May 26, 2024

ਫ਼ਲਸਤੀਨ ਅਤੇ ਪੰਜਾਬ(Palestine And Punjab)

 ਪੱਪਾ ਪੰਜਾਬ ਫੱਫਾ ਫ਼ਲਸਤੀਨ

ਯਹੂਦੀ, ਇਸਾਈ ਅਤੇ ਇਸਲਾਮ ਤਿੰਨਾਂ ਨੂੰ ਅਬਰਾਹਮਿਕ ਧਰਮ ਕਹਿੰਦੇ ਹਨ ਕਿਉਂਕਿ ਉਹਨਾਂ ਦੀ ਕਹਾਣੀ ਇੱਕ ਸਭ ਤੋਂ ਪੁਰਾਣੇ ਬਜ਼ੁਰਗ ਅਬਰਾਹਮ ਤੋਂ ਸ਼ੁਰੂ ਹੁੰਦੀ ਹੈ ਅਤੇ ਇਹਨਾਂ ਦੀਆਂ ਕੁਝ ਪਵਿੱਤਰ ਕਿਤਾਬਾਂ ਸਾਂਝੀਆਂ ਹਨ। ਭਾਵੇਂ ਇਸਲਾਮ ਨੇ ਕੁਰਾਨ ਨੂੰ ਆਪਣੀ ਪਵਿੱਤਰ ਪੁਸਤਕ ਬਣਾਇਆ ਹੈ ਪਰ ਉਹ ਬਾਈਬਲ ਦੇ ਮਿਥਿਹਾਸ ਵਿੱਚ ਵੀ ਵਿਸ਼ਵਾਸ ਰੱਖਦੇ ਹਨ। ਬਾਈਬਲ ਦੋ ਮੁੱਖ ਭਾਗਾਂ ਵਿੱਚ ਵੰਡੀ ਹੋਈ ਹੈ ਜਿਨਾਂ ਨੂੰ ਪੁਰਾਣੀ ਟੈਸਟੇਮੈਂਟ ਅਤੇ ਨਵੀਂ ਟੈਸਟੇਮੈਂਟ ਆਖਦੇ ਹਨ। ਪੁਰਾਣੀ ਵਿੱਚ ਕੁੱਲ 39 ਕਿਤਾਬਾਂ ਹਨ ਜਦਕਿ ਨਵੀਂ ਵਿੱਚ 27 ਹਨ। ਯਹੂਦੀ ਪੁਰਾਣੀ ਟੈਸਟੇਮੈਂਟ ਦੀਆਂ ਪਹਿਲੀਆਂ ਪੰਜ ਕਿਤਾਬਾਂ ਨੂੰ ਆਪਣੇ ਲਈ ਪਵਿੱਤਰ ਸਮਝਦੇ ਹਨ ਅਤੇ ਇਹਨਾਂ ਨੂੰ ਤੌਰਾਤ(Torah) ਕਹਿੰਦੇ ਹਨ। ਈਸਾਈਆਂ ਲਈ ਨਵੀਂ ਟੈਸਟੇਮੈਂਟ ਜਿਆਦਾ ਪਵਿੱਤਰ ਹੈ। ਭਾਵੇਂ ਬਾਈਬਲ ਦੇ ਮਿਥਿਹਾਸ ਦਾ ਓਨਾ ਕੁ ਹੀ ਇਤਿਹਾਸਕ ਸਬੂਤ ਮਿਲਦਾ ਹੈ ਜਿੰਨਾ ਕੁ ਬ੍ਰਾਹਮਣਵਾਦ ਦੇ ਮਿਥਿਹਾਸਕ ਵੇਦਾਂ ਪੁਰਾਣਾਂ ਦਾ, ਪਰ ਇਹ ਦਿਲਚਸਪ ਕਹਾਣੀਆਂ ਇਹਨਾਂ ਕੌਮਾਂ ਦੇ ਅਗਿਆਨੀ ਤੇ ਅੰਧਵਿਸ਼ਵਾਸੀ ਪੈਰੋਕਾਰਾਂ ਨੂੰ ਕਾਬੂ ਵਿੱਚ ਰੱਖਣ ਲਈ ਖ਼ੂਬ ਕੰਮ ਆਉਂਦੀਆਂ ਹਨ। 
ਇਸ ਗੱਲੋਂ ਸਿੱਖਾਂ ਨੂੰ ਗੁਰੂ ਸਾਹਿਬਾਨ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਸਿੱਖਾਂ ਨੂੰ ਕੁਲ, ਧਰਮ, ਕਿਰਤ ਅਤੇ ਕਰਮ ਨਾਸ਼ ਦੇ ਸਿਧਾਂਤ ਨਾਲ ਜੋੜ ਕੇ ਨਿਆਰਾ ਬਣਾਇਆ ਹੈ(ਇਤਿਹਾਸਕਾਰ ਜੇ ਡੀ ਕਨਿੰਘਮ ਮੁਤਾਬਕ) ਭਾਵੇਂ ਸਿੱਖੀ ਵਿੱਚ ਵੀ ਹੁਣ ਪੁਜਾਰੀ ਤਬਕਾ 'ਪੁਰਾਤਨ ਮਰਿਆਦਾ', 'ਪੁਰਾਤਨ ਮਰਿਆਦਾ' ਦੀ ਰਟ ਲਾ ਕੇ ਆਪਣੀ ਨੌਕਰੀ ਪੱਕੀ ਕਰੀ ਜਾ ਰਿਹਾ ਹੈ।
ਏਸ਼ੀਆ ਦਾ ਹਿੱਸਾ, ਇਜ਼ਰਾਈਲ ਨਾਂ ਦਾ ਦੇਸ਼ ਯੂਰਪ, ਏਸ਼ੀਆ ਅਤੇ ਅਫਰੀਕਾ ਮਹਾਂਦੀਪਾਂ ਦੀਆਂ ਨੁੱਕਰਾਂ 'ਤੇ ਸਥਿਤ ਹੈ। ਲਹਿੰਦੇ ਵੱਲ ਇਹ ਭੂ ਮੱਧ ਸਾਗਰ ਨਾਲ ਘਿਰਿਆ ਹੋਇਆ ਹੈ। ਚੜ੍ਹਦੇ ਵੱਲ ਜਾਰਡਨ, ਉੱਤਰ ਵੱਲ ਲਿਬਨਾਨ ਅਤੇ ਸੀਰੀਆ ਹਨ ਅਤੇ ਦੱਖਣ-ਪੱਛਮ ਵਿੱਚ ਮਿਸਰ ਹੈ। ਇਸ ਵਿੱਚ ਦੋ ਵੱਡੀਆਂ ਕੌਮਾਂ ਵਸਦੀਆਂ ਹਨ, ਯਹੂਦੀ ਅਤੇ ਮੁਸਲਮਾਨ। ਇਸ ਦੇ ਦੱਖਣ ਪੱਛਮ ਵਿੱਚ ਸਾਗਰ ਦੇ ਨਾਲ ਨਾਲ ਗਾਜ਼ਾ(Gaza) ਪੱਟੀ ਹੈ ਜਿੱਥੇ ਹਮਾਸ ਨਾਮ ਦੀ ਖਾੜਕੂ ਜਥੇਬੰਦੀ ਦੇ ਅਧੀਨ ਫ਼ਲਸਤੀਨੀ ਮੁਸਲਮਾਨ ਰਹਿੰਦੇ ਹਨ। ਚੜ੍ਹਦੇ ਵੱਲ ਜਾਰਡਨ ਵਾਲੇ ਪਾਸੇ ਵੀ ਪੱਛਮੀ ਕੰਢਾ(West Bank) ਨਾਂ ਦਾ ਖੇਤਰ ਹੈ ਤੇ ਉਹ ਵੀ ਇਕ ਫ਼ਲਸਤੀਨੀ ਮੁਸਲਮਾਨ ਸਰਕਾਰ ਦੁਆਰਾ ਸੰਭਾਲਿਆ ਜਾਂਦਾ ਹੈ। ਬਾਕੀ ਦੇ ਸਾਰੇ ਇਲਾਕੇ ਤੇ ਯਹੂਦੀਆਂ ਦਾ ਇਜ਼ਰਾਈਲ ਹੈ। ਹੁਣ ਵਾਲਾ ਯੁੱਧ ਹਮਾਸ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ ਤੇ ਹਮਲਾ ਕਰਕੇ ਸ਼ੁਰੂ ਕੀਤਾ ਹੈ। 
ਹੋਰ ਗੱਲਾਂ ਦੇ ਨਾਲ ਨਾਲ ਯਹੂਦੀ ਲੋਕ ਇਜ਼ਰਾਈਲ ਦੀ ਧਰਤੀ 'ਤੇ ਆਪਣਾ ਦਾਅਵਾ ਇਸ ਕਰਕੇ ਵੀ ਜਤਾਉਂਦੇ ਹਨ ਕਿ ਮਿਥਿਹਾਸ ਵਿੱਚ ਰੱਬ ਨੇ ਉਹਨਾਂ ਦੇ ਪੁਰਖੇ ਅਬਰਾਹਮ ਨੂੰ ਇਸ ਜ਼ਮੀਨ ਦਾ ਵਾਅਦਾ ਕੀਤਾ ਸੀ। ਦੂਜੇ ਵੱਡੇ ਯੁੱਧ ਦੇ ਖਾਤਮੇ ਤੋਂ ਬਾਅਦ ਜਿੱਤੇ ਹੋਏ ਪੱਛਮੀ ਮੁਲਕਾਂ ਨੇ 1948 ਵਿੱਚ ਯਹੂਦੀਆਂ ਦੇ ਇਜ਼ਰਾਈਲ ਨੂੰ ਇਸ ਇਲਾਕੇ ਵਿੱਚ ਮਾਨਤਾ ਦੇ ਦਿੱਤੀ ਕਿਉਂਕਿ ਜਰਮਨੀ ਦੇ ਹਿਟਲਰ ਨੇ ਉਹਨਾਂ ਤੇ ਬਹੁਤ ਅੱਤਿਆਚਾਰ ਕੀਤੇ ਸਨ। ਪੱਛਮੀ ਮੁਲਕਾਂ ਦੀ ਮਦਦ ਨਾਲ ਯਹੂਦੀ ਹੁਣ ਤੱਕ ਫ਼ਲਸਤੀਨੀਆਂ ਨੂੰ ਲੜਾਈ ਵਿੱਚ ਪਛਾੜਦੇ ਰਹੇ ਹਨ। ਹੁਣ ਤਾਂ ਉਹ ਇਹ ਵੀ ਕਹਿੰਦੇ ਹਨ ਕਿ ਇਸ ਇਲਾਕੇ ਦਾ ਉਹਨਾਂ ਨੇ ਹੀ ਵਿਕਾਸ ਕੀਤਾ ਹੈ, ਸੋ ਉਹਨਾਂ ਦਾ ਹੋ ਗਿਆ। 
ਇੱਥੇ ਯਹੂਦੀਆਂ ਦੀ ਆਬਾਦੀ 19ਵੀਂ ਸਦੀ ਤੱਕ ਨਿਗੂਣੀ ਜਿਹੀ ਸੀ। 1920ਵਿਆਂ ਤੋਂ ਲੈ ਕੇ ਦੂਸਰੇ ਮਹਾਂ ਯੁੱਧ ਤੱਕ ਇਸ ਉੱਤੇ ਵੀ ਭਾਰਤ ਵਾਂਙ ਅੰਗਰੇਜ਼ਾਂ ਦਾ ਹੀ ਕਬਜ਼ਾ ਸੀ। ਇਸ ਦੌਰਾਨ ਹੌਲੀ ਹੌਲੀ ਇੱਥੇ ਯਹੂਦੀਆਂ ਦੀ ਗਿਣਤੀ ਵਧਦੀ ਗਈ ਜੋ ਦੂਸਰੇ ਮੁਲਕਾਂ ਤੋਂ ਇੱਥੇ ਆ ਕੇ ਵੱਸਦੇ ਰਹੇ। ਇਸ ਵਕਤ ਅੰਦਾਜ਼ਨ ਇਜ਼ਰਾਈਲੀ ਹਿੱਸੇ ਦੀ ਆਬਾਦੀ 96 ਲੱਖ ਹੈ ਅਤੇ ਇਸ ਵਿੱਚ 73.5 ਫੀਸਦੀ ਦੇ ਆਸ ਪਾਸ ਯਹੂਦੀ ਆਬਾਦੀ ਹੈ ਤੇ 18 ਕੁ ਫੀਸਦੀ ਫ਼ਲਸਤੀਨੀ। ਫ਼ਲਸਤੀਨੀ ਹਿੱਸੇ ਦੀ ਆਬਾਦੀ ਦਾ ਅੰਦਾਜ਼ਾ 53 ਲੱਖ ਹੈ ਜਿਸ ਵਿੱਚੋਂ 22 ਕੁ ਲੱਖ ਗਾਜ਼ਾ ਵਿੱਚ ਤੇ ਬਾਕੀ ਪੱਛਮੀ ਕੰਢੇ ਵਿੱਚ ਵੱਸਦੀ ਹੈ। ਦੋਹਾਂ ਕੌਮਾਂ ਦੀ ਆਬਾਦੀ ਨੂੰ ਮਿਲਾ ਕੇ ਕੁੱਲ ਆਬਾਦੀ ਡੇੜ੍ਹ ਕੁ ਕਰੋੜ ਬਣਦੀ ਹੈ ਜਿਸ ਵਿੱਚ ਯਹੂਦੀ ਤੇ ਫ਼ਲਸਤੀਨੀ ਹਿੱਸਾ ਲਗਭਗ ਇੱਕੋ ਜਿਹਾ ਹੋ ਗਿਆ ਹੈ। ਇਸ ਕਰਕੇ ਦੋ ਆਜ਼ਾਦ ਮੁਲਕਾਂ ਦੀ ਸਿਰਜਣਾ ਵਾਲਾ ਹੱਲ ਹੀ ਸਭ ਤੋਂ ਜ਼ਿਆਦਾ ਵਿਚਾਰਿਆ ਗਿਆ ਹੈ।
ਮੁਕਾਬਲਾ ਕਰਨ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੀ ਆਬਾਦੀ ਸਵਾ ਤਿੰਨ ਕਰੋੜ ਦੇ ਆਸ ਪਾਸ ਹੈ। ਪੰਜਾਬ ਦਾ ਖੇਤਰਫਲ 50000 ਵਰਗ ਕਿਲੋਮੀਟਰ ਤੋਂ ਥੋੜ੍ਹਾ ਜਿਹਾ ਵੱਧ ਹੈ ਜਦਕਿ ਇਜ਼ਰਾਈਲ ਤੇ ਫ਼ਲਸਤੀਨ ਦਾ ਕੁੱਲ ਖੇਤਰਫਲ ਪੰਜਾਬ ਤੋਂ ਲਗਭਗ ਅੱਧਾ ਹੈ।
ਜਿਉਂ ਜਿਉਂ ਦੁਨੀਆਂ ਵਿੱਚ ਲੋਕਤੰਤਰ ਦੀ ਵਾਹ ਵਾਹ ਵੱਧ ਰਹੀ ਹੈ ਤਿਉਂ ਤਿਉਂ ਵੱਡੇ ਤੇ ਵਿਕਸਿਤ ਕੌਮਾਂ ਵਾਲੇ ਦੇਸ਼ ਛੋਟਿਆਂ ਨੂੰ ਪੱਛੜੇ ਰੱਖਣ ਲਈ ਨਵੇਂ ਨਵੇਂ ਹਰਬੇ ਵਰਤਦੇ ਹਨ। ਇਸੇ ਤਰ੍ਹਾਂ ਦੇ ਤਰੀਕਾਕਾਰ ਅੱਗੋਂ ਇੱਕੋ ਸਾਂਝੇ ਮੁਲਕ ਵਿੱਚ ਘੱਟ ਗਿਣਤੀਆਂ ਜਾਂ ਮਾੜਿਆਂ ਤੇ ਅੱਤਿਆਚਾਰ ਕਰਨ ਲਈ ਵੀ ਵਰਤੇ ਜਾਂਦੇ ਹਨ ਜਿਵੇਂ ਕਿ ਪੰਜਾਬ ਦੀ ਸਥਿਤੀ ਹੈ। ਸਭ ਤੋਂ ਅਸਰਦਾਰ ਤਰੀਕਾ ਇਹ ਹੈ ਕਿ ਮਾੜੇ ਨੂੰ ਇੰਨੇ ਧੱਕੇ ਮਾਰੇ ਜਾਣ ਕਿ ਅਖੀਰ ਉਹ ਕੰਧ ਨਾਲ ਜਾ ਲੱਗੇ। ਭਾਵੇਂ ਕੋਈ ਕਿੰਨਾ ਵੀ ਅਮਨ ਪਸੰਦ ਹੋਵੇ ਪਰ ਜਦੋਂ ਕੰਧ ਨਾਲ ਲੱਗ ਜਾਂਦਾ ਹੈ ਤਾਂ ਉਹਦੇ ਹੱਥ ਪੈਰ ਹਿੱਲ ਹੀ ਜਾਂਦੇ ਹਨ। ਲੋਕ-ਰਾਜ ਵਿੱਚ ਇਹ ਹੀ ਸਹੀ ਮੌਕਾ ਹੁੰਦਾ ਹੈ ਜਦੋਂ ਉਸਨੂੰ ਹਿੰਸਕ ਜਾਂ ਦਹਿਸ਼ਤਗਰਦ(Terrorist) ਕਹਿ ਕੇ ਗੋਲੀ ਮਾਰੀ ਜਾ ਸਕਦੀ ਹੈ ਕਿਉਂਕਿ ਇਸ ਮੌਕੇ ਤੇ ਕੋਈ ਵੀ ਉਹਦੀ ਮਦਦ ਕਰਨ ਲਈ ਨਹੀਂ ਆਏਗਾ, ਕਿਉਂਕਿ ਲੋਕਤੰਤਰ ਕੀ ਤੇ ਹਿੰਸਾ ਕੀ? ਵੱਡੇ ਤੋਂ ਵੱਡੇ ਖੁੱਲ੍ਹ-ਦਿਮਾਗੇ ਵੀ ਸ਼ਿਕਾਰ ਹੋਏ ਲੋਕਾਂ ਦੀ ਹਿੰਸਾ ਨੂੰ ਹੀ ਵੇਖਦੇ ਹਨ, ਸ਼ਿਕਾਰੀ ਸਰਕਾਰਾਂ ਵੱਲੋਂ ਕੀਤੀ ਹਿੰਸਾ ਨੂੰ ਨਹੀਂ।
ਇਜ਼ਰਾਈਲ ਦੀ ਸਰਕਾਰ ਨੇ ਇਸ ਤਰੀਕੇ ਨੂੰ ਬੜੀ ਸਫਲਤਾ ਨਾਲ ਵਰਤਿਆ ਹੈ। ਉਹ ਪਹਿਲਾਂ ਫ਼ਲਸਤੀਨੀਆਂ ਦਾ ਅੰਨ ਪਾਣੀ ਆਪਣੇ ਅਧੀਨ ਕਰਦੇ ਹਨ। ਜਦੋਂ ਉਹ ਔਖੇ ਹੋ ਕੇ ਅੱਗੋਂ ਪੈਂਦੇ ਹਨ ਤਾਂ ਹਮਲਾ ਕਰਕੇ ਇਲਾਕਾ ਕਬਜ਼ੇ ਵਿੱਚ ਕਰ ਲਿਆ ਜਾਂਦਾ ਹੈ। ਫਿਰ ਓਥੇ ਆਪਣੇ ਲੋਕਾਂ ਨੂੰ ਵਸਾ ਕੇ ਫ਼ਲਸਤੀਨੀਆਂ ਨੂੰ ਕੱਢਦੇ ਹਨ ਤੇ ਇਸ ਤਰ੍ਹਾਂ ਹੌਲੀ ਹੌਲੀ ਆਪਣਾ ਇਲਾਕਾ ਤੇ ਆਬਾਦੀ ਵਧਾਈ ਜਾਂਦੇ ਹਨ। 
ਅੱਜ ਤੋਂ ਪਹਿਲਾਂ ਵੀ ਇਜ਼ਰਾਈਲ ਅਤੇ ਫ਼ਲਸਤੀਨੀਆਂ ਦੀ ਆਪੋ ਵਿੱਚ ਲੜਾਈ ਹੁੰਦੀ ਰਹੀ ਹੈ(1967) ਪਰ ਪੱਛਮੀ ਮੁਲਕ ਹਮੇਸ਼ਾਂ ਇਜ਼ਰਾਈਲ ਦਾ ਸਾਥ ਦੇ ਕੇ ਫ਼ਲਸਤੀਨੀਆਂ ਨੂੰ ਘੇਰੀ ਰੱਖਦੇ ਹਨ। ਹੁਣ ਦਾ ਹਮਾਸ ਦਾ ਇਜ਼ਰਾਈਲ ਉੱਤੇ ਹਮਲਾ ਵੀ ਇਸੇ ਤੰਗੀ ਵਿੱਚੋਂ ਨਿਕਲਿਆ ਹੋਇਆ ਹੈ। ਪਰ ਅਸਲੀ ਮਸਲੇ ਦਾ ਹੱਲ ਕਰਨ ਦੀ ਬਜਾਏ ਇਹ ਮੁਲਕ ਇਹ ਤੈਅ ਕਰਨ ਵਿੱਚ ਲੱਗੇ ਹੋਏ ਹਨ ਕਿ ਕਿਹੜਾ ਜਿਆਦਾ ਜ਼ਾਲਮਾਨਾ ਲੜਾਈ ਕਰ ਰਿਹਾ ਹੈ, ਅਰਥਾਤ ਕਿਹੜਾ ਬੱਚੇ ਤੇ ਔਰਤਾਂ ਮਾਰ ਰਿਹਾ ਹੈ, ਕਿਹੜਾ ਲੋਕਾਂ ਨੂੰ ਅਗਵਾ ਕਰ ਰਿਹਾ ਹੈ ਜਾਂ ਕਿਹੜਾ ਹਸਪਤਾਲਾਂ ਤੇ ਬੰਬ ਸੁੱਟ ਰਿਹਾ ਹੈ। ਭਾਵੇਂ ਦੋਹੇਂ ਪਾਸੇ ਇਸ ਬੁਰਛਾ-ਗਰਦੀ ਲਈ ਬਰਾਬਰ ਦੋਸ਼ੀ ਹਨ ਪਰ ਹਮਾਸ ਨੂੰ ਦਹਿਸ਼ਤਗਰਦ(Terrorist) ਬਦਨਾਮ ਕਰ ਕੇ ਇਜ਼ਰਾਈਲ ਦੇ ਤਸ਼ੱਦਦ ਨੂੰ ਆਸਾਨ ਬਣਾਇਆ ਜਾ ਰਿਹਾ ਹੈ। ਇਸ ਤਰ੍ਹਾਂ ਇਹ ਮਸਲਾ ਅੱਗੇ ਵਧਦਾ ਜਾਂਦਾ ਹੈ।
ਹੁਣ ਪੰਜਾਬ ਵੱਲ ਆਉਂਦੇ ਹਾਂ। ਸੂਝਵਾਨ ਲੋਕ ਇਹਨਾਂ ਤੌਰ ਤਰੀਕਿਆਂ ਨੂੰ ਪੰਜਾਬ ਵਿੱਚ ਵਰਤਿਆ ਜਾਂਦਾ ਵੀ ਵੇਖ ਸਕਦੇ ਹਨ। ਹੁਣ ਵਾਲੀ ਕਹਾਣੀ 1920ਵਿਆਂ ਵਿੱਚ ਸਿੱਖ ਆਗੂਆਂ ਦੇ ਗਾਂਧੀ ਦੀ ਝੋਲੀ ਵਿੱਚ ਪੈਣ ਤੋਂ ਸ਼ੁਰੂ ਹੁੰਦੀ ਹੈ ਜਦੋਂ ਅਕਾਲੀਆਂ ਨੇ ਅੰਗਰੇਜ਼ਾਂ ਦੀ ਬਜਾਏ ਕਾਂਗਰਸ ਤੇ ਜਿਆਦਾ ਇਤਬਾਰ ਕੀਤਾ ਤੇ ਗੁਜ਼ਾਰੇ ਜੋਗੇ ਹੱਕ ਲੈਣ ਲਈ ਵੀ ਆਪਣੇ ਵੱਲੋਂ ਹੀਲ ਹੁੱਜਤ ਨਾ ਕੀਤੀ। ਸਿੱਖ ਭੁੱਲ ਗਏ ਕਿ ਅੰਗਰੇਜ਼ ਜਾ ਰਹੇ ਸਨ ਇਸ ਕਰਕੇ ਸਿੱਖਾਂ ਨਾਲ ਭਵਿੱਖੀ ਦੁਸ਼ਮਣੀ ਦਾ ਉਹਨਾਂ ਕੋਲ ਕੋਈ ਕਾਰਨ ਨਹੀਂ ਸੀ ਜਦਕਿ ਹਿੰਦੂ ਕਾਂਗਰਸ ਦੇ ਨਾਲ ਰਹਿਣਾ ਸੀ ਤੇ ਪਾਕਿਸਤਾਨ ਬਣਨ ਤੋਂ ਬਾਅਦ ਕਾਂਗਰਸ ਨੇ ਦੂਜੀਆਂ ਘੱਟ ਗਿਣਤੀਆਂ ਨੂੰ ਬੇਇਤਬਾਰੇ ਹੀ ਸਮਝਣਾ ਸੀ। ਇਸੇ ਕਰਕੇ 1947 ਦੀ ਭਾਰਤ ਦੀ ਆਜ਼ਾਦੀ ਪੰਜਾਬ ਦੀ ਬਰਬਾਦੀ ਵਿੱਚ ਨਿਕਲੀ ਅਤੇ ਪੰਜਾਬ ਦੀ ਆਬਾਦੀ, ਭਾਸ਼ਾ ਅਤੇ ਸੱਭਿਆਚਾਰ ਬੁਰੀ ਤਰ੍ਹਾਂ ਖਿੱਲਰ ਗਏ। 
ਹਿੰਦੂ ਕਾਂਗਰਸ ਦਾ ਚਿਹਰਾ ਓਦੋਂ ਸਾਫ਼ ਦਿਸ ਪਿਆ ਜਦੋਂ ਆਰੀਆ ਸਮਾਜ ਦੇ ਘਟੀਆ ਪ੍ਰਚਾਰ ਦੀ ਵਜ੍ਹਾ ਨਾਲ 1951 ਦੀ ਮਰਦਮ ਸ਼ੁਮਾਰੀ ਵਿੱਚ ਬਾਹਰਲੀ ਭਾਸ਼ਾ ਹਿੰਦੀ ਨੂੰ ਪੰਜਾਬ ਵਿੱਚ ਵਧਾਇਆ ਗਿਆ ਜਿਸ ਤੋਂ ਸਿੱਖ-ਹਿੰਦੂ ਪਾੜਾ ਖੜਾ ਹੋਇਆ ਅਤੇ ਪੰਜਾਬੀ ਬੋਲਣ ਵਾਲਿਆਂ ਦੀ ਸਰਕਾਰੀ ਗਿਣਤੀ ਵੀ ਘਟੀ। 1961 ਦੀ ਗਿਣਤੀ ਵੇਲੇ ਵੀ ਪੰਜਾਬੀ ਦੇ ਖਿਲਾਫ ਸਾਜਿਸ਼ ਜਾਰੀ ਰਹੀ। ਇਸ ਪਾੜੇ ਵਿੱਚੋਂ ਅਕਾਲੀ ਦਲ ਦੀ ਪੰਜਾਬੀ ਸੂਬੇ ਵਾਲੀ ਲਹਿਰ ਪ੍ਰਚੰਡ ਰੂਪ ਵਿੱਚ ਉੱਭਰੀ ਤੇ ਆਖ਼ਰ 1966 ਵਿੱਚ ਪੰਜਾਬ ਦੀ ਫਿਰ ਨਿਆਂ-ਰਹਿਤ ਵੰਡ ਕਰ ਦਿੱਤੀ ਗਈ। ਇਸ ਨੇ ਪੰਜਾਬੀਆਂ ਤੇ ਸਿੱਖਾਂ ਦੀ ਆਬਾਦੀ, ਭਾਸ਼ਾ ਅਤੇ ਸੱਭਿਆਚਾਰ ਨੂੰ ਫਿਰ ਤਕੜਾ ਖੋਰਾ ਲਾਇਆ। ਅਗਾਂਹ, 1980ਵਿਆਂ ਤੋਂ 1990ਵਿਆਂ ਦੇ ਸ਼ੁਰੂ ਤੱਕ ਸਿੱਖ ਨੌਜਵਾਨਾਂ ਦੀ ਮਾਰੋ ਮਾਰੀ ਜਾਰੀ ਰਹੀ। ਇਸ ਕਰਕੇ 1951 ਤੋਂ 1991 ਤੱਕ ਦੀ ਮਰਦਮ ਸ਼ੁਮਾਰੀ ਕੋਈ ਸੰਤੁਲਿਤ ਤਸਵੀਰ ਨਹੀਂ ਦੇ ਸਕਦੀ। ਸੋ ਪੰਜਾਬ ਵਿੱਚ 1991 ਤੋਂ 2011 ਤੱਕ ਦੀਆਂ ਗਿਣਤੀਆਂ ਦੀ ਪੜਤਾਲ ਜ਼ਰੂਰੀ ਹੈ ਜੋ ਇਸ ਤਰ੍ਹਾਂ ਹੈ:-
ਸਿੱਖ ਗਿਣਤੀ -
1991(63%), 2001(60%), 2011(57.7%)
ਹਿੰਦੂ ਗਿਣਤੀ - 
1991(34.5%), 2001(37%), 2011(38.5%)
ਸੋ ਪਿਛਲੇ 30-35 ਸਾਲਾਂ ਤੋਂ ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਦਾ ਅਨੁਪਾਤ ਅੱਛਾ ਖ਼ਾਸਾ ਘਟ ਰਿਹਾ ਹੈ ਅਤੇ ਹਿੰਦੂਆਂ ਦਾ ਵਧ ਰਿਹਾ ਹੈ। ਪਿਛਲੇ ਸਾਲਾਂ ਵਿੱਚ ਹੋਈਆਂ ਨਸ਼ਿਆਂ ਦੀਆਂ ਮੌਤਾਂ, ਸਿੱਖਾਂ ਦਾ ਬਾਹਰ ਨੂੰ ਪ੍ਰਵਾਸ, ਭਈਏ ਪ੍ਰਵਾਸੀਆਂ ਦਾ ਪੰਜਾਬ ਨੂੰ ਪ੍ਰਵਾਸ, ਪੰਜਾਬ ਦੀ ਸਿਆਸਤ ਤੇ ਗ਼ੈਰ ਪੰਜਾਬੀਆਂ ਦਾ ਵਧਿਆ ਹੋਇਆ ਦਬਦਬਾ ਅਤੇ ਸਿੱਖ ਨੌਜਵਾਨਾਂ ਤੇ ਬਹਾਨਿਆਂ ਨਾਲ ਮੁੜ ਮੁੜ ਤਸ਼ੱਦਦ ਤੋਂ ਬਾਅਦ ਕੋਈ ਹੈਰਾਨੀ ਦੀ ਗੱਲ ਨਹੀਂ ਜੇ 2021 ਵਾਲੀ ਮਰਦਮ ਸ਼ੁਮਾਰੀ ਵਿੱਚ ਸਿੱਖ ਪੰਜਾਬ ਵਿੱਚ ਹੀ 50% ਤੋਂ ਘੱਟ ਹੋ ਗਏ ਪਤਾ ਲੱਗਣ। ਜਾਣੇ ਜਾਂਦੇ ਧਰਮਾਂ ਵਿੱਚ ਈਸਾਈਆਂ, ਮੁਸਲਮਾਨਾਂ, ਹਿੰਦੂਆਂ ਅਤੇ ਬੋਧੀਆਂ ਤੋਂ ਬਾਅਦ ਦੁਨੀਆਂ ਵਿੱਚ ਸਿੱਖਾਂ ਦੀ ਗਿਣਤੀ ਪੰਜਵੇਂ ਥਾਂ ਤੇ ਹੈ ਅਤੇ ਇਕੱਲੇ ਸਿੱਖ ਹੀ ਹਨ ਜਿਹਨਾਂ ਦਾ ਕੋਈ ਆਜ਼ਾਦ ਮੁਲਕ ਨਹੀਂ ਹੈ। ਉਹਨਾਂ ਕੋਲ ਇੱਕੋ ਇੱਕ ਕੱਟ ਵੱਢ ਕੇ ਨਿਢਾਲ ਕੀਤਾ ਹੋਇਆ ਪੰਜਾਬ ਦਾ ਸੂਬਾ ਹੀ ਹੈ ਜਿਸ ਦੀ ਹਾਲਤ ਵੀ ਹੁਣ ਉਹਨਾਂ ਦੇ ਕਾਬੂ ਹੇਠ ਨਹੀਂ ਰਹੇਗੀ। ਦੂਜੇ ਪਾਸੇ ਦੁਨੀਆਂ ਵਿੱਚ ਛੇਵੇਂ ਥਾਂ ਤੇ ਆਉਂਦੇ ਪੱਛਮੀ ਮੁਲਕਾਂ ਦੀ ਮਦਦ ਵਾਲੇ ਯਹੂਦੀਆਂ ਦੀ ਗਿਣਤੀ ਸਿੱਖਾਂ ਨਾਲੋਂ ਕੇਵਲ ਅੱਧੀ ਹੈ।
ਇਕੱਲਾ ਪੰਜਾਬ ਹੀ ਨਹੀਂ ਬਲਕਿ ਚੰਡੀਗੜ੍ਹ ਵੀ ਸਿੱਖਾਂ ਲਈ ਓਪਰਾ ਕਰ ਦਿੱਤਾ ਗਿਆ ਹੈ। 2011 ਵਿੱਚ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚੋਂ 5 ਵਿੱਚ ਹਿੰਦੂਆਂ ਦੀ ਬਹੁਗਿਣਤੀ ਸੀ। ਇਨ੍ਹਾਂ 5 ਜ਼ਿਲ੍ਹਿਆਂ ਵਿੱਚ ਵੀ, ਜਿਵੇਂ ਕਿ ਹੇਠਾਂ ਦਿੱਤੀ ਗਈ ਸਾਰਣੀ ਵਿੱਚ ਸਪੱਸ਼ਟ ਹੈ, ਸਿੱਖ ਆਬਾਦੀ 31% ਤੋਂ ਤਾਂ ਵੱਧ ਹੀ ਸੀ ਜਿਵੇਂ:-
ਨਵਾਂਸ਼ਹਿਰ(31.5%), ਜਲੰਧਰ(32.75%), ਹੁਸ਼ਿਆਰਪੁਰ(33.92%), ਗੁਰਦਾਸਪੁਰ(43.64%), ਮੋਹਾਲੀ(48.15%)
ਚੰਡੀਗੜ੍ਹ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਰਗਾ ਹੈ। ਪਰ 2011 ਵਿੱਚ ਹੀ ਪੰਜਾਬ ਦੇ ਜ਼ਿਲ੍ਹਿਆਂ ਦੇ ਮੁਕਾਬਲੇ ਚੰਡੀਗੜ੍ਹ ਵਿੱਚ ਸਿੱਖ ਆਬਾਦੀ ਸਿਰਫ 13% ਸੀ ਅਤੇ ਹਿੰਦੂ ਗਿਣਤੀ 81%। 1991 ਅਤੇ 2001 ਵਿੱਚ ਚੰਡੀਗੜ੍ਹ ਦੀ ਸਥਿਤੀ ਇਹ ਸੀ:-
ਹਿੰਦੂ 486895(1991), 707978(2001), ਵਾਧਾ 145%
ਸਿੱਖ 130288(1991), 145175(2001), ਵਾਧਾ 111%
ਭਾਵੇਂ ਸਿੱਖਾਂ ਦੀ ਗਿਣਤੀ 1991 ਵਿੱਚ ਹੀ ਹਿੰਦੂਆਂ ਨਾਲੋਂ ਘੱਟ ਸੀ ਪਰ ਇੱਥੇ ਗੱਲ ਵਾਧੇ ਦੀ ਹੋ ਰਹੀ ਹੈ। ਜਦ ਚੰਡੀਗੜ੍ਹ ਵਿੱਚ ਹਿੰਦੂਆਂ ਦਾ ਵਾਧਾ 100 ਪਿੱਛੇ 45 ਸੀ ਤਾਂ ਸਿੱਖਾਂ ਦਾ ਵਾਧਾ 100 ਪਿੱਛੇ ਕੇਵਲ 11 ਹੀ ਕਿਓਂ ਸੀ?
ਇਹੋ ਹੀ ਨਹੀਂ, 2011 ਵਿੱਚ ਚੰਡੀਗੜ੍ਹ ਵਿੱਚ ਪੰਜਾਬੀ ਬੋਲਣ ਵਾਲੇ ਸਿਰਫ਼ 22% ਸਨ ਅਤੇ ਹਿੰਦੀ ਬੋਲਣ ਵਾਲੇ 68% ਤੇ ਉੱਥੋਂ ਦੀ ਸਰਕਾਰੀ ਭਾਸ਼ਾ ਤਾਂ ਅੱਜ ਵੀ ਅੰਗਰੇਜ਼ੀ ਹੈ। ਸਰਕਾਰ ਨੇ ਉਸ ਵੇਲੇ ਦੇ ਪੰਜਾਬ ਦੇ 50 ਕੁ ਪੁਆਧੀ ਬੋਲਣ ਵਾਲੇ ਪਿੰਡਾਂ ਦੇ ਥਾਂ ਉਤੇ ਹੀ ਚੰਡੀਗੜ੍ਹ ਬਣਾਇਆ ਸੀ। ਪੁਆਧੀ ਬੋਲੀ ਪੰਜਾਬੀ ਦੀ ਹੀ ਉਪ-ਬੋਲੀ(Dialect) ਹੈ ਜੋ ਅੱਜ ਵੀ ਰੋਪੜ, ਮੋਹਾਲੀ ਤੇ ਆਸ ਪਾਸ ਦੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਹਿੰਦੀ ਅਤੇ ਪੰਜਾਬੀ ਮਾਂ-ਬੋਲੀ ਬੋਲਣ ਵਾਲਿਆਂ ਦੀ ਸਥਿਤੀ ਵੀ ਲਗਭਗ ਆਬਾਦੀ ਵਰਗੀ ਹੀ ਸੀ:-
ਹਿੰਦੀ 392054(1991), 608218(2001), ਵਾਧਾ 155%
ਪੰਜਾਬੀ 222890(1991), 251224(2001), ਵਾਧਾ 113% 
ਸੋ ਜਦ ਚੰਡੀਗੜ੍ਹ ਵਿੱਚ ਹਿੰਦੀ ਵਾਲੇ 100 ਪਿੱਛੇ 55 ਵਧੇ ਤਾਂ ਪੰਜਾਬੀ ਵਾਲੇ 100 ਪਿੱਛੇ ਕੇਵਲ 13 ਹੀ ਕਿਓਂ ਵਧੇ? 
ਕੀ ਏਨਾ ਵੱਡਾ ਫ਼ਰਕ ਸਿੱਖ-ਵਿਰੋਧੀ ਨੀਤੀਆਂ ਤੋਂ ਬਿਨਾਂ ਹੋ ਸਕਦਾ ਸੀ? 
ਜੇ ਇਹ ਹਾਲਾਤ ਇਸੇ ਤਰ੍ਹਾਂ ਜਾਰੀ ਰਹੇ ਤਾਂ ਪੱਪੇ ਤੋਂ ਫੱਫੇ ਦਾ ਸਫ਼ਰ ਬੇਰੋਕ ਹੋ ਜਾਏਗਾ ਤੇ ਕੋਈ ਵੱਡੀ ਗੱਲ ਨਹੀਂ ਕਿ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਫ਼ਲਸਤੀਨ ਵਾਲੀ ਹਾਲਤ ਵਿੱਚੋਂ ਗੁਜ਼ਰਨ। ਯੂਐਨਓ ਦੇ ਸਕੱਤਰ ਜਨਰਲ ਨੇ ਕਿਹਾ ਹੈ ਕਿ ਹਮਾਸ ਦਾ ਹਮਲਾ ਕਿਸੇ ਖ਼ਲਾਅ(vacuum) ਵਿੱਚੋਂ ਨਹੀਂ ਨਿਕਲਿਆ(the attacks by Hamas did not happen in a vacuum) ਜਿਸ ਤੇ ਇਜ਼ਰਾਈਲ ਕਾਫ਼ੀ ਔਖਾ ਭਾਰਾ ਹੋਇਆ ਹੈ। ਪੰਜਾਬ ਦੀ ਹਥਿਆਰਬਾਜ਼ੀ ਤੇ ਇੱਥੋਂ ਵੱਡੀ ਪੱਧਰ ਤੇ ਵਿਦੇਸ਼ ਪ੍ਰਵਾਸ ਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬ ਦਾ ਕੋਈ ਵੀ ਮਸਲਾ ਸਰਕਾਰ ਨੇ ਸੁਹਿਰਦਤਾ ਨਾਲ ਨਹੀਂ ਨਿਬੇੜਿਆ। ਬਲਕਿ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ ਬਦਲਾ ਲਿਆ ਜਾ ਰਿਹਾ ਹੋਵੇ। ਕਾਂਗਰਸ ਵੱਲੋਂ ਦਰਿਆਈ ਪਾਣੀਆਂ ਅਤੇ ਰਾਜਧਾਨੀ ਦੇ ਮਸਲੇ ਵਿਗਾੜਨ ਤੋਂ ਬਾਅਦ ਹੁਣ ਵੀ ਹਰ ਉੱਭਰਦੇ ਨੌਜਵਾਨ ਆਗੂ ਦਾ ਮਾਰਿਆ ਜਾਣਾ, ਅੰਮ੍ਰਿਤਪਾਲ ਸਿੰਘ ਵਰਗਿਆਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਡੱਕ ਕੇ ਪੰਜਾਬ ਵਿੱਚ ਭਈਆਂ ਦਾ ਦਬਦਬਾ ਵਧਾਓਣਾ, ਸਰਗਰਮ ਪੰਜਾਬ-ਹਿਤੂਆਂ ਨੂੰ ਸੰਸਦ ਮੈਂਬਰੀ ਨਾ ਦੇਣਾ, ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦੇ ਐਲਾਨਾਂ ਤੋਂ ਬਾਅਦ ਥੁੱਕ ਕੇ ਚੱਟਣਾ, ਨਿੱਜਰ ਦੇ ਕਤਲ ਤੋਂ ਬਾਅਦ ਦੂਤਾਵਾਸ ਬੰਦ ਕਰਕੇ ਵੀ ਪੰਜਾਬੀਆਂ ਨੂੰ ਹੀ ਸਜ਼ਾ ਦੇਣਾ, ਆਦਿ ਇਹਨਾਂ ਗੱਲਾਂ ਵੱਲ ਹੀ ਸੰਕੇਤ ਕਰਦਾ ਹੈ। ਜੇ ਪੰਜਾਬ ਦੀ ਵੀ ਹਰ ਸਰਕਾਰ ਦਿੱਲੀ ਦੀ ਘੁਰਕੀ ਤੋਂ ਡਰ ਕੇ ਦੋ ਕਦਮ ਅੱਗੇ ਤੇ ਚਾਰ ਕਦਮ ਪਿੱਛੇ ਤੁਰੇਗੀ ਤਾਂ ਉਹ ਦਿਲੀ ਦੇ ਬਦਲੇ ਦਾ ਹੀ ਸਾਥ ਦੇ ਰਹੀ ਹੋਵੇਗੀ। ਜੇ ਕਿਸੇ ਨੂੰ ਸ਼ੱਕ ਹੈ ਤਾਂ ਪੰਜਾਬ ਦੇ ਸਭ ਤੋਂ ਵਧੀਆ ਤੇ ਪਲੈਨ ਕੀਤੇ ਸ਼ਹਿਰ ਮੋਹਾਲੀ ਤੇ ਉਹਦੇ ਪਿੰਡਾਂ ਵਿੱਚ ਦਿਨੋ-ਦਿਨ ਵਧ ਰਹੇ 'ਬੀੜੀ ਕਲਚਰ' ਦੇ ਦਰਸ਼ਨ ਕਰ ਸਕਦਾ ਹੈ। ਜੇ ਅਜੇ ਵੀ ਕੁਝ ਨਾ ਕੀਤਾ ਗਿਆ ਤਾਂ ਪੰਜਾਬ ਦੇ ਸੁਹਿਰਦ ਆਗੂ ਵੀ ਮਜਬੂਰੀ ਵਿੱਚ ਇਹੋ ਕਹਿਣਗੇ ਕਿ ਸਾਡੇ ਬੱਚੇ ਖ਼ਲਾਅ ਵਿਚ ਹਥਿਆਰ ਨਹੀਂ ਚੁੱਕ ਰਹੇ।
ਕੀ ਭਾਰਤ ਸਰਕਾਰ ਇਹ ਹੀ ਚਾਹੁੰਦੀ ਹੈ?

(੬ ਨਵੰਬਰ ੨੦੨੩ ਤੋਂ ਰੋਜ਼ਾਨਾ ਸਪੋਕਸਮੈਨ ਵਿੱਚ ਛਪਿਆ ਹੋਇਆ)

No comments:

Post a Comment