕ, ਬੇਪਤ, ਬੇਘਰ ਤੇ ਲੁੱਟਖੋਹ ਦਾ ਸ਼ਿਕਾਰ ਹੋਏ ਹਨ। ਅੱਜ ਸੌ ਸਾਲ ਬਾਅਦ ਲੱਗਦਾ ਹੈ ਕਿ ਪੰਜਾਬ ਨੂੰ ਟੁਕੜੇ ਟੁਕੜੇ ਕਰਨ ਤੋਂ ਬਾਅਦ ਇਸਦੇ ਦੁਸ਼ਮਣਾਂ ਨੇ ਪੰਜਾਬੀ ਨੂੰ ਵੀ ਜਿੱਤ ਲਿਆ ਹੈ। ਨਹੀਂ ਤਾਂ ਦੋਨਾਂ ਪੰਜਾਬਾਂ ਵਿੱਚ ਹੀ ਪੰਜਾਬੀ ਭਾਸ਼ਾ ਦੀ ਤੇ ਪੰਜਾਬੀ ਬੋਲਣ ਵਾਲਿਆਂ ਦੀ ਏਨੀ ਦੁਰਗਤ ਨਾ ਹੁੰਦੀ ਜਿੰਨੀ ਅੱਜ ਹੋ ਰਹੀ ਹੈ। ਇਹ ਕਿੱਡੀ ਵੱਡੀ ਲਾਹਨਤ ਹੈ ਕਿ ਦੋਵੇਂ ਪਾਸੇ ਪੰਜਾਬੀਆਂ ਨੂੰ ਪੰਜਾਬੀ ਲਾਗੂ ਕਰਨ ਲਈ ਅੰਦੋਲਨ ਕਰਨੇ ਪੈ ਰਹੇ ਹਨ। ਉਹ ਵੀ ਐਸੇ ਹਾਲਾਤ ਵਿਚ ਜਦ ਇਧਰਲੇ ਪਾਸੇ ਤਾਂ ਇਕ ਲੰਬੀ ਲੜਾਈ ਤੋਂ ਬਾਅਦ ਇਕ ਨਵੰਬਰ 1966 ਨੂੰ ਭਾਸ਼ਾ ਦੇ ਅਧਾਰ ਤੇ ਪੰਜਾਬੀ ਸੂਬਾ ਬਣਾਇਆ ਗਿਆ ਸੀ ਤੇ ਉਧਰਲੇ ਪਾਸੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦੂਜਿਆਂ ਸੂਬਿਆਂ ਤੋਂ ਕਿਤੇ ਜ਼ਿਆਦਾ ਹੈ।

ਕੇਂਦਰ ਦਾ ਸਰਕਾਰੀ ਭਾਸ਼ਾ ਮਹਿਕਮਾ ਜੂਨ 1975 ਵਿਚ ਗ੍ਰਹਿ ਮੰਤਰਾਲੇ ਵਿੱਚ ਸਥਾਪਤ ਕੀਤਾ ਗਿਆ ਸੀ। ਇਹ ਦੋ ਸਰਕਾਰੀ ਭਾਸ਼ਾਵਾਂ, ਅਰਥਾਤ ਅੰਗਰੇਜ਼ੀ ਤੇ ਹਿੰਦੀ, ਦੀ ਸਰਕਾਰੀ ਵਰਤੋਂ ਨੂੰ ਬੇਹਤਰ ਬਨਾਓਣ ਲਈ ਬਣਾਇਆ ਗਿਆ ਸੀ ਯਾਦ ਰਹੇ, ਇਹ ਰਾਸ਼ਟਰੀ ਜਾਂ ਕੌਮੀ ਭਾਸ਼ਾਵਾਂ ਨਹੀਂ ਹਨ, ਕੇਵਲ ਸਰਕਾਰੀ ਭਾਸ਼ਾਵਾਂ ਹਨ। ਪਰ ਕੇਂਦਰ ਸਰਕਾਰ ਆਪਣੇ ਹਿੰਦੂਵਾਦੀ ਏਜੰਡੇ ਮੁਤਾਬਕ ਸਭ ਪਾਸੇ ਹਿੰਦੀ ਨੂੰ ਠੋਸਣਾ ਚਾਹੁੰਦੀ ਹੈ। ਇਸ ਲਈ ਇਹ ਮਹਿਕਮਾ ਕੇਵਲ ਹਿੰਦੀ ਲਈ ਕੰਮ ਕਰਦਾ ਹੈ ਤੇ ਇਸ ਦੇ ਅਫ਼ਸਰ ਤੇ ਮੁਲਾਜ਼ਮ ਜ਼ਿਆਦਾਤਰ ਬ੍ਰਾਹਮਣ ਤੇ ਸਵਰਨ-ਜਾਤੀਏ ਹੀ ਹਨ। ਉਹ ਆਪਣਾ ਰੁਜ਼ਗਾਰ ਆਪਣੇ ਵਰਗੇ ਹੋਰਾਂ ਤਕ ਵਧਾਉਣ, ਫੈਲਾਉਣ ਲਈ ਲਗਾਤਾਰ ਕੋਸ਼ਿਸ਼ ਕਰਦੇ ਹਨ। ਪਰ ਇਹ ਸਵਰਨ-ਜਾਤੀਏ ਕਦੀ ਵੀ ਦੂਜਿਆਂ ਨੂੰ ਸਿੱਧਾ ਨਹੀਂ ਮਾਰਦੇ। ਬੋਧੀਆਂ ਨੂੰ ਮਾਰਨ ਦਾ ਤਵਾਰੀਖ਼ੀ ਅਨੁਭਵ ਹੋਣ ਕਰਕੇ ਇਹ ਸਿਰਫ ਭੀੜ ਦੇ ਪ੍ਰਕੋਪ ਤੇ ਸਾਜ਼ਸ਼ੀ ਤਰੀਕੇ ਨਾਲ ਮਾਰਨ ਦੀ ਮੁਹਾਰਤ ਰੱਖਦੇ ਹਨ ਜਿਸ ਨੂੰ ਇਹ ਦੰਗੇ ਵੀ ਕਹਿ ਦੇਂਦੇ ਹਨ। ਭੀੜ ਵੀ ਇਹਨਾਂ ਦੀ ਆਪਣੀ ਨਹੀਂ ਹੁੰਦੀ ਸਗੋਂ ਗ਼ੈਰ-ਸਵਰਨਾਂ ਦੀ ਹੀ ਹੁੰਦੀ ਹੈ। ਅਸਲ ਵਿੱਚ 'ਹਿੰਦੂ' ਸ਼ਬਦ ਦਾ ਅਰਥ 10-12 ਫ਼ੀਸਦੀ 'ਸਵਰਨ ਜਾਤੀਆਂ' ਹੀ ਲੈਣਾ ਚਾਹੀਦਾ ਹੈ, ਬਾਕੀਆਂ ਨੂੰ ਤਾਂ ਸਵਰਨ ਜਾਤੀਆਂ ਨੇ ਵਰਤਣ ਲਈ ਹਿੰਦੂ ਸ਼ਬਦ ਦੇ ਲਿਫ਼ਾਫ਼ੇ ਵਿਚ ਪਾਇਆ ਹੋਇਆ ਹੈ। ਖ਼ੈਰ, ਬੋਧੀਆਂ ਤੋਂ ਬਾਅਦ ਸਿੱਖਾਂ, ਮੁਸਲਮਾਨਾਂ ਤੇ ਦਲਿਤਾਂ ਦੀ ਵਾਰ ਵਾਰ ਵਾਰੀ ਰਹੀ ਹੈ। ਹਜ਼ਾਰ ਕੁ ਸਾਲ ਪਹਿਲਾਂ ਬੋਧੀਆਂ ਦੇ ਤਾਂ ਵਿਦਿਆਲੇ ਸਾੜ ਕੇ ਇਹਨਾਂ ਨੇ ਚਾਰੇ ਪਾਸੇ ਸੰਸਕ੍ਰਿਤ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਇਹਨਾਂ ਦੀਆਂ ਸਾਜ਼ਸ਼ਾਂ ਨਾਲ ਅਜੇ ਭਾਵੇਂ ਪੰਜਾਬ ਹੀ ਖ਼ਤਮ ਹੋਣ ਕੰਢੇ ਪਹੁੰਚਿਆ ਹੈ, ਇਸ਼ਾਰੇ ਸਮਝਣੇ ਚਾਹੀਦੇ ਹਨ ਕਿ ਬੋਧੀਆਂ ਦੇ ਵਿਦਿਆਲਿਆਂ ਵਾਂਗ ਪੰਜਾਬੀ ਭਾਸ਼ਾ ਦੀ ਵਾਰੀ ਵੀ ਕੋਈ ਬਹੁਤੀ ਦੂਰ ਨਹੀਂ। 1947 ਦੀ ਠੋਸੀ ਗਈ ਸਾੜਫ਼ੂਕ ਤੋਂ ਬਾਅਦ ਦਰਬਾਰ ਸਾਹਿਬ ਦੀ ਲਾਇਬਰੇਰੀ ਸਾੜੀ ਨੂੰ ਅਜੇ ਬਹੁਤਾ ਚਿਰ ਨਹੀਂ ਹੋਇਆ।

ਪੱਛਮੀ ਪੰਜਾਬ ਵਿੱਚ ਪੂਰਬੀ ਪੰਜਾਬ ਨਾਲੋਂ ਕਿਤੇ ਵਧੇਰੇ ਲੋਕ ਪੰਜਾਬੀ ਬੋਲਦੇ ਹਨ। ਪਰ ਭਾਰਤੀ ਪੰਜਾਬ ਵਿਚ ਇਹ ਗੁਰਮੁਖੀ ਲਿਪੀ ਵਿਚ ਲਿਖੀ ਜਾਂਦੀ ਹੈ ਤੇ ਪਾਕਿਸਤਾਨੀ ਪੰਜਾਬ ਵਿਚ ਉਰਦੂ ਵਰਗੀ ਸ਼ਾਹਮੁਖੀ (ਅਰਬੀ-ਫਾਰਸੀ) ਵਿੱਚ ਜੋ ਹੈ ਬੇਗ਼ਾਨੀ। ਇਹ ਸਮਝਣਯੋਗ ਹੈ ਕਿ ਕੋਈ ਵੀ ਭਾਸ਼ਾ ਉਦੋਂ ਵੱਧ ਤਰੱਕੀ ਕਰ ਸਕਦੀ ਹੈ ਜਦੋਂ ਇਸ ਦੀ ਆਪਣੀ ਲਿਪੀ ਹੋਵੇ। ਇਸ ਲਈ ਗੁਰਮੁਖੀ ਲਿਪੀ ਵਿਚ ਪੰਜਾਬੀ ਲਿਖਣਾ ਆਪਣੀ ਭਾਸ਼ਾ ਨੂੰ ਤਰੱਕੀ ਦੇ ਰਾਹ ਤੇ ਲੈ ਜਾਣ ਲਈ ਬੇਹਤਰ ਹੈ। ਮੁਸਲਮਾਨ ਹੋਣ ਦੇ ਬਾਵਜੂਦ ਵੀ ਬਾਬਾ ਫ਼ਰੀਦ ਇਕ ਪੰਜਾਬੀ ਕਵੀ ਸਨ। ਉਹਨਾਂ ਤੋਂ ਬਾਅਦ ਵੀ ਕਈ ਮੁਸਲਮਾਨ ਪੰਜਾਬੀ ਕਵੀ ਹੋਏ ਜਿਵੇਂ ਬੁਲ੍ਹੇ ਸ਼ਾਹ, ਸ਼ਾਹ ਹੁਸੈਨ, ਵਾਰਿਸ ਵਗੈਰਾ। ਅੱਜਕਲ੍ਹ ਵੀ ਪਾਕਿਸਤਾਨ ਵਿੱਚ ਬੜੇ ਕਮਾਲ ਦੇ ਕਵੀ ਤੇ ਲੇਖਕ ਹਨ। ਇਧਰਲੇ ਪੰਜਾਬ ਦੀ ਪੰਜਾਬੀ ਸਾਹਿਤ ਰਚਨਾ ਤਾਂ ਤਕਰੀਬਨ ਪਿਛਲੀ ਅੱਧੀ ਸਦੀ ਤੋਂ ਰੂਸੋਚੀਨੀਆਂ ਨੇ ਅਗਵਾ ਕੀਤੀ ਹੋਈ ਹੈ। ਪਰ ਓਧਰਲੇ ਪੰਜਾਬ ਦੇ ਕਵੀ ਦਰਬਾਰਾਂ ਵਿੱਚ ਬੜੀ ਉੱਚ ਪਾਏ ਦੀ ਕਵਿਤਾ ਤੇ ਗ਼ਜ਼ਲ ਬੋਲੀ ਜਾ ਰਹੀ ਹੈ। ਇਸ ਵਿੱਚ ਪੁਜਾਰੀ ਤਬਕੇ(ਮੌਲਾਣਿਆਂ) ਦਾ ਵਿਰੋਧ, ਉਰਦੂ ਦਾ ਜ਼ੁਲਮ ਤੇ ਪਾਕਿਸਤਾਨ ਦਾ ਦਹਿਸ਼ਤਗਰਦੀ ਨਾਲ ਨੁਕਸਾਨ ਆਦਿ ਵੀ ਹੈ। ਪਰ ਓਧਰਲੇ ਪੰਜਾਬੀਆਂ ਨੇ ਪੰਜਾਬੀਅਤ ਦੇ ਬਰਾਬਰੀ ਤੇ ਭਾਈਚਾਰੇ ਵਾਲੇ ਸਮਾਜ ਨਾਲ ਜੁੜੇ ਰਹਿਣ ਦੀ ਬਜਾਏ ਆਪਣੇ ਆਪ ਨੂੰ ਅਰਬੀ ਲੋਕਾਂ ਦੇ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜੋ ਬਹੁਤ ਅਲੱਗ ਹੈ। ਇਸੇ ਕਰਕੇ ਪਾਕਿਸਤਾਨੀ ਪੰਜਾਬੀ ਨਾ ਅਰਬੀ ਬਣ ਸਕੇ ਹਨ ਤੇ ਨਾ ਪੰਜਾਬੀ ਦੇ ਤੌਰ ਤੇ ਆਪਣੀ ਮਾਤਭਾਸ਼ਾ ਨੂੰ ਹੀ ਕੋਈ ਸਨਮਾਨਯੋਗ ਸਥਾਨ ਆਪਣੇ ਦੇਸ਼ ਵਿੱਚ ਦੇ ਸਕੇ ਹਨ। ਮੁਸਲਮਾਨਾਂ ਨੇ ਮਜ਼੍ਹਬੀ ਕਾਰਨਾਂ ਕਰਕੇ ਉਰਦੂ ਨੂੰ ਵਧੇਰੇ ਮਹੱਤਵ ਦੇਣਾ ਸ਼ੁਰੂ ਕਰ ਦਿੱਤਾ ਤੇ ਇਸ ਤਰ੍ਹਾਂ ਉਹ ਪੰਜਾਬੀ ਦੀ ਬਜਾਏ ਉਰਦੂ ਦੀ ਬਿਹਤਰੀ ਲਈ ਹਿੱਸਾ ਪਾਉਣ ਵਾਲੇ ਬਣੇ। ਪੰਜਾਬੀ ਉਧਰਲੇ ਪੰਜਾਬ ਸੂਬੇ ਵਿਚ ਵਿਦਿਆਰਥੀਆਂ ਲਈ ਸਿਖਿਆ ਦੀ ਭਾਸ਼ਾ ਵੀ ਨਾ ਬਣ ਸਕੀ। ਆਪਣੀ ਭਾਸ਼ਾ ਪੰਜਾਬੀ ਦੀ ਸਭ ਤੋਂ ਵਾਜਬ ਲਿੱਪੀ ਗੁਰਮੁਖੀ ਨੂੰ ਵੀ ਉਹਨਾਂ ਨੇ ਨਾ ਅਪਣਾਇਆ। ਇਸੇ ਕਰਕੇ ਪੰਜਾਬੀ ਇਕ ਦੂਜੇ ਦੇ ਕਵੀ ਦਰਬਾਰ ਤਾਂ ਸੁਣ ਸਕਦੇ ਹਨ ਪਰ ਉਹਨਾਂ ਦੀਆਂ ਲਿਖ਼ਤਾਂ ਨਹੀਂ ਪੜ੍ਹ ਸਕਦੇ। ਜਿਸ ਤਰ੍ਹਾਂ ਏਧਰ ਭਾਰਤੀ ਬਹੁਗਿਣਤੀ ਸਿੱਖਾਂ ਦੇ ਖਿਲਾਫ ਚੁਟਕਲੇਬਾਜ਼ੀ ਕਰਕੇ ਆਪਣੀ ਈਰਖਾ ਕੱਢਦੀ ਹੈ ਉਸੇ ਤਰ੍ਹਾਂ ਉਧਰਲੇ ਪਾਸੇ ਉਰਦੂ ਵਾਲੇ ਪੰਜਾਬੀ ਖਿਲਾਫ ਚੁਟਕਲੇਬਾਜ਼ੀ ਕਰਦੇ ਹਨ। 

