ਸਿੱਖ ਪਏ ਬੋਧੀਆਂ ਦੇ ਰਾਹ
ਤਕਰੀਬਨ 500 ਈਸਵੀ ਪੂਰਬ ਤੋਂ 1000 ਈਸਵੀ ਤੱਕ ਦੇ ਕੁੱਲ 1500 ਸਾਲਾਂ ਵਿੱਚ ਭਾਰਤੀ ਖੇਤਰ ਵਿੱਚ ਬੋਧੀ ਸੱਤਾ ਤੇ ਬੁੱਧ ਧਰਮ ਦਾ ਬੋਲਬਾਲਾ ਰਿਹਾ। ਇਸ ਦੌਰਾਨ ਬਾਹਰੋਂ ਆਉਣ ਵਾਲੇ ਕਈ ਯਾਤਰੀਆਂ ਨੇ ਮਣਾਂ ਮੂੰਹੀਂ ਇਤਿਹਾਸਿਕ ਪੱਤਰੇ ਅਤੇ ਕਿਤਾਬਾਂ ਰਚੀਆਂ ਅਤੇ ਭਾਰਤ ਵਿੱਚੋਂ ਬਹੁਤ ਸਾਰਾ ਬੋਧੀਆਂ ਦਾ ਕਿਤਾਬੀ ਗਿਆਨ ਆਪਣੇ ਮੁਲਕਾਂ ਵਿੱਚ ਵਾਪਸ ਲੈ ਕੇ ਗਏ। ਪਰ ਦੂਜੀਆਂ ਜਾਤਾਂ ਨੂੰ ਲਿਖਣ ਪੜ੍ਹਨ ਤੋਂ ਵਰਜਣ ਵਾਲੇ ਬ੍ਰਾਹਮਣਾਂ ਨੇ ਮਿਥਿਹਾਸ ਹੀ ਰਚਿਆ ਅਤੇ ਇਸ ਵਕਤ ਦਾ ਕੋਈ ਇੱਕ ਵੀ ਇਤਿਹਾਸਿਕ ਗ੍ਰੰਥ ਨਹੀਂ ਲਿਖਿਆ। ਜੋ ਕੁਝ ਵੀ ਇਹਨਾਂ 1500 ਸਾਲਾਂ ਦਾ ਇਤਿਹਾਸ ਪਤਾ ਲੱਗਦਾ ਹੈ ਉਹ ਬਾਹਰਲੇ ਮੁਸਾਫ਼ਰਾਂ ਦੀਆਂ ਲਿਖਤਾਂ ਤੋਂ ਹੀ ਸਮਝ ਆਉਂਦਾ ਹੈ। ਇਹਨਾਂ ਵਿੱਚੋਂ ਕੁਝ ਮਸ਼ਹੂਰ ਨਾਂ ਅਤੇ ਉਹਨਾਂ ਦਾ ਅੰਦਾਜ਼ਨ ਭਾਰਤ ਆਉਣ ਦਾ ਸਮਾਂ ਹੈ:-
ਮੈਗਸਥਨੀਜ(300 ਈਸਵੀ ਪੂਰਬ), ਫਾਹਿਆਨ(400 ਈਸਵੀ), ਹਿਊਨ ਸਾਂਗ(630 ਈਸਵੀ), ਇਤਸਿੰਗ(673 ਈਸਵੀ), ਅਲਬਰੂਨੀ(1017 ਈਸਵੀ), ਇਬਨ ਬਤੂਤਾ(1333 ਈਸਵੀ)
ਲਗਭਗ 3500-3700 ਸਾਲ ਪਹਿਲਾਂ ਮੱਧ ਏਸ਼ੀਆ ਤੋਂ ਆਰੀਆਂ(ਬ੍ਰਾਹਮਣਾਂ) ਦਾ ਆਉਣਾ ਹੋਇਆ। ਉਹਨਾਂ ਦੇ ਆਉਣ ਤੋਂ ਕੁਝ ਸੌ ਸਾਲ ਪਹਿਲਾਂ ਸਿੰਧ ਘਾਟੀ ਦੀ ਸਭਿਅਤਾ ਅਲੋਪ ਹੋ ਰਹੀ ਸੀ। ਲਗਭਗ ਉਸੇ ਤਰ੍ਹਾਂ ਬਾਰਵੀਂ ਸਦੀ ਤੱਕ ਪੱਛਮ ਵੱਲੋਂ ਮੁਸਲਿਮ ਹਮਲਾਵਰ ਭਾਰਤ ਦੇ ਰਾਜੇ ਬਣਨ ਲੱਗ ਪਏ। ਉਸਤੋਂ ਕੁਝ ਸੌ ਸਾਲ ਪਹਿਲਾਂ ਭਾਰਤ ਵਿੱਚੋਂ ਬੁੱਧ ਧਰਮ ਸਮੇਟਿਆ ਜਾ ਰਿਹਾ ਸੀ। ਸਿੰਧ ਘਾਟੀ ਦੀ ਸਭਿਅਤਾ ਅਲੋਪ ਹੋਣ ਦੇ ਕਾਰਨਾਂ ਬਾਰੇ ਅਜੇ ਤੱਕ ਵਿਦਵਾਨਾਂ ਵਿੱਚ ਕੋਈ ਸਹਿਮਤੀ ਨਹੀਂ ਬਣੀ ਪਰ ਇਤਿਹਾਸਕਾਰ ਬੁੱਧ ਧਰਮ ਦੇ ਪਤਨ ਦੇ ਕਈ ਕਾਰਨ ਦੱਸਦੇ ਹਨ। ਇਹਨਾਂ ਵਿੱਚੋਂ ਕਈ ਕਾਰਨ ਜਾਂ ਹਾਲਾਤ ਇਹੋ ਜਿਹੇ ਹਨ ਜੋ ਸਿੱਖਾਂ ਦੇ ਸਮਝਣ ਵਾਲੇ ਵੀ ਹਨ। ਇਹ ਵਿਚਾਰਨ ਦੀ ਲੋੜ ਹੈ ਕਿ ਕੀ ਬ੍ਰਾਹਮਣਵਾਦ ਦੀ ਇਸ ਚੜ੍ਹਤ ਨਾਲ ਹੁਣ ਭਾਰਤ ਵਿੱਚ ਸਿੱਖੀ ਦੀ ਵਾਰੀ ਤਾਂ ਨਹੀਂ ਹੈ? ਇਸ ਨੂੰ ਜਾਨਣ ਲਈ ਬੁੱਧ ਧਰਮ ਦੇ ਥੱਲੇ ਲੱਥਣ ਦੇ ਕਾਰਨਾਂ ਨਾਲ ਤੁਲਨਾ ਕਰਨੀ ਬਣਦੀ ਹੈ। ਇਸ ਤੁਲਨਾ ਤੋਂ ਸ਼ਾਇਦ ਪਤਾ ਲੱਗੇ ਕਿ ਅੱਜ ਸਾਡੀ ਕੀ ਹਾਲਤ ਹੈ? ਇਸ ਲੇਖ ਦਾ ਮਕਸਦ ਸਿਰਫ ਢਹਿੰਦੀ ਕਲਾ ਵਾਲੀਆਂ ਕਮਜ਼ੋਰੀਆਂ ਦੀ ਨਿਸ਼ਾਨਦੇਹੀ ਕਰਨਾ ਹੀ ਨਹੀਂ ਹੈ ਬਲਕਿ ਆਪਣੀ ਸਮਝ ਮੁਤਾਬਕ ਹੱਲ ਸੁਝਾਉਣਾ ਵੀ ਹੈ। ਸਿੱਖਾਂ ਦੇ ਵਿਚਾਰਨ ਵਾਲੇ ਕਾਰਨ ਹਨ:-
(੧) ਬੋਧੀਆਂ ਦੀ ਸਿਆਸੀ ਸਰਪ੍ਰਸਤੀ ਦਾ ਘਟਣਾ ਅਤੇ ਨਵੇਂ ਮੁਸਲਿਮ ਹਾਕਮਾਂ ਨਾਲ ਉੱਚ ਵਰਣਾਂ ਦੀ ਨੇੜਤਾ ਵਧਣਾ (੨) ਬੋਧੀ ਮੱਠਾਂ ਅਤੇ ਵਿਦਿਆਲਿਆਂ ਵਿੱਚ ਪਲਣ ਵਾਲਿਆਂ ਦਾ ਆਮ ਬੋਧੀਆਂ ਦੀ ਜ਼ਿੰਦਗੀ ਨਾਲੋਂ ਟੁੱਟ ਜਾਣਾ (੩) ਬ੍ਰਾਹਮਣਾਂ ਅਤੇ ਹਮਲਾਵਰ ਮੁਸਲਮਾਨਾਂ ਵੱਲੋਂ ਬੋਧੀ ਮੱਠਾਂ ਅਤੇ ਵਿਦਿਆਲਿਆਂ ਨੂੰ ਬਰਬਾਦ ਕਰਨਾ (੪) ਬੋਧੀਆਂ ਵਿੱਚ ਬ੍ਰਾਹਮਣਵਾਦੀ ਕਰਮ ਕਾਂਡਾਂ ਦਾ ਵਧਣਾ ਅਤੇ ਆਮ ਹਿੰਦੂਆਂ ਦੀਆਂ ਰੀਤਾਂ ਤੋਂ ਨਿਖੇੜਾ ਘਟਣਾ (੫) ਬੋਧੀਆਂ ਵਿੱਚ ਏਕੇ ਦੀ ਘਾਟ ਅਤੇ ਸੰਸਕ੍ਰਿਤ ਦਾ ਪੈਦਾ ਹੋਣਾ।
(੧) ਪੱਛਮੀ ਸੱਭਿਅਤਾ ਦੇ ਮੁਕਾਬਲੇ ਭਾਰਤੀ ਮਨੁੱਖਾਂ ਦੀ ਸੋਚ ਵਿੱਚ ਅੰਤਾਂ ਦਾ ਪਛੜਿਆਪਣ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਧਰਮਾਂ ਦੇ ਚੰਗੇ ਅਸੂਲ ਮਨੁੱਖਾਂ ਨੂੰ ਜੰਗਲੀ ਜਾਨਵਰਾਂ ਤੋਂ ਅਲੱਗ ਕਰਦੇ ਹਨ ਜਿਵੇਂ ਮਨੁੱਖ ਗਿਣ ਮਿਥ ਕੇ ਫਲ, ਫੁੱਲ ਤੇ ਅਨਾਜ ਦੇ ਬੂਟੇ ਉਗਾਉਂਦਾ ਹੈ। ਜਿੱਥੇ ਕੋਈ ਗਿਣੇ ਮਿੱਥੇ ਅਸੂਲ ਹੀ ਨਹੀਂ ਹਨ ਉਹ ਥਾਂ ਇੱਕ ਜੰਗਲੀ ਘਾਹ ਵਰਗੀ ਹੈ। ਗੁਰੂਆਂ ਨੇ ਇਸੇ ਜੰਗਲੀ ਘਾਹ ਵਿੱਚ ਚੰਗੇ ਅਸੂਲਾਂ ਦੀ ਜ਼ਮੀਨ ਬਣਾ ਕੇ ਫਲਦਾਰ ਬੂਟੇ ਲਗਾਉਣ ਲਈ ਮਿਹਨਤ ਤੇ ਕੁਰਬਾਨੀ ਕੀਤੀ ਸੀ। ’ਹਿੰਦੂ' ਸ਼ਬਦ ਸਿੰਧ ਤੋਂ ਇੱਧਰ ਰਹਿਣ ਵਾਲੇ ਲੋਕਾਂ ਲਈ ਬਾਹਰਲੇ ਲੋਕਾਂ ਦੁਆਰਾ ਦਿੱਤਾ ਗਿਆ ਅਪਮਾਨਜਨਕ ਨਾਮ ਸੀ। 'ਹਿੰਦੂ' ਧਰਮ, ਸਨਾਤਨ, ਹਿੰਦੂਤਵ, ਹਿੰਦੂਵਾਦ, ਬ੍ਰਾਹਮਣਵਾਦ, ਮਨੂਵਾਦ, ਬਿਪਰਵਾਦ ਸਭ ਇੱਕ ਹੀ ਤਾਣੇ ਬਾਣੇ ਦਾ ਨਾਮ ਹੈ। ਇਸ ਮਨੂਵਾਦੀ ਤਾਣੇ ਬਾਣੇ ਦਾ ਕੋਈ ਬਾਨੀ ਨਹੀਂ, ਕੋਈ ਪਵਿੱਤਰ ਕਿਤਾਬ ਨਹੀਂ, ਜਿਉਣ ਦੇ ਢੰਗ ਬਾਰੇ ਕੋਈ ਇਕ ਅਸੂਲ ਨਹੀਂ ਤੇ ਨਾ ਹੀ ਇਸ ਕੁਦਰਤ ਜਾਂ ਇਹਦੇ ਸਿਰਜਣਹਾਰ ਬਾਰੇ ਕੋਈ ਇੱਕ ਨਜ਼ਰੀਆ ਹੈ। ਕੁਝ ਵੀ ਕਰੋ, ਕੋਈ ਵੀ ਅਸੂਲ ਮੰਨੋ, ਫਿਰ ਵੀ 'ਹਿੰਦੂ' ਅਖਵਾ ਸਕਦੇ ਹੋ। ਇਸ ਦੀ ਤੁਲਨਾ ਇਸਾਈਅਤ, ਇਸਲਾਮ ਜਾਂ ਸਿੱਖੀ ਵਰਗੇ ਹੋਰ ਸਥਾਪਤ ਧਰਮਾਂ ਨਾਲ ਕਰਨਾ ਹੀਣ ਬੁੱਧੀ ਵਾਲੀ ਗੱਲ ਜਾਪਦੀ ਹੈ। ਇਹ ਨਾਬਰਾਬਰ ਵਸਤਾਂ ਵਿਚਕਾਰ ਗ਼ਲਤ ਸੰਤੁਲਨ (False Balance) ਬਣਾਉਣ ਵਰਗਾ ਹੈ। ਸਰਬ ਉੱਚ ਅਦਾਲਤ (ਸੁਪਰੀਮ ਕੋਰਟ) ਨੇ ਵੀ ਮੁੜ ਮੁੜ ਇਸ ਨੂੰ ਇਕ ਧਰਮ ਦੀ ਬਜਾਏ ਜਿਉਣ-ਢੰਗ ਹੀ ਕਿਹਾ ਹੈ ਭਾਵੇਂ ਇਹ ਫ਼ੈਸਲਾ ਵੀ ਸੰਘ(RSS) ਦੀ ਰਾਜਨੀਤੀ ਦੇ ਪੱਖ ਵਿਚ ਹੀ ਸੀ। ਕਿਉਂਕਿ ਸੰਘੀ ਜਾਣਦੇ ਹਨ ਕਿ ਇਹ ਕੋਈ ਜਿਉਣ-ਢੰਗ ਵੀ ਨਹੀਂ ਹੈ ਬਲਕਿ ਇਕ ਸਿਧਾਂਤਹੀਣ ਸਭਿਆਚਾਰ(ਕਲਚਰ) ਹੈ। ਇਸ ਨੂੰ ਜਿਉਣ-ਢੰਗ ਕਹਿ ਕੇ ਵੀ ਉਹ ਨਿਹੱਕੀ ਇੱਜਤ ਲੈ ਰਹੇ ਹਨ। ਇਹ ਪੱਛੜੇ ਲੋਕਾਂ ਦੀ ਇੱਕ ਵਿਸ਼ਾਲ ਆਬਾਦੀ ਹੈ ਜੋ ਸਹੀ ਸਮੇਂ 'ਤੇ ਧਾਰਮਕ ਵਿਕਾਸ ਤੋਂ ਵਾਂਝੇ ਰਹਿ ਗਏ ਹਨ ਅਤੇ ਇਸ ਲਈ ਸਥਾਈ ਪਛੜੇਪਣ ਦਾ ਸ਼ਿਕਾਰ ਹਨ। ਗੁਰੂਆਂ ਨੇ ਵੀ ਗੁਰਬਾਣੀ ਵਿੱਚ ਇਸ ਪਛੜੇਪਣ ਅਤੇ ਬੇ-ਅਸੂਲੀ ਨੂੰ ਅਤੇ ਇਸ ਦੇ ਸਮਾਜ ਵਿੱਚ ਪਏ ਪ੍ਰਭਾਵ ਨੂੰ ਖੁੱਲ੍ਹ ਕੇ ਸਾਹਮਣੇ ਲਿਆਂਦਾ ਹੈ ਜਿਵੇਂ ਜਾਤਪਾਤ ਦੀ ਨਾਬਰਾਬਰੀ, ਅੰਧਵਿਸ਼ਵਾਸ, ਸ੍ਰਿਸ਼ਟੀ ਅਤੇ ਰੱਬ ਬਾਰੇ ਭਰਮ, ਖਾਣ ਪੀਣ ਦੀਆਂ ਬੰਦਸ਼ਾਂ, ਬਹੁ-ਦੇਵਤਾਵਾਦ, ਵੇਦਾਂ ਵਿਚਲੀ ਅਗਿਆਨਤਾ, ਸੰਨਿਆਸ ਅਤੇ ਹੋਰ ਬਹੁਤ ਕੁਝ। ਸਿੱਖ ਫਿਰ ਵੀ ਉਨ੍ਹਾਂ ਨੂੰ 'ਹਿੰਦੂਆਂ' ਵਜੋਂ ਲੋੜੋਂ ਵੱਧ ਸਤਿਕਾਰ ਦਿੰਦੇ ਹਨ ਪਰ ਇਹ ਜਾਂਚ ਨਹੀਂ ਕਰਦੇ ਕਿ ਇਹ ਲੁੱਟ-ਖਸੁੱਟ ਕਰਨ ਵਾਲਾ ਬ੍ਰਾਹਮਣਵਾਦੀ ਤਾਣਾ ਬਾਣਾ ਕੇਵਲ ਇੱਕ ਮਿਲਾਵਟੀ ਸੱਭਿਆਚਾਰ ਹੈ ਜਿਸ ਵਿੱਚ ਉੱਚ ਜਾਤੀ ਵਰਗ ਹੇਠਲੀਆਂ ਜਾਤਾਂ ਦੀ ਹੀਣ ਭਾਵਨਾ ਨਾਲ ਖੇਡਦਾ ਹੈ ਅਤੇ ਉਹਨਾਂ ਤੇ ਰਾਜ ਕਰਦਾ ਹੈ। ਬ੍ਰਾਹਮਣ ਅਤੇ ਉਹਨਾਂ ਦੀਆਂ ਸਾਥੀ ਉੱਚ ਜਾਤਾਂ ਵਾਲੇ ਅਨਸਰ ਹਜ਼ਾਰ ਕੁ ਸਾਲ ਪਹਿਲਾਂ ਆਏ ਨਵੇਂ ਮੁਸਲਿਮ ਹਾਕਮਾਂ ਤੋਂ ਇਸ ਸਮਾਜ ਨੂੰ ਲੁਟਾਉਂਦੇ, ਕੁਟਾਉਂਦੇ ਰਹੇ ਤੇ ਇਸ ਦੇ ਬਦਲੇ ਵਿੱਚ ਸਮਾਜ ਵਿੱਚ ਹੇਠਲੀਆਂ ਜਾਤਾਂ ਤੇ ਕਾਬੂ ਰੱਖਣ ਦੀ ਖੁੱਲ੍ਹ ਲੈਂਦੇ ਰਹੇ ਜੋ ਵੱਡੀ ਗਿਣਤੀ ਵਿੱਚ ਬੋਧੀਪੁਣਾ ਛੱਡ ਰਹੇ ਸਨ। ਬਿਲਕੁਲ ਇਸੇ ਤਰ੍ਹਾਂ ਪਿਛਲੇ 50 ਕੁ ਸਾਲਾਂ ਤੋਂ ਬਹੁਤੇ ਸਿੱਖ ਆਗੂ ਵੀ ਕੌਮ ਨੂੰ ਕੁਟਵਾ ਕੇ ਦਿੱਲੀ ਸਰਕਾਰ ਤੋਂ ਆਪਣੇ ਨਿੱਜੀ ਫਾਇਦੇ ਹੀ ਲੈਂਦੇ ਰਹੇ ਹਨ ਤੇ ਦੌਲਤ ਨਾਲ ਮਾਲਾ ਮਾਲ ਹੋ ਚੁੱਕੇ ਹਨ। ਬੋਧੀਆਂ ਵਾਂਙੂੰ ਹੀ ਕਮਜ਼ੋਰ ਸਿੱਖ ਇੱਧਰ ਓਧਰ ਝਾਕ ਰਹੇ ਹਨ। ਬਾਰ੍ਹਵੀਂ ਸਦੀ ਵਿੱਚ ਪਾਲ ਵੰਸ਼ ਦੇ ਖਤਮ ਹੋਣ ਨਾਲ ਬੋਧੀਆਂ ਦੀ ਸਿਆਸੀ ਸਰਪ੍ਰਸਤੀ ਪੂਰੀ ਤਰ੍ਹਾਂ ਖਤਮ ਹੋ ਗਈ ਸੀ। ਬ੍ਰਾਹਮਣ ਤੇ ਉਹਨਾਂ ਦੀਆਂ ਸਾਥੀ ਖਤਰੀ, ਰਾਜਪੂਤ ਜਾਤਾਂ ਨਵੇਂ ਮੁਸਲਮਾਨ ਹਾਕਮਾਂ ਦੇ ਕਲਰਕ, ਦੀਵਾਨ, ਸਿਪਾਹੀ ਤੇ ਜਰਨੈਲ ਤੱਕ ਬਣ ਕੇ ਸੇਵਾ ਕਰਨ ਲੱਗ ਪਏ। ਮੁਗਲਾਂ ਦੇ ਦਰਬਾਰਾਂ ਵਿੱਚ ਬ੍ਰਾਹਮਣਾਂ ਤੇ ਉੱਚ ਜਾਤੀਆਂ ਦੀ ਪਹੁੰਚ ਬਣੀ ਰਹੀ। ਆਪਣੇ ਆਪ ਨੂੰ ਰਾਜਪੂਤ ਕਹਾਉਣ ਵਾਲਿਆਂ ਦੀਆਂ ਧੀਆਂ ਭੈਣਾਂ ਦੇ ਤਾਂ ਉਹ ਸਹੁਰੇ ਘਰ ਸਨ। ਸਿੱਖਾਂ ਨਾਲ ਲੜਨ ਲਈ ਪਹਾੜੀ ਰਾਜਪੂਤ ਵਾਰ ਵਾਰ ਮੁਗਲਾਂ ਦੀਆਂ ਫੌਜਾਂ ਅਸਾਨੀ ਨਾਲ ਕਿਵੇਂ ਬੁਲਾ ਲੈਂਦੇ ਸਨ? ਇਸ ਕਰਕੇ, ਸਿਵਾਏ ਕਸ਼ਮੀਰ ਦੇ ਕੁਝ ਬ੍ਰਾਹਮਣਾਂ ਦੇ, ਭਾਰਤ ਵਿੱਚ ਜ਼ਿਆਦਾਤਰ ਹੇਠਲੀਆਂ ਜਾਤਾਂ ਵਾਲੇ ਜਾਂ ਪੇਂਡੂ ਲੋਕ ਹੀ ਦਬਾਅ ਵਿੱਚ ਮੁਸਲਮਾਨ ਬਣੇ। ਹੌਲੀ ਹੌਲੀ ਨਵਿਆਂ ਹਾਕਮਾਂ ਤੇ ਉਹਨਾਂ ਦੇ ਚਮਚਿਆਂ ਦੇ ਥੱਲੇ ਲੱਗ ਕੇ ਬੋਧੀ ਆਪਣੀ ਵਿਲੱਖਣਤਾ ਖਤਮ ਕਰ ਗਏ। ਸਿੱਖਾਂ ਦਾ ਵੀ ਹੁਣ ਇਹੋ ਜਿਹਾ ਹਾਲ ਸ਼ੁਰੂ ਹੋ ਗਿਆ ਹੈ ਜਿੱਥੇ ਰੱਜੇ ਪੁੱਜੇ ਸਿੱਖ ਆਪਣੀ ਖੁਸ਼ਹਾਲੀ ਲਈ ਬ੍ਰਾਹਮਣਵਾਦੀ ਸਿਆਸੀ ਹਾਕਮਾਂ ਨਾਲ ਮਿਲ ਕੇ ਅੱਗੇ ਵਧਣ ਵਿੱਚ ਹੀ ਸਾਰਾ ਵਕਤ ਗੁਜ਼ਾਰ ਰਹੇ ਹਨ। ਇਹ ਇੱਕ ਭੁਲੇਖਾ ਹੈ ਕਿ ਸਿੱਖ ਸਿਆਸਤਦਾਨਾਂ ਕੋਲ ਕੋਈ ਸਿਆਸੀ ਤਾਕਤ ਹੈ। ਜੇ ਇਹ ਸੱਚ ਹੁੰਦਾ ਤਾਂ ਬਟਵਾਰੇ ਤੋਂ ਬਾਅਦ ਸਿੱਖਾਂ ਨਾਲ ਮੁੜ ਮੁੜ ਵਧੀਕੀਆਂ ਅਤੇ ਅਖੀਰ ਨਸਲਕੁਸ਼ੀ ਤੱਕ ਗੱਲ ਨਾ ਪਹੁੰਚਦੀ। ਸਾਰੀ ਤਾਕਤ ਬ੍ਰਾਹਮਣਵਾਦ ਕੋਲ ਹੈ ਜਿਸ ਕਾਰਨ ਸਿੱਖ ਆਗੂ ਦੋਸ਼ੀਆਂ ਨੂੰ ਸਜਾਵਾਂ ਵੀ ਨਾ ਦੁਆ ਸਕੇ। ਵਿਤਕਰਾ ਵੀ ਰੱਜ ਕੇ ਹੋਇਆ ਅਤੇ ਇਨਸਾਫ਼ ਵੀ ਕੋਈ ਨਾ ਹੋਇਆ। ਬ੍ਰਾਹਮਣਵਾਦ ਦੁਆਰਾ ਅਪਣਾਇਆ ਗਿਆ ਸੰਵਿਧਾਨ ਘੱਟ ਗਿਣਤੀਆਂ ਨੂੰ ਲੋੜੀਂਦੀ ਸਿਆਸੀ ਤਾਕਤ ਹੀ ਨਹੀਂ ਦਿੰਦਾ। ਵਿਖਾਵੇ ਦੇ ਤੌਰ ਤੇ ਸਿੱਖ ਪ੍ਰਧਾਨ ਮੰਤਰੀ, ਸਿੱਖ ਰਾਸ਼ਟਰਪਤੀ ਜਾਂ ਸਿੱਖ ਮੰਤਰੀ ਆਦਿ ਬਣਾਏ ਜਾਂਦੇ ਹਨ ਪਰ ਉਹ ਸਿੱਖ ਮਸਲਿਆਂ ਨੂੰ ਛੂਹਣ ਦੀ ਵੀ ਔਕਾਤ ਨਹੀਂ ਰੱਖਦੇ। ਸਿੱਖਾਂ ਨਾਲ ਕੋਈ ਵੀ ਵਰਤਾਓ ਕਰਨ ਦਾ ਸਾਰਾ ਅਧਿਕਾਰ ਬ੍ਰਾਹਮਣਵਾਦੀ ਦਿੱਲੀ ਸਰਕਾਰਾਂ ਨੇ ਆਪਣੇ ਕੋਲ ਹੀ ਰੱਖਿਆ ਹੋਇਆ ਹੈ। ਹੁਣ ਤਾਂ ਉਹ ਸਿੱਖਾਂ ਨੂੰ ਵਿਖਾਵੇ ਦੀ ਤਾਕਤ ਦੇਣ ਦੀ ਵੀ ਜ਼ਰੂਰਤ ਨਹੀਂ ਸਮਝਦੇ। ਇਸ ਦਾ ਸਿੱਧਾ ਜਿਹਾ ਸਿੱਟਾ ਹੈ ਕਿ ਸਿੱਖ ਸਿਆਸਤਦਾਨਾਂ ਕੋਲ ਕੇਵਲ ਸਿੱਖੀ ਵਿਚਲੇ ਸਰਗਰਮ ਤੱਤਾਂ ਨੂੰ ਦਬਾਉਣ ਅਤੇ ਆਪਣੀ ਨਿੱਜੀ ਹਸਤੀ ਨੂੰ ਤਕੜਾ ਕਰਨ ਦੀ ਤਾਕਤ ਹੀ ਹੈ। ਉਹ ਸਿੱਖਾਂ ਲਈ ਕੋਈ ਵੀ ਲੰਮੀ ਛਾਲ ਵਾਲਾ ਕੰਮ ਨਹੀਂ ਕਰ ਸਕਦੇ। ਜਿਹੜਾ ਕੰਮ ਉਦੋਂ ਬ੍ਰਾਹਮਣਾਂ ਨੇ ਅਪਣਾ ਕੇ ਬੋਧੀਆਂ ਨੂੰ ਥੱਲੇ ਲਾਇਆ ਸੀ ਉਹ ਹੁਣ ਸਿਆਸੀ ਤੇ ਮਾਲੀ ਪੱਖੋਂ ਉੱਚ ਵਰਗੀ ਸਿੱਖਾਂ ਨੇ ਸਿੱਖ ਕੌਮ ਨੂੰ ਥੱਲੇ ਲਾਉਣ ਲਈ ਖੁਦ ਹੀ ਆਪਣੇ ਜਿੰਮੇ ਲੈ ਲਿਆ ਹੈ। ਸਿੱਖਾਂ ਦੇ ਹਿਤ ਸਿਆਸੀ ਸਰਪ੍ਰਸਤੀ ਤੋਂ ਖਾਲੀ ਹਨ ਅਤੇ ਉਚ ਵਰਗੀ ਸਿੱਖ ਬ੍ਰਾਹਮਣਵਾਦੀ ਤਾਕਤਾਂ ਨਾਲ ਘਿਓ ਖਿਚੜੀ ਹਨ। ਇਸ ਕਰਕੇ ਇਸ ਪੱਖੋਂ ਸਿੱਖ ਬੋਧੀਆਂ ਦੇ ਰਾਹ ਤੇ ਹੀ ਹਨ।
(੨) ਬੋਧੀਆਂ ਦੇ ਦਬਦਬੇ ਵੇਲੇ ਉਹਨਾਂ ਦੇ ਮੱਠ ਅਤੇ ਵਿਦਿਆਲੇ ਆਮ ਲੋਕਾਂ ਦੇ ਦਿੱਤੇ ਕਰ ਨਾਲ ਚਲਦੇ ਸਨ। ਹੌਲੀ ਹੌਲੀ ਉਹਨਾਂ ਵਿਚ ਰਹਿਣ ਵਾਲੇ ਵਿਦਵਾਨ ਤੇ ਪ੍ਰਚਾਰਕ ਭਿਕਸ਼ੂ ਉਸ ਕਰ ਨੂੰ ਵਰਤ ਕੇ ਸਵਾਰਥੀ ਤੇ ਐਸ਼ ਪ੍ਰਸਤ ਹੋਣ ਲੱਗ ਪਏ। ਸਿੱਖਾਂ ਦੀ ਸਭ ਤੋਂ ਵੱਡੀ ਦੌਲਤ ਉਹਨਾਂ ਦਾ ਅਸੂਲੀ ਕਿਰਦਾਰ ਸੀ ਜੋ ਗੁਰੂਆਂ ਦੀ ਸਿੱਖਿਆ ਤੇ ਟਿਕਿਆ ਹੋਇਆ ਸੀ। ਅੱਜ ਆਮ ਸਿੱਖ ਦੀ ਜ਼ਿੰਦਗੀ ਗੁਰੂਆਂ ਦੀ ਦੱਸੀ ਕਿਰਤ ਤੋਂ ਹੀ ਟੁੱਟ ਗਈ ਹੈ ਤੇ ਮਣਾਂ ਮੂੰਹੀਂ ਹੰਕਾਰ ਵਿੱਚ ਲਿੱਬੜੀ ਹੋਈ ਹੈ। ਇਸ ਦਾ ਕੋਈ ਇਲਾਜ ਨਹੀਂ ਹੋ ਰਿਹਾ। ਸਾਡੇ ਬੱਚੇ ਬਾਪ ਨਾਲ ਖੜੇ ਹੋ ਕੇ ਕਿਰਤ ਕਰਨ ਵਿੱਚ ਕੋਈ ਮਾਣ ਮਹਿਸੂਸ ਨਹੀਂ ਕਰਦੇ ਅਤੇ ਨਾ ਹੀ ਬਾਪ ਦੀ ਪੱਗ ਦਾੜ੍ਹੀ ਵਾਲੀ ਸ਼ਕਲ ਵਿੱਚ ਆਪਣੀ ਤਰੱਕੀ ਵੇਖਦੇ ਹਨ। ਪਰ ਵਧੇ ਹੋਏ ਹੰਕਾਰ ਨੂੰ ਪੱਠੇ ਪਾਉਣ ਲਈ ਉਹਨਾਂ ਦੀ ਨਜ਼ਰ ਬਾਪ ਦੀ ਕਮਾਈ ਅਤੇ ਜਾਇਦਾਦ ਤੇ ਜ਼ਰੂਰ ਟਿਕੀ ਹੋਈ ਹੈ। ਆਮ ਸਿੱਖ ਨਸ਼ਿਆਂ, ਮਨੋਰੰਜਨ ਦੇ ਸਾਧਨਾਂ ਅਤੇ ਜ਼ਮੀਨ ਜਾਇਦਾਦ ਦੇ ਅੰਬਾਰ ਲਾਉਣ ਵਿਚ ਗ਼ਲਤਾਨ ਹੋਇਆ ਪਿਆ ਹੈ। ਅਸੀਂ ਆਪਣੇ ਗ੍ਰੰਥੀਆਂ, ਪ੍ਰਚਾਰਕਾਂ ਅਤੇ ਵਿਦਵਾਨਾਂ ਨੂੰ ਬੋਧੀ ਮੱਠਾਂ ਅਤੇ ਵਿਦਿਆਲਿਆਂ ਵਿਚਲੇ ਬੋਧੀਆਂ ਦੇ ਬਰਾਬਰ ਰੱਖ ਕੇ ਵੇਖ ਸਕਦੇ ਹਾਂ। ਸਾਡੇ ਗ੍ਰੰਥੀ, ਪ੍ਰਚਾਰਕ ਬ੍ਰਾਹਮਣਵਾਦੀ ਸ਼ਬਦ ਅਤੇ ਵਿਆਖਿਆ ਵਰਤ ਕੇ ਆਮ ਸਿੱਖਾਂ ਨੂੰ ਭੰਬਲ ਭੂਸੇ ਵਿੱਚ ਪਾ ਰਹੇ ਹਨ। ਸਿੱਖ ਵਿਦਵਾਨ ਵੀ ਵਿਦਵਤਾ ਘੱਟ ਅਤੇ ਸਿਆਸਤ ਜਿਆਦਾ ਕਰਦੇ ਹਨ। ਵਿਦਵਾਨ ਦਾ ਕੰਮ ਹੁੰਦਾ ਹੈ ਆਪਣੀ ਵਿਦਿਆ ਚੋਂ ਬੋਲਣਾ ਪਰ ਸਾਡੇ ਵਿਦਵਾਨ ਆਪਣੇ ਸਿਆਸੀ ਝੁਕਾਅ ਮੁਤਾਬਕ ਬੋਲਦੇ ਹਨ। ਪਰ ਬ੍ਰਾਹਮਣਵਾਦ ਦਾ ਰਾਜ ਹੋਣ ਕਰਕੇ ਸਾਰੀਆਂ ਪਾਰਟੀਆਂ ਵਿੱਚ ਸਿਆਸਤ ਤਾਂ ਸਿਰਫ ਬ੍ਰਾਹਮਣਵਾਦ ਦੀ ਚਾਕਰੀ ਦੀ ਹੀ ਰਹਿ ਗਈ ਹੈ। ਇਸ ਕਰਕੇ ਸਾਡੇ ਵਿਦਵਾਨ ਵੀ ਕਰ ਕਰਾ ਕੇ ਬ੍ਰਾਹਮਣਵਾਦ ਦੀ ਝੋਲੀ ਵਿੱਚ ਹੀ ਬੈਠੇ ਹੋਏ ਹਨ। ਇਸੇ ਕਰਕੇ ਅੱਜ ਦੇ ਲੋਕਰਾਜੀ ਯੁੱਗ ਵਿੱਚ ਵੀ ਨਾ ਤਾਂ ਸਾਡੇ ਵਿਦਵਾਨ ਹੀ ਕੋਈ ਪਾਏਦਾਰ ਸਾਂਝੀ ਸੰਸਥਾ ਬਣਾ ਸਕੇ ਹਨ ਤੇ ਨਾ ਸਾਡੇ ਪ੍ਰਚਾਰਕ ਹੀ। ਜਿਹੜੇ ਢਾਈ ਟੋਟਰੂ ਹਨ ਵੀ, ਉਹ ਪੰਜਾਬ ਵਿਚ ਹੀ ਕਹਾਣੀਆਂ ਸੁਣਾਉਣ ਜੋਗੇ ਹਨ ਤੇ ਜਾਂ ਫਿਰ ਡਾਲਰਾਂ ਵਾਲਿਆਂ ਦੇ ਗੇੜੇ ਲਾ ਆਉਂਦੇ ਹਨ ਜਦ ਕਿ ਬਾਕੀ ਦੇ ਭਾਰਤ ਦੇ ਦਲਿਤ, ਪੱਛੜੇ ਤੇ ਕਬਾਇਲੀ ਇਲਾਕਿਆਂ ਵਿੱਚ ਸਿੱਖੀ ਵਿਚਲੀ ਬਰਾਬਰੀ ਦਾ ਪ੍ਰਚਾਰ ਕਰਨ ਦੇ ਅਥਾਹ ਮੌਕੇ ਹਨ। ਇਸ ਤੋਂ ਇਹ ਹੀ ਸਿੱਟਾ ਕੱਢ ਸਕਦੇ ਹਾਂ ਕਿ ਸਾਡੇ ਪ੍ਰਚਾਰਕ ਤੇ ਵਿਦਵਾਨ ਆਮ ਸਿੱਖਾਂ ਦੇ ਸਰੋਕਾਰਾਂ ਤੋਂ ਟੁੱਟੇ ਹੋਏ ਹਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਬੋਧੀਆਂ ਦੀ ਹਾਲਤ ਹਜ਼ਾਰ ਸਾਲ ਪਹਿਲਾਂ ਸੀ। ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਪੰਜਾਬ ਵਿੱਚ ਵਾੜੇ ਗਏ ਅੰਗਰੇਜ਼ਾਂ ਦੀਆਂ ਕਿਤਾਬਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜਿਓਂ ਹੀ ਮਹਾਰਾਜੇ ਨੇ ਆਖ਼ਰੀ ਸਾਹ ਲਿਆ, ਅੰਗਰੇਜ਼ਾਂ ਨੇ ਤੁਰੰਤ ਓਦੋਂ ਦੇ ਸਿੱਖਿਆ ਨਿਜ਼ਾਮ ਨੂੰ ਤਬਾਹ ਕਰਨ ਦੀ ਤਿਆਰੀ ਕੀਤੀ ਤਾਂ ਜੋ ਅੰਗਰੇਜ਼ ਇਸ ਨੂੰ ਆਪਣੀ ਇੱਛਾ ਅਤੇ ਉਦੇਸ਼ਾਂ ਅਨੁਸਾਰ ਚਲਾ ਸਕਣ। ਦੇਸੀ ਸਿੱਖਿਆ ਪ੍ਰਣਾਲੀ ਨੂੰ ਅੰਗਰੇਜ਼ੀ ਤਰਜ਼ ਵਿੱਚ ਤਬਦੀਲ ਕਰਨ ਨਾਲ ਪੱਛਮੀ ਮੁਲਕਾਂ ਦੁਆਰਾ ਕੀਤੀ ਤਕਨੀਕੀ ਤਰੱਕੀ ਦੀ ਹਵਾ ਤਾਂ ਸਿੱਖਾਂ ਨੂੰ ਲੱਗੀ ਪਰ ਸਿੱਖਾਂ ਨੂੰ ਆਪਣੇ ਇਤਿਹਾਸ ਤੇ ਪੰਜਾਬੀ ਦੀ ਪੜ੍ਹਾਈ ਤੋਂ ਵਾਂਝੇ ਵੀ ਹੋਣਾ ਪਿਆ। ਮਹਾਰਾਜੇ ਦੇ ਵਕਤ ਸਰਕਾਰੀ ਕੰਮ ਫਾਰਸੀ ਵਿੱਚ ਹੋਣ ਕਰਕੇ ਸਰਕਾਰੇ ਦਰਬਾਰੇ ਪੰਜਾਬੀ ਦੀ ਪਹਿਲਾਂ ਹੀ ਬਹੁਤੀ ਵੁੱਕਤ ਨਹੀਂ ਸੀ। ਅੱਗੋਂ ਆਉਣ ਵਾਲੇ ਸਿੱਖ ਆਗੂ ਬਟਵਾਰੇ ਤੱਕ ਵੀ ਕੱਟੜ ਹਿੰਦੂ ਆਗੂ ਮੋਹਨ ਦਾਸ ਗਾਂਧੀ ਅਤੇ ਕਾਂਗਰਸ ਦੇ ਪਿਛਲੱਗੂ ਬਣੇ ਰਹੇ ਅਤੇ ਆਪਣੀ ਆਜ਼ਾਦ ਸੋਚ ਨਾ ਬਣਾ ਸਕੇ। ਹੁਣ ਵੀ ਜਿੱਥੇ ਜਿੱਥੇ ਕੋਈ ਸਿੱਖ ਆਗੂ ਹੈ ਉਹ ਕੱਟੜ ਹਿੰਦੂ ਆਗੂ ਜਾਂ ਕੱਟੜ ਹਿੰਦੂ ਪਾਰਟੀ ਅੱਗੇ ਸਿੱਧਾ ਹੀ ਲੰਮਾ ਪੈ ਜਾਂਦਾ ਹੈ ਭਾਵੇਂ ਉਹ ਕਿੰਨਾ ਵੀ ਵੱਡਾ 'ਕੈਪਟਨ', 'ਫ਼ਖ਼ਰੇ-ਕੌਮ' ਜਾਂ ਉੱਚ-ਹਸਤੀ ਹੋਵੇ। ਇਉਂ ਲੱਗਦਾ ਹੈ ਜਿਵੇਂ ਅਕਾਲੀ ਦਲ ਵੀ ਗਾਂਧੀ ਦੀ ਸਰਪ੍ਰਸਤੀ ਹੇਠ ਸਿੱਖਾਂ ਨੂੰ ਅੰਗਰੇਜ਼ਾਂ ਦੇ ਖ਼ਿਲਾਫ਼ ਵਰਤਣ ਲਈ ਹੀ ਬਣਾਇਆ ਗਿਆ ਹੋਵੇ। ਇਹੋ ਜਿਹੀ ਹਾਲਤ ਵਿੱਚ ਸਿੱਖ ਆਗੂ ਆਮ ਸਿੱਖਾਂ ਦੇ ਸਰੋਕਾਰਾਂ ਨਾਲ ਕਿਵੇਂ ਜੁੜੇ ਹੋ ਸਕਦੇ ਹਨ? ਬਟਵਾਰੇ ਤੋਂ ਬਾਅਦ ਸਿੱਖਾਂ ਤੇ ਹੋਏ ਜ਼ੁਲਮਾਂ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਕਾਇਰਾਂ ਨੂੰ ਰਾਜ ਮਿਲ ਜਾਂਦਾ ਹੈ ਤਾਂ ਉਹ ਬਹਾਦਰਾਂ ਨਾਲੋਂ ਵੱਧ ਜ਼ਾਲਮ ਸਾਬਤ ਹੁੰਦੇ ਹਨ ਕਿਉਂਕਿ ਕਾਇਰਾਂ ਨੇ ਆਪਣੇ ਆਪ ਨੂੰ ਨਿਡਰ ਸਾਬਤ ਕਰਨਾ ਹੁੰਦਾ ਹੈ। ਪਰ ਏਨਾ ਜ਼ੁਲਮ ਸਹਿ ਕੇ ਵੀ ਸਿੱਖ ਇੰਨੀ ਫੁੱਟ ਦਾ ਸ਼ਿਕਾਰ ਕਿਉਂ ਹਨ? ਇਸ ਦਾ ਕਾਰਨ ਇਹ ਜਾਪਦਾ ਹੈ ਕਿ ਸਿੱਖਾਂ ਨੇ ਇਤਿਹਾਸ ਵਿੱਚ ਬਹੁਤਾ ਸਮਾਂ ਜੰਗਾਂ ਲੜਦਿਆਂ ਤੇ ਜ਼ੁਲਮ ਸਹਿੰਦਿਆਂ ਹੀ ਗੁਜ਼ਾਰਿਆ ਹੈ। ਇਸ ਕਰਕੇ ਰਾਜ ਕਰਨ ਦੀ ਖਾਹਿਸ਼ (ਜਾਇਜ਼ ਹੋਣ ਦੇ ਬਾਵਜੂਦ) ਇਕ ਹਵਸ ਦਾ ਰੂਪ ਧਾਰ ਗਈ ਹੈ। ਛੋਟੀ ਤੋਂ ਛੋਟੀ ਕਮੇਟੀ ਦੀ ਮੈਂਬਰਸ਼ਿਪ ਲਈ ਵੀ ਉਨ੍ਹਾਂ ਦੇ ਮੂੰਹ ਵਿੱਚ ਪਾਣੀ ਵਗ ਤੁਰਦਾ ਹੈ ਪਰ ਸਿੱਖੀ ਅਸੂਲਾਂ ਵਾਲਾ ਸਮਾਜ ਸਿਰਜਣ ਲਈ ਉਹਨਾਂ ਵੱਲੋਂ ਕੋਸ਼ਿਸ਼ - ਸਿਫ਼ਰ। ਪ੍ਰਧਾਨ ਸਾਹਿਬ, ਸਕੱਤਰ ਸਾਹਿਬ, ਮੈਂਬਰ ਸਾਹਿਬ, ਜਥੇਦਾਰ ਸਾਹਿਬ ਆਦਿ ਦੇ ਇਹ ਖਿਤਾਬ ਦੂਜੇ ਅਤੇ ਤੀਜੇ ਦਰਜੇ ਦੇ ਆਗੂਆਂ ਦੇ ਹੰਕਾਰ ਨੂੰ ਕਾਇਮ ਰੱਖਣ ਲਈ ਖ਼ੂਬ ਵਰਤੇ ਜਾਂਦੇ ਹਨ ਜਦ ਕਿ ਧਾਰਮਕ ਦਲ ਲਈ ਤਾਂ ਇਹ ਕਾਰ ਸੇਵਾ ਜਾਂ ਸੇਵਾਦਾਰੀ ਹੋਣੀ ਚਾਹੀਦੀ ਸੀ। ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਵਿੱਚੋਂ ਵੀ ਬਹੁਤੇ ਸਿੱਖ ਸਿਆਸੀ ਤਾਕਤ ਅਤੇ ਵਿਧਾਇਕੀ ਦੀ ਟਿਕਟ ਹੀ ਲੱਭਦੇ ਹਨ। ਇਸ ਲਮਕਦੀ ਗਾਜਰ ਨੂੰ ਵੇਖਦਿਆਂ ਵੇਖਦਿਆਂ ਇਹ ਬਜ਼ੁਰਗ ਅੱਧੀ ਸਦੀ ਵੀ ਬਿਤਾ ਜਾਂਦੇ ਹਨ। ਸਿਰਫ਼ ਆਪਣੇ ਹੰਕਾਰ ਤੇ ਹਵਸ ਨੂੰ ਕਾਬੂ ਨਾ ਕਰਨ ਕਰਕੇ। ਇਹ ਹੰਕਾਰ ਤੇ ਹਵਸ ਸਿੱਖਿਆ ਦੇ ਖੇਤਰ ਵਿੱਚ ਕਿਵੇਂ ਅੰਨ੍ਹਾ ਨੁਕਸਾਨ ਕਰਦੀ ਹੈ? ਇੱਕ ਪਾਸੇ ਤਾਂ ਉਹ ਸਿਆਸੀ ਆਗੂ ਹਨ ਜੋ ਸਿਰਫ ਸਿਫਾਰਸ਼ੀ ਤੇ ਅਯੋਗ ਅਧਿਆਪਕ ਤੇ ਮੁਲਾਜ਼ਮ ਰੱਖਣ ਲਈ ਸੰਗਤ ਦੇ ਪੈਸੇ ਨਾਲ ਸ਼ਤਾਬਦੀਆਂ ਮਨਾਉਣ ਦੇ ਬਹਾਨੇ ਕੁਝ ਇਮਾਰਤਾਂ ਖੜ੍ਹੀਆਂ ਕਰਦੇ ਰਹਿੰਦੇ ਹਨ। ਦੂਸਰਾ ਅੱਧ-ਪੜ੍ਹ ਗ੍ਰੰਥੀ ਵਰਗ ਹੈ ਜੋ ਅਣਪੜ੍ਹਾਂ ਨੂੰ ਵੀ ਰੱਬ ਮਿਲ ਜਾਣ ਦਾ ਲਾਰਾ ਲਾਉਂਦਾ ਰਹਿੰਦਾ ਹੈ। ਇਸ ਪ੍ਰਚਾਰ ਨਾਲ ਕੋਈ ਉਹਨਾਂ ਦੀ ਆਪਣੀ ਅੱਧ-ਪੜ੍ਹਤਾ ਉੱਤੇ ਉਂਗਲ ਨਹੀਂ ਚੁੱਕਦਾ। ਇਸ ਤਰ੍ਹਾਂ ਸਿੱਖਾਂ ਵਿੱਚ ਪੜ੍ਹਾਈ-ਲਿਖਾਈ ਦਾ ਮਹੱਤਵ ਘਟਾ ਦਿੱਤਾ ਗਿਆ ਹੈ। ਸਿਆਸੀ ਮਾਫ਼ੀਏ ਵੱਲੋਂ ਇਸ ਤਰ੍ਹਾਂ ਅੱਧ-ਪੜ੍ਹਤਾ ਵੱਲ ਧੱਕੇ ਗਏ ਪੇਂਡੂ ਸਮਾਜ ਨੂੰ ਪੁਜਾਰੀ ਵਰਗ ਦੀਆਂ ਅੰਧਵਿਸ਼ਵਾਸੀ ਗੱਲਾਂ ਬਹੁਤ ਰਾਸ ਆਉਂਦੀਆਂ ਹਨ। ਭਾਸ਼ਾਈ ਮੁਹਾਰਤ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਪ੍ਰਚਾਰਕ ਜਾਂ ਮਿਸ਼ਨਰੀ ਨੇ ਮਿਲਦੀ-ਜੁਲਦੀ ਭਾਸ਼ਾ ਵਾਲੇ ਗਊ-ਖੇਤਰ ਵੱਲ ਵੀ ਕੋਈ ਕਦਮ ਨਹੀਂ ਵਧਾਇਆ ਜਦੋਂ ਕਿ ਹੋਰ ਧਰਮ ਸਾਰੇ ਭਾਰਤ ਵਿੱਚ ਹੀ ਲਗਾਤਾਰ ਯਤਨ ਕਰ ਰਹੇ ਹਨ। ਅੱਧੀ ਸਦੀ ਤੋਂ ਸਥਿਤੀ ਇੱਥੇ ਪਹੁੰਚ ਗਈ ਹੈ ਕਿ ਹੁਣ ਕੋਈ ਵੀ ਬਾਰ੍ਹਵੀਂ ਜਮਾਤ(ਪਲੱਸ ਟੂ) ਤੋਂ ਅੱਗੇ ਨਹੀਂ ਜਾ ਰਿਹਾ ਅਤੇ ਬਾਰ੍ਹਵੀਂ ਤੋਂ ਬਾਅਦ ਹਵਾਈ ਟਿਕਟ ਲੈ ਕੇ ਵਿਦੇਸ਼ਾਂ ਵਿੱਚ ਉਹੋ ਕੰਮ ਕਰ ਰਿਹਾ ਹੈ ਜਿਸ ਨੂੰ ਉਹ ਪੰਜਾਬ ਵਿੱਚ ਕਰਨ ਤੋਂ ਨੱਕ ਮੂੰਹ ਵੱਟਦਾ ਹੈ। ਸਿੱਟਾ ਇਹ ਹੈ ਕਿ ਅਗਲੇ 2-4 ਦਹਾਕਿਆਂ ਵਿੱਚ ਜੋ ਸਿੱਖ ਆਗੂ ਨਿਕਲਣਗੇ ਉਹ ਬਹੁਤੇ ਇਹਨਾਂ 'ਪਲੱਸਟੂਆਂ' ਦੀ ਹੀਣੀ ਫੌਜ ਵਿੱਚੋਂ ਹੀ ਹੋਣਗੇ। 1960ਵਿਆਂ ਤੱਕ ਇਹੋ ਜਿਹੀ ਹਾਲਤ ਨਹੀਂ ਸੀ ਜਦੋਂ ਲੇਖਕ ਵਰਗੇ ਖਾਲਸਾ ਸਕੂਲਾਂ ਵਿੱਚ ਪੜ੍ਹਦੇ ਸਨ। ਪਰ ਪੰਜਾਬੀ ਸੂਬੇ ਦੀ ਤਾਕਤ ਮਿਲਣ ਤੋਂ ਬਾਅਦ ਵੀ ਸਿੱਖ ਆਗੂਆਂ ਨੇ ਸਿੱਖਿਆ ਦੇ ਖੇਤਰ ਵਿਚ ਕੌਮ ਦੇ ਸਾਹਮਣੇ ਕਦੇ ਕੋਈ ਦੂਰਗਾਮੀ ਸਿੱਖਿਆ ਨੀਤੀ ਨਹੀਂ ਲਿਆਂਦੀ। ਹੁਣ ਉੱਚ ਵਰਗੀ ਸਿੱਖਾਂ ਦੇ ਘਰਾਂ ਵਿੱਚ "ਡਾਈਨਿੰਗ ਟੇਬਲ" ਅਤੇ ਅਲਮਾਰੀਆਂ ਦੀ ਸ਼ਕਲ ਵਿੱਚ "ਬਾਰਾਂ" ਹੁੰਦੀਆਂ ਹਨ ਪਰ "ਸਟੱਡੀ ਟੇਬਲ" ਜਾਂ ਕਿਤਾਬਾਂ ਦੀ ਅਲਮਾਰੀ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਬਹੁਤ ਸਾਰੇ ਮਿਸ਼ਨਰੀ ਬਹੁਤ ਵਧੀਆ ਪ੍ਰਚਾਰ ਦਾ ਕੰਮ ਕਰ ਰਹੇ ਹਨ ਪਰ ਪੰਥ ਵਿੱਚ ਥਾਂ ਬਣਾਉਣ ਲਈ ਆਪਸ ਵਿੱਚ ਖੁੱਲ੍ਹ ਕੇ ਲੜ ਵੀ ਰਹੇ ਹਨ। ਬਜਾਏ ਇਸਦੇ ਕਿ ਗ੍ਰੰਥੀ ਜਾਂ ਮਿਸ਼ਨਰੀ ਸਾਡੇ ਵਿਦਵਾਨਾਂ ਤੋਂ ਸੇਧ ਦੇਣ, ਉਹ ਖੁਦ ਹੀ ਵਿਦਵਾਨ ਹੋਣ ਦਾ ਭਰਮ ਪਾਲਦੇ ਨੇ। ਇਸ ਤਰ੍ਹਾਂ ਸਾਡੇ ਬੁੱਧੀਜੀਵੀ, ਸਿਆਸੀ ਆਗੂ, ਉੱਚ ਵਰਗ ਅਤੇ ਪ੍ਰਚਾਰਕ ਸਾਰੇ ਹੀ ਆਮ ਸਿੱਖਾਂ ਦੇ ਸਰੋਕਾਰਾਂ ਪ੍ਰਤੀ ਸੁਹਿਰਦ(sincere) ਨਹੀਂ ਜਾਪਦੇ।
(੩) ਕਥਿਤ ਹਿੰਦੂਆਂ ਦੇ ਬਹੁਤੇ ਪੁਰਾਣੇ ਮੰਦਰ ਬੁੱਧ ਧਰਮ ਦੇ ਮੱਠਾਂ ਨੂੰ ਤੋੜ ਮਰੋੜ ਕੇ ਅਤੇ ਉਹਨਾਂ ਵਿਚ ਪਈਆਂ ਹੋਈਆਂ ਬੁੱਧ ਦੀਆਂ ਮੂਰਤੀਆਂ ਨੂੰ ਵਿਗਾੜ ਕੇ ਬਣਾਏ ਗਏ ਹਨ। ਇਥੋਂ ਤੱਕ ਕਿ ਅਯੁੱਧਿਆ ਦੇ ਰਾਮ ਮੰਦਰ ਦੀ ਪੁੱਟ-ਪੁਟਾਈ ਦੌਰਾਨ ਵੀ ਬੋਧੀ ਵਸਤਾਂ ਦੀਆਂ ਰਿਪੋਰਟਾਂ ਆਈਆਂ ਸਨ। ਉਂਞ ਵੀ ਇੱਕ ਆਮ ਆਦਮੀ ਇਤਿਹਾਸਕ ਮੰਦਰਾਂ ਵਿੱਚ ਘੁੰਮਦਿਆਂ ਓਥੋਂ ਦੀਆਂ ਪੁਰਾਣੀਆਂ ਮੂਰਤੀਆਂ ਨੂੰ ਚੰਗੀ ਤਰ੍ਹਾਂ ਘੋਖੇ ਤਾਂ ਸਮਝ ਆ ਜਾਂਦਾ ਹੈ ਕਿ ਉਹ ਵਿਗਾੜ ਕੇ ਬਣਾਈਆਂ ਗਈਆਂ ਹਨ। ਪਰ ਹੁਣ ਦੇ ਸਿੱਖਾਂ ਵਾਂਙੂੰ ਹੀ ਓਦੋਂ ਦੇ ਬੋਧੀਆਂ ਦੇ ਉਤਲੇ ਵਰਗ ਵਿੱਚ ਏਨਾ ਵੀ ਦਮ ਨਹੀਂ ਸੀ ਕਿ ਅਜਿਹਾ ਹੋਣੋਂ ਰੋਕ ਸਕਣ। 1956 ਵਿਚ ਡਾਕਟਰ ਅੰਬੇਦਕਰ ਵੱਲੋਂ, ਮਰਨ ਤੋਂ 2 ਮਹੀਨੇ ਪਹਿਲਾਂ, ਬੋਧੀ ਬਣਨ ਤੋਂ ਬਾਅਦ ਭਾਰਤ ਵਿੱਚ ਬੋਧੀਆਂ ਦੀ ਆਬਾਦੀ ਵਧ ਕੇ ਹੁਣ ਲਗਭਗ ਇੱਕ ਕਰੋੜ ਹੋ ਚੁੱਕੀ ਹੈ। ਫਿਰ ਵੀ ਹੁਣ ਦੇ ਬੋਧੀ ਉਹਨਾਂ ਮੰਦਰਾਂ ਤੇ ਆਪਣਾ ਕੋਈ ਤਾਕਤਵਰ ਦਾਅਵਾ ਨਹੀਂ ਕਰ ਸਕੇ। ਬ੍ਰਾਹਮਣਾਂ ਨੇ ਨਾ ਕੇਵਲ ਬੋਧੀਆਂ ਦੇ ਮੱਠਾਂ ਤੇ ਕਬਜ਼ੇ ਕਰਕੇ ਮੰਦਰ ਬਣਾਏ ਬਲਕਿ ਉਹਨਾਂ ਦੇ ਵਿਦਿਆਲੇ ਵੀ ਸਾੜੇ ਤੇ ਸੜਵਾਏ। ਅੱਠਵੀਂ ਸਦੀ ਦੇ ਆਦੀ ਸ਼ੰਕਰਾਚਾਰੀਆ ਵੱਲੋਂ ਪੂਰੇ ਭਾਰਤ ਵਿੱਚ ਘੁੰਮ ਕੇ ਬੋਧੀਆਂ ਦਾ ਸਫ਼ਾਇਆ ਕਰਨ ਦੀ ਮੁਹਿੰਮ ਚਲਾਈ ਗਈ। ਭਾਵੇਂ ਇਸ ਨੂੰ ਸ਼ੰਕਰਾਚਾਰੀਆ ਦੀ ਪ੍ਰਚਾਰ ਮੁਹਿੰਮ ਵੀ ਕਿਹਾ ਜਾਂਦਾ ਹੈ ਪਰ ਕਈ ਇਤਿਹਾਸਕਾਰ ਇਸ ਨੂੰ ਬੋਧੀਆਂ ਨੂੰ ਸਰੀਰਕ ਤੌਰ ਤੇ ਖਤਮ ਕਰਨ ਦੀ ਇੱਕ ਮੁਹਿੰਮ ਵਜੋਂ ਵੇਖਦੇ ਹਨ। ਮੁਕਾਬਲਾ ਕਰਕੇ ਵੇਖੀਏ ਤਾਂ ਇਹੋ ਕੰਮ ਹਿੰਦੂਤਵ ਦੀ ਪਹਿਲੀ ਜਰਨੈਲ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉਤੇ ਫੌਜ ਦਾ ਹਮਲਾ ਕਰਕੇ ਕੀਤਾ ਤੇ ਫਿਰ ਉਸ ਕੰਮ ਨੂੰ ਪੂਰੇ ਭਾਰਤ ਵਿੱਚ ਫੈਲਾਉਣ ਲਈ ਉਹਦੇ ਪੁੱਤ ਨੇ ਉਸੇ ਦੀ ਹੱਤਿਆ ਨੂੰ ਵਰਤਿਆ। ਮੁਸਲਮਾਨ ਹਾਕਮ ਬਖ਼ਤਿਆਰ ਖਿਲਜੀ ਉਤੇ 1200 ਈਸਵੀ ਦੇ ਆਸ ਪਾਸ ਬੋਧੀਆਂ ਦਾ ਵੱਡਾ ਨਾਲੰਦਾ ਵਿਦਿਆਲਾ ਤਬਾਹ ਕਰਨ ਦਾ ਦੋਸ਼ ਲੱਗਦਾ ਹੈ ਪਰ ਬਹੁਤ ਸਾਰੇ ਬੋਧੀ ਇਤਿਹਾਸਕਾਰ ਇਸ ਨੂੰ ਵੀ ਬ੍ਰਾਹਮਣਾਂ ਦੁਆਰਾ ਸਾੜੇ ਜਾਣ ਦੀ ਸਾਜ਼ਸ਼ ਦੱਸਦੇ ਹਨ। ਕਿਸੇ ਕੌਮ ਦੀ ਸਾਂਝੀ ਯਾਦਾਸ਼ਤ ਨੂੰ ਕਾਇਮ ਰੱਖਣਾ ਹੀ ਉਸ ਕੌਮ ਦੀ ਜ਼ਿੰਦਗੀ ਨੂੰ ਅੱਗੇ ਤੋਰਦਾ ਹੈ, ਨਹੀਂ ਤਾਂ ਕੌਮਾਂ ਨਸ਼ਟ ਹੋ ਜਾਂਦੀਆਂ ਹਨ। ਦਰਬਾਰ ਸਾਹਿਬ ਤੇ ਹਮਲੇ ਵੇਲੇ ਬਹੁਤ ਸਾਰੇ ਇਤਿਹਾਸਕ ਦਸਤਾਵੇਜ ਫੌਜ ਨੇ ਆਪਣੇ ਕਬਜ਼ੇ ਵਿੱਚ ਕਰ ਲਏ ਸਨ ਅਤੇ ਓਥੋਂ ਦੀ ਕੀਮਤੀ ਲਾਇਬਰੇਰੀ ਹਮਲੇ ਤੋਂ ਵੀ ਬਾਅਦ ਵਿੱਚ ਸਾੜੀ ਗਈ। ਹਿੰਦੂਤਵੀ ਸਰਕਾਰ ਜਦੋਂ ਪਟਨਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਪੁਰਬ ਮਨਾਉਂਦੀ ਹੈ ਤਾਂ ਉਹਨਾਂ ਨੂੰ ਛੋਟਾ ਕਰਕੇ ਦੇਸ਼ ਭਗਤ ਪ੍ਰਚਾਰਦੀ ਹੈ। ਸਾਡੇ ਗੁਰਪੁਰਬਾਂ ਦੇ ਨਾਂ ਵੀ "ਜੈਯੰਤੀਆਂ" ਬਣਾ ਦਿੱਤੇ ਗਏ ਹਨ। ਗੁਰੂਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਜੀਆਂ ਨੂੰ ਨਾਟਕਾਂ, ਫਿਲਮਾਂ ਆਦਿ ਵਿੱਚ ਦਰਸਾਉਣਾ ਸਾਨੂੰ ਚੁਭਦਾ ਹੈ ਪਰ ਇਸਦੇ ਬਾਵਜੂਦ "ਵੀਰ ਬਾਲ" ਦਿਵਸ ਦਾ ਬਹਾਨਾ ਬਣਾ ਕੇ ਰਾਮ ਲੀਲਾ ਵਾਂਙੂੰ ਸਕੂਲਾਂ ਵਿੱਚ ਬੇਅਦਬੀ ਭਰੀਆਂ ਖੇਡਾਂ ਖੇਡੀਆਂ ਜਾ ਰਹੀਆਂ ਹਨ। ਭਾਰਤੀ ਸਕੂਲੀ ਕਿਤਾਬਾਂ ਵਿੱਚ ਸਿੱਖ ਇਤਿਹਾਸ ਦਾ ਮਾਮੂਲੀ ਜਿਹਾ ਜ਼ਿਕਰ ਹੁੰਦਾ ਹੈ ਤੇ ਉਹ ਵੀ ਬ੍ਰਾਹਮਣਵਾਦੀ ਬਿਰਤਾਂਤ ਦੇ ਅਨੁਸਾਰ ਤੋੜਿਆ ਮਰੋੜਿਆ ਹੋਇਆ। ਕੀ ਇਹ ਸਭ ਸਿੱਖ ਧਰਮ ਦੇ ਵਿਦਿਆਲੇ ਨਸ਼ਟ ਕਰਨ ਤੋਂ ਘੱਟ ਹੈ? ਕੀ ਉੱਚ ਵਰਗੀ ਸਿੱਖ ਇਹਨਾਂ ਗੱਲਾਂ ਦੇ ਖਿਲਾਫ ਕੋਈ ਵੱਡੀ ਗੱਲ ਕਰਦਾ ਨਜ਼ਰ ਆਉਂਦਾ ਹੈ? ਜੇ ਇਸ ਤਰੀਕੇ ਨਾਲ ਸਿੱਖੀ ਜਾਂ ਸਿੱਖ ਰਗੜ ਦਿੱਤੇ ਗਏ ਤਾਂ ਇਹ ਬੋਧੀਆਂ ਦੇ ਪਤਨ ਨਾਲੋਂ ਅਲੱਗ ਨਹੀਂ ਹੈ। ਅੱਠਵੀਂ ਸਦੀ ਦੇ ਸ਼ੰਕਰਾਚਾਰੀਆ ਦੇ ਵਕਤ ਅੱਜ ਵਾਲੇ ਸਾਧਨ ਨਹੀਂ ਸਨ। ਆਪਣੇ ਨਾਲ ਕੁਝ ਗਰਮ ਤੱਤਾਂ ਨੂੰ ਨਾਲ ਲੈ ਕੇ ਉਹਨੂੰ ਨਿੱਜੀ ਤੌਰ ਤੇ ਪਹੁੰਚਣਾ ਪੈਂਦਾ ਸੀ। ਪਰ ਅੱਜਕਲ੍ਹ ਆਵਾਜਾਈ ਦੇ ਹੀ ਨਹੀਂ ਬਲਕਿ ਪ੍ਰਚਾਰ ਦੇ ਸਾਧਨ ਵੀ ਤੇਜ ਹੋ ਗਏ ਹਨ ਜਿਵੇਂ ਟੀਵੀ, ਰੇਡੀਓ, ਅਖਬਾਰਾਂ, ਟੈਲੀਫੋਨ, ਸਮਾਜਕ ਮਾਧਿਅਮ(ਸੋਸ਼ਲ ਮੀਡੀਆ) ਆਦਿ। ਭਾਰਤੀ ਟੀਵੀ, ਰੇਡੀਓ, ਅਖਬਾਰਾਂ ਤਾਂ ਸਿੱਖਾਂ ਨੂੰ ਥੱਲੇ ਲਾਉਣ ਲਈ ਕਾਂਗਰਸ ਨੇ ਹੀ ਕੁੱਬੇ ਕਰ ਲਏ ਸਨ ਜੋ 2014 ਤੱਕ ਉਸੇ ਕੁੱਬ ਵਿੱਚ ਹੀ ਸਨ। ਇਸੇ ਕਰਕੇ ਉਸਤੋਂ ਬਾਅਦ ਵਾਲੇ ਹਾਕਮਾਂ ਨੇ ਬੜੀ ਸੌਖ ਨਾਲ ਇਹ ਸਾਰੇ ਹੁਣ ਲੰਮੇ ਹੀ ਪਾ ਲਏ ਹਨ। ਪਰ ਸਮਾਜਕ ਮਾਧਿਅਮ ਭਾਵੇਂ ਤਰ੍ਹਾਂ ਤਰ੍ਹਾਂ ਦੇ ਸਰਕਾਰੀ ਨਿਯਮਾਂ ਥੱਲੇ ਹੈ, ਫਿਰ ਵੀ ਸ਼ਿਕਾਰ ਹੋਏ ਲੋਕ ਅਤੇ ਘੱਟ ਗਿਣਤੀਆਂ ਆਪਣੀ ਗੱਲ ਕਿਸੇ ਹੱਦ ਤੱਕ ਕਹਿ ਲੈਂਦੇ ਹਨ। ਕਾਂਗਰਸ ਜਿਸ ਸਿਖ-ਵਿਰੋਧੀ ਪ੍ਰਚਾਰੀ ਹਥਿਆਰ ਨਾਲ ਹਿੰਦੂ ਵੋਟਾਂ ਆਪਣੇ ਨਾਲ ਜੋੜਨਾ ਚਾਹੁੰਦੀ ਸੀ ਉਸ ਸ਼ਸਤਰ ਨੂੰ ਹੁਣ ਦੇ ਹਾਕਮਾਂ ਨੇ ਘੜ ਕੇ, ਮਾਂਜ ਕੇ ਚੰਗੀ ਤਰ੍ਹਾਂ ਤਿੱਖਾ ਕਰ ਲਿਆ ਹੈ। ਬ੍ਰਾਹਮਣਵਾਦੀ ਬਿਰਤਾਂਤ ਦੇ ਜ਼ਬਰਦਸਤ ਮੀਂਹ ਦੀ ਤਾਜ਼ੀ ਮਿਸਾਲ ਇਹ ਹੈ ਕਿ ਸਾਡੇ ਸਮਝ ਵਾਲੇ ਪੱਤਰਕਾਰ ਵੀ 'ਪ੍ਰਧਾਨ ਮੰਤਰੀ ਬਾਜੇਕੇ' ਵਰਗੇ ਇਕ ਸਿੱਧੇ ਸਾਧੇ ਬੰਦੇ ਦੀ ਵੀ ਕਿਰਦਾਰਕੁਸ਼ੀ ਦੀ ਵੀਡੀਓ ਬਣਾ ਧਰਦੇ ਹਨ ਕਿ ਉਹ ਡਿਬਰੂਗੜ੍ਹ ਜਾਂਦਿਆਂ ਜਹਾਜ਼ ਵਿੱਚ ਡਰ ਰਿਹਾ ਸੀ ਕਿ ਕਿਤੇ ਉਹਨੂੰ ਸਮੁੰਦਰ ਵਿੱਚ ਤਾਂ ਨਹੀਂ ਸੁੱਟ ਦੇਣਗੇ ਭਾਵੇਂ ਕਿ ਡਿਬਰੂਗੜ੍ਹ ਦੇ ਰਾਹ ਵਿੱਚ ਕੋਈ ਸਮੁੰਦਰ ਆਉਂਦਾ ਹੀ ਨਹੀਂ। ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਸਰਕਾਰੀ ਬਿਰਤਾਂਤ ਦੀ ਪਹੁੰਚ ਵੇਖੋ ਕਿ ਉਹਦੇ ਨਾਮ ਵਾਲੇ ਕਿਸੇ ਦੂਜੇ ਬੰਦੇ ਦੀ ਨਸ਼ੇਬਾਜ਼ੀ ਦੀ ਘਟੀਆ ਖਬਰ ਦੇ ਨਾਲ ਡਿਬਰੂਗੜ੍ਹ ਵਾਲੇ ਅੰਮ੍ਰਿਤਪਾਲ ਦੀ ਫੋਟੋ ਛਪ ਜਾਂਦੀ ਹੈ। ਬਹੁਤਾ ਪੰਜਾਬੀ ਮੀਡੀਆ ਸਿੱਖਾਂ ਸਬੰਧੀ ਖਬਰਾਂ ਨੂੰ ਉਹਨਾਂ ਖਬਰ ਏਜੰਸੀਆਂ ਤੋਂ ਲੈ ਕੇ ਹੀ ਛਾਪਦਾ ਹੈ ਜੋ ਪਹਿਲਾਂ ਹੀ ਸਰਕਾਰ ਅੱਗੇ ਲੰਮੀਆਂ ਪਈਆਂ ਹੋਈਆਂ ਹਨ, ਤਾਂ ਕਿ ਉਹਨਾਂ ਦਾ ਆਪਣਾ ਨਾਂ ਖ਼ਬਰ ਨਾਲ ਨਾ ਜੁੜੇ। ਭਾਵੇਂ ਇਹ ਕੋਈ ਆਮ ਜਿਹੀਆਂ ਗਲਤੀਆਂ ਨਹੀਂ ਹਨ ਪਰ ਕੁਝ ਹਿੱਸੇ ਨੂੰ ਸਾਧਨਾਂ ਦੀ ਕਮੀ ਕਰਕੇ ਅਣਗੌਲਿਆਂ ਵੀ ਕੀਤਾ ਜਾ ਸਕਦਾ ਹੈ। ਫਿਰ ਵੀ ਇਸ ਤਰ੍ਹਾਂ ਦਾ ਵਰਤਾਰਾ ਇੰਨਾ ਜਿਆਦਾ ਹੈ ਕਿ ਇਹ ਪੰਜਾਬੀ ਮੀਡੀਆ ਵਿੱਚ ਵੀ ਬ੍ਰਾਹਮਣਵਾਦ ਦਾ ਡਰ ਪਸਰਿਆ ਵਿਖਾਉਂਦਾ ਹੈ। ਇਸ ਵੇਲੇ ਟਵਿੱਟਰ(X) ਕਾਫ਼ੀ ਅਸਰਦਾਰ ਹੈ। ਪਰ ਸਿੱਖਾਂ ਦੀ ਆਬਾਦੀ ਬਹੁਗਿਣਤੀ ਦਾ 50ਵਾਂ ਕੁ ਹਿੱਸਾ ਹੀ ਹੈ। ਇਸ ਕਰਕੇ ਜਿਉਂ ਹੀ ਕੋਈ ਗੰਭੀਰ ਸੱਜਣ ਆਪਣੇ ਸਿੱਖ-ਪੱਖੀ ਵਿਚਾਰ ਟਵਿੱਟਰ ਤੇ ਪਾਉਂਦਾ ਹੈ ਤਾਂ ਤਕਰੀਬਨ 20-30 ਟਿੱਪਣੀਆਂ ਗਾਲ੍ਹਾਂ ਦੀ ਭਾਸ਼ਾ ਵਿੱਚ ਪਰਗਟ ਹੋ ਜਾਂਦੀਆਂ ਹਨ ਜਿਸ ਤੋਂ ਲੱਗਦਾ ਹੈ ਕਿ ਇਸ ਵਿੱਚ ਰਾਜ ਕਰਦੀ ਪਾਰਟੀ ਦੇ ਤਨਖ਼ਾਹਦਾਰ ਗੁੱਟ ਵੀ ਸ਼ਾਮਿਲ ਹਨ। ਕਿਉਂਕਿ ਆਮ ਵਰਤੋਂਕਾਰ ਕੁਝ ਟਿੱਪਣੀਆਂ ਪੜ੍ਹਨ ਤੋਂ ਅੱਗੇ ਨਹੀਂ ਵਧਦਾ, ਇਸ ਕਰਕੇ ਇਕ ਤਾਂ ਸਿੱਖਾਂ ਦਾ ਬਿਰਤਾਂਤ ਹੀ ਅੱਗੇ ਨਹੀਂ ਵਧਦਾ ਤੇ ਦੂਜਾ, ਪੜ੍ਹਨ ਵਾਲੇ ਨੂੰ ਲੱਗਦਾ ਹੈ ਕਿ ਸ਼ਾਇਦ ਸਿੱਖ ਦ੍ਰਿਸ਼ਟੀਕੋਣ ਹੀਣਾ ਹੈ ਅਤੇ ਇਸੇ ਕਰਕੇ ਇੰਨੇ ਲੋਕ ਵਿਰੋਧ ਕਰ ਰਹੇ ਹਨ। ਛੋਟੇ ਹੁੰਦਿਆਂ ਇੱਕ ਕਹਾਣੀ ਪੜ੍ਹਦੇ ਸਾਂ ਕਿ ਇਕ ਭਲਾ ਆਦਮੀ ਜੋ ਸ਼ਹਿਰ ਲੇਲਾ ਵੇਚਣ ਜਾ ਰਿਹਾ ਸੀ ਉਹਨੂੰ ਚਾਰ ਠੱਗਾਂ ਨੇ ਵਾਰੀ ਵਾਰੀ ਝੂਠ ਬੋਲ ਕੇ ਯਕੀਨ ਕਰਵਾ ਦਿੱਤਾ ਕਿ ਉਹਦੇ ਕੋਲ ਤਾਂ ਕੁੱਤਾ ਹੈ ਜਿਸ ਨੂੰ ਫਿਰ ਆਖਰ ਉਸਨੇ ਸੁੱਟ ਦਿੱਤਾ। ਇਹੋ ਗੱਲ ਹਿਟਲਰ ਦੇ ਮੰਤਰੀ ਗੋਇਬਲਜ਼ ਨੇ ਏਦਾਂ ਕਹੀ ਦੱਸੀਦੀ ਹੈ ਕਿ ਜੇ ਕਿਸੇ ਝੂਠ ਨੂੰ ਵਾਰ ਵਾਰ ਦੁਹਰਾਇਆ ਜਾਵੇ ਤਾਂ ਉਹ ਅਖੀਰ ਸੱਚ ਬਣ ਜਾਂਦਾ ਹੈ। ਪਰ ਲੋਕ ਰਾਜ ਵਿੱਚ ਤਾਂ ਬਹੁ ਗਿਣਤੀ ਘੱਟ ਗਿਣਤੀ ਨਾਲੋਂ ਕਈ ਗੁਣਾਂ ਵੱਧ ਵਾਰੀ ਝੂਠ ਬੋਲ ਸਕਦੀ ਹੈ ਤੇ ਘੱਟ ਗਿਣਤੀ ਦੇ ਸੱਚ ਨੂੰ ਵੀ ਝੂਠ ਬਣਾ ਸਕਦੀ ਹੈ। ਇਹ ਬਹੁ ਗਿਣਤੀ ਦਾ ਅਸਰ ਸਾਡੇ ਸਿਆਸਤਦਾਨਾਂ ਅਤੇ ਪੱਤਰਕਾਰਾਂ ਦੇ ਦਿਮਾਗਾਂ ਵਿੱਚ ਹੀ ਨਹੀਂ ਵੱਸਿਆ ਹੋਇਆ ਬਲਕਿ ਟਵਿੱਟਰ ਤੇ ਕਈ ਵਾਰੀ ਵੇਖਿਆ ਹੈ ਕਿ ਆਪਣੇ ਆਪ ਨੂੰ ਰਿਟਾਇਰਡ IFS, IAS ਜਾਂ IPS ਅਫਸਰ ਦੱਸਣ ਵਾਲੇ ਸਿੱਖ ਵੀ ਕਿਵੇਂ ਸਿਖ-ਵਿਰੋਧੀ ਸਰਕਾਰੀ ਬਿਰਤਾਂਤ ਵਿੱਚ ਵਿਚਰਦੇ ਹਨ। ਸਰਕਾਰਾਂ ਕਿਸ ਤਰ੍ਹਾਂ ਉਹ ਬਿਰਤਾਂਤ ਸਿਰਜ ਲੈਂਦੀਆਂ ਹਨ ਜੋ ਅਸਲੀਅਤ ਤੋਂ ਵੀ ਦੂਰ ਹੁੰਦੇ ਹਨ, ਇਸ ਦੀ ਇੱਕ ਮਿਸਾਲ "ਭਾਰਤ ਮਾਤਾ ਕੀ ਜੈ" ਦਾ ਨਾਹਰਾ ਹੈ। ਨਾ ਇਤਿਹਾਸ ਵਿੱਚ, ਨਾ ਮਿਥਿਹਾਸ ਵਿੱਚ, ਕਿਤੇ ਵੀ ਭਾਰਤ ਨਾਂ ਦੀ ਕੋਈ ਔਰਤ ਨਹੀਂ ਹੋਈ। ਜੋ ਮਿਥਿਹਾਸਕ ਨਕਲੀ ਕਹਾਣੀ ਹੈ ਉਹ ਵੀ 'ਭਰਤ' ਜਾਂ 'ਭਾਰਤ' ਨੂੰ ਇੱਕ ਮਰਦ ਦੇ ਤੌਰ ਤੇ ਪੇਸ਼ ਕਰਦੀ ਹੈ। ਫਿਰ ਬ੍ਰਾਹਮਣੀ ਸਮਾਜ ਭਾਰਤ ਨੂੰ ਵੀ ਮਾਤਾ ਦੇ ਤੌਰ ਤੇ ਕਿਉਂ ਪੇਸ਼ ਕਰ ਰਿਹਾ ਹੈ ਅਤੇ ਇਸ ਵਿੱਚ ਏਨਾ ਸਫਲ ਕਿਵੇਂ ਹੈ? ਕਾਰਨ ਇਹ ਕਿ ਇਸ ਸਮਾਜ ਲਈ ਬ੍ਰਾਹਮਣ ਨੇ ਮਾਤਾਵਾਂ ਤਾਂ ਕਈ ਸਿਰਜੀਆਂ ਹਨ ਪਰ ਪਿਤਾ ਅਜੇ ਤੱਕ ਕੋਈ ਨਹੀਂ ਸਿਰਜਿਆ। ਇਸ ਕਰਕੇ ਮਾਤਾ ਦੇ ਨਾਂ ਤੇ ਦੇਸ਼ ਭਗਤੀ ਉਛਾਲਣੀ ਸੌਖੀ ਹੈ। ਇਹ ਖਤਰਾ ਵੀ ਹੈ ਕਿ ਜੇ ਇਸ ਸਮਾਜ ਨੂੰ ਕੋਈ ਪਿਤਾ ਮਿਲ ਗਿਆ ਤਾਂ ਉਹ 'ਪਿਓ ਦੇ ਪੁੱਤ' ਉਲਟਾ ਬ੍ਰਾਹਮਣ ਨੂੰ ਹੀ ਨਾ ਪੈ ਜਾਣ। ਸਿੱਖਾਂ ਨੂੰ ਦਸਮੇਸ਼ ਪਿਤਾ ਮਿਲਿਆ ਹੋਣ ਕਰਕੇ ਉਹ ਹੀ ਬ੍ਰਾਹਮਣ ਨੂੰ ਨਹੀਂ ਸਹਿੰਦੇ! ਜਾਹਿਰ ਹੈ ਕਿ ਬਹੁ ਗਿਣਤੀ ਜੋਗੇ ਸਾਧਨ ਸਾਡੇ ਕੋਲ ਨਹੀਂ ਹਨ ਪਰ ਘੱਟੋ ਘੱਟ ਆਪਣੇ ਲੋਕਾਂ ਨੂੰ ਜਗਾਉਣ ਲਈ ਜ਼ਰੂਰੀ ਹੈ ਕਿ ਸਾਡੇ ਆਪਣੇ ਕੁਝ ਤਾਂ ਪ੍ਰਚਾਰ ਸਾਧਨ ਹੋਣ ਤੇ ਉਹ ਮਿਆਰੀ ਹੋਣ। ਪਰ ਇਸ ਵਕਤ ਸਿੱਖਾਂ ਦਾ ਆਪਣਾ ਬਿਰਤਾਂਤ ਦੇਣ ਵਾਲਾ ਨਾ ਕੋਈ ਮਿਆਰੀ ਟੈਲੀਵੀਜ਼ਨ ਚੈਨਲ ਹੈ ਤੇ ਨਾ ਕੋਈ ਪ੍ਰਚਾਰ ਸੰਸਥਾ। ਕਰ ਕਰਾ ਕੇ ਗੁਰਦਵਾਰਾ ਕਮੇਟੀਆਂ ਹਨ, ਪਰ ਉਹ ਗੁਰਬਾਣੀ ਪ੍ਰਸਾਰਨ ਤੇ ਗੋਲਕ ਦੇ ਇੰਤਜ਼ਾਮ ਤੋਂ ਇਲਾਵਾ ਆਪਣਾ ਕੋਈ ਫਰਜ਼ ਨਹੀਂ ਸਮਝਦੀਆਂ। ਬਹੁਤੀ ਵਾਰੀ ਇਹ ਲੱਗਦਾ ਹੈ ਕਿ ਉਹ ਤਾਂ ਖ਼ੁਦ ਬਹੁ ਗਿਣਤੀ ਲਈ ਕੰਮ ਕਰ ਰਹੇ ਹਨ। ਇਸ ਤੋਂ ਇਹ ਲੱਗਦਾ ਹੈ ਕਿ ਬੋਧੀਆਂ ਵਾਂਙੂੰ ਸਿੱਖਾਂ ਦੇ "ਮੱਠ ਅਤੇ ਵਿਦਿਆਲੇ" ਵੀ ਨਸ਼ਟ ਹੋਣ ਕੰਢੇ ਹੀ ਹਨ।
(੪) ਸ਼ੁਰੂ ਵਿੱਚ ਬੁੱਧ ਧਰਮ ਬੁੱਤ ਪੂਜਾ ਦੇ ਖਿਲਾਫ ਸੀ ਪਰ ਬਾਅਦ ਵਿੱਚ ਬੁੱਧ ਦੇ ਮਹਾਇਨਾ ਸੰਪਰਦਾ ਨੇ ਬ੍ਰਾਹਮਣਾਂ ਵਾਂਙੂੰ ਹੀ ਬੁੱਧ ਦੇ ਅਨੇਕਾਂ ਤੇ ਵੱਡੇ ਵੱਡੇ ਬੁੱਤ ਬਣਾਉਣ ਦੀ ਪਰੰਪਰਾ ਸ਼ੁਰੂ ਕਰ ਲਈ। ਇਹ ਬੁੱਤ ਭਾਰਤ ਵਿੱਚ ਹੀ ਨਹੀਂ ਬਲਕਿ ਅਫ਼ਗਾਨਿਸਤਾਨ, ਥਾਈਲੈਂਡ ਆਦਿ ਦੂਜੇ ਦੇਸ਼ਾਂ ਵਿੱਚ ਵੀ ਸਥਾਪਿਤ ਹੋਏ। ਇਸ ਦਾ ਨਤੀਜਾ ਇਹ ਹੋਇਆ ਕਿ ਮਹਾਤਮਾ ਬੁੱਧ ਦੀ ਸਿੱਖਿਆ ਤੋਂ ਬੋਧੀ ਦੂਰ ਹੋ ਗਏ ਤੇ ਹੌਲੀ ਹੌਲੀ ਬ੍ਰਾਹਮਣਵਾਦ ਦੇ ਦਿੱਤੇ ਹੋਏ ਧਾਰਮਿਕ ਨਾਮ 'ਸਨਾਤਨ' ਜਾਂ 'ਹਿੰਦੂ' ਵਿੱਚ ਸਮਾਉਂਦੇ ਗਏ। ਪਹਿਲਾਂ ਮਹੰਤਾਂ ਵੇਲੇ ਸਿੱਖਾਂ ਨੇ ਬ੍ਰਾਹਮਣਵਾਦੀ ਰਹੁ ਰੀਤਾਂ ਨੂੰ ਗੁਰਦੁਆਰਿਆਂ ਵਿੱਚੋਂ ਕੱਢਿਆ ਸੀ, ਹੁਣ ਦੂਜੀ ਵਾਰ ਉਹੋ ਜਿਹੇ ਹੀ ਹਾਲਾਤ ਸਾਹਮਣੇ ਆ ਰਹੇ ਹਨ। ਏਥੋਂ ਤੱਕ ਕਿ ਹੁਣੇ ਹੁਣੇ ਕੋਈ ਬਗੇਸ਼ਵਰ ਨਾਮ ਦਾ ਛੋਕਰਾ ਦਰਬਾਰ ਸਾਹਿਬ ਆ ਕੇ ਹਿੰਦੂ ਰਾਸ਼ਟਰ ਦਾ ਪ੍ਰਚਾਰ ਕਰ ਜਾਂਦਾ ਹੈ ਅਤੇ ਕੋਈ ਪ੍ਰਦੀਪ ਸਾਧ ਸਾਡੇ ਗ੍ਰੰਥੀਆਂ, ਟਕਸਾਲੀਆਂ ਦੀ ਸਟੇਜ ਤੇ ਬੈਠ ਕੇ ਕਰਮਕਾਂਡ ਦਾ ਅਤੇ ਹਿੰਦੂਆਂ ਦੇ ਮਿਥਿਹਾਸ ਦਾ ਗੁਣਗਾਣ ਕਰ ਜਾਂਦਾ ਹੈ ਪਰ ਇਹਨਾਂ ਬੋਧੀ ਭਿਕਸ਼ੂਆਂ ਵਰਗੇ ਗ੍ਰੰਥੀਆਂ ਵਿੱਚੋਂ ਕੋਈ ਵੀ ਇਹਨਾਂ ਨੂੰ ਜਵਾਬ ਨਹੀਂ ਦਿੰਦਾ। ਦਰਅਸਲ ਗੁਰੂ ਗ੍ਰੰਥ ਸਾਹਿਬ ਵਿਚ ਦਿੱਤੀ ਹੋਈ ਸਿੱਖਿਆ ਤੇ ਸਿਧਾਂਤਾਂ ਨੂੰ ਸਮਝ ਕੇ ਅੱਗੇ ਵਧਣ ਵਿਚ ਤੇ ਪਵਿੱਤਰ ਗ੍ਰੰਥ ਦਾ ਬਣਦਾ ਸਤਿਕਾਰ ਕਰਨ ਵਿੱਚ ਹੀ ਲਾਭ ਸੀ। ਕਹਿਣ ਦਾ ਮਤਲਬ ਇਹ ਨਹੀਂ ਕਿ ਨਾਸਤਕਾਂ ਜਾਂ ਕਮਿਊਨਿਸਟਾਂ ਦੇ ਵਿਚਾਰਾਂ ਵਾਂਙੂੰ ਇਹ ਕੇਵਲ ਇੱਕ ਕਿਤਾਬ ਹੈ। ਬਲਕਿ ਇਹ ਇੱਕ ਸਤਿਕਾਰਯੋਗ ਪਵਿੱਤਰ ਗ੍ਰੰਥ ਹੈ ਤੇ ਇਸ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ। ਪਰ ਅਸੀਂ ਬ੍ਰਾਹਮਣੀ ਪੂਜਾ ਅਤੇ ਸਤਿਕਾਰ ਵਿੱਚ ਫਰਕ ਸਮਝਣ ਵਿੱਚ ਹੀ ਅਸਮਰੱਥ ਹੋ ਗਏ ਹਾਂ। ਅਸੀਂ ਤਾਂ ਬ੍ਰਾਹਮਣ ਦੀ ਬੁੱਤ ਪੂਜਾ ਤੋਂ ਵੀ ਕਿਤੇ ਅੱਗੇ ਵਧ ਗਏ ਹਾਂ ਜੋ ਘੱਟੋ ਘੱਟ ਬੁੱਤਾਂ ਦੀ ਸਰਦੀ ਗਰਮੀ ਤਾਂ ਨਹੀਂ ਵੇਖਦੇ। ਪਰ ਅਸੀਂ ਇਕ ਪਾਸੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਬੁੱਤ ਵਾਂਗ ਪੂਜ ਤੇ ਸੰਭਾਲ ਰਹੇ ਹਾਂ ਤੇ ਦੂਜੇ ਪਾਸੇ ਗੁਰੂ ਦੀ ਹੱਡ ਮਾਸ ਵਾਲੀ ਦੇਹ ਮੰਨ ਕੇ ਉਸ ਦੇ ਸਰਦੀ, ਗਰਮੀ, ਭੋਜਨ, ਕੱਪੜਿਆਂ, ਸ਼ਹਿਨਸ਼ਾਹੀ ਆਦਿ ਦੇ ਪ੍ਰਬੰਧ ਲਈ ਹੱਦ ਦਰਜੇ ਤੱਕ ਗੁਰਮਤ-ਵਿਰੋਧੀ ਕਸਬ ਕਰ ਰਹੇ ਹਾਂ। ਕੀਰਤਨ ਦੇ ਪ੍ਰਸਾਰਨ ਵੇਲੇ ਵੇਖੋ ਕਿ ਦਰਬਾਰ ਸਾਹਿਬ ਵਿੱਚ ਬੈਠੇ ਗ੍ਰੰਥੀ ਗੁਰੂ ਗ੍ਰੰਥ ਸਾਹਿਬ ਨੂੰ ਜਿਵੇਂ ਸੰਭਾਲਦੇ ਹਨ, ਇਹ ਕਿਸੇ ਮੰਦਰ ਦੇ ਪੁਜਾਰੀਆਂ ਵੱਲੋਂ ਮੂਰਤੀ ਦੇ ਰੱਖ ਰਖਾਅ ਤੋਂ ਕਿੰਨਾ ਕੁ ਵੱਖਰਾ ਹੈ? ਇਹ ਭੁਲਾਇਆ ਜਾ ਰਿਹਾ ਹੈ ਕਿ ਆਖ਼ਰ ਇਹ ਇੱਕ ਪਵਿੱਤਰ ਗ੍ਰੰਥ ਹੈ ਅਤੇ ਇਸ ਵਿੱਚ ਲਿਖੀ ਬਾਣੀ ਸਾਡਾ ਗੁਰੂ ਹੈ। ਨਾ ਇਹ ਬੁੱਤ ਹੈ ਤੇ ਨਾ ਹੀ ਹੱਡ ਮਾਸ ਦਾ ਸਰੀਰ। ਉੱਤੋਂ ਪਾਠੀ, ਗ੍ਰੰਥੀ, ਮੈਨੇਜਰ, ਪ੍ਰਧਾਨ ਆਦਿ ਆਪਣੇ ਰੁਜ਼ਗਾਰ ਤੇ ਖ਼ੁਸ਼ਹਾਲੀ ਦੇ ਲਾਲਚ ਵਿੱਚ ਇਸ ਕਰਮ ਕਾਂਡ ਨੂੰ ਅੱਗੇ ਤੋਂ ਅੱਗੇ ਵਧਾਈ ਜਾ ਰਹੇ ਹਨ। ਗੁਰਬਾਣੀ ਨੂੰ ਛੱਡ ਕੇ 'ਵਾਹਿਗੁਰੂ' ਸ਼ਬਦ ਨੂੰ ਰੱਟਾ ਲਗਵਾਇਆ ਜਾ ਰਿਹਾ ਹੈ। ਜਜ਼ਬਾਤੀ ਟੋਟਕੇ ਬੋਲ ਕੇ ਰਸਮੀ ਕਾਰ ਵਿਹਾਰ ਦਿਨੋ ਦਿਨ ਵਧਾਇਆ ਜਾ ਰਿਹਾ ਹੈ ਅਤੇ ਆਮ ਸਿੱਖ ਨੂੰ ਅਸਲੀਅਤ ਤੋਂ ਦੂਰ ਕੀਤਾ ਜਾ ਰਿਹਾ ਹੈ। ਹੱਦੋਂ ਵੱਧ ਜਜ਼ਬਾਤੀ ਹੋ ਕੇ, ਕੁਰਸੀਆਂ ਰੱਖਣ ਜਾਂ ਚੁੱਕਣ ਪਿਛੇ ਹੀ ਮਰਿਆਦਾ, ਮਰਿਆਦਾ ਹੋ ਰਹੀ ਹੈ। ਕਾਰ ਵਿਹਾਰ ਨੂੰ ਮਰਿਆਦਾ ਦੱਸ ਕੇ ਇੱਕ ਦੂਜੇ ਦੇ ਗਲ ਪਈ ਜਾਂਦੇ ਹਨ। ਜਿਹੜਾ ਬ੍ਰਾਹਮਣ ਰਾਜੇ ਰਾਮ ਨੂੰ 'ਮਰਿਆਦਾ ਪੁਰਸ਼ੋਤਮ' ਕਹਿ ਕੇ ਸਤਿਕਾਰਦਾ ਹੈ ਉਹ ਵੀ 'ਮਰਿਆਦਾ' ਸ਼ਬਦ ਦਿਨ ਵਿਚ ਏਨੀ ਵਾਰੀ ਨਹੀਂ ਵਰਤਦਾ ਹੋਣਾ ਜਿੰਨੀ ਵਾਰੀ ਗੁਰੂ ਨਾਨਕ ਦੇ ਸਿੱਖ ਸਾਰਾ ਦਿਨ ਮਰਿਆਦਾ, ਮਰਿਆਦਾ ਕੂਕਦੇ ਹਨ। ਦਿਨੋ ਦਿਨ ਗੁਰੂ ਗ੍ਰੰਥ ਸਾਹਿਬ ਅਤੇ ਮੱਥਾ ਟੇਕਣ ਵਾਲੇ ਸਿੱਖ ਦੇ ਵਿਚਕਾਰ ਫਾਸਲਾ ਵਧੀ ਜਾਂਦਾ ਹੈ। ਵਿੱਚ ਵਿਚਾਲੇ ਨਕਲੀ ਫੁੱਲ, ਚਮਕਦੇ ਹਥਿਆਰ, ਚਮਕਦੇ ਰੁਮਾਲੇ, ਗੋਲਕ ਆਦਿ ਵਧੀ ਜਾਂਦੇ ਹਨ। ਦੋ ਦੋ ਕਮਰਿਆਂ ਦੇ ਗੁਰਦੁਆਰੇ ਵਿੱਚ ਵੀ ਮੱਥਾ ਟੇਕਣ ਦੇ ਨਾਲ ਨਾਲ ਪਰਿਕਰਮਾ ਲਈ ਥਾਂ ਛੱਡੀ ਜਾ ਰਹੀ ਹੈ। ਇਹ ਸਾਰਾ ਕੁਝ ਆਪਣੇ ਆਪ ਨੂੰ ਮੂਰਤੀ ਪੂਜਕਾਂ ਤੋਂ ਵੀ ਵੱਧ 'ਪੂਜਕ' ਵਿਖਾਉਣ ਲਈ ਕੀਤਾ ਜਾ ਰਿਹਾ ਹੈ। ਇਹੋ ਜਿਹਾ ਕਾਰ ਵਿਹਾਰ ਹੀ ਆਖਰ ਸਾਨੂੰ ਬ੍ਰਾਹਮਣਵਾਦ ਦੇ ਚਿੱਕੜ ਵਿੱਚ ਗਰਕ ਕਰੇਗਾ। ਇਕ ਪਾਸੇ ਬ੍ਰਾਹਮਣਵਾਦ ਦੀਆਂ ਰੀਤਾਂ ਤੋਂ ਨਿਖੇੜਾ ਘਟ ਰਿਹਾ ਹੈ, ਦੂਜੇ ਪਾਸੇ ਅਸੀਂ ਉਸਦੇ ਸਮਾਨੰਤਰ ਰੀਤਾਂ ਦਾ ਇਕ ਹੋਰ ਜੰਗਲ ਵੀ ਪੈਦਾ ਕਰੀ ਜਾ ਰਹੇ ਹਾਂ। ਇਸ ਪੱਖੋਂ ਤਾਂ ਬ੍ਰਾਹਮਣਵਾਦ ਦਾ ਅਸਰ ਕਬੂਲਣ ਵਿੱਚ ਅਸੀਂ ਪਹਿਲਾਂ ਹੀ ਬੋਧੀਆਂ ਤੋਂ ਕਾਫ਼ੀ ਅਗਾਂਹ ਨਿਕਲ ਚੁੱਕੇ ਹਾਂ।
(੫) ਦੂਜੇ ਧਰਮਾਂ ਵਾਂਗ ਬੁੱਧ ਧਰਮ ਵਿੱਚ ਵੀ ਸਮਾਂ ਪਾ ਕੇ ਨਵੀਆਂ ਸੰਪਰਦਾਵਾਂ ਖੜੀਆਂ ਹੋ ਗਈਆਂ ਜਿਵੇਂ ਹਿਨਾਇਨਾ, ਮਹਾਇਨਾ, ਵਜਰਾਇਨਾ ਆਦਿ। ਸਮਾਂ ਪਾ ਕੇ ਅਜਿਹੀਆਂ ਸੰਪਰਦਾਵਾਂ ਦੇ ਆਪਣੇ ਵਿਚਾਰ ਤੇ ਪਰੰਪਰਾਵਾਂ ਗੂੜ੍ਹੀਆਂ ਹੁੰਦੀਆਂ ਜਾਂਦੀਆਂ ਹਨ ਤੇ ਆਖਰ ਉਹ ਉਸ ਧਰਮ ਲਈ ਡੂੰਘੀ ਫੁੱਟ ਦੇ ਰੂਪ ਵਿੱਚ ਨੁਕਸਾਨਦੇਹ ਹੀ ਸਾਬਤ ਹੁੰਦੀਆਂ ਹਨ। ਬੁੱਧ ਧਰਮ ਵਿੱਚ ਵੀ ਇਸੇ ਤਰ੍ਹਾਂ ਹੋਇਆ। ਜਿਵੇਂ ਮਹਾਇਨਾ ਬੋਧੀਆਂ ਨੇ ਬੁੱਤ ਬਣਾਏ, ਕੁਝ ਵਿਗੜੇ ਹੋਏ ਉਤਲੇ ਦਰਜੇ ਦੇ ਬੋਧੀਆਂ ਨੇ ਬ੍ਰਾਹਮਣਾਂ ਨਾਲ ਰਲ ਕੇ ਬੁੱਧ ਧਰਮ ਦਾ ਸਫਾਇਆ ਕਰਨ ਵਿੱਚ ਉਹਨਾਂ ਦੀ ਮਦਦ ਕੀਤੀ। ਮਿਸਾਲ ਦੇ ਤੌਰ ਤੇ, ਅੱਜ ਵਾਲੀ ਸੰਸਕ੍ਰਿਤ ਵੀ ਮਸਾਂ ਹਜ਼ਾਰ ਕੁ ਸਾਲ ਪਹਿਲਾਂ ਬਣਨੀ ਸ਼ੁਰੂ ਹੋਈ। ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਇਸ ਨੂੰ ਬਣਾਉਣ ਵਿੱਚ ਬੋਧੀਆਂ ਦੇ ਕੁਝ ਵਿਗੜੇ ਹੋਏ ਤੱਤਾਂ ਨੇ ਹੀ ਬ੍ਰਾਹਮਣਾਂ ਦੀ ਮਦਦ ਕੀਤੀ। ਭਾਵੇਂ ਇਹ ਪਾਲੀ ਪ੍ਰਾਕ੍ਰਿਤ ਅਤੇ ਉਸ ਵੇਲੇ ਦੀਆਂ ਹੋਰ ਭਾਸ਼ਾਵਾਂ ਤੋਂ ਸ਼ਬਦ ਅਤੇ ਵਿਆਕਰਣ ਦੇ ਅਸੂਲ ਲੈ ਕੇ ਘੜੀ ਗਈ ਹੋਵੇ ਪਰ ਅੱਜ ਪੰਡਤ ਵਿਦਵਾਨ ਇਸ ਨੂੰ ਹਜ਼ਾਰਾਂ ਸਾਲ ਪੁਰਾਣੀ ਦੱਸ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਦੇਵਨਾਗਰੀ ਲਿਪੀ, ਜਿਸ ਵਿੱਚ ਇਹ ਭਾਸ਼ਾ ਲਿਖੀ ਜਾ ਸਕਦੀ ਹੈ, ਉਹ ਕੇਵਲ ਹਜ਼ਾਰ ਕੁ ਸਾਲ ਪਹਿਲਾਂ ਹੀ ਹੋਂਦ ਵਿੱਚ ਆਈ ਹੈ। ਤੇ ਉਸੇ ਲਿਪੀ ਵਿੱਚ ਲਿਖੀ ਜਾਣ ਵਾਲੀ ਹਿੰਦੀ ਕੇਵਲ 200 ਸਾਲ ਪਹਿਲਾਂ। ਫਿਰ ਲਿਪੀ ਤੋਂ ਵੀ ਪਹਿਲਾਂ ਸੰਸਕ੍ਰਿਤ ਕਿਸ ਤਰ੍ਹਾਂ ਪੈਦਾ ਹੋ ਗਈ ਅਤੇ ਸੰਸਕ੍ਰਿਤ ਵਿੱਚ ਲਿਖੇ ਵੇਦ, ਪੁਰਾਣ ਆਦਿ ਕਿਸ ਤਰ੍ਹਾਂ ਹੋਂਦ ਵਿੱਚ ਆ ਗਏ? ਪਰ ਇਹ ਬਿਰਤਾਂਤ ਸਿਰਜਣ ਵਿੱਚ ਬੋਧੀਆਂ ਦੇ ਹੀ ਕੁਝ ਤੱਤ ਬ੍ਰਾਹਮਣਾਂ ਦੀ ਮਦਦ ਕਰ ਗਏ। ਭਾਵੇਂ ਅੰਗਰੇਜ਼ਾਂ ਨੇ ਸਿੱਖ ਏਕੇ ਤੇ ਸ਼ਕਤੀ ਨੂੰ ਖੋਰਾ ਲਾਉਣ ਲਈ ਗੁਰੂ ਗ੍ਰੰਥ ਸਾਹਿਬ ਦੇ ਸਮਾਨੰਤਰ ਸਾਹਿਤ ਤੇ ਸੰਤ ਪੈਦਾ ਕੀਤੇ, ਪਰ ਸਿੱਖ ਸਮਾਜ ਦੇ ਸੁਭਾਅ ਵਿਚ ਵੱਡੀ ਤਬਦੀਲੀ ਅੰਗਰੇਜ਼ਾਂ ਵਲੋਂ ਸਿੱਖਾਂ ਦੀ ਬਹਾਦਰੀ ਅਤੇ ਸ਼ਸਤਰਾਂ ਨੂੰ ਹੱਦੋਂ ਵੱਧ ਮਹੱਤਵ ਦੇਣ ਕਾਰਨ ਆਈ ਹੈ ਜਿਸ ਨੂੰ ਅੱਗੋਂ ਨਹਿਰੀ ਮੁਰੱਬਿਆਂ ਅਤੇ ਹਰੇ ਇਨਕਲਾਬ ਦੀ ਪਦਾਰਥਕ ਖ਼ੁਸ਼ਹਾਲੀ ਨੇ ਹੋਰ ਵਧਾਇਆ। ਇਸ ਤਬਦੀਲੀ ਨੇ ਮਾਲੀ ਖ਼ੁਸ਼ਹਾਲੀ ਤਾਂ ਲਿਆਂਦੀ ਪਰ ਬਰਾਬਰੀ ਤੇ ਸਵੈ ਵਿਸ਼ਵਾਸ ਨੂੰ ਊਚ ਨੀਚ ਤੇ ਹੰਕਾਰ ਵਿੱਚ ਬਦਲਣ ਦਾ ਕੰਮ ਕੀਤਾ। ਇਸ ਨੇ ਦਿਮਾਗੀ ਕੰਮ ਅਤੇ ਸੂਖਮ ਕਲਾਵਾਂ ਤੋਂ ਵੀ ਅਣਭਿੱਜ ਕਰ ਦਿੱਤਾ ਕਿਉਂਕਿ ਹੰਕਾਰੇ ਮਨੁੱਖ ਦੇ ਅੰਦਰ ਮੂਧੇ ਪਏ ਘੜੇ ਵਾਂਙ ਗਿਆਨ ਦੀ ਬੂੰਦ ਵੀ ਨਹੀਂ ਵੜ ਸਕਦੀ। ਹੌਲੀ ਹੌਲੀ ਬੌਧਿਕ ਕੰਮਾਂ ਤੋਂ ਬੇਰੁਖ਼ੀ ਅਤੇ ਅੱਧ-ਪੜ੍ਹਤਾ ਛਾ ਗਈ ਹੈ ਜਿਸ ਨੇ ਸਾਨੂੰ ਮੂਰਖਤਾ ਭਰੇ ਅੰਧਵਿਸ਼ਵਾਸ ਅਤੇ ਹੰਕਾਰ ਆਦਿ ਦੇ ਰਾਹ ਤੇ ਤੋਰ ਦਿੱਤਾ ਹੈ। ਇਸ ਹੰਕਾਰ ਨੇ ਸਿੱਖ ਪੰਥ ਵਿੱਚ ਅੰਤਾਂ ਦੀ ਫੁੱਟ ਸਥਾਪਤ ਕਰ ਦਿੱਤੀ ਹੈ। ਇਸੇ ਦਾ ਨਤੀਜਾ ਹੈ ਕਿ ਨਾ ਬਟਵਾਰੇ ਤੋਂ ਪਹਿਲਾਂ ਤੇ ਨਾ ਹੀ ਹੁਣ ਸਿੱਖਾਂ ਕੋਲ ਕੋਈ ਸਰਬ-ਪ੍ਰਵਾਨ ਪੰਥਕ ਨੀਤੀ ਹੈ। ਬਲਕਿ ਫੁੱਟ ਵਾਲਾ ਨਿਘਾਰ ਇਸ ਹੱਦ ਤੱਕ ਹੈ ਕਿ ਇੱਕੋ ਪਰਿਵਾਰ ਦੀ ਅਗਵਾਈ 'ਚ ਅਨੇਕਾਂ ਵੱਡੀਆਂ ਹਾਨੀਆਂ ਕਰਵਾ ਕੇ ਵੀ ਸਿੱਖ ਉਸ ਟੱਬਰ ਨੂੰ ਪਰ੍ਹਾਂ ਨਹੀਂ ਕਰ ਸਕੇ। ਕਿਉਂਕਿ ਸਾਡੇ ਪਿਛਲੇ ਕਈ ਸੌ ਸਾਲ ਲੜਾਈ ਭੇੜ ਕਰਦਿਆਂ ਗੁਜ਼ਰੇ ਹਨ, ਕੁਝ ਦਹਾਕਿਆਂ ਦੀ ਥੋੜ੍ਹੀ ਜਿਹੀ ਖੁਸ਼ਹਾਲੀ ਨੇ ਵੀ ਸਾਡਾ ਦਿਮਾਗ ਘੁਮਾ ਦਿੱਤਾ ਹੈ। ਸ਼ਾਇਦ ਇਸੇ ਕਰਕੇ ਸਾਡੀਆਂ ਹੁਣ ਵਾਲੀਆਂ ਪੀੜ੍ਹੀਆਂ ਆਪਣਾ ਵਿਲੱਖਣ ਸਿੱਖ ਸਮਾਜ ਸਿਰਜਣ ਦੀ ਬਜਾਏ ਜਾਇਦਾਦ ਅਤੇ ਸਿਆਸੀ ਤਾਕਤ ਲਈ ਹਾਬੜੀਆਂ ਦਿਸਦੀਆਂ ਹਨ। ਹਾਬੜੇ ਇਸ ਕਰਕੇ ਕਹਿੰਦਾ ਹਾਂ ਕਿਉਂਕਿ ਚੰਗੀ ਸਿਖਿਆ ਅਤੇ ਪ੍ਰਚਾਰਕ ਸਾਧਨਾਂ ਨਾਲ ਵੀ ਤਾਕਤ ਹਾਸਲ ਕੀਤੀ ਜਾ ਸਕਦੀ ਹੈ। ਪਰ ਹਾਬੜੇ ਲੋਕ ਏਨਾ ਇੰਤਜ਼ਾਰ ਨਹੀਂ ਕਰ ਸਕਦੇ। ਉਹਨਾਂ ਨੂੰ ਤਾਂ ਅੱਜ ਹੀ ਤਾਕਤ ਤੇ ਜਾਇਦਾਦ ਚਾਹੀਦੀ ਹੈ! ਇਸੇ ਕਰਕੇ ਛੋਟੀਆਂ ਛੋਟੀਆਂ ਪ੍ਰਧਾਨਗੀਆਂ ਤੇ ਮੈਂਬਰੀਆਂ ਲਈ ਤੇ ਗਜਾਂ ਮਰਲਿਆਂ ਦੇ ਕੁਝ ਖੇਤਾਂ ਲਈ ਆਪਣਿਆਂ ਦੇ ਹੀ ਸਿਰ ਵੱਢਣ ਤੱਕ ਪਹੁੰਚ ਜਾਂਦੇ ਹਨ। ਇਸ ਹਾਬੜਪੁਣੇ ਵਿੱਚ ਸਾਡੀ ਬੋਲੀ ਵੀ ਏਨੀ ਵਿਗੜ ਗਈ ਹੈ ਕਿ ਅਸੀਂ ਇੱਕ ਹੀ ਵਾਕ ਵਿੱਚ ਦਸ ਦਸ ਗਾਲ੍ਹਾਂ ਕੱਢ ਕੇ ਔਰਤ ਜਾਤ ਨੂੰ ਨੀਵਾਂ ਵਿਖਾ ਸਕਦੇ ਹਾਂ, ਭਾਵੇਂ ਗੁਰੂਆਂ ਨੇ ਜਿੰਨਾ ਮਰਜ਼ੀ "ਸੋ ਕਿਉ ਮੰਦਾ ਆਖੀਐ" ਦੱਸਿਆ ਹੋਵੇ। ਸ਼ਾਇਦ ਸਿੱਖਾਂ ਦੇ ਤਾਕਤ, ਦੌਲਤ ਲਈ ਹਾਬੜੇ ਹੋਣ ਨੂੰ ਵਰਤ ਕੇ ਹੀ ਗਾਂਧੀ ਨੇ ਗੁਰਦੁਆਰਿਆਂ/ਸਿੱਖਾਂ ਦੀ ਆਜ਼ਾਦੀ ਦੇ ਪ੍ਰੋਗਰਾਮ ਨੂੰ ਦੇਸ਼ ਭਗਤੀ ਵਾਲੇ ਪਾਸੇ ਮੋੜਾ ਦੇ ਲਿਆ ਤੇ ਸਿੱਖਾਂ ਨੇ ਖੁਸ਼ੀ ਖੁਸ਼ੀ ਛੋਟਾ ਕੰਮ ਛੱਡ ਕੇ ਵੱਡੇ ਕੰਮ ਨੂੰ ਹੱਥ ਪਾ ਲਿਆ। ਉਹ ਦੇਸ਼ ਪਿਆਰ ਅੱਜ ਕਈ ਸਿੱਖਾਂ ਦੇ ਮਨਾਂ ਵਿੱਚ ਗੁਰੂ ਪਿਆਰ ਤੋਂ ਵੀ ਵੱਧ ਉਛਾਲੇ ਮਾਰਦਾ ਹੈ। ਗੁਰੂ ਪਿਆਰ ਦੇ ਨਾਂ ਤੇ ਸਿੱਖ ਗੁਰਦੁਆਰੇ ਜਾਂਦੇ ਹਨ, ਮੱਥਾ ਟੇਕਦੇ ਹਨ ਤੇ ਘਰ ਆ ਜਾਂਦੇ ਹਨ, ਬੱਸ। ਸ਼ਾਇਦ ਇਹੋ ਕਾਰਨ ਹੈ ਕਿ ਸਿੱਖਾਂ ਨੇ ਗਾਂਧੀ ਦੇ ਅਫ਼ਰੀਕਾ ਤੋਂ ਆਉਣ ਤੋਂ ਬਾਅਦ ਦੇਸ਼ ਲਈ ਕਿਤੇ ਜਿਆਦਾ ਕੁਰਬਾਨੀਆਂ ਕੀਤੀਆਂ ਹਨ ਪਰ ਬੁਨਿਆਦੀ ਸਿੱਖ ਸਮਾਜ ਸਿਰਜਣ ਲਈ ਨਹੀਂ। ਇਸ ਤਰ੍ਹਾਂ ਸਿੱਖਾਂ ਵਿੱਚ ਬ੍ਰਾਹਮਣੀ ਅਸੂਲਾਂ ਤੇ ਉਸਰੇ ਇੱਕ ਬੇਰਹਿਮ ਸਮਾਜ ਅਤੇ ਦੇਸ਼ ਦੀ ਭਗਤੀ ਦਿਨੋ ਦਿਨ ਵਧ ਰਹੀ ਹੈ ਅਤੇ ਗੁਰੂਆਂ ਦੀ ਦੱਸੀ ਗੁਰਮੱਤ ਤੇ ਸਮਾਜ ਉਸਾਰਨ ਦੀ ਚਾਹਤ ਖਤਮ ਹੋ ਰਹੀ ਹੈ। ਇਹੋ ਜਿਹੇ ਹਾਲਾਤ ਵਿੱਚ ਸਿੱਖਾਂ ਦਾ ਬੋਧੀਆਂ ਵਾਂਗ ਬ੍ਰਾਹਮਣੀ ਸਮਾਜ ਵਿੱਚ ਰਚ ਮਿਚ ਜਾਣਾ ਤੇ ਅਖੀਰ ਹਿੰਦੂ ਮੱਤ ਦੀ ਹੀ ਇੱਕ ਸ਼ਾਖਾ ਬਣ ਜਾਣਾ ਬਹੁਤੀ ਦੂਰ ਨਹੀਂ ਹੈ।
ਪਰ ਇਸਦਾ ਇਲਾਜ ਕੀ ਹੈ?
ਇਸਦਾ ਇਕ ਇਲਾਜ ਇਹ ਹੋ ਸਕਦਾ ਹੈ ਕਿ ਸਿੱਖ ਪਾਰਟੀ ਦਾ ਸਭ ਤੋਂ ਪਹਿਲਾ ਨਿਸ਼ਾਨਾ ਪੰਥਕ ਏਜੰਡਾ ਹੋਵੇ ਨਾ ਕਿ ਚੋਣਾਂ ਜਿੱਤਣਾ। ਕੇਵਲ ਪੰਥਕ ਏਜੰਡਾ ਲਾਗੂ ਕਰਨ ਲਈ ਹੀ ਸੰਘਰਸ਼ ਹੋਵੇ ਭਾਵੇਂ ਪਾਰਟੀ ਚੋਣਾਂ ਜਿੱਤੇ ਭਾਵੇਂ ਨਾ। ਇਸ ਦਾ ਇਕ ਕਾਰਨ ਇਹ ਹੈ ਕਿ ਇਸ ਨੁਕਸਦਾਰ ਸਮਾਜ ਦਾ ਲੋਕ-ਰਾਜ ਆਮ ਕਰਕੇ ਪੱਛੜੀ ਹੋਈ ਸੋਚ ਵਾਲੇ ਬੰਦਿਆਂ ਨੂੰ ਹੀ ਅੱਗੇ ਲਿਆਉਂਦਾ ਹੈ ਕਿਉਂਕਿ ਜ਼ਿਆਦਾਤਰ ਵੋਟਾਂ ਪਾਉਣ ਵਾਲੇ ਲੋਕ ਮਾਨਸਿਕ ਤੌਰ ਤੇ ਪਛੜੇ ਹੋਏ ਹਨ। ਦੂਜਾ, ਕੇਂਦਰ ਨੇ ਸਾਰੀ ਤਾਕਤ ਆਪਣੇ ਹੱਥਾਂ ਵਿੱਚ ਇਕੱਠੀ ਕਰਕੇ ਰਾਜ ਸਰਕਾਰਾਂ ਨੂੰ ਕਾਫ਼ੀ ਹੀਣਾ ਕੀਤਾ ਹੋਇਆ ਹੈ। ਜਿੰਨੀ ਕੁ ਤਾਕਤ ਮਿਲਦੀ ਹੈ ਉਸਨੂੰ ਵਰਤਣ ਲਈ ਵੀ ਸੂਬਾਈ ਪਾਰਟੀਆਂ ਨੂੰ ਕੇਂਦਰ ਦੇ ਥੱਲੇ ਹੀ ਲੱਗਣਾ ਪੈਂਦਾ ਹੈ। ਇਹੋ ਵਜ੍ਹਾ ਹੈ ਕਿ ਤਾਕਤ ਵਿੱਚ ਆਉਣ ਤੋਂ ਬਾਅਦ ਸਿੱਖ ਪਾਰਟੀ ਨੂੰ ਵੀ ਸਿੱਖਾਂ ਦੇ ਕਾਤਲਾਂ ਨੂੰ ਹੀ ਪੁਲਿਸ ਮੁਖੀ ਬਣਾਉਣਾ ਪੈਂਦਾ ਹੈ।
ਭਾਵੇਂ ਧਾੜਵੀਆਂ ਨਾਲ ਇਤਿਹਾਸਕ ਲੜਾਈਆਂ ਖਤਮ ਹੋ ਗਈਆਂ ਹਨ ਪਰ ਬਿਪਰਵਾਦ ਨਾਲ ਲੜਾਈ ਤਾਂ ਹੁਣ ਪਹਿਲਾਂ ਨਾਲ਼ੋਂ ਵੀ ਤਿੱਖੀ ਹੋ ਗਈ ਹੈ ਕਿਉਂਕਿ ਬਿੱਪਰ ਹੁਣ ਖੁਦ ਰਾਜ ਕਰ ਰਿਹਾ ਹੈ ਅਤੇ ਸਾਨੂੰ ਦੱਬਣ ਲਈ ਰਾਜ ਸ਼ਕਤੀ ਵਰਤ ਰਿਹਾ ਹੈ। ਇੱਕ ਪਾਸੇ ਸਾਡੇ ਆਗੂ 8-10 ਬੰਦੀ ਸਿੰਘਾਂ ਨੂੰ ਛੁਡਾਉਣ ਲਈ ਸੰਘਰਸ਼ ਕਰਦੇ ਦਿਸਣਾ ਚਾਹੁੰਦੇ ਹਨ ਅਤੇ ਦੂਜੇ ਪਾਸੇ ਇੰਨੇ ਕੁ ਹੋਰ ਸਿੱਖਾਂ ਨੂੰ ਅਗਲਿਆਂ ਨੇ ਅਪਰੈਲ ਤੱਕ ਡਿਬਰੂਗੜ੍ਹ ਪਹੁੰਚਾ ਦਿੱਤਾ ਸੀ। ਗੱਲ ਇਥੇ ਹੀ ਨਹੀਂ ਰੁਕੀ ਬਲਕਿ ਉਸ ਤੋਂ ਛੇਤੀ ਹੀ ਮਗਰੋਂ ਜੂਨ ਵਿੱਚ ਬਾਹਰਲਿਆਂ ਦੇਸ਼ਾਂ ਵਿੱਚ ਗਿਣ ਮਿਥ ਕੇ ਓਧਰਲੇ ਆਗੂਆਂ ਦੇ ਕਤਲ ਹੋਣੇ ਸ਼ੁਰੂ ਹੋ ਗਏ ਹਨ। ਸ਼ਾਇਦ ਇਹਨਾਂ ਕਤਲਾਂ ਤੋਂ ਪਹਿਲਾਂ ਗਰਮ ਭਾਸ਼ਾ ਵਾਲਿਆਂ ਨੂੰ ਡਿਬਰੂਗੜ੍ਹ ਭੇਜ ਦੇਣਾ ਮਹਿਜ਼ ਇਕ ਇਤਫ਼ਾਕ ਹੀ ਸੀ! ਇਹੋ ਜਿਹੇ ਹਾਲਾਤ ਵਿੱਚ ਕੀ ਸੂਬਾਈ ਤਾਕਤ ਹਾਸਲ ਕਰਨਾ ਹੀ ਨਿਸ਼ਾਨਾ ਹੋਣਾ ਚਾਹੀਦਾ ਹੈ? ਇਹ ਵਿਚਾਰਨਾ ਪਏਗਾ ਕਿ ਕੀ ਪਿਛਲੇ ਪੰਜ ਦਹਾਕਿਆਂ ਤੋਂ ਅਸੀਂ ਹਜ਼ਾਰਾਂ ਸਿੱਖ ਨੌਜਵਾਨ ਸਿਰਫ਼ ਮੁਖ ਮੰਤਰੀ ਬਣਨ ਲਈ ਹੀ ਮਰਵਾ