ਭਾਸ਼ਾ ਦੀ ਵਰਤੋਂ ਨਾਲ ਜੁੜੀਆਂ ਤਕਨੀਕੀ ਕੰਪਨੀਆਂ ਉਸ ਭਾਸ਼ਾ ਲਈ ਕੰਮ ਕਰਦੀਆਂ ਹਨ ਜਿਸ ਨੂੰ ਜ਼ਿਆਦਾ ਗਿਣਤੀ ਵਿਚ ਲੋਕ ਵਰਤਦੇ ਹੋਣ। ਬਾਹਰਲੇ ਪੰਜਾਬੀ ਛੱਡ ਕੇ, ਦੋਨਾਂ ਪੰਜਾਬਾਂ ਦੀ ਕੁੱਲ ਆਬਾਦੀ 14 ਕਰੋੜ ਤੋਂ ਵੱਧ ਹੈ। ਦੋਵੇਂ ਪਾਸੇ ਅਲੱਗ ਅਲੱਗ ਲਿੱਪੀ ਹੋਣ ਨਾਲ ਇਹ ਗਿਣਤੀ ਵੰਡੀ ਜਾਂਦੀ ਹੈ ਜਿਸ ਵਿੱਚ 11 ਕਰੋੜ ਤੋਂ ਵੱਧ ਓਧਰਲੇ ਪੰਜਾਬੀਆਂ ਦੀ ਤੇ ਤਕਰੀਬਨ ਸਾਢੇ ਤਿੰਨ ਕਰੋੜ ਏਧਰਲੇ ਪੰਜਾਬੀਆਂ ਦੀ ਹੈ। ਦੋਵਾਂ ਪਾਸਿਆਂ ਦੀ ਪੰਜਾਬੀ ਦੀ ਇੱਕੋ ਲਿਪੀ ਹੁੰਦੀ ਤੇ ਦੇਸ ਇਕੱਠਾ ਹੁੰਦਾ ਤਾਂ ਹੁਣ ਤੱਕ ਪੰਜਾਬੀ ਨੇ ਇੰਨਾ ਵਿਕਾਸ ਕਰ ਲਿਆ ਹੁੰਦਾ ਕਿ ਹਿੰਦੀ ਤੇ ਬੰਗਾਲੀ ਵੀ ਪਿਛੇ ਰਹਿ ਜਾਂਦੀਆਂ ਕਿਓਂਕਿ ਹਿੰਦੀ ਤਾਂ ਸਭ ਨੂੰ ਪਤਾ ਹੈ ਕਿ 1947 ਤੋਂ ਬਾਅਦ ਦਰਜਨਾਂ ਭਾਸ਼ਾਵਾਂ ਤੇ ਉਪ-ਭਾਸ਼ਾਵਾਂ ਨੂੰ ਦਬਾਅ ਕੇ ਨਕਲੀ ਤਰੀਕੇ ਨਾਲ ਠੋਸੀ ਗਈ ਹੈ ਜਦਕਿ ਬੰਗਾਲੀ ਵਾਲੇ (10 ਕਰੋੜ ਤੋਂ ਘੱਟ) ਪੰਜਾਬੀ ਤੋਂ ਬਾਅਦ ਤੀਜੇ ਨੰਬਰ ਤੇ ਹੁੰਦੇ। ਮਿਸਾਲ ਵਜੋਂ 2011 ਦੀ ਮਰਦਮਸ਼ੁਮਾਰੀ ਵਿਚ ਸਾਰਾ ਗਊ-ਖੇਤਰ ਫੇਹ ਕੇ ਹਿੰਦੀ 53 ਕਰੋੜ ਤੇ ਪਹੁੰਚਾਈ ਗਈ ਹੈ। ਕਿਸ ਤਰ੍ਹਾਂ? ਭਾਰਤੀ ਸੰਵਿਧਾਨ ਦੀ ਅੱਠਵੀਂ ਸੂਚੀ ਵਿੱਚ 22 ਭਾਸ਼ਾਵਾਂ ਦਰਜ ਹਨ। 2011 ਦੀ ਮਰਦਮਸ਼ੁਮਾਰੀ ਵਿੱਚ ਅੱਗੋਂ ਇਨ੍ਹਾਂ ਦੀਆਂ 270 ਮਾਂ ਬੋਲੀਆਂ ਕਹੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਇਕੱਲੀ ਹਿੰਦੀ ਵਿਚ 57 ਮਾਂ ਬੋਲੀਆਂ ਸ਼ਾਮਲ ਕਰ ਦਿਤੀਆਂ ਗਈਆਂ ਹਨ। ਹਿੰਦੀ ਭਾਸ਼ਾ ਨੂੰ ਮਾਂ ਬੋਲੀ ਲਿਖਵਾਉਣ ਵਾਲਿਆਂ ਦੀ ਗਿਣਤੀ ਸਿਰਫ਼ 32 ਕਰੋੜ ਦੱਸੀ ਗਈ ਹੈ ਜਦਕਿ ਬਾਕੀ ਦੀਆਂ 56 ਮਾਂ ਬੋਲੀਆਂ ਵਿੱਚ ਗਊ ਖੇਤਰ ਦੇ 7-8 ਸੂਬਿਆਂ ਦੀਆਂ ਵੱਡੀਆਂ ਭਾਸ਼ਾਵਾਂ ਵੀ ਸ਼ਾਮਿਲ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਭੋਜਪੁਰੀ(5 ਕਰੋੜ ਤੋਂ ਵੱਧ), ਰਾਜਸਥਾਨੀ(2.5 ਕਰੋੜ ਤੋਂ ਵੱਧ), ਛੱਤੀਸਗੜ੍ਹੀ(1.5 ਕਰੋੜ ਤੋਂ ਵੱਧ), ਮਗਧੀ(1.25 ਕਰੋੜ ਤੋਂ ਵੱਧ), ਹਰਿਆਣਵੀ(ਤਕਰੀਬਨ 1 ਕਰੋੜ), ਮਾਰਵਾੜੀ(ਪੌਣੇ ਕਰੋੜ ਤੋਂ ਵੱਧ) ਬੁੰਧੇਲਖੰਡੀ(ਅੱਧੇ ਕਰੋੜ ਤੋਂ ਵੱਧ), ਮਾਲਵੀ(ਅੱਧੇ ਕਰੋੜ ਤੋਂ ਵੱਧ) ਤੇ ਹੋਰ ਕਈ ਅਹਿਮ ਭਾਸ਼ਾਵਾਂ ਸ਼ਾਮਲ ਹਨ। ਮਰਦਮ ਸ਼ੁਮਾਰੀ ਕਰਨ ਵਾਲਿਆਂ ਨੇ ਮਾਂ ਬੋਲੀ ਹਿੰਦੀ ਨੂੰ 32 ਕਰੋੜ ਤੇ ਕਿਵੇਂ ਪਹੁੰਚਾਇਆ ਹੋਵੇਗਾ ਇਹ ਇੱਕ ਅਲੱਗ ਖੋਜ ਦਾ ਵਿਸ਼ਾ ਹੋ ਸਕਦਾ ਹੈ। ਅਗਲੀ ਮਰਦਮਸ਼ੁਮਾਰੀ 2021 ਵਿੱਚ ਹੈ। ਵੇਖੋ ਰੰਗ ਕਰਤਾਰ ਦੇ। ਉਹੋ! ਸਰਕਾਰ ਦੇ। 

ਲਿਪੀ ਦੇ ਮੁਸ਼ਕਿਲ ਮਸਲੇ ਵਿਚ ਸਭ ਤੋਂ ਵੱਡਾ ਹਿੱਸਾ 'ਗੁਰਮੁਖੀਲਿਪੀ ਦੇ ਧਾਰਮਕ ਨਾਮ ਦਾ ਹੈ। ਜੇ ਪਾਕਿਸਤਾਨੀ ਪੰਜਾਬੀ ਇਸ ਨਾਮ ਨੂੰ ਨਹੀਂ ਅਪਨਾਉਣਾ ਚਾਹੁੰਦੇ ਤਾਂ ਲਿਪੀ ਦਾ ਨਾਮ ਬਦਲਣ ਵਿੱਚ ਸਾਨੂੰ ਝਿਜਕ ਨਹੀਂ ਵਿਖਾਉਣੀ ਚਾਹੀਦੀ। 'ਗੁਰਮੁਖੀ' ਲਿਪੀ ਨੂੰ 'ਪੰਜਾਬੀਜਾਂ 'ਪੈਂਤੀਲਿਪੀ ਜਾਂ ਐਸਾ ਕੋਈ ਹੋਰ ਨਾਮ ਦਿੱਤਾ ਜਾ ਸਕਦਾ ਹੈ ਜੋ ਗ਼ੈਰ-ਧਾਰਮਕ ਹੋਵੇ ਅਤੇ ਪੰਜ ਦਰਿਆਵਾਂ ਦੀ ਧਰਤੀ ਨਾਲ ਸਬੰਧਤ ਰਹੇ ਜਿਥੇ ਇਹ ਅਸਲ ਵਿੱਚ ਬੋਲੀ ਜਾਂਦੀ ਹੈ। ਕਿਸੇ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਭਾਸ਼ਾ ਕਿਸੇ ਖ਼ਾਸ ਧਰਮ ਨਾਲ ਜੁੜੀ ਨਹੀਂ ਹੋ ਸਕਦੀ, ਇਹ ਜ਼ਿਆਦਾ ਜ਼ਮੀਨ ਨਾਲ ਬੱਝੀ ਹੁੰਦੀ ਹੈ। ਸਾਡੇ ਗੁਰੂ ਵੀ ਧਰਮ ਦੇ ਮਾਮਲੇ ਵਿੱਚ ਏਨੀ ਸੰਕੀਰਨ ਸੋਚ ਵਾਲੇ ਨਹੀਂ ਸਨ। ਹੁਣ ਦੀਆਂ ਮੁਸ਼ਕਲਾਂ ਨੂੰ ਤਾਂ ਛੱਡੋ, ਜੇ ਲਿਪੀ ਨੂੰ ਇਕ ਕਰਨ ਲਈ ਯਤਨ ਨਹੀਂ ਕੀਤਾ ਜਾਂਦਾ ਤਾਂ ਹਰ ਸੰਭਾਵਨਾ ਹੈ ਕਿ ਹਿੰਦੀ ਅਤੇ ਉਰਦੂ ਦੇ ਅਸਰ ਹੇਠ ਭਵਿੱਖ ਵਿਚ ਦੋਵੇਂ ਪਾਸਿਆਂ ਦੀਆਂ ਭਾਸ਼ਾਵਾਂ ਇੰਨੀਆਂ ਬਦਲ ਜਾਣਗੀਆਂ ਕਿ ਇਕ ਪਾਸੇ ਵਸਣ ਵਾਲੇ ਦੂਸਰੇ ਪਾਸੇ ਦੀ ਭਾਸ਼ਾ ਨੂੰ ਸਮਝ ਨਹੀਂ ਸਕਣਗੇ, ਭਾਵੇਂ ਦੋਵੇਂ ਆਪਣੇ ਆਪ ਨੂੰ ਪੰਜਾਬੀ ਅਖਵਾਉਣਗੇ। ਹੋ ਸਕਦਾ ਹੈ ਪੁਰਾਣੇ ਮੁਸਲਮਾਨ ਤੇ ਸੂਫ਼ੀ ਕਵੀਆਂ ਨੇ ਗੁਰਮੁਖੀ ਦੀ ਬਜਾਏ ਆਪਣੀ ਸ਼ਾਇਰੀ ਨੂੰ ਕਿਸੇ ਹੋਰ ਲਿਪੀ ਵਿੱਚ ਲਿਖਿਆ ਹੋਵੇ। ਪਰ ਜਦੋਂ ਪੰਜਾਬੀ ਨੂੰ ਆਪਣੀ ਪੂਰੀ ਤਰ੍ਹਾਂ ਵਿਕਸਤ ਗੁਰਮੁਖੀ ਲਿਪੀ ਮਿਲ ਗਈ ਤਾਂ ਇਸਨੂੰ ਅਪਨਾਓਣ ਲਈ ਪੰਜਾਬੀ ਮੁਸਲਮਾਨਾਂ ਨੂੰ ਵਿਚਾਰ ਕਰਨਾ ਚਾਹੀਦਾ ਸੀ। ਇਹ ਇਸ ਲਈ ਵੀ ਜ਼ਰੂਰੀ ਸੀ ਕਿਓਂਕਿ ਮੁਸਲਮਾਨ ਅਣਵੰਡੇ ਪੰਜਾਬ ਵਿੱਚ ਭਾਰੀ ਬਹੁਗਿਣਤੀ ਵਿੱਚ ਸਨ ਤੇ ਉਹਨਾਂ ਦਾ ਆਪਣੀ ਮਾਤਭਾਸ਼ਾ ਲਈ ਕੀਤਾ ਕੰਮ ਦੂਰ ਤਕ ਜਾਣਾ ਸੀ ਤੇ ਦੂਜਿਆਂ (ਭਾਵ ਹਿੰਦੂਆਂ) ਨੇ ਵੀ ਆਪਣਾ ਆਰਥਕ ਹਿੱਤ ਵੇਖਕੇ ਇਸਨੂੰ ਤਨੋ ਮਨੋ ਅਪਣਾ ਲੈਣਾ ਸੀ। ਪਰ ਖ਼ੈਰ, ਪੁਜਾਰੀਆਂ ਤੇ ਮੌਲਾਣਿਆਂ ਨੂੰ ਵਿਦਵਾਨ ਸਮਝਣ ਵਾਲਿਆਂ ਲਈ ਇਹ ਬਹੁਤ ਮੁਸ਼ਕਲ ਸੀ ਤੇ ਹੁਣ ਵੀ ਹੈ।

ਲਹਿੰਦੇ ਪੰਜਾਬ ਵਿੱਚ ਸਿਰਫ਼ ਪੰਜਾਬੀ ਭਾਸ਼ਾ ਦਾ ਵਿਕਾਸ ਹੀ ਘੱਟ ਨਹੀਂ ਹੋਇਆ ਉਥੇ ਸਿਆਸੀ ਜਾਗਰੂਕਤਾ ਦੀ ਵੀ ਕਮੀ ਜਾਪਦੀ ਹੈ। ਜਿਵੇਂ ਭਾਰਤ ਵਿੱਚ ਅੰਗਰੇਜ਼ੀ ਤੇ ਹਿੰਦੀ ਸਰਕਾਰੀ ਭਾਸ਼ਾਵਾਂ ਹਨ ਉਸੇ ਤਰ੍ਹਾਂ ਪਾਕਿਸਤਾਨ ਵਿੱਚ ਅੰਗਰੇਜ਼ੀ ਤੇ ਉਰਦੂ ਸਰਕਾਰੀ ਭਾਸ਼ਾਵਾਂ ਹਨ ਤੇ ਪੜ੍ਹਨੀਆਂ ਲਾਜ਼ਮੀ ਹਨ। ਭਾਰਤ ਵਿੱਚ ਭਾਵੇਂ ਕਈ ਦੂਜੀਆਂ ਭਾਸ਼ਾਵਾਂ ਨੂੰ ਦਬਾ ਕੇ ਹਿੰਦੀ ਬਣਾਈ ਤੇ ਠੋਸੀ ਜਾ ਰਹੀ ਹੈ, ਫਿਰ ਵੀ ਹਿੰਦੀ ਬੋਲਣ ਵਾਲੇ ਦੂਜੀਆਂ ਭਾਸ਼ਾਵਾਂ ਨਾਲੋਂ ਜ਼ਿਆਦਾ ਗਿਣਤੀ ਵਿੱਚ ਤਾਂ ਹਨ। ਪਰ ਪਾਕਿਸਤਾਨ ਵਿੱਚ ਤਾਂ ਉਰਦੂ ਬੋਲਣ ਵਾਲੇ ਸਿਰਫ਼ ਸੱਤ ਫ਼ੀਸਦੀ ਹੀ ਹਨ। ਫਿਰ ਵੀ ਕਈ ਕਾਰਨਾਂ ਕਰਕੇ ਉਹਨਾਂ ਨੇ ਉਰਦੂ ਨੂੰ ਸਰਕਾਰੀ ਤੇ ਕੌਮੀ ਭਾਸ਼ਾ ਰੱਖਿਆ ਹੈ। ਖ਼ੈਰ, ਇਹ ਉਹਨਾਂ ਦਾ ਹੱਕ ਹੈ। ਪਰ ਹਿੰਦੂਆਂ ਤੇ ਮੁਸਲਮਾਨਾਂ ਦਾ ਧਾਰਮਕ ਕਾਰਨਾਂ ਕਰਕੇ ਮਾਤਭਾਸ਼ਾ ਪੰਜਾਬੀ ਤੇ ਇਸਦੀ ਨਿਵੇਕਲੀ ਲਿਪੀ ਤੋਂ ਭੱਜਣਾ ਬੇਦਲੀਲਾ ਹੈ ਕਿਉਂਕਿ ਹਿੰਦੀ ਤੇ ਉਰਦੂ ਦਾ ਸਰਕਾਰੀ ਭਾਸ਼ਾ ਹੋਣਾ ਤਰਤੀਬਵਾਰ ਹਿੰਦੂਆਂ ਤੇ ਮੁਸਲਮਾਨਾਂ ਨੂੰ ਉਹਨਾਂ ਦੇ ਧਾਰਮਕ ਗਰੰਥਾਂ ਦੀ ਲਿਪੀ ਨਾਲ ਬਾਖ਼ੂਬੀ ਜੋੜੀ ਰੱਖਦਾ ਹੈ। ਫਿਰ ਕੀ ਪੰਜਾਬੀ ਜਾਂ ਇਸਦੀ ਵਾਜਬ ਲਿਪੀ ਤੋਂ ਭੱਜਣਾ ਮਾਤਭਾਸ਼ਾ ਨਾਲ ਗੱਦਾਰੀ ਨਹੀਂ ਹੈ? ਪਹਿਲਾਂ ਹੀ ਗ਼ੈਰ-ਪੰਜਾਬੀਆਂ ਦੀਆਂ ਵਾਹੀਆਂ ਲੀਕਾਂ ਨਾਲ ਪੰਜਾਬੀਆਂ ਨੇ ਪੰਜਾਬ ਨੂੰ ਲਹੂ ਲੁਹਾਣ ਕਰਕੇ ਵੰਡ ਲਿਆ ਹੈ, ਘੱਟੋ ਘੱਟ ਆਪਣੀ ਮਾਦਰੀ ਜ਼ੁਬਾਨ ਹੀ ਵੰਡਣੋਂ ਬਚਾ ਲੈਣ। ਬੇਗਾਨਿਆਂ ਦੇ ਕਹਿਣ ਤੇ ਪੰਜਾਬ ਨੂੰ ਵੰਡ ਲੈਣਾ ਪੰਜਾਬ ਨਾਲ ਗੱਦਾਰੀ ਸੀ। ਜੇ ਪੰਜਾਬੀ ਨੂੰ ਵੰਡਣੋਂ ਬਚਾਉਣ ਲਈ ਵੀ ਪੰਜਾਬੀ ਕੁਝ ਨਹੀਂ ਕਰਦੇ ਤਾਂ ਇਹ ਗੱਦਾਰੀ ਦਾ ਹੀ ਦੂਜਾ ਰੂਪ ਹੋਵੇਗਾ ਜਿਹੜੀ ਓਸ ਅਖਾਣ ਤੋਂ ਚੱਲੀ ਹੈ ਕਿ 'ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ' ਪੰਜਾਬੀਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਅੱਜ ਦੇ 'ਅਹਿਮਦ ਸ਼ਾਹ' ਅਬਦਾਲੀ ਕੱਲਾ ਖਾਣ ਪੀਣ ਦਾ ਸਾਮਾਨ ਹੀ ਨਹੀਂ ਲੁੱਟਦੇ ਉਹ ਹੌਲੀ ਹੌਲੀ ਸਾਰਾ ਕੁਝ ਲੁੱਟ ਲੈਂਦੇ ਹਨ। ਧਰਮ, ਭਾਸ਼ਾ, ਸਭਿਆਚਾਰ, ਆਰਥਕਤਾ ਆਦਿ ਸਭ।

ਪੰਜਾਬੀ ਨੂੰ ਜਿਹੜਾ ਮਸਲਾ ਇਧਰਲੇ ਪਾਸੇ ਹਿੰਦੀ ਦੀ ਘੁਸਪੈਠ ਤੋਂ ਹੈ ਉਹੀ ਮਸਲਾ ਉਧਰਲੇ ਪਾਸੇ ਉਰਦੂ ਤੋਂ ਹੈ। ਜਿੰਨਾ ਇਧਰਲੇ ਵਿਦਵਾਨ ਹਿੰਦੀ ਤੋਂ ਦੁਖੀ ਹਨ ਉਨਾ ਹੀ ਓਧਰਲੇ ਉਰਦੂ ਤੋਂ ਦੁੱਖੀ ਹਨ। ਲਹਿੰਦੀ ਪੰਜਾਬੀ ਨੂੰ ਗੁਰਮੁਖੀ ਵਿੱਚ ਲਿਖਣ ਨਾਲ ਇਕ ਫ਼ਾਇਦਾ ਇਹ ਹੋਵੇਗਾ ਕਿ ਉਰਦੂ/ਅਰਬੀ ਦੀ ਬੇਲੋੜੀ ਘੁਸਪੈਠ ਨੂੰ ਠੱਲ੍ਹ ਪੈ ਜਾਵੇਗੀ ਤੇ ਪੰਜਾਬੀ ਦੀ ਸ਼ੁੱਧਤਾ ਕਿਸੇ ਹੱਦ ਤੱਕ ਬਣੀ ਰਹੇਗੀ। ਉਧਰਲੇ ਪੰਜਾਬੀ ਉਰਦੂ ਦੀ ਮਾਰ ਤੋਂ ਬਚ ਨਹੀਂ ਸਕਦੇ ਜਦ ਤੱਕ ਉਹ ਉਰਦੂ ਵਾਲੀ ਲਿੱਪੀ ਨਹੀਂ ਛੱਡਦੇ। ਉਧਰਲੇ ਪਾਸੇ ਜੇ ਪੰਜਾਬੀ ਕਦੇ ਖਤਮ ਹੋਈ ਤਾਂ ਉਸ ਦਾ ਸਭ ਤੋਂ ਵੱਡਾ ਕਾਰਨ ਪੰਜਾਬੀ ਦੀ ਅਪਣਾਈ ਗਈ ਸ਼ਾਹਮੁਖੀ ਲਿੱਪੀ ਹੋਵੇਗਾ। ਇਧਰਲੇ ਪਾਸੇ ਹਿੰਦੀ ਤੋਂ ਬਚਣ ਲਈ ਇੱਕ ਤਰੀਕਾ ਇਹ ਹੈ ਕਿ ਪੰਜਾਬ ਵਿੱਚ ਉਰਦੂ ਨੂੰ ਉਤਸ਼ਾਹਤ ਕਰਨ ਲਈ ਕੋਈ ਬੋਰਡ ਜਾਂ ਕਮਿਸ਼ਨ ਬਣਾਇਆ ਜਾਏ ਤੇ ਉਪਰਲੀਆਂ ਕਲਾਸਾਂ ਵਿੱਚ ਵਿਦਿਆਰਥੀਆਂ ਨੂੰ ਉਰਦੂ ਨੂੰ ਚੋਣਵੇਂ ਵਿਸ਼ੇ ਦੇ ਤੌਰ ਤੇ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਵੇ ਤੇ ਵਜ਼ੀਫ਼ੇ ਦਿੱਤੇ ਜਾਣ। ਇਸ ਨਾਲ ਅਸੀਂ ਪੰਜਾਬ ਦਾ ਪੁਰਾਣਾ ਅਦਬ ਤੇ ਤਵਾਰੀਖ਼ ਜੋ ਉਰਦੂ ਤੇ ਫਾਰਸੀ ਆਦਿ ਬੋਲੀਆਂ ਵਿੱਚ ਲਿਖੇ ਹੋਏ ਹਨ ਉਹ ਵੀ ਸਮਝਣ ਜੋਗੇ ਰਹਾਂਗੇ ਤੇ ਨਾਲ ਦੀ ਨਾਲ ਭਾਰਤੀ ਪੰਜਾਬ ਦੇ ਪੱਛਮ ਵਾਲੇ ਪਾਸੇ ਦੇ ਮੁਲਕਾਂ ਵਿਚ ਰਹਿ ਗਏ ਇਤਿਹਾਸਕ ਸਥਾਨਾਂ ਨਾਲ ਵੀ ਰਾਬਤਾ ਬਣ ਸਕੇਗਾ। ਇਸ ਤਰ੍ਹਾਂ ਪੰਜਾਬੀ ਦੇ ਵਿਕਾਸ ਵਿੱਚ ਇੱਕ ਸੰਤੁਲਨ ਜਾਵੇਗਾ ਤੇ ਹਿੰਦੀ ਤੇ ਉਰਦੂ ਦੋਨੋਂ ਭਾਸ਼ਾਵਾਂ ਵਿੱਚੋਂ ਕੋਈ ਵੀ ਪੰਜਾਬੀ ਉੱਤੇ ਹੱਦੋਂ ਵੱਧ ਗ਼ਲਬਾ ਨਹੀਂ ਪਾ ਸਕੇਗੀ। ਇਸ ਨਾਲ ਆਮ ਸਿੱਖਾਂ ਦਾ ਹਿੰਦੂਆਂ ਵੱਲ ਉਲਾਰਪਣ ਤੇ ਮੁਸਲਮਾਨਾਂ ਤੇ ਹੋਰਾਂ ਤੋਂ ਗ਼ੈਰ ਜ਼ਰੂਰੀ ਫ਼ਾਸਲਾ ਇੱਕ ਸੰਤੁਲਨ ਫੜ੍ਹੇਗਾ। ਇਹ ਗੱਲ ਬਾਬੇ ਨਾਨਕ ਨੂੰ ਆਪਣੇ ਇੱਕ ਪੀਰ ਵਾਂਗੂੰ ਪਿਆਰ ਕਰਨ ਵਾਲੇ ਪੰਜਾਬੀ ਮੁਸਲਮਾਨਾਂ ਨੂੰ ਵੀ ਚੰਗੀ ਲੱਗੇਗੀ ਤੇ ਨੇੜਤਾ ਵਧੇਗੀ।     

ਪਰ ਇਹ ਕਰੇ ਕੌਣ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਦੋਵਾਂ ਪਾਸਿਆਂ ਦੇ ਅੱਜਕਲ ਦੇ ਪੰਜਾਬੀ ਪੜ੍ਹਾਈ ਲਿਖਾਈ ਤੋਂ ਬਹੁਤ ਭੱਜਦੇ ਹਨ। ਇਸੇ ਕਰਕੇ ਉਹ ਵਿਦਵਾਨਾਂ ਦੀ ਬਹੁਤੀ ਕਦਰ ਨਹੀਂ ਕਰਦੇ ਤੇ ਵਿਦਵਾਨਾਂ ਦੀ ਗੱਲ ਸੁਣਨ ਦੀ ਬਜਾਏ ਬਹੁਤ ਹੱਦ ਤੱਕ ਸਿਆਸੀ ਆਗੂਆਂ ਦੇ ਭੇਡੂ ਬਣ ਚੁੱਕੇ ਹਨ। ਇਸ ਕਰਕੇ ਇਹ ਕੰਮ ਵੀ ਉਨ੍ਹਾਂ ਦੇ ਸਿਆਸੀ ਆਗੂਆਂ ਨੂੰ ਹੀ ਕਰਨਾ ਬਣਦਾ ਹੈ। ਇਸ ਕੰਮ ਲਈ ਦੋ ਉਮੀਦਵਾਰ ਢੁੱਕਵੇਂ ਜਾਪਦੇ ਹਨ। ਇੱਕ ਹਨ ਮਨਪ੍ਰੀਤ ਸਿੰਘ ਬਾਦਲ ਤੇ ਦੂਸਰੇ ਨਵਜੋਤ ਸਿੰਘ ਸਿੱਧੂ। ਜਿੱਥੇ ਪਹਿਲਾ ਉਮੀਦਵਾਰ ਪੰਜਾਬ ਦਾ ਵਿੱਤ ਮੰਤਰੀ ਹੈ ਤੇ ਆਪਣੇ ਜਨਤਕ ਭਾਸ਼ਣਾਂ ਵਿੱਚ ਉਰਦੂ ਦੀ ਬੜੀ ਮੁਹਾਰਤ ਨਾਲ ਵਰਤੋਂ ਕਰਦਾ ਹੈ ਉੱਥੇ ਦੂਸਰੇ ਨੇ ਕਰਤਾਰਪੁਰ ਲਾਂਘੇ ਨੂੰ ਸਿਰੇ ਲਾਉਣ ਵਿੱਚ ਵਡਿਆਈਯੋਗ ਹਿੱਸਾ ਪਾਉਣ ਕਰਕੇ ਦੋਵੇਂ ਪਾਸੇ ਚੰਗੀ ਸਦਭਾਵਨਾ ਬਣਾ ਲਈ ਹੈ। ਇਨ੍ਹਾਂ ਨੂੰ ਵਿਦਵਾਨਾਂ ਦੀ ਇੱਕ ਕਮੇਟੀ ਬਣਾ ਕੇ ਉਧਰਲੇ ਪਾਸੇ ਦੇ ਪੰਜਾਬੀ ਵਿਦਵਾਨਾਂ ਤੇ ਸਿਆਸੀ ਆਗੂਆਂ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਸਭ ਨੂੰ ਪਤਾ ਹੈ ਕਿ ਇਹ ਕੰਮ ਏਨਾ ਸੌਖਾ ਹੁੰਦਾ ਤਾਂ ਕਦੋਂ ਦਾ ਕੁਝ ਹੋ ਗਿਆ ਹੁੰਦਾ। ਲੇਖਕ ਨੂੰ ਇਸ ਕੰਮ ਦੀ ਪੇਚੀਦਗੀ ਬਾਰੇ ਗਿਆਨ ਹੈ ਪਰ ਕੋਈ ਵੀ ਐਸਾ ਕੰਮ ਸਿਰੇ ਨਹੀਂ ਲੱਗਦਾ ਜੀਹਨੂੰ ਸ਼ੁਰੂ ਹੀ ਨਾ ਕੀਤਾ ਜਾਵੇ। ਜੇ ਅੱਧ ਪਚੱਧੀ ਸਫ਼ਲਤਾ ਵੀ ਮਿਲੇ ਜਾਂ ਇਸ ਕਾਰਜ ਵਿਚੋਂ ਕੋਈ ਨਵਾਂ ਤੇ ਵਧੀਆ ਹੱਲ ਵੀ ਨਿਕਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਇਸ ਉੱਦਮ ਨੂੰ ਯਾਦ ਰੱਖਣਗੀਆਂ। ਮਿਸਾਲ ਦੇ ਤੌਰ ਤੇ ਜੇ ਦੋਵੇਂ ਪਾਸੇ ਪੰਜਾਬੀਆਂ ਦੀ ਆਪਣੀ ਭਾਸ਼ਾ ਅਤੇ ਲਿਪੀ ਬਾਰੇ ਜਾਣਕਾਰੀ ਵਧੇ; ਅਸੀਂ ਇੱਕ ਦੂਜੇ ਨੂੰ ਪੰਜਾਬੀ ਵਿੱਚ ਹੋ ਰਹੀ ਹਿੰਦੀ ਤੇ ਉਰਦੂ ਦੀ ਘੁਸਪੈਠ ਤੋਂ ਹੀ ਚੇਤੰਨ ਕਰ ਲਈਏ; ਪੰਜਾਬੀ ਦਾ ਇੱਕ ਸਾਂਝਾ ਰੂਪ ਚਲਦਾ ਰੱਖਣ ਲਈ ਕੋਈ ਸਾਂਝਾ ਅਦਾਰਾ ਜਾਂ ਤਾਲਮੇਲ ਹੀ ਬਣਾ ਲਈਏ ਜਾਂ ਪੰਜਾਬੀ ਨੂੰ ਉਸਦਾ ਢੁੱਕਵਾਂ ਸਥਾਨ ਦਿਵਾਉਣ ਲਈ ਦੋਵੇਂ ਪਾਸੇ ਇੱਕ ਲਹਿਰ ਹੀ ਚਲਾ ਲਈਏ ਜੋ ਸਾਂਝੀ ਜਾਪੇ ਤਾਂ ਮੁੱਢਲੇ ਤੌਰ ਤੇ ਇਹ ਵੀ ਕੋਈ ਛੋਟੇ ਹਾਸਲ ਨਹੀਂ ਹੋਣਗੇ।

ਇਸੇ ਤਰ੍ਹਾਂ ਜਦੋਂ ਬਾਕੀ ਬਚੇ ਪੰਜਾਬ ਦੇ ਸਿੱਖ ਪੰਜਾਬੀ ਨੂੰ ਅੱਗੇ ਵਧਾਉਣਾ ਚਾਹੁੰਦੇ ਸਨ ਤਾਂ ਪੰਜਾਬੀ ਹਿੰਦੂਆਂ ਨੇ ਵੀ ਆਪਣੀ ਮਾਂ-ਬੋਲੀ ਨੂੰ ਛੱਡ ਕੇ ਪੂਰਬੀ ਪਰਦੇਸ਼ਾਂ ਦੀ ਹਿੰਦੀ ਭਾਸ਼ਾ ਨੂੰ ਵਧੇਰੇ ਮਹੱਤਵ ਦਿੱਤਾ। ਉਹਨਾਂ ਨੇ ਇਸ ਤਰ੍ਹਾਂ ਇਕ ਸਿਆਸੀ ਖੁਦਕੁਸ਼ੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਦਾ ਖ਼ਮਿਆਜ਼ਾ ਉਹਨਾਂ ਸਮੇਤ ਅਜੇ ਤਕ ਏਧਰਲਾ ਪੰਜਾਬ ਭੁਗਤ ਰਿਹਾ ਹੈ, ਬਾਵਜੂਦ ਇਸਦੇ ਕਿ ਪੰਜਾਬੀ ਹਿੰਦੂਆਂ ਵਿੱਚੋਂ ਹੀ ਸ਼ਿਵ ਕੁਮਾਰ ਬਟਾਲਵੀ, ਧਨੀ ਰਾਮ ਚਾਤ੍ਰਿਕ, ਤੇ ਨੰਦਲਾਲ ਨੂਰਪੁਰੀ ਵਰਗੇ ਕਈ ਹੋਰ ਪੰਜਾਬੀ ਕਵੀ ਨਿਕਲੇ ਸਨ। ਕਈ ਪੰਜਾਬੀ ਹਿੰਦੂ ਨਾਵਲਕਾਰ ਤੇ ਨਾਟਕਕਾਰ ਵੀ ਹੋਏ ਹਨ। ਪਰ ਹੁਣ ਦਿੱਲੀ ਰਹਿੰਦੇ ਤੇ ਮੁੰਬਈ ਦੀ ਫ਼ਿਲਮ ਸਨਅਤ ਵਿੱਚ ਕੰਮ ਕਰਦੇ ਪੰਜਾਬੀ ਹਿੰਦੂ ਜਦੋਂ ਆਪਣੇ ਆਪ ਨੂੰ ਪੰਜਾਬੀ ਦੱਸਦੇ ਹਨ ਤਾਂ ਮਜ਼ਾਕ ਕਰਦੇ ਲੱਗਦੇ ਹਨ। ਇਕ ਦੋ ਪੀੜ੍ਹੀਆਂ ਬਾਅਦ ਉਹ ਪੂਰਬੀਏ ਭਈਏ ਵੀ ਲੱਗਣ ਲੱਗ ਪੈਣਗੇ। ਬੰਗਾਲੀ ਅਤੇ ਦੱਖਣੀ ਭਾਰਤ ਦੇ ਲੋਕ ਆਪਣੀ ਭਾਸ਼ਾ ਕਿਤੇ ਵੀ ਜਾ ਕੇ ਨਹੀਂ ਛੱਡਦੇ ਜਦਕਿ ਪੰਜਾਬੀ ਹਿੰਦੂਆਂ ਨੇ ਦਿੱਲੀ ਅਤੇ ਮੁੰਬਈ ਜਾਂਦਿਆਂ ਹੀ ਆਪਣੀ ਭਾਸ਼ਾ ਛੱਡ ਦਿੱਤੀ। ਦਿੱਲੀ ਵਿੱਚ ਪੰਜਾਬੀ ਦੀ ਪੜ੍ਹਾਈ ਸਿਰਫ਼ ਸਿੱਖਾਂ ਦੇ ਸਕੂਲਾਂ ਵਿੱਚ ਹੀ ਕੁਝ ਹੁੰਦੀ ਹੈ। ਮੁੰਬਈ ਦੇ ਪੰਜਾਬੀ ਹਿੰਦੂਆਂ, ਜਿਨ੍ਹਾਂ ਨੇ ਪਹਿਲਾਂ ਲਾਹੌਰ ਵਿਚ ਪੰਜਾਬੀ ਫ਼ਿਲਮਾਂ ਬਣਾਈਆਂ ਸਨ, 1947 ਤੋਂ ਬਾਅਦ ਇਕਦਮ ਪਲਟੀ ਮਾਰੀ ਤੇ ਉਰਦੂ ਗਾਣਿਆਂ ਨਾਲ ਭਰੀਆਂ ਹਿੰਦੀ ਫ਼ਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤਰ੍ਹਾਂ ਨਵੇਂ ਭਾਰਤ ਵਿਚ ਜ਼ਬਰਦਸਤ ਆਰਥਕ ਤਰੱਕੀ ਕੀਤੀ ਪਰ ਆਪਣੀ ਭਾਸ਼ਾ ਨੂੰ ਆਪਣੇ ਘਰਾਂ ਵਿੱਚੋਂ ਵੀ ਕੱਢ ਮਾਰਿਆ। ਇਸ ਨਾਲ ਪੰਜਾਬੀ ਹਿੰਦੂਆਂ ਦਾ ਬਹੁਤ ਵੱਡਾ ਘਾਟਾ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਪਛਾਣ ਨੂੰ ਪੰਜਾਬੀਆਂ ਦੇ ਬਰਾਬਰੀ ਤੇ ਭਾਈਚਾਰੇ ਵਾਲੇ ਸ਼ਾਨਦਾਰ ਸਿਧਾਂਤਾਂ ਤੇ ਇਤਿਹਾਸ ਨਾਲ ਜੋੜੀ ਰੱਖਣ ਦੀ ਬਜਾਏ ਪਛੜੀ ਸੋਚ ਵਾਲੇ ਤੇ ਜਾਤ-ਪਾਤ ਦੇ ਨਰਕ ਵਿੱਚ ਗਰਕੇ ਹੋਏ ਪੂਰਬੀ ਤੇ ਪਹਾੜੀ ਹਿੰਦੂਆਂ ਨਾਲ ਜੋੜ ਲਿਆ ਹੈ। ਕੀ ਪੰਜਾਬੀ ਹਿੰਦੂਆਂ ਦੀਆਂ ਆਉਣ ਵਾਲੀਆਂ ਨਸਲਾਂ ਆਪਣੇ ਆਪ ਨੂੰ ਪੰਜਾਬੀ ਕਹਿ ਵੀ ਸਕਣਗੀਆਂ?

ਆਖ਼ਰ ਸਿੱਖ ਹੀ ਪੰਜਾਬੀ ਕਹਾਉਣ ਵਾਲੇ ਰਹਿ ਗਏ। ਪਰ ਹੁਣ ਸਿੱਖ ਵੀ ਆਪਣੀ ਬੋਲੀ ਕਾਫ਼ੀ ਹੱਦ ਤੱਕ ਛੱਡ ਰਹੇ ਹਨ। ਫ਼ਰਕ ਸਿਰਫ਼ ਇਹ ਹੈ ਕਿ ਦੂਜੀਆਂ ਦੋਨਾਂ ਧਿਰਾਂ ਨੇ ਇਹ ਕੰਮ ਸਿਰਫ਼ ਧਾਰਮਕ ਕਾਰਨਾਂ ਕਰਕੇ ਕੀਤਾ ਜਦਕਿ ਸਿੱਖ ਇਸਨੂੰ ਆਪਣੀ ਆਰਥਕ ਤਰੱਕੀ ਵਿਚ ਅੜਿੱਕਾ ਸਮਝਣ ਲੱਗ ਪਏ ਹਨ। ਆਰਥਕ ਲਾਭ ਦਾ ਏਨਾ ਚਾਅ ਹੈ ਕਿ ਹੁਣ ਤਾਂ ਸਿੱਖ ਸਵੇਰੇ ਜਿਸ ਨੂੰ ਗਾਲ੍ਹਾਂ ਕੱਢਦੇ ਹਨ ਸ਼ਾਮ ਨੂੰ ਉਸੇ ਨੂੰ ਵੋਟਾਂ ਪਾ ਦਿੰਦੇ ਹਨ। ਤੇ ਜਿੰਨ੍ਹਾਂ ਸਰਕਾਰਾਂ ਨੂੰ ਸਿੱਖ ਵੋਟਾਂ ਪਾਉਂਦੇ ਹਨ ਉਹ ਇਸ ਤਰ੍ਹਾਂ ਵਿਹਾਰ ਕਰਦੀਆਂ ਹਨ ਜਿਵੇਂ ਕਿ ਪੰਜਾਬੀ ਦੇ ਹੱਕ ਵਿਚ ਕੁਝ ਕਰਨ ਨਾਲ ਖ਼ਾਲਸਤਾਨ ਦੀ ਮੰਗ ਮਜ਼ਬੂਤ ਹੋ ਜਾਵੇਗੀ ਅਤੇ ਅਜਿਹਾ ਕਰਨ ਨਾਲ ਕੇਂਦਰ ਸਰਕਾਰ ਅੰਦਰ ਕਰ ਦਏਗੀ! ਜੇ ਤੱਤੇ ਦੁੱਧ ਨੇ ਹੱਥ ਸਾੜ ਦਿੱਤਾ ਹੈ ਤਾਂ ਕੀ ਲੱਸੀ ਨੂੰ ਵੀ ਫ਼ੂਕਾਂ ਮਾਰਨ ਦੀ ਲੋੜ ਹੈ? ਇਹ ਸਭ ਪਹਿਲਾਂ ਹਰੇ ਇਨਕਲਾਬ ਅਤੇ ਬਾਅਦ ਵਿੱਚ ਆਰਥਕਤਾ ਦੇ ਉਦਾਰੀਪਨ ਨੇ ਵਿਖਾਈ ਮਾਇਆ ਦੇ ਨਜ਼ਾਰੇ ਲੱਗਦੇ ਹਨ। ਹਰੇ ਇਨਕਲਾਬ ਵਿੱਚੋਂ ਮਿਲੇ ਲਾਭ ਨੇ ਸਾਨੂੰ ਰੱਜਵੇਂ ਦਾਰੂ ਦੇ ਗਲ ਲਾਇਆ ਤੇ ਮਗਰਲੀ ਖੁਸ਼ਹਾਲੀ ਨੇ ਨਵੀਆਂ ਦਵਾਈਆਂ ਨਾਲ ਪਛਾਣ ਕਰਾਈ। ਦੋਨਾਂ ਖੁਸ਼ਹਾਲੀਆਂ ਵਿੱਚੋਂ ਹੀ ਅਸੀਂ ਆਪਣੇ ਬੱਚਿਆਂ ਦੀ ਸਿਹਤ ਤੇ ਸਿੱਖਿਆ ਲਈ ਕੁਝ ਨਵਾਂ ਨਾ ਕਰ ਸਕੇ। ਕੇਂਦਰ ਦੀਆਂ ਸਰਕਾਰਾਂ ਨੇ ਸਾਡੇ ਨਾਲ ਜੋ ਕਰਨੀ ਸੀ ਉਸਦਾ ਤਾਂ ਸਾਨੂੰ ਪਤਾ ਹੀ ਹੋਣਾ ਚਾਹੀਦਾ ਸੀ। ਗੁਰੂਆਂ ਵੱਲੋਂ ਸਮਝਾਈ ਸਾਦਗੀ ਤੇ ਸਮਝਦਾਰੀ ਤਾਂ ਸਾਡੇ ਬਰਾਬਰੀ ਤੇ ਭਾਈਚਾਰੇ ਵਾਲੇ ਸਮਾਜ ਦੇ ਸਿਰ ਤੇ ਬੈਠੇ ਜਗੀਰਦਾਰਾ ਮਾਹੌਲ ਨੇ ਮੰਗਲ ਗ੍ਰਹਿ ਤੇ ਪੁਚਾ ਦਿੱਤੀ ਹੈ। 

ਪੰਜਾਬੀ ਪੜ੍ਹਾਈ ਦੇ ਪੱਧਰ ਬਾਰੇ ਲੱਗਦਾ ਹੈ ਕਿ 40-50 ਸਾਲ ਪਹਿਲਾਂ ਤਕ ਪੰਜਾਬੀ ਬਿਹਤਰ ਲਿਖੀ ਜਾਂਦੀ ਸੀ। ਇੰਝ ਜਾਪਦਾ ਹੈ ਕਿ ਉਸ ਸਮੇਂ ਤੱਕ ਪੰਜਾਬੀ ਪੜ੍ਹਾਈ ਦਾ ਪੱਧਰ ਠੀਕ ਸੀ। ਅਖ਼ਬਾਰਾਂ ਵਿਚ ਵੀ ਬਹੁਤ ਘੱਟ ਗ਼ਲਤੀਆਂ ਮਿਲਦੀਆਂ ਸਨ। ਫਿਰ ਵੀ, ਦਿਲਚਸਪੀ ਵਜੋਂ, ਕੁਝ ਗੱਲਾਂ ਅੱਖਰਦੀਆਂ ਸਨ। ਜਿਵੇਂ ਇਹਨਾਂ ਗਾਣਿਆਂ ਦੇ ਲਫ਼ਜ਼:-

(1) ਰਸੀਆ ਨਿੰਬੂ ਲਿਆ ਦੇ ਵੇ ਕਿ 'ਮੇਰੀ' ਉੱਠੀ ਕਲੇਜੇ ਪੀੜ।

(2) 'ਸਾਡੀਨਜ਼ਰਾਂ ਤੋਂ ਹੋਈਓਂ ਕਾਹਨੂੰ ਦੂਰ ਦੱਸ ਜਾ।

ਜਦੋਂ ਜਵਾਨੀ ਵਿਚ ਇਹ ਗਾਣੇ ਸੁਣਦੇ ਸਾਂ ਤਾਂ ਸੋਚਦੇ ਸੀ ਕਿ ਕਲੇਜੇ ਵਿੱਚ ਉੱਠੀ ਪੀੜ 'ਮੇਰੀ' ਹੈ ਜਾਂ ਕਲੇਜਾ 'ਮੇਰਾ' ਇਹ 'ਸਾਡੀ' ਨਜ਼ਰਾਂ ਹਨ ਜਾਂ 'ਸਾਡੀਆਂ' ਨਜ਼ਰਾਂ। ਕੀ ਇਹ  () 'ਮੇਰੇ' ਉੱਠੀ ਕਲੇਜੇ ਪੀੜ ਅਤੇ () 'ਸਾਡੀਆਂ' ਨਜ਼ਰਾਂ ਤੋਂ - ਨਹੀਂ ਹੋਣਾ ਚਾਹੀਦਾ? ਫਿਰ ਵੀ ਇਹ ਲਿਖਣ ਜਾਂ ਗਾਉਣ ਵਾਲੇ ਦੀ ਮਜ਼ਬੂਰੀ ਜਾਪਦੀ ਸੀ। 

ਪਰ ਅੱਜ ਕੱਲ੍ਹ ਤਾਂ ਪੂਰਬੀਆਂ ਦੀ ਸਰਕਾਰੀ ਹਿੰਦੀ ਦਾ ਏਨਾ ਜਬਰ ਹੈ ਕਿ ਕੋਈ ਵੀ ਨਹੀਂ ਜਾਣਦਾ ਕਿ ਪੱਛਮ ਵੱਲੋਂ ਆਏ ਪੰਜਾਬੀ ਸ਼ਬਦਾਂ ਦੇ ਅੱਗੇ ਬੇ-, ਬਾ-, ਲਾ- ਆਦਿ ਕਿਉਂ ਲਾਉਂਦੇ ਹਨ। ਜਿਵੇਂ ਬੇਵਕਤ, ਬਾਵਕਾਰ, ਲਾਮਿਸਾਲ, ਲਾਇਲਾਜ ਇਥੋਂ ਤੱਕ ਕਿ ਫ਼ਜ਼ੂਲ ਤੇ ਬੇਫ਼ਜ਼ੂਲ ਵਿੱਚ ਕੋਈ ਫ਼ਰਕ ਨਹੀਂ। ਇਕਵਚਨ ਜਾਂ ਬਹੁਵਚਨ ਦਾ ਤਾਂ ਫ਼ਰਕ ਹੀ ਕੋਈ ਨਹੀਂ। ਜੇ 'ਹਾਲਤਤੇ 'ਜਜ਼ਬਾ' ਇਕਵਚਨ ਹਨ ਤਾਂ 'ਹਾਲਾਤ' ਤੇ 'ਜਜ਼ਬਾਤ' ਬਹੁਵਚਨ ਹਨ। ਮੰਨਿਆਂ ਕਿ 'ਹਾਲਤਾਂ' ਤੇ 'ਜਜ਼ਬੇ' ਵੀ ਬਹੁਵਚਨ ਹਨ। ਪਰ 'ਹਾਲਾਤਾਂ' ਤੇ 'ਜਜ਼ਬਾਤਾਂ' ਕੀ ਹਨ। ਬਹੁਵਚਨ ਦੇ ਬਹੁਵਚਨ? ਚਾਰੇ ਪਾਸੇ ਮੀਡੀਆ ਵਿੱਚ 'ਹਾਲਾਤਾਂ' ਖ਼ਰਾਬ ਦਸ ਰਹੇ ਹਨ। ਪਰ ਇਹ ਮਿਸਾਲ ਦੱਸਦੀ ਹੈ ਕਿ ਵਾਕਿਆ ਹੀ ਪੰਜਾਬੀ ਦੀਆਂ 'ਹਾਲਾਤਾਂ' ਬਹੁਤ ਖ਼ਰਾਬ ਨੇ! ਖ਼ਬਰਾਂ ਲਿਖਣ ਵਾਲੇ ਪੱਤਰਕਾਰ ਨੂੰ ਵਾਕ ਪੂਰਾ ਹੋਣ ਤੋਂ ਪਹਿਲਾਂ ਹੀ ਚੇਤਾ ਭੁੱਲ ਜਾਂਦਾ ਹੈ ਕਿ ਉਸਨੇ ਵਾਕ ਦੀ ਬਣਤਰ 'ਨੇ' ਨਾਲ ਸ਼ੁਰੂ ਕੀਤੀ ਸੀ ਕਿ 'ਨੂੰ' ਨਾਲ।  ਉੱਤੋਂ, ਆਪਣੇ ਲਿਖੇ ਨੂੰ ਦੁਬਾਰਾ ਪੜ੍ਹਨਾ ਸ਼ਾਇਦ ਹੱਤਕ ਸਮਝਦੇ ਹਨ। ਹਰ ਭਾਸ਼ਾ ਦੀ ਆਪਣੀ ਖੂਬੀ ਤੇ ਖ਼ੂਬਸੂਰਤੀ ਹੁੰਦੀ ਹੈ। ਪਰ ਹਿੰਦੀ ਦਾ ਅਸਰ ਏਨਾ ਵਿਆਪਕ ਹੁੰਦਾ ਜਾਂਦਾ ਹੈ ਕਿ ਪਹਿਲਾਂ ਲੋਕ ਕਿਸੇ ਦਾ ਗਲਾ 'ਘੁੱਟਦੇ' ਹੁੰਦੇ ਸੀ, ਹੁਣ ਗਲਾ 'ਘੋਟਦੇ' ਹਨ। ਪਤਾ ਨਹੀਂ ਹੁਣ ਲੂਣ-'ਘੋਟਣੇਨਾਲ ਕੀ ਕਰਦੇ ਹੋਣਗੇ? ਆਮ ਪੰਜਾਬੀਆਂ ਦੇ ਕਈ ਸ਼ਬਦਾਂ, ਜਿਵੇਂ 'ਹਾਸਾ', 'ਚੁੱਪ', ਆਦਿ ਦਾ ਵੀ ਧੜਾ ਧੜ ਹਿੰਦੀਕਰਣ ਹੋ ਰਿਹਾ ਹੈ। 'ਚਿੜੀਆਂ ਦੀ ਮੌਤ ਗੰਵਾਰਾਂ ਦਾ ਹਾਸਾ' ਜਾਂ ਫਿਰ 'ਇੱਕ ਚੁੱਪ ਸੌ ਸੁੱਖ' ਅੱਗੇ ਲੋਕ ਚੰਗੇ ਭਲੇ 'ਪਟਿਆਲਿਓਂ' ਆਓਂਦੇ ਸਨ, ਕਦੀ ਕਦੀ ਉਹ 'ਪਟਿਆਲੇ ਤੋਂ' ਆਓਂਦੇ ਸਨ। ਪਰ ਹੁਣ ਸਭ 'ਪਟਿਆਲਾ ਤੋਂ' ਆਉਂਦੇ ਹਨ ਕਿਉਂਕਿ ਸਾਨੂੰ ਹਿੰਦੀ ਵਿਚਲੀ ਕਮੀ ਵੀ ਵਡਿਆਈ ਲੱਗਦੀ ਹੈ। ਬਾਣੀਆਂ ਦੀਆਂ ਕੰਪਨੀਆਂ ਦੁਆਰਾ ਸ਼ੁਰੂ ਕੀਤੇ ਪੰਜਾਬੀ ਟੀਵੀ ਚੈਨਲ ਤਾਂ ਪੰਜਾਬੀ ਨੂੰ ਟੀਬੀ ਕਰਕੇ ਛੱਡਣਗੇ। ਕਈ ਵਾਰੀ ਟੀਵੀ ਕਲਾਕਾਰ ਦੇ ਸਿਰ ' ਵੱਟਾ ਮਾਰਨ ਨੂੰ ਜੀ ਕਰਦਾ ਹੈ। ਪਰ ਆਪਣੇ ਵਿਚਾਰ ਨੂੰ ਕਾਰਵਾਈ ਵਿੱਚ ਨਹੀਂ ਬਦਲ ਸਕਦੇ ਕਿਉਂਕਿ ਟੀਵੀ ਤਾਂ ਆਪਣਾ ਹੈ। ਕਈ ਪੰਜਾਬੀ ਫ਼ਿਲਮਾਂ ਦੇ ਚੈਨਲ, 'ਜ਼ੀਆਦਿ, ਸਿਧਾ ਹੀ ਹਿੰਦੀ ਫ਼ਿਲਮਾਂ ਵਿਖਾ ਕੇ ਬੁੱਧੂ ਬਣਾਈ ਜਾਂਦੇ ਹਨ ਤੇ ਪੈਸੇ ਬਟੋਰੀ ਜਾਂਦੇ ਹਨ। ਇਨ੍ਹਾਂ ਦੇ ਡਰਾਮੇ ਵੇਖ ਕੇ ਲੱਗਦਾ ਹੈ ਕਿ ਇਨ੍ਹਾਂ ਨੂੰ ਪੰਜਾਬ ਵਿੱਚ ਅਜੇ ਵੀ ਹੀਰਾਂ ਰਾਂਝਿਆਂ ਤੇ ਸੱਸੀਆਂ ਪੁੰਨੂਆਂ ਦੀ ਕਮੀ ਜਾਪਦੀ ਹੈ। ਇਹ ਪੰਜਾਬੀ ਵਿੱਚ ਕੋਈ ਨਵੀਂ ਗੱਲ ਕਰ ਹੀ ਨਹੀਂ ਸਕਦੇ। ਪੰਜਾਬੀ ਲੋਕ ਇਹ ਸਭ ਕੁਝ ਚੁੱਪ ਕਰਕੇ ਸਹੀ ਜਾਂਦੇ ਹਨ।

ਪੰਜਾਬੀ ਦੀ ਪੜ੍ਹਾਈ ਦਾ ਪੱਧਰ, ਖ਼ਾਸਕਰ ਪੰਜਾਬੀ ਸਿਖਾਉਣ ਦੀ ਸਥਿਤੀ, ਇਸ ਹੱਦ ਤੱਕ ਵਿਗੜ ਗਈ ਹੈ ਕਿ ਜਨਤਕ ਸ਼ਖਸੀਅਤਾਂ, ਪੱਤਰਕਾਰ, ਸੰਪਾਦਕ ਤੇ ਟੀਵੀ ਐਂਕਰ ਆਮ ਜਿਹੇ ਸ਼ਬਦ ਵੀ ਗ਼ਲਤ ਲਿਖ ਤੇ ਉਚਾਰ ਰਹੇ ਹਨ। ਇਸਦਾ ਮਤਲਬ ਹੈ ਕਿ ਸਮੱਸਿਆ ਸਿਰਫ ਸਾਰੇ ਪੱਧਰਾਂ 'ਤੇ ਪੰਜਾਬੀ ਲਾਗੂ ਕਰਨ ਦੀ ਹੀ ਨਹੀਂ ਹੈ, ਬਲਕਿ ਸਾਡੇ ਸਕੂਲਾਂ ਵਿਚ ਪ੍ਰਾਇਮਰੀ ਤੇ ਸੈਕੰਡਰੀ ਜਮਾਤਾਂ ਵਿਚ ਪੰਜਾਬੀ ਪੜ੍ਹਾਉਣ ਲਈ ਸਖ਼ਤੀ ਵਰਤਣ ਦੀ ਵੀ ਹੈ। ਪੰਜਾਬੀ ਅਧਿਆਪਕਾਂ ਦੀ ਪੰਜਾਬੀ ਸੁਧਾਰਨ ਲਈ ਪੰਜਾਬੀ ਵਿਦਵਾਨਾਂ ਤੇ ਸਾਹਿਤਕਾਰਾਂ ਵੱਲੋਂ ਸੈਮੀਨਾਰ ਕਰਵਾਏ ਜਾਣੇ ਚਾਹੀਦੇ ਹਨ। ਸੌਖੇ ਤਰੀਕਿਆਂ ਵਿਚੋਂ ਇਕ ਪੰਜਾਬੀ ਦੀ ਪਾਸ ਫੀਸਦ ਵਧਾਉਣਾ ਤੇ ਘੱਟ ਪਾਸ ਹੋਣ ਤੇ ਸਬੰਧਤ ਅਧਿਆਪਕ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨਾ ਹੈ। 

ਮਾਂ ਬੋਲੀ ਦੇ ਖ਼ਿਲਾਫ਼ ਸਭ ਤੋਂ ਘਟੀਆ ਵਿਹਾਰ ਪ੍ਰਾਈਵੇਟ ਸਕੂਲਾਂ ਦਾ ਹੈ ਜਿਹੜੇ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣ ਵਾਲੇ ਮਹਿੰਗੇ ਅਧਿਆਪਕ ਤਾਂ ਰੱਖ ਨਹੀਂ ਸਕਦੇ ਤੇ ਜਿਨ੍ਹਾਂ ਨੂੰ ਥੋੜ੍ਹੀ ਤਨਖਾਹ ਤੇ ਰੱਖਦੇ ਹਨ ਉਹ ਸੋਚਦੇ ਹਨ ਕਿ ਪੰਜਾਬੀ ਬੋਲਣ ਨਾਲ ਉਨ੍ਹਾਂ ਦੀ ਕੋਈ ਔਕਾਤ ਪਤਾ ਲੱਗ ਜਾਏਗੀ। ਇਸ ਕਰਕੇ ਉਹ ਬੱਚਿਆਂ ਨਾਲ ਵਿਚ ਵਿਚ ਹਿੰਦੀ ਬੋਲਣ ਲੱਗ ਪੈਂਦੇ ਹਨ ਪਰ ਪੰਜਾਬੀ ਤੋਂ ਬਚਦੇ ਹਨ। ਕੁਝ ਵੀ ਹੋਵੇ ਭਾਵੇਂ ਪ੍ਰਾਈਵੇਟ ਸਕੂਲ ਹੋਣ ਭਾਵੇਂ ਸਰਕਾਰੀ, ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਤੋਂ ਇਲਾਵਾ ਕਿਸੇ ਦੂਸਰੀ ਬੋਲੀ ਵਿੱਚ ਬੱਚਿਆਂ ਨਾਲ ਗੱਲਬਾਤ ਕਰਨੀ ਇੱਕ ਮੁਜ਼ਰਮਾਨਾ ਕਾਰਵਾਈ ਹੈ ਤੇ ਸਰਕਾਰ ਨੂੰ ਇਸਦੇ ਖਿਲਾਫ ਸਖ਼ਤ ਕਾਨੂੰਨ ਜਾਂ ਨਿਯਮ ਬਣਾਉਣੇ ਚਾਹੀਦੇ ਹਨ। ਮਾਂ ਬਾਪ ਜਾਂ ਕਿਸੇ ਦੂਸਰੇ ਦੀ ਇਹੋ ਜਿਹੀ ਸ਼ਿਕਾਇਤ ਮਿਲਣ ਤੇ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇ। ਜਿਹੜੇ ਕੇਂਦਰ ਦੇ ਜਾਂ ਕਿਸੇ ਬਾਹਰਲੇ ਬੋਰਡ ਨਾਲ ਜੁੜੇ ਹੋਏ ਹਨ ਉਨ੍ਹਾਂ ਦੇ ਖਿਲਾਫ ਰਾਜ ਸਰਕਾਰ ਵੱਲੋਂ ਜਿਹੜੀ ਵੀ ਕਾਰਵਾਈ ਕੀਤੀ ਜਾ ਸਕੇ ਕਰਨੀ ਚਾਹੀਦੀ ਹੈ। ਇੰਦਰਾ ਗਾਂਧੀ ਵੇਲੇ ਕੇਂਦਰ ਸਰਕਾਰ ਵੱਲੋਂ ਸਿੱਖਿਆ ਦੇ ਵਿਸ਼ੇ ਨੂੰ ਕੇਂਦਰ ਤੇ ਰਾਜਾਂ ਦੀ ਸਾਂਝੀ ਸੂਚੀ ਵਿੱਚ ਪਾ ਦੇਣ ਦੇ ਬਾਅਦ ਵੀ ਸੂਬਿਆਂ ਕੋਲ ਬਹੁਤ ਸਾਰੀਆਂ ਐਸੀਆਂ ਕਾਰਵਾਈਆਂ ਹਨ ਜਿਹੜੀਆਂ ਕੀਤੀਆਂ ਜਾ ਸਕਦੀਆਂ ਹਨ। ਸਕੂਲਾਂ ਦੇ ਪਾਣੀ ਬਿਜਲੀ ਦੇ ਕੁਨੈਕਸ਼ਨ, ਬੱਚੇ ਢੋਣ ਵਾਲੀਆਂ ਬੱਸਾਂ ਦੇ ਪਰਮਿਟ, ਸਕੂਲਾਂ ਦੀਆਂ ਬੱਸਾਂ ਚਲਾਉਣ ਵਾਲੇ ਡਰਾਇਵਰਾਂ ਦੇ ਲਾਇਸੈਂਸ, ਸਕੂਲੀ ਇਮਾਰਤਾਂ ਦੀਆਂ ਕਮੀਆਂ ਤੇ ਹੋਰ ਕਈ ਇਹੋ ਜਿਹੇ ਹੱਕ ਹਨ ਜਿਹੜੇ ਰਾਜਾਂ ਦੇ ਕੋਲ ਹਨ। ਜਿਹੜੇ ਸਕੂਲਾਂ ਦੇ ਖਿਲਾਫ ਇਹੋ ਜਿਹੀਆਂ ਸ਼ਿਕਾਇਤਾਂ ਮਿਲਦੀਆਂ ਹਨ ਉਨ੍ਹਾਂ ਦੇ ਨਾਂਅ ਸਰਕਾਰੀ ਰਿਕਾਰਡ ਵਿੱਚ ਜਨਤਕ ਕੀਤੇ ਜਾਣੇ ਚਾਹੀਦੇ ਹਨ। ਇੱਕ ਤੀਜੇ ਦਰਜੇ ਦੀ ਕਾਰਵਾਈ ਕਰਨ ਵਾਲੇ ਉਹ ਸਕੂਲ ਹਨ ਜਿਹੜੇ ਨਰਸਰੀਆਂ ਅਤੇ ਕੇ ਜੀ ਜਮਾਤਾਂ ਦੇ ਨਾਂ ਤੇ ਬੱਚੇ ਪੜ੍ਹਾਉਂਦੇ ਹਨ। ਉਹ ਪਹਿਲੀ ਜਮਾਤ ਤੋਂ ਪਹਿਲਾਂ ਹੀ ਬੱਚਿਆਂ ਨੂੰ ਹਿੰਦੀ ਤੇ ਅੰਗਰੇਜ਼ੀ ਦੇ ਸਬਕ ਪੜ੍ਹਾਉਣ ਲੱਗ ਪੈਂਦੇ ਹਨ। ਸਭ ਤੋਂ ਵੱਡੀ ਲਾਹਨਤ ਇਹ ਹੈ ਕਿ ਮਾਂ ਬਾਪ ਘਰ ਵਿੱਚ ਪੰਜਾਬੀ ਵਿੱਚ ਬੋਲਦੇ ਹਨ ਤੇ ਜਦੋਂ ਸਕੂਲੋਂ ਛੋਟੇ ਛੋਟੇ ਬੱਚੇ ਹਿੰਦੀ, ਅੰਗਰੇਜ਼ੀ ਬੋਲਦੇ ਆਉਂਦੇ ਹਨ ਤਾਂ ਇਹਨੂੰ ਇੱਕ ਆਮ ਜਿਹੀ ਗੱਲ ਸਮਝਣ ਲੱਗ ਪਏ ਹਨ। ਘਰੇ ਵੀ ਮਾਂ ਬਾਪ ਬੱਚਿਆਂ ਨੂੰ ਚੀਜ਼ਾਂ ਦੇ ਨਾਂ ਹਿੰਦੀ ਅੰਗਰੇਜ਼ੀ ਵਿਚ ਦੱਸਦੇ ਹਨ। ਜਦਕਿ ਇਹ ਪੰਜਾਬੀਆਂ ਦੀਆਂ ਅਗਲੀਆਂ ਪੀੜ੍ਹੀਆਂ ਦੇ ਸਰਵਨਾਸ਼ ਦੀ ਨੀਂਹ ਹੈ। ਸਕੂਲਾਂ ਵੱਲੋਂ ਅਜਿਹੀ ਕਿਸੇ ਕਾਰਵਾਈ ਨੂੰ ਅੱਤਵਾਦ ਜਿੰਨੀ ਸਜ਼ਾ ਦੇਣ ਦੇ ਨਿਯਮ ਹੋਣੇ ਚਾਹੀਦੇ ਹਨ।  

ਕਿਸੇ ਵੀ ਭਾਸ਼ਾ ਨੂੰ ਅੱਗੇ ਵਧਾਉਣ ਲਈ, ਉਸ ਨੂੰ ਸਰਕਾਰ ਅਤੇ ਕਾਰੋਬਾਰ ਦੀ ਭਾਸ਼ਾ ਬਣਾਉਣਾ ਬਹੁਤ ਜ਼ਰੂਰੀ ਹੈ। ਪਰ ਪੰਜਾਬ ਵਿੱਚ ਸਿਆਸੀ ਕਾਰਨਾਂ ਕਰਕੇ ਸਰਕਾਰ ਇਸਨੂੰ ਸਰਕਾਰ ਦੀ ਭਾਸ਼ਾ ਨਹੀਂ ਬਣਾਉਂਦੀ। ਇਸਦੇ ਦਫ਼ਤਰਾਂ ਅਤੇ ਕਚਹਿਰੀਆਂ ਵਿੱਚ ਵੀ ਪੰਜਾਬੀ ਦੀ ਹਾਲਤ ਤਰਸਯੋਗ ਹੈ। ਪੰਜਾਬੀ ਨੂੰ ਸਰਕਾਰੀ ਭਾਸ਼ਾ ਦੇ ਤੌਰ ਤੇ ਸਾਰੇ ਪਾਸੇ ਫੈਲਾਉਣ ਲਈ ਇਹ ਜ਼ਰੂਰੀ ਹੈ ਕਿ ਇਹ ਸਰਕਾਰੀ ਮੁਲਾਜ਼ਮਾਂ ਤੇ ਅਫ਼ਸਰਾਂ ਦੁਆਰਾ ਵਰਤੀ ਜਾਵੇ। ਇਸ ਦਾ ਇਕ ਹੱਲ ਹੈ ਅੰਗਰੇਜ਼ੀ ਵਿੱਚ ਲਿਖਣ ਵਾਲੇ ਨੂੰ ਮਹਿਕਮਾਨਾ ਕਾਰਵਾਈ ਦੀ ਸਖ਼ਤ ਸਜ਼ਾ ਦੇਣਾ ਤੇ ਦੂਜੇ ਪਾਸੇ ਪੰਜਾਬੀ ਵਰਤਣ ਨੂੰ ਆਸਾਨ ਬਣਾਉਣਾ। ਆਸਾਨ ਬਣਾਉਣ ਲਈ ਸਰਕਾਰੀ ਕੰਮਾਂ ਵਿੱਚ ਆਮ ਵਰਤੇ ਜਾਣ ਵਾਲੇ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਦੇ ਸ਼ਬਦਾਂ ਨੂੰ ਸੌਖੀ ਪੰਜਾਬੀ ਵਿੱਚ ਅਨੁਵਾਦ ਕਰਾ ਕੇ ਹਰ ਸਰਕਾਰੀ ਮਿਸਲ ਦੇ ਅੰਦਰਲੇ ਪਾਸੇ ਤਿੰਨ ਕਾਲਮਾਂ ਵਿੱਚ ਛਾਪਣਾ ਚਾਹੀਦਾ ਹੈ। ਕਿਉਂਕਿ ਪੰਜਾਬ ਵਿੱਚ ਪੁਲਿਸ ਤੇ ਪੁਲਿਸ ਪਤਨੀਆਂ (ਮਿਸਾਲ - ਇਜ਼ਹਾਰ ਆਲਮ, ਮੁਹੰਮਦ ਮੁਸਤਫਾ, ਦਿਨਕਰ ਗੁਪਤਾ ਤੇ ਕਈ ਹੋਰ) ਦੇ ਰਾਹੀਂ ਹੀ ਰਾਜ ਹੁੰਦਾ ਹੈ ਇਸ ਕਰਕੇ ਆਮ ਤੌਰ ਤੇ ਵਾਰਦਾਤਾਂ ਦੇ ਮੌਕੇ ਤੇ ਪੁਲਿਸ ਦੇ ਹੌਲਦਾਰ ਵੀ ਸਰਕਾਰੀ ਬੁਲਾਰੇ ਵਾਂਙੂੰ ਮਾਈਕ ਦੇ ਅੱਗੇ ਬੋਲਣ ਲੱਗ ਪੈਂਦੇ ਹਨ। ਇਹੋ ਹਾਲ ਕੁਝ ਹੋਰ ਮਹਿਕਮਿਆਂ ਦਾ ਹੈ ਪਰ ਇੱਲ ਦਾ ਨਾਂ ਕੋਕੋ ਨਾ ਜਾਨਣ ਵਾਲੇ ਮੁਲਾਜ਼ਮ ਵੀ ਆਪਣੇ ਆਪ ਨੂੰ ਕੇਂਦਰ ਦੇ ਬੁਲਾਰੇ ਸਮਝ ਕੇ ਮਾਈਕ ਵਿੰਹਦਿਆਂ ਹੀ ਹਿੰਦੀ ਦੇ ਅਵਤਾਰ ਬਣ ਜਾਂਦੇ ਹਨ। ਦਰਅਸਲ ਹਰ ਸਰਕਾਰੀ ਮਹਿਕਮੇ ਵੱਲੋਂ ਕੋਈ ਸਰਕਾਰੀ ਬਿਆਨ ਦੇਣ ਲਈ ਖ਼ਾਸ ਰੈਂਕ ਦੇ ਅਫ਼ਸਰ ਨਾਮਜ਼ਦ ਕੀਤੇ ਜਾਣੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਸਿਰਫ਼ ਪੰਜਾਬੀ ਵਿੱਚ ਬਿਆਨ ਦੇਣ ਦੀ ਹਦਾਇਤ ਹੋਣੀ ਚਾਹੀਦੀ ਹੈ। ਇਹੋ ਜਿਹੀ ਆਪਾਧਾਪੀ ਕੇਂਦਰ ਸਰਕਾਰ ਦੇ ਮਹਿਕਮਿਆਂ ਵਿਚ ਵੀ ਨਹੀਂ ਹੁੰਦੀ।

ਗਊ ਖੇਤਰ ਦੇ ਕੁਝ ਰਾਜਾਂ ਦੀਆਂ ਉੱਚ ਅਦਾਲਤਾਂ ਵੀ ਪੁਲਿਸ ਵੱਲੋਂ ਪੇਸ਼ ਕੀਤੇ ਚਲਾਨ ਮਨਜ਼ੂਰ ਨਹੀਂ ਕਰਦੀਆਂ ਜੇ ਚਲਾਨ ਤੇ ਹੋਰ ਸਾਰੇ ਕਾਗਜ਼ ਹਿੰਦੀ ਵਿੱਚ ਅਨੁਵਾਦ ਕਰਕੇ ਨਾ ਪੇਸ਼ ਕੀਤੇ ਜਾਣ। ਇਸ ਮਾਮਲੇ ਵਿੱਚ ਉਨ੍ਹਾਂ ਦੀਆਂ ਹੇਠਲੀਆਂ ਅਦਾਲਤਾਂ ਤਾਂ ਉਪਰਲੀਆਂ ਤੋਂ ਵੀ ਜ਼ਿਆਦਾ ਸਖ਼ਤ ਹਨ। ਪੰਜਾਬ ਦੀ ਉੱਚ ਅਦਾਲਤ ਨਾਲ ਸਰਕਾਰ ਵੱਲੋਂ ਤਾਲਮੇਲ ਕਰਕੇ ਉੱਚ ਅਦਾਲਤ ਵਿੱਚ ਤੇ ਹੇਠਲੀਆਂ ਅਦਾਲਤਾਂ ਵਿੱਚ ਵੀ ਇਹ ਜ਼ਰੂਰੀ ਬਣਾਇਆ ਜਾਣਾ ਚਾਹੀਦਾ ਹੈ ਕਿ ਪੰਜਾਬ ਤੋਂ ਪੇਸ਼ ਕੀਤੇ ਗਏ ਸਾਰੇ ਮੁਕੱਦਮਿਆਂ ਦੇ ਕਾਗਜ਼ ਪੰਜਾਬੀ ਵਿੱਚ ਪੇਸ਼ ਕੀਤੇ ਜਾਣ ਤੇ ਵਕੀਲਾਂ ਨੂੰ ਪੰਜਾਬੀ ਵਿੱਚ ਬਹਿਸ ਕਰਨ ਲਈ ਉਤਸ਼ਾਹਤ ਕੀਤਾ ਜਾਵੇ। ਕਾਨੂੰਨ ਦੇ ਤਕਨੀਕੀ ਸ਼ਬਦ ਅੰਗਰੇਜ਼ੀ ਵਿਚ ਜਿਉਂ ਦੇ ਤਿਉਂ ਬੋਲੇ ਤੇ ਲਿਖੇ ਜਾ ਸਕਦੇ ਹਨ ਜਿਨ੍ਹਾਂ ਨੂੰ ਹੌਲੀ ਹੌਲੀ ਆਸਾਨ ਪੰਜਾਬੀ ਵਿੱਚ ਤਰਜਮਾ ਕਰਕੇ ਅਦਾਲਤੀ ਲੋਕਾਂ ਵਿਚ ਵੰਡਣਾ ਚਾਹੀਦਾ ਹੈ। 

ਪੰਜਾਬੀ ਨੂੰ ਕਾਰੋਬਾਰ ਦੀ ਭਾਸ਼ਾ ਬਣਾਉਣਾ ਤਾਂ ਪੰਜਾਬ ਸਰਕਾਰ ਲਈ ਹੋਰ ਵੀ ਮੁਸ਼ਕਲ ਹੈ ਕਿਉਂਕਿ ਕਾਰੋਬਾਰ ਜ਼ਿਆਦਾਤਰ ਸ਼ਹਿਰਾਂ ਵਿੱਚ ਹੁੰਦਾ ਹੈ ਅਤੇ ਸ਼ਹਿਰਾਂ ਵਿਚ ਹਿੰਦੂ ਆਬਾਦੀ ਜ਼ਿਆਦਾ ਹੈ, ਇਸ ਲਈ ਉਨ੍ਹਾਂ ਨੂੰ ਆਪਣੀਆਂ ਦੁਕਾਨਾਂ 'ਤੇ ਪੰਜਾਬੀ ਲਿਖਣ ਅਤੇ ਕਾਰੋਬਾਰ ਪੰਜਾਬੀ ਵਿਚ ਕਰਨ ਲਈ ਮਜਬੂਰ ਕਰਨਾ ਪੰਜਾਬੀ ਸੂਬੇ ਵਿੱਚ ਹੀ ਸਿਆਸੀ ਵੋਟਾਂ ਦਾ ਮਸਲਾ ਬਣ ਸਕਦਾ ਹੈ! ਵਪਾਰ ਦੀ ਭਾਸ਼ਾ ਬਣਾਉਣ ਲਈ ਇਹ ਜ਼ਰੂਰੀ ਕੀਤਾ ਜਾਵੇ ਕਿ ਕਿਸੇ ਵੀ ਦੁਕਾਨ ਜਾਂ ਵਪਾਰਕ ਸਥਾਨ ਦਾ ਬੋਰਡ ਉਪਰਲੇ ਪਾਸੇ ਘੱਟੋ ਘੱਟ 80 ਫੀਸਦੀ ਪੰਜਾਬੀ ਵਿੱਚ ਲਿਖਿਆ ਜਾਵੇ। ਇਹ ਕੋਈ ਬਹੁਤਾ ਔਖਾ ਕੰਮ ਨਹੀਂ। ਪੰਜਾਬ ਸਰਕਾਰ ਤੇ ਲੋਕਲ ਸਰਕਾਰਾਂ(ਮਿਉਂਸਪੈਲਟੀਆਂ ਤੇ ਪੰਚਾਇਤਾਂ) ਵੱਲੋਂ ਦਿੱਤੇ ਜਾਂਦੇ ਲਾਇਸੈਂਸਾਂ ਤੇ ਮਨਜ਼ੂਰੀਆਂ ਵਿੱਚ ਇਹ ਜ਼ਰੂਰੀ ਕੀਤਾ ਜਾ ਸਕਦਾ ਹੈ। ਆਮ ਪੰਜਾਬੀ ਨਾਗਰਿਕਾਂ ਤੇ ਖ਼ਾਸ ਕਰਕੇ ਪੇਂਡੂਆਂ ਨੂੰ ਇਸ ਗੱਲੋਂ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਕੇਵਲ ਪੰਜਾਬੀ ਬੋਰਡ ਵਾਲੀਆਂ ਦੁਕਾਨਾਂ ਨੂੰ ਹੀ ਸਰਪ੍ਰਸਤੀ ਦੇਣ। ਏਦਾਂ ਹੀ ਕਾਫੀ ਅਸਰ ਪੈ ਸਕਦਾ ਹੈ ਕਿਉਂਕਿ ਸ਼ਹਿਰਾਂ ਦੀਆਂ ਦੁਕਾਨਾਂ ਵਿੱਚ ਖਰਚਾ ਕਰਨ ਵਾਲੇ ਆਮ ਕਰਕੇ ਬਹੁਤੇ ਪੇਂਡੂ ਲੋਕ ਹੀ ਹੁੰਦੇ ਹਨ। ਜੇ ਸਿਆਸੀ ਆਗੂ ਇਨ੍ਹਾਂ ਕੰਮਾਂ ਨੂੰ ਹੱਥ ਵਿੱਚ ਲੈਣ ਤੋਂ ਅਸਮਰੱਥ ਰਹੇ ਤਾਂ ਆਮ ਪਰ ਚਿੰਤਤ ਤੇ ਜ਼ੋਰ ਵਾਲੇ ਪੰਜਾਬੀ ਇਨ੍ਹਾਂ ਕੰਮਾਂ ਨੂੰ ਆਪਣੇ ਹੱਥ ਵਿੱਚ ਲੈ ਲੈਣਗੇ। ਫਿਰ ਹੁਣ ਵਾਲੇ ਸਿਆਸੀ ਆਗੂਆਂ ਦੀ ਕੀ ਲੋੜ ਰਹਿ ਜਾਵੇਗੀ? ਪਿਛਲੇ ਦਿਨਾਂ ਵਿਚ ਇਕੱਲੇ ਲੱਖੇ ਸਿਧਾਣੇ ਨੇ ਪੰਜਾਬੀ ਲੋਕਾਂ ਨੂੰ ਇੰਨਾ ਕੁ ਜਗਾਇਆ ਹੈ ਜਿੰਨਾ ਸਰਕਾਰੀ ਮਹਿਕਮੇ ਤੇ ਪੰਜਾਬੀ ਯੂਨੀਵਰਸਿਟੀ ਮਿਲਕੇ ਅਥਾਹ ਸਾਧਨਾਂ ਨਾਲ ਵੀ ਨਹੀਂ ਕਰ ਸਕੇ ਹੋਣੇ। ਉਲਟਾ ਪੰਜਾਬ ਸਰਕਾਰ ਨੇ ਉਸ ਤੇ ਕੇਸ ਦਰਜ ਕਰ ਦਿੱਤੇ ਹਨ।  

ਜਿੱਥੋਂ ਤੱਕ ਪੰਜਾਬੀ ਦੀ ਤਕਨੀਕੀ ਤਰੱਕੀ ਦਾ ਸਵਾਲ ਹੈ, ਪੰਜਾਬੀ ਲਈ ਕੀ-ਬੋਰਡਾਂ ਅਤੇ ਫੌਂਟਾਂ (ਟਾਈਪ ਅੱਖਰਾਂ) ਦਾ ਕੋਈ ਮਾਨਕੀਕਰਨ (standardization) ਨਹੀਂ ਹੈ ਜਿਹੜਾ ਕਿ ਪੰਜਾਬ ਦੇ ਭਾਸ਼ਾ ਵਿਭਾਗ ਜਾਂ ਪੰਜਾਬੀ ਯੂਨੀਵਰਸਿਟੀ ਦਾ ਕੰਮ ਹੋਣਾ ਚਾਹੀਦਾ ਸੀ। ਪੰਜਾਬੀ ਕੀਬੋਰਡ ਖਾਕੇ(keyboard layouts) 3-4 ਤਰ੍ਹਾਂ ਦੇ ਹਨ। ਪੁਰਾਣੇ ਰਮਿੰਗਟਨ ਖਾਕੇ ਨੂੰ ਤਾਂ ਸਿਰਫ਼ ਸਰਕਾਰੀ ਨੌਕਰੀ ਲਈ ਟੈਸਟ ਦੇਣ ਵਾਲੇ ਮਜ਼ਬੂਰੀ ਵਿਚ ਹੀ ਵਰਤਦੇ ਹਨ। ਭਾਰਤ ਸਰਕਾਰ ਦੁਆਰਾ ਭਾਰਤੀ ਭਾਸ਼ਾਵਾਂ ਲਈ ਬਣਾਏ ਇਨਸਕ੍ਰਿਪਟ ਕੀਬੋਰਡ ਨੂੰ ਤਾਂ ਕੋਈ ਹੱਥ ਵੀ ਨਹੀਂ ਲਾਉਂਦਾ। ਜ਼ਿਆਦਾ ਲੋਕ ਰੋਮਨ (ਅੰਗਰੇਜ਼ੀ ਅੱਖਰਾਂ) ਵਿੱਚ ਪੰਜਾਬੀ ਲਿਖਦੇ ਹਨ ਜਾਂ ਫੋਨੈਟਿਕ ਕੀਬੋਰਡ ਨਾਲ ਪੰਜਾਬੀ ਲਿਖਦੇ ਹਨ। ਫੋਨੈਟਿਕ ਕੀਬੋਰਡ ਦੇ ਬਹੁਤ ਫਾਇਦੇ ਹਨ। ਮੋਟੇ ਤੌਰ ਤੇ, ਅੰਗਰੇਜ਼ੀ ਕੀਬੋਰਡ ਖਾਕੇ ਨਾਲ ਬਹੁਤਿਆਂ ਦੀ ਪਛਾਣ ਹੋਣ ਕਰਕੇ ਇਹ ਆਸਾਨ ਵੀ ਹੈ ਤੇ ਹੌਲੀ ਹੌਲੀ ਅੰਗਰੇਜ਼ੀ ਨਾਲ ਵੀ ਪਛਾਣ ਵਧਾ ਦਿੰਦਾ ਹੈ। ਸ਼ੁਕਰ ਹੈ ਕਿ ਕੰਪਿਊਟਰ ਬਣਾਉਣ ਵਾਲੀਆਂ ਕੰਪਨੀਆਂ, ਜਿਵੇਂ ਮਾਈਕ੍ਰੋਸਾਫਟ, ਗੂਗਲ, ਐਪਲ ਆਦਿ, ਪੰਜਾਬੀ ਦਾ ਕੋਈ ਫੋਨੈਟਿਕ ਕੀਬੋਰਡ ਦੇ ਦਿੰਦੀਆਂ ਹਨ ਪਰ ਇਹ ਵੱਖ ਵੱਖ ਹਨ। ਕਿਸੇ ਵਿੱਚ ਕੋਈ ਅੱਖਰ ਇੱਕ ਕੁੰਜੀ(key) ਦਬਾਉਣ ਨਾਲ ਛਪਦਾ ਹੈ ਤੇ ਕਿਸੇ ਵਿੱਚ ਕੋਈ ਦੂਸਰੀ ਦਬਾਉਣ ਨਾਲ। ਓਪਰੇਟਿੰਗ ਸਿਸਟਮ(OS) ਦੇ ਨਵੀਨੀਕਰਨ(ਅਪਡੇਟ) ਵੇਲੇ ਵੀ ਇਹ ਪੰਜਾਬੀ ਦੇ ਕੀਬੋਰਡ ਅਪਡੇਟ ਕਰ ਦਿੱਤੇ ਜਾਂਦੇ ਹਨ। ਫੋਨੈਟਿਕ ਕੀਬੋਰਡ ਦੇ ਮਾਨਕੀਕਰਨ ਦੀ ਅਣਹੋਂਦ ਵਿੱਚ ਇਹ ਕੰਪਨੀਆਂ ਪੰਜਾਬੀ ਦੇ ਕੀਬੋਰਡ ਅਤੇ ਫੌਂਟਾਂ ਦਾ ਨਵੀਨੀਕਰਨ ਕਰਨ ਵੇਲੇ ਜੋ ਲਾਪਰਵਾਹੀ ਵਰਤਦੀਆਂ ਹਨ, ਉਸਦੀ ਮਿਸਾਲ ਵੇਖੋ। ਐਪਲ ਕੰਪਨੀ ਨੇ ਪਿਛੇ ਜਿਹੇ ਆਪਣੇ ਕੰਪਿਊਟਰਾਂ ਦੇ ਨਵੇਂ ਓਐਸ ਕੈਟਾਲਿਨਾ ਵਿੱਚ ਗੁਰਮੁਖੀ ਕੀਬੋਰਡ ਵਿੱਚ ਕੁਝ ਬਦਲਾਅ ਕੀਤੇ। ਨਤੀਜਾ ਇਹ ਹੋਇਆ ਕਿ ਉਨ੍ਹਾਂ ਦੇ ਬਣੇ ਕੰਪਿਊਟਰਾਂ ਤੇ ਹੀ ਪਹਿਲਾਂ ਗੁਰਮੁਖੀ ਕੀਬੋਰਡ ਨਾਲ ਲਿਖੇ ਤੇ ਸੰਭਾਲੇ ਕੁਝ ਸ਼ਬਦ ਦੁਬਾਰਾ ਠੀਕ ਕਰਨੇ ਪਏ ਹਨ। ਇਸ  ਤਰ੍ਹਾਂ ਦੇ ਸੁਧਾਰ ਪੰਜਾਬੀ ਵਿਚ ਹੀ ਹੁੰਦੇ ਹਨ, ਅੰਗਰੇਜ਼ੀ ਦੇ ਕੀਬੋਰਡ ਵਿੱਚ ਨਹੀਂ ਹੁੰਦੇ, ਕਿਉਂਕਿ ਪੰਜਾਬ ਸਰਕਾਰ ਜਾਂ ਪੰਜਾਬੀ ਯੂਨੀਵਰਸਿਟੀ ਦੁਆਰਾ ਪੰਜਾਬੀ ਲਈ ਐਸਾ ਕੋਈ ਮਾਨਕ (standard) ਫੋਨੈਟਿਕ ਕੀਬੋਰਡ ਨਹੀਂ ਬਣਾਇਆ ਗਿਆ ਜਿਹੜਾ ਇਕੋ ਕੀਬੋਰਡ ਸਾਰੇ ਮੰਚਾਂ ਤੇ ਇਸਤੇਮਾਲ ਕੀਤਾ ਜਾ ਸਕੇ ਜੋ ਆਮ ਬੰਦਾ ਆਸਾਨੀ ਨਾਲ ਯਾਦ ਰੱਖ ਸਕੇ ਅਤੇ ਵਰਤ ਸਕੇ। ਪੁਰਾਣਾ ਰਮਿੰਗਟਨ ਕੀਬੋਰਡ ਖ਼ਾਕਾ ਤਾਂ ਹੁਣ ਸੁੱਟਣ ਲਾਇਕ ਹੋ ਗਿਆ ਹੈ ਤੇ ਫੋਨੈਟਿਕ ਕੀਬੋਰਡ ਦੇ ਮਾਨਕੀਕਰਨ ਨਾਲ ਰੋਮਨ ਅੱਖਰਾਂ ਵਿੱਚ ਪੰਜਾਬੀ ਲਿਖਣ ਵਾਲੇ ਵੀ ਹੌਲੀ ਹੌਲੀ ਫੋਨੈਟਿਕ ਕੀਬੋਰਡ ਵੱਲ ਮੁੜ ਜਾਣਗੇ। ਪਰ ਇਸ ਜ਼ਰੂਰੀ ਕੰਮ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਜਾਪਦਾ। 

ਇਕ ਹੋਰ ਮਿਸਾਲ। ਦੋ ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਦੀ ਤਰਫੋਂ ਜਵਾਬ ਦਿੱਤਾ ਗਿਆ ਕਿ ਕੇਂਦਰ ਸਰਕਾਰ ਦੀ ਇਕ ਸੂਚਨਾ(ਨੋਟੀਫਿਕੇਸ਼ਨ) ਦੀ ਪਾਲਣਾ ਵਿਚ ਪੰਜਾਬ ਸਰਕਾਰ ਨੇ ਯੂਨੀਕੋਡ ਦੇ ਅਨੁਕੂਲਰਾਵੀਫੌਂਟ ਨੂੰ ਆਪਣਾ ਸਰਕਾਰੀ ਗੁਰਮੁਖੀ ਫੌਂਟ ਬਣਾਉਣ ਦਾ ਫੈਸਲਾ ਲਿਆ ਹੈ। ਇਹ ਵੀ ਕਿਹਾ ਗਿਆ ਕਿ 'ਰਾਵੀ' ਫੌਂਟ ਇਸ ਕਰਕੇ ਚੁਣਿਆ ਗਿਆ ਕਿਉਂਕਿ 'ਅਸੀਸ' ਅਤੇ 'ਜੋਏ' ਨਾਮ ਦੇ ਦੂਜੇ ਫੌਂਟ ਯੂਨੀਕੋਡ ਅਨੁਕੂਲ ਨਹੀਂ ਹਨ। ਇਹ ਤਾਂ ਸੀ ਕੇਂਦਰ ਦੀ ਬਿੱਲੀ ਦੇ ਹੁਕਮਾਂ ਦੀ ਪੰਜਾਬ ਦੇ ਚੂਹੇ ਆਗੂਆਂ ਦੁਆਰਾ ਪਾਲਣਾ। ਸਿਰਫ ਕੇਂਦਰ ਸਰਕਾਰ ਦੇ ਹੁਕਮ ਦਾ ਡਰ ਸੀ ਸੋ ਬਿਆਨ ਦੇ ਕੇ ਸਾਰ ਦਿੱਤਾ। ਪਰ ਇਹ ਚੂਹੇ ਆਗੂ ਪੰਜਾਬ ਦੇ ਲੋਕਾਂ ਦੇ ਕਿੰਨੇ ਕੁ ਹਿਤੂ ਜਾਂ ਸੇਵਕ ਹਨ, ਉਹ ਵੀ ਵੇਖੋ! ਪੰਜਾਬ ਦਾ ਮਾਲ ਮੰਤਰਾਲਾ ਉਹ ਮਹਿਕਮਾ ਹੈ ਜਿੱਥੇ ਦਲਾਲਾਂ ਤੇ ਬੇਈਮਾਨ ਮੁਲਾਜ਼ਮਾਂ ਦੁਆਰਾ ਕਾਗ਼ਜ਼ਾਂ ਦੇ ਨਾਂ ਤੇ ਭੋਲੇ ਭਾਲੇ ਪੇਂਡੂਆਂ ਦੀ ਸਭ ਤੋਂ ਵੱਧ ਲੁੱਟ ਕੀਤੀ ਜਾਂਦੀ ਹੈ। ਪਰ ਅੱਜ ਦੋ ਸਾਲ ਬਾਅਦ ਵੀ ਮਾਲ ਮੰਤਰਾਲੇ ਦੀ ਵੈੱਬਸਾਈਟ ਤੇ ਦਿੱਤੇ ਗਏ ਸਾਰੇ ਫਾਰਮ 'ਜੁਆਏ' ਫੌਂਟ ਵਿੱਚ ਹਨ ਨਾ ਕਿ 'ਰਾਵੀ' ਵਿਚ! ਕੋਈ ਮਾਈ ਦਾ ਲਾਲ ਸੂਚਨਾ ਤਕਨੀਕ ਦਾ ਮਾਹਰ ਹੀ ਇਹਨਾਂ ਨੂੰ ਵਰਤ ਸਕਦਾ ਹੈ। ਤੀਜੀ ਮਿਸਾਲ। ਜ਼ਮੀਨਾਂ ਦੀਆਂ ਫ਼ਰਦਾਂ ਦਾ ਜਿਹੜਾ ਰਿਕਾਰਡ ਆਨਲਾਈਨ ਕੀਤਾ ਗਿਆ ਹੈ ਉਸ ਵਿੱਚ ਪੰਜਾਬੀ ਦੀ ਦੁਰਗਤ ਵੇਖੋ। ਇੱਕ ਹੀ ਬੰਦੇ ਜੋਗਿੰਦਰ ਸਿੰਘ ਦੀ ਵੱਖ ਵੱਖ ਜ਼ਮੀਨ ਤਿੰਨਾਂ ਨਾਵਾਂ ਵਿੱਚ ਲਿਖੀ ਜਾ ਸਕਦੀ ਹੈ 'ਜੁਗਿੰਦਰ' ਸਿੰਘ, 'ਜੋਗਿੰਦਰ' ਸਿੰਘ ਤੇ ਜਗਿੰਦਰ ਸਿੰਘ। ਕੰਪਿਊਟਰ ਵਿੱਚ ਖੋਜ ਕਰਨ ਵੇਲੇ ਤਿੰਨਾਂ ਵਿਚੋਂ ਜਿਹੜਾ ਇਕ ਨਾਮ ਭਰੋਗੇ ਉਸ ਨਾਂ ਹੇਠ ਭਰੀ ਜ਼ਮੀਨ ਦਿਸ ਜਾਵੇਗੀ, ਬਾਕੀ ਨਹੀਂ। ਮਤਲਬ ਕਿ ਅਧੂਰੀ ਫ਼ਰਦ ਹੀ ਮਿਲੇਗੀ ਤਾਂ ਕਿ ਉਸਨੂੰ ਲੈ ਕੇ ਫਿਰ ਪਟਵਾਰੀਆਂ ਕੋਲ ਹਾਜ਼ਰੀਆਂ ਭਰੋ। ਕੀ ਮਾਲ ਮੰਤਰੀ ਤੇ ਅਫ਼ਸਰ ਇਸ ਕਰਕੇ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਕਿ ਕਿਤੇ 'ਮਾਲਦੀ ਲੁੱਟ ਵਿੱਚ ਕਮੀ ਨਾ ਜਾਵੇ? ਪੰਜਾਬ ਸਰਕਾਰ ਦੀਆਂ ਵੈੱਬਸਾਈਟਾਂ ਤੇ ਪੰਜਾਬੀ ਭਾਸ਼ਾ ਦੀ ਵਰਤੋਂ ਵੇਖੋ ਤਾਂ ਭਾਸ਼ਾ ਪੱਖੋਂ ਲਾਪਰਵਾਹੀ ਦੀਆਂ ਸੈਂਕੜੇ ਮਿਸਾਲਾਂ ਮਿਲ ਜਾਣਗੀਆਂ ਪਰ ਇਹ ਲੇਖ ਦਾ ਕੇਂਦਰੀ ਵਿਸ਼ਾ ਨਹੀਂ ਹੈ। ਪਰ ਪੰਜਾਬੀ ਯਾਦ ਰੱਖਣ ਕਿ ਆਉਣ ਵਾਲੇ ਵਕਤ ਵਿੱਚ ਜਿਹੜੀਆਂ ਭਾਸ਼ਾਵਾਂ ਤਕਨੀਕੀ ਸੌਫਟਵੇਅਰ ਦੀ ਵਰਤੋਂ ਵਿੱਚ ਤਰੱਕੀ ਕਰਨਗੀਆਂ ਉਹ ਹੀ ਆਪਣੇ ਆਪ ਨੂੰ ਜ਼ਿੰਦਾ ਰੱਖ ਸਕਣਗੀਆਂ।

ਪੰਜਾਬੀ ਵਿਚ ਇਕ ਦੋ ਸਾੱਫਟਵੇਅਰ ਹੀ ਹਨ, ਜਿਵੇਂ 'ਅੱਖਰ 2016’, 'ਗੁਰਮੁਖੀ ਤੇ ਸ਼ਾਹਮੁਖੀ ਕਨਵਰਟਰ' ਤੇ 'ਲਿੱਪੀਕਾਰ' ਜੋ ਕੰਮ ਦੇ ਹਨ, ਉਹ ਵੀ ਸੀਮਤ ਜਿਹੇ ਅਤੇ ਵਿੰਡੋਜ਼ ਜਾਂ ਐਂਡਰਾਇਡ ਫ਼ੋਨਾਂ ਵਾਸਤੇ। ਉਹ ਵੀ ਬਹੁਤ ਘੱਟ ਅਪਡੇਟ ਕੀਤੇ ਜਾਂਦੇ ਹਨ ਤੇ ਖਿੱਚਪਾਊ ਵੀ ਨਹੀਂ ਹਨ। ਉਹਨਾਂ ਦਾ ਪਰਚਾਰ ਵੀ ਕੋਈ ਨਹੀਂ। ਆਈਫ਼ੋਨਾਂ, ਹੋਰ ਮੋਬਾਈਲਾਂ, ਓਪਰੇਟਿੰਗ ਸਿਸਟਮਾਂ, ਲੈਪਟਾਪਾਂ ਬਾਰੇ ਕੋਈ ਚਿੰਤਾ ਹੀ ਨਹੀਂ? ਜੋ ਵੀ ਸਾੱਫਟਵੇਅਰ ਪੰਜਾਬੀ ਯੂਨੀਵਰਸਿਟੀ ਵਿਚੋਂ ਬਾਹਰ ਆਉਂਦਾ ਹੈ, ਉਹ ਸਿਰਫ ਰਵਾਇਤੀ ਕੰਪਿਊਟਰਾਂ ਤੇ ਕੰਮ ਕਰਦਾ ਹੈ। ਤੇ ਇਨ੍ਹਾਂ ਨੂੰ ਵਰਤਣ ਲਈ ਤੁਹਾਨੂੰ ਆਨਲਾਈਨ ਹੀ ਰਹਿਣਾ ਪਵੇਗਾ। ਦਰਅਸਲ ਪੰਜਾਬੀਆਂ ਦੇ ਟੌਹਰੀ ਆਈਫ਼ੋਨਾਂ ਅਤੇ ਐਪਲ ਦੇ ਮੈਕ ਕੰਪਿਊਟਰਾਂ ਲਈ ਕੋਈ ਪੰਜਾਬੀ ਸਾੱਫਟਵੇਅਰ ਹੈ ਹੀ ਨਹੀਂ। ਮਿਸਾਲ ਵਜੋਂ, ਪੰਜਾਬੀ ਲਈ ਇਕ ਯੂਨੀਵਰਸਿਟੀ ਅਤੇ ਇਕ ਭਾਸ਼ਾ ਵਿਭਾਗ ਹੋਣ ਦੇ ਬਾਵਜੂਦ ਕੰਪਿਊਟਰਾਂ ਲਈ ਕੋਈ ਵੀ ਬੋਲ ਕੇ ਟਾਈਪ ਕਰਨ ਵਾਲਾ (speech to text) ਸਾੱਫਟਵੇਅਰ ਨਹੀਂ ਹੈ। ਕਿਉਂਕਿ ਬੋਲ ਕੇ ਲਿਖਣਾ ਆਸਾਨ ਹੈ ਤੇ ਤੇਜ਼ ਹੈ, ਆਉਣ ਵਾਲੇ ਵਕਤ ਵਿਚ ਲੋਕ ਟਾਈਪ ਕਰਨ ਨਾਲੋਂ ਬੋਲ ਕੇ ਲਿਖਣ ਵੱਲ ਜ਼ਿਆਦਾ ਰੁਚਿਤ ਹੋਣਗੇ। ਮਾਈਕ੍ਰੋਸਾੱਫਟ, ਐਪਲ ਅਤੇ ਗੂਗਲ ਪੰਜਾਬੀਆਂ ਤੋਂ ਬਥੇਰਾ ਪੈਸਾ ਕਮਾਉਂਦੇ ਹਨ ਪਰ ਪੰਜਾਬੀਆਂ ਲਈ ਅਜਿਹਾ ਸਾੱਫਟਵੇਅਰ ਤਿਆਰ ਕਰਨ ਦੀ ਪਰਵਾਹ ਨਹੀਂ ਕਰਦੇ ਜਦੋਂ ਕਿ ਉਹ ਦੂਜੀਆਂ ਕਈ ਭਾਰਤੀ ਭਾਸ਼ਾਵਾਂ ਲਈ ਅਜਿਹਾ ਕਰ ਚੁੱਕੇ ਹਨ। ਪਰ ਉਨ੍ਹਾਂ ਤੇ ਦਬਾਅ ਕਿਸ ਨੇ ਪਾਉਣਾ ਹੈ

ਪੰਜਾਬੀ ਯੂਨੀਵਰਸਿਟੀ ਨੂੰ ਮਾਣ ਹੈ ਕਿ ਇਜ਼ਰਾਈਲ ਦੀ ਹਿਬਰੂ ਯੂਨੀਵਰਸਿਟੀ ਤੋਂ ਬਾਅਦ ਇਹ ਸੰਸਾਰ ਦੀ ਦੂਜੀ ਯੂਨੀਵਰਸਿਟੀ ਹੈ ਜੋ ਕਿਸੇ ਭਾਸ਼ਾ ਦੇ ਨਾਮ 'ਤੇ ਸਥਾਪਿਤ ਕੀਤੀ ਗਈ। ਪਰ ਲੱਗਦਾ ਨਹੀਂ ਕਿ ਪੰਜਾਬੀ ਯੂਨੀਵਰਸਿਟੀ ਵਾਲਿਆਂ ਨੇ ਕਦੇ ਹਿਬਰੂ ਯੂਨੀਵਰਸਿਟੀ ਦੀ ਮਹਾਨਤਾ ਬਾਰੇ ਪੜ੍ਹਿਆ ਹੋਵੇ। ਆਈਨਸਟਾਈਨ ਤੇ ਸਾਈਮਨ ਫਰਾਇਡ ਵਰਗੇ ਉਨ੍ਹਾਂ ਦੇ ਬੋਰਡ ਦੇ ਮੈਂਬਰ ਰਹੇ ਹਨ। ਉਨ੍ਹਾਂ ਦੇ 10-15 ਵਿਦਿਆਰਥੀ ਤਾਂ ਨੋਬਲ ਇਨਾਮ ਜਿੱਤ ਚੁੱਕੇ ਹਨ। ਉਨ੍ਹਾਂ ਦੇ ਚਾਰ ਵਿਦਿਆਰਥੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਹਨ। ਨੋਟ ਕਰਨ ਵਾਲੀ ਗੱਲ ਇਹ ਵੀ ਹੈ ਕਿ ਇਜ਼ਰਾਈਲ ਵਿੱਚ ਹਿਬਰੂ ਦੇ ਪੈਰੋਕਾਰ ਯਹੂਦੀ ਸਿਰਫ 65 ਲੱਖ ਹੀ ਹਨ। ਪਰ ਜਿਸ ਭਾਸ਼ਾ ਦੀ ਬਿਹਤਰੀ ਲਈ ਪੰਜਾਬੀ ਯੂਨੀਵਰਸਿਟੀ ਬਣਾਈ ਗਈ ਸੀ ਉਸ ਬਾਰੇ ਇਸ ਕੋਲ ਕਹਿਣ ਨੂੰ ਕੁਝ ਜ਼ਿਆਦਾ ਨਹੀਂ ਹੈ। ਮੋਟੇ ਤੌਰ ਤੇ, ਅੱਜ ਤੱਕ ਕਿਸੇ ਨੇ ਇਸ ਨੂੰ ਪੰਜਾਬੀ ਬੱਚਿਆਂ ਵਿੱਚ ਪੰਜਾਬੀ ਨੂੰ ਹਰਮਨ ਪਿਆਰਾ ਕਰਨ ਲਈ ਕੋਈ ਠੋਸ ਕਦਮ ਚੁੱਕਦਿਆਂ ਨਹੀਂ ਵੇਖਿਆ। ਇਸਦੇ ਮਿਹਨਤੀ ਵਿਅਕਤੀਆਂ ਵੱਲੋਂ ਉਚੇਚ ਨਾਲ ਤਿਆਰ ਕੀਤੀ ਸਾਫਟਵੇਅਰ ਨੂੰ ਵੀ ਲੋਕਾਂ ਵਿੱਚ ਪ੍ਰਚੱਲਤ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਉਲਟਾ, ਇੱਕ ਰੁਝਾਨ ਪੰਜਾਬੀ ਲਿਪੀ ਦੇ ਅੱਖਰਾਂ ਥੱਲੇ ਬਿੰਦੀ ਲਾਉਣ ਦਾ ਸ਼ੁਰੂ ਕੀਤਾ ਹੋਇਆ ਹੈ ਜਿਸ ਦੇ ਸਿੱਟੇ ਵਜੋਂ ਪਿੱਛੇ ਜਿਹੇ ਇਨ੍ਹਾਂ ਨੇ ਲੱਲੇ ਦੇ ਪੈਰੀਂ ਬਿੰਦੀ ਲਾ ਕੇ ਲਿਪੀ(ਪੈਂਤੀ) ਦੀ ਇਕਸਾਰਤਾ ਵੀ ਵਿਗਾੜ ਛੱਡੀ ਹੈ। ਇਉਂ ਲੱਗਦਾ ਹੈ ਕਿ ਇਹ ਲੱਲੇ ਦੇ ਦੋਹਰੇ ਉਚਾਰਨ ਨੂੰ ਇੱਕ ਅਲੱਗ ਚਿੰਨ੍ਹ ਦੇਣ ਲਈ ਕੀਤਾ ਗਿਆ। ਦੂਜੇ ਪਾਸੇ ਇਹ ਵੀ ਹੋ ਸਕਦਾ ਹੈ ਕਿ ਭਿ੍ਸ਼ਟਾਚਾਰ ਤੇ ਭਤੀਜਾਵਾਦ ਦੇ ਇਸ ਜ਼ਮਾਨੇ ਵਿਚ ਲੱਲੇ ਦੀ ਬਿੰਦੀ ਨੇ ਕੁਝ ਲੋਕਾਂ ਨੂੰ ਪੀ ਐਚ ਡੀ ਬਣਾ ਦਿਤਾ ਹੋਵੇ। ਪਰ ਇਹ ਤਾਂ ਰੁਝਾਨ ਹੀ ਗ਼ਲਤ, ਬੇਮੌਕਾ ਤੇ ਪਿਛੜੇਪਣ ਦੀ ਨਿਸ਼ਾਨੀ ਜਾਪਦਾ ਹੈ ਕਿਉਂਕਿ ਅੱਜ ਕੱਲ੍ਹ ਸੰਚਾਰ ਤੇ ਆਵਾਜਾਈ ਦੇ ਸਾਧਨਾਂ ਨੇ ਦੁਨੀਆਂ ਇੰਨੀ ਛੋਟੀ ਕਰ ਦਿੱਤੀ ਹੈ ਕਿ ਲਗਭਗ ਹਰੇਕ ਭਾਸ਼ਾ ਵਿਚ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਤੇ ਉਚਾਰਣ ਲਗਾਤਾਰ ਸ਼ਾਮਲ ਹੋ ਰਹੇ ਹਨ। ਅੰਗਰੇਜ਼ੀ ਵਿਚ ਇਹ ਸਭ ਤੋਂ ਜ਼ਿਆਦਾ ਹੋ ਰਿਹਾ ਹੈ। ਬਲਕਿ ਅੰਗਰੇਜ਼ੀ ਵਿਚ ਤਾਂ ਪਹਿਲਾਂ ਹੀ 'b+u+t ਬੱਟ ਹੈ ਤਾਂ p+u+t ਪੁਟ ਹੈਜਿਥੇ ਇੱਕੋ ਅੱਖਰ ਯੂ(u) ਦੋ ਵੱਖ ਵੱਖ ਉਚਾਰਣ ਦਿੰਦਾ ਹੈ। ਦਰਅਸਲ ਅੰਗਰੇਜ਼ੀ ਵਿੱਚ ਐਸੇ ਹਜ਼ਾਰਾਂ ਲਫ਼ਜ਼ ਹਨ ਜਿਨ੍ਹਾਂ ਵਿੱਚ ਅੰਗਰੇਜ਼ੀ ਦੀ ਲਿੱਪੀ ਦਾ ਇੱਕੋ ਅੱਖਰ ਅਲੱਗ ਅਲੱਗ ਉਚਾਰਨ ਦਿੰਦਾ ਹੈ। ਫਿਰ ਵੀ ਉਹਨਾਂ ਨੇ ਆਪਣੀ ਲਿਪੀ 26 ਅੱਖਰਾਂ ਤੱਕ ਹੀ ਸੀਮਤ ਰੱਖੀ ਹੈ ਅਤੇ ਅੰਗਰੇਜ਼ੀ ਦੇ ਸ਼ਬਦਕੋਸ਼(dictionery) ਵਿਚ ਨਵੇਂ ਉਚਾਰਣ ਬਾਰੇ ਨਵਾਂ ਸੰਕੇਤ ਅੱਖਰ ਦੇ ਦਿੰਦੇ ਹਨ। ਕੀ ਪੰਜਾਬੀ ਦਾ ਸ਼ਬਦਕੋਸ਼ ਉਚਾਰਣ ਬਾਰੇ ਸੇਧ ਸੰਕੇਤ ਨਹੀਂ ਦੇ ਸਕਦਾ? ਕੀ ਹਰ ਨਵਾਂ ਉਚਾਰਣ ਲੱਭਣ ਤੇ ਅਸੀਂ ਲਿੱਪੀ ਦੇ ਅੱਖਰਾਂ ਥੱਲੇ ਬਿੰਦੀਆਂ ਲਾਈ ਜਾਵਾਂਗੇ? ਤੇ ਫਿਰ ਕੀਬੋਰਡ ਖਾਕੇ ਦਾ ਵੀ ਹਰ ਵਾਰੀ ਸੁਧਾਰ ਕਰਦੇ ਰਹਾਂਗੇ? ਜੇ ਬਿੰਦੀ ਚਿਪਕਾਉਣੀ ਹੀ ਸੀ ਤਾਂ ਵੱਧ ਤੋਂ ਵੱਧ ਇਹ ਸ਼ਬਦਕੋਸ਼ ਵਿਚ ਅਲੱਗ ਉਚਾਰਣ ਦਰਸਾਉਣ ਲਈ ਇਕ ਵੱਖਰੇ ਨਿਸ਼ਾਨ ਵਜੋਂ ਲਾਈ ਜਾ ਸਕਦੀ ਸੀ ਜਿਵੇਂ ਅੰਗਰੇਜ਼ੀ ਵਿਚ ਹੁੰਦਾ ਹੈ, ਨਾ ਕਿ ਲਿਪੀ ਦੇ ਇਕ ਅਲੱਗ ਅੱਖਰ ਵਜੋਂ। ਇਸ ਲਈ ਲੱਲੇ ਦੀ ਬਿੰਦੀ ਨੂੰ ਰੱਦ ਕੀਤਾ ਜਾਵੇ ਤੇ ਅੱਗੋਂ ਤੋਂ ਇਹ ਕੰਮ ਰੋਕਿਆ ਜਾਵੇ ਤਾਂ ਕਿ ਘੱਟੋ ਘੱਟ ਪੰਜਾਬੀ ਦੀ ਇਕ ਮਾਨਤਾ ਪਰਾਪਤ ਲਿਪੀ ਤਾਂ ਰਹਿ ਸਕੇ।

ਜਿਵੇਂ ਪਹਿਲਾਂ ਕਿਹਾ ਹੈ, ਪੰਜਾਬੀ ਭਾਸ਼ਾ ਦੇ ਥੱਲੇ ਜਾਣ ਦਾ ਇੱਕ ਇਹ ਵੀ ਕਾਰਨ ਹੈ ਕਿ ਪਿਛਲੀ ਤਕਰੀਬਨ ਅੱਧੀ ਸਦੀ ਤੋਂ ਪੰਜਾਬੀ ਦੀਆਂ ਸਾਹਿਤ ਸਭਾਵਾਂ ਰੂਸੋਚੀਨ ਦੇ ਜੁੱਤੀਚੱਟਾਂ ਨੇ ਕਬਜ਼ੇ ਵਿੱਚ ਕੀਤੀਆਂ ਹੋਈਆਂ ਹਨ ਜਦਕਿ ਇਨ੍ਹਾਂ ਨੂੰ ਪੰਜਾਬ ਦੀ ਧਰਤੀ ਤੇ ਇਸ ਦੇ ਸੱਚੇ ਸੁੱਚੇ ਆਦਰਸ਼ਾਂ ਨਾਲ ਕੋਈ ਮੁਹੱਬਤ ਨਹੀਂ। ਇਹ ਸਿਰਫ ਉਦਯੋਗਿਕ ਮਾਹੌਲ ਵਿੱਚ ਕਾਰਗਰ ਕੁਝ ਸਿਧਾਂਤਾਂ ਨੂੰ ਇਸ ਕਿਰਸਾਨੀ ਮਾਹੌਲ ਵਿੱਚ ਵਾੜ ਕੇ ਆਪਣੀ ਲੀਡਰੀ ਤੇ ਚਮਚਾਗਿਰੀ ਚਮਕਾਉਣੀ ਚਾਹੁੰਦੇ ਸਨ। ਖਾੜਕੂਵਾਦ ਦੇ ਡੇਢ ਦਹਾਕੇ ਦੇ ਸਮੇਂ ਦੌਰਾਨ ਪੰਜਾਬੀ ਨੌਜਵਾਨਾਂ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਹੋਈ ਨਸਲਕੁਸ਼ੀ ਵਿੱਚ ਇਨ੍ਹਾਂ ਦੇ ਯੋਗਦਾਨ ਬਾਰੇ ਅਜੇ ਤਕ ਇਨ੍ਹਾਂ ਤੋਂ ਪੰਜਾਬੀਆਂ ਨੇ ਕੋਈ ਹਿਸਾਬ ਨਹੀਂ ਪੁੱਛਿਆ। ਇਸੇ ਤਰ੍ਹਾਂ ਇੱਥੋਂ ਦੀ ਅਖ਼ਬਾਰੀ ਪੱਤਰਕਾਰੀ ਤੇ ਟੀਵੀ ਗ਼ੈਰ-ਪੰਜਾਬੀਆਂ ਦੇ ਹੱਥ ਜਾਣ ਨਾਲ ਪੰਜਾਬੀ ਦੀ ਹੋਰ ਵੀ ਭੰਨ ਤੋੜ ਹੋ ਰਹੀ ਹੈ। ਪੰਜਾਬੀ ਦੇ ਹਮਦਰਦਾਂ ਨੂੰ ਇਨ੍ਹਾਂ ਨੂੰ ਗਲੋਂ ਲਾਹੁਣ ਦਾ ਕੋਈ ਤਰੀਕਾ ਸੋਚਣਾ ਪਏਗਾ। ਭਾਵੇਂ ਇਹ ਲੋਕ ਹਿੰਸਕ ਭੀੜਾਂ ਦੇ ਸੱਭਿਆਚਾਰ ਦੇ ਮਾਹਰ ਹਨ ਪਰ ਹਮਦਰਦ ਤੇ ਜ਼ੋਰ ਵਾਲੇ ਪੰਜਾਬੀਆਂ ਨੂੰ ਜਮਹੂਰੀ ਭੀੜਾਂ ਤੇ ਪਰਚਾਰ ਨਾਲ ਹੀ ਇਨ੍ਹਾਂ ਨੂੰ ਇਨ੍ਹਾਂ ਦੇ ਸੁਰੱਖਿਆ ਢਾਂਚਿਆਂ ਵਿੱਚੋਂ ਬਾਹਰ ਕੱਢਣ ਦਾ ਰਾਹ ਅਪਨਾਉਣਾ ਪਵੇਗਾ।   

ਕੋਈ ਵੀ ਕੌਮ ਹੋਂਦ ਵਿਚ ਨਹੀਂ ਰਹਿ ਸਕਦੀ ਜੇ ਇਸਦੇ ਲੋਕਾਂ ਨੂੰ ਆਪਣੇ ਪਿਛੋਕੜ ਤੇ ਮਾਣ ਨਹੀਂ ਹੈ। ਕੋਈ ਵੀ ਭਾਸ਼ਾ ਆਪਣੇ ਆਪ ਨੂੰ ਕਾਇਮ ਨਹੀਂ ਰੱਖ ਸਕਦੀ ਜੇ ਇਸਦੇ ਬੋਲਣ ਵਾਲੇ ਦੂਸਰੀਆਂ ਭਾਸ਼ਾਵਾਂ ਨੂੰ ਆਪਣੀ ਨਾਲੋਂ ਉੱਚਾ ਸਮਝਦੇ ਹੋਣ। ਪਰ ਲੱਗਦਾ ਹੈ ਕਿ ਜਿਹੜੇ ਲੋਕ ਹਜ਼ਾਰਾਂ ਸਾਲਾਂ ਤੋਂ ਗ਼ੁਲਾਮ ਸਨ, ਉਨ੍ਹਾਂ ਵਿੱਚੋਂ ਪੰਜਾਬੀ ਗੁਰੂ ਪੀਰ ਵੀ ਘਟੀਆਪਨ ਦੇ ਅਹਿਸਾਸ ਨੂੰ ਪੂਰੀ ਤਰ੍ਹਾਂ ਨਹੀਂ ਕੱਢ ਸਕੇ। ਇਹ ਗੱਲ ਅੱਜ ਦੇ ਪੰਜਾਬੀਆਂ ਤੇ ਪੂਰੀ ਢੁੱਕਦੀ ਹੈ ਜਿਨ੍ਹਾਂ ਦਾ ਇੱਕ ਹਿੱਸਾ ਉਰਦੂ ਨੂੰ ਮਾਣ ਦੇ ਰਿਹਾ ਹੈ ਤੇ ਦੂਜਾ ਹਿੰਦੀ ਨੂੰ ਸਿੰਘਾਸਨ ਤੇ ਬਿਠਾ ਰਿਹਾ ਹੈ। ਇਸ ਲਈ ਜਾਗਦੇ ਪੰਜਾਬੀਆਂ ਲਈ ਲੰਮੀ ਗਫ਼ਲਤ ਤੋਂ ਬਾਅਦ ਹੁਣ ਉਹ ਸਮਾਂ ਹੈ ਜਦੋਂ ਉਹ ਇਸ ਬਾਰੇ ਕਾਰਗਰ ਕਾਰਵਾਈ ਸ਼ੁਰੂ ਕਰਨ। ਅਜੇ ਵੇਲਾ ਹੈ ਕਿ ਉਰਦੂ ਤੇ ਹਿੰਦੀ ਦੇ ਦੁਪਾਸੜ ਹਮਲਿਆਂ ਨੂੰ ਠੱਲ੍ਹ ਪਾ ਕੇ ਪੰਜਾਬੀ ਨੂੰ ਉਸ ਦੀ ਬਣਦੀ ਸ਼ੁਧਤਾ ਤੇ ਇੱਜ਼ਤ ਦਿੱਤੀ ਜਾਵੇ।

ਪੰਜਾਬੀ ਨੂੰ ਹਰਮਨ ਪਿਆਰਾ ਕਰਨ ਤੇ ਦੋਵੇਂ ਪਾਸੇ ਸਮਝਣਯੋਗ ਰੱਖਣ ਲਈ ਸਾਂਝੇ ਪੰਜਾਬੀ ਕਵੀ ਦਰਬਾਰ ਤੇ ਪੰਜਾਬੀ ਕਿਤਾਬ ਮੇਲੇ ਹੋਣੇ ਚਾਹੀਦੇ ਹਨ। ਇਸ ਨਾਲ ਸਰੋਤੇ ਪੰਜਾਬੀਆਂ ਨੂੰ ਭਾਸ਼ਾ ਦੀਆਂ ਬਾਰੀਕੀਆਂ ਦਾ ਅਹਿਸਾਸ ਹੋਵੇਗਾ। ਪੰਜਾਬੀਆਂ ਨੂੰ ਪੜ੍ਹਨ ਲਿਖਣ ਦੀ ਆਦਤ ਨਹੀਂ ਪਰ ਸੁਣਨ ਦੀ ਜ਼ਰੂਰ ਹੈ। ਇਸ ਕਰਕੇ ਜੇ ਕਵੀ ਦਰਬਾਰ ਸੁਣ ਕੇ ਉਹ ਹੌਲੀ ਹੌਲੀ ਪੜ੍ਹਨ ਵਾਲੇ ਪਾਸੇ ਰੁਚਿਤ ਹੋ ਜਾਣ ਤਾਂ ਇਹ ਕੋਈ ਘਾਟੇ ਦਾ ਸੌਦਾ ਨਹੀਂ। ਇਸੇ ਕਰਕੇ ਕਵੀ ਦਰਬਾਰਾਂ ਤੇ ਮੇਲਿਆਂ ਦੇ ਨਾਲ ਕਿਤਾਬ ਮੇਲੇ ਵੀ ਜ਼ਰੂਰੀ ਹਨ। ਇਹ ਕੰਮ ਕਰਤਾਰਪੁਰ ਲਾਂਘੇ ਦੀ ਧਰਤੀ ਤੋਂ ਸ਼ੁਰੂ ਕੀਤੇ ਜਾਣ ਤਾਂ ਬਾਬੇ ਨਾਨਕ ਦਾ ਆਸ਼ੀਰਵਾਦ ਵੀ ਮਿਲ ਜਾਏਗਾ। ਫਿਰ ਦੋਵੇਂ ਪਾਸੇ ਪੰਜਾਬੀ ਨੂੰ ਅੱਗੇ ਵਧਣ ਲਈ ਇੱਕ ਨਵੀਂ ਤਾਕਤ ਮਿਲੇਗੀ। ਐਨ ਮੁਮਕਿਨ ਹੈ ਕਿ ਇਸ ਕੰਮ ਵਿੱਚ ਕੇਂਦਰ ਸਰਕਾਰ ਸਹਿਯੋਗ ਕਰਨ ਦੀ ਬਜਾਏ ਰੋੜੇ ਅਟਕਾਵੇ। ਪਰ ਭਾਵੇਂ 70 ਸਾਲ ਲੱਗੇ, ਲਾਂਘਾ ਵੀ ਤਾਂ ਬਣ ਹੀ ਗਿਆ ਹੈ। ਇਨ੍ਹਾਂ ਮੇਲਿਆਂ ਤੇ ਦਰਬਾਰਾਂ ਦੇ ਸਿਰੇ ਵਜੋਂ ਹਰ ਸਾਲ ਇੱਕ ਨਵੰਬਰ ਨੂੰ ਇੱਕ ਵੱਡਾ ਕਵੀ ਦਰਬਾਰ ਅਤੇ ਕਿਤਾਬ ਮੇਲਾ ਸਰਕਾਰ ਜਾਂ ਕਿਸੇ ਜਨਤਕ ਸਭਾ ਵੱਲੋਂ ਸਿਰਜਿਆ ਜਾਣਾ ਚਾਹੀਦਾ ਹੈ ਜਿਹਦੇ ਵਿੱਚ ਦੋਵਾਂ ਪੰਜਾਬਾਂ ਦੇ ਲੋਕ ਸ਼ਾਮਿਲ ਹੋ ਸਕਣ। ਇਸ ਵਿੱਚ ਪੰਜਾਬੀ ਭਾਸ਼ਾ ਦੀ ਤਕਨੀਕੀ ਤਰੱਕੀ ਲਈ ਚੰਗਾ ਕੰਮ ਕਰਨ ਵਾਲੇ ਤੇ ਸਾਫਟਵੇਅਰ ਬਣਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇ। ਪਹਿਲੀ ਨਵੰਬਰ ਨੂੰ 'ਪੰਜਾਬ ਦਿਵਸ' ਮਨਾਉਣਾ ਬਿਲਕੁਲ ਬੇ-ਅਰਥਾ ਹੈ ਕਿਉਂਕਿ ਇਕ ਮਿਉਂਸਪਲ ਕਾਰਪੋਰੇਸ਼ਨ ਵਰਗਾ ਇਹ ਸੂਬਾ ਤਾਂ ਅੱਧੀ ਸਦੀ ਤੋਂ ਬਾਅਦ ਵੀ ਅਜੇ ਅਧੂਰਾ ਪਿਆ ਹੈ ਤੇ ਇੱਕ ਵੀ ਪੰਜਾਬੀ ਇਸ ਪੰਜਾਬ ਦਿਵਸ ਵਿੱਚ ਦਿਲੋਂ ਸ਼ਾਮਲ ਨਹੀਂ ਹੁੰਦਾ। ਦੇਸਾਂ ਦੀ ਰਾਜਧਾਨੀ ਹੁੰਦੀ ਹੈ, ਸੂਬਿਆਂ ਦੀ ਵੀ ਰਾਜਧਾਨੀ ਹੁੰਦੀ ਹੈ ਪਰ ਮਿਉਂਸਪਲ ਕਾਰਪੋਰੇਸ਼ਨਾਂ ਦੀ ਨਹੀਂ। ਬਿਹਤਰ ਇਹ ਹੋਵੇਗਾ ਕਿ ਇਸ ਦਿਨ ਨੂੰ 'ਪੰਜਾਬੀ ਦਿਹਾੜੇਦੇ ਤੌਰ ਤੇ ਮਨਾਇਆ ਜਾਏ ਤੇ ਪੰਜਾਬੀ ਨੂੰ ਅੱਗੇ ਵਧਾਉਣ ਲਈ ਵਰਤ ਲਿਆ ਜਾਵੇ। ਇਹੋ ਜਿਹੇ ਕਦਮਾਂ ਨਾਲ ਡਾਵਾਂਡੋਲ ਹੋਏ ਪੰਜਾਬੀਆਂ ਦੇ ਹੌਂਸਲੇ ਵਧਣਗੇ ਤੇ ਪੰਜਾਬੀ ਨੌਜਵਾਨਾਂ ਨੂੰ ਦੋਵੇਂ ਪਾਸੇ ਰੁਜ਼ਗਾਰ ਮਿਲਣ ਦੇ ਮੌਕੇ ਵੀ ਵਧਣਗੇ। ਅੰਤ ਵਿਚ ਓਧਰਲੀ ਸ਼ਾਇਰੀ ਦੇ ਕੁਝ ਨਮੂਨੇ:-


ਉਹ ਕਹਿੰਦਾ ਪਿਆਰ ਤੇ ਜੰਗ ਵਿਚ ਜਾਇਜ਼ ਸਭ

ਮੈਂ ਕਹਿਨੀ ਆਂ ਊਹੂੰ! ਹੇਰਾਫੇਰੀ ਨਹੀਂ। --- ਤਾਹਿਰਾ ਸਰਾ


ਜਿਊਂਦਾ ਨਹੀਂ ਉਹ ਜਿਹੜਾ ਚੁੱਪ

ਵੇਖੋ ਕਿਹੜਾ ਕਿਹੜਾ ਚੁੱਪ ਏ। --- ਸਾਬਿਰ ਅਲੀ ਸਾਬਿਰ


ਇਹ ਧਰਤੀ ਜੇ ਰੱਬ ਦੀ ਹੁੰਦੀ

ਕਸਮ ਰੱਬ ਦੀ, ਸਭ ਦੀ ਹੁੰਦੀ। --- ਬਾਬਾ ਨਜ਼ਮੀ

(੨੭/੮/੨੦੨੦ ਤੋਂ ਰੋਜ਼ਾਨਾ ਸਪੋਕਸਮੈਨ ਵਿਚ ਛਪਿਆ ਹੋਇਆ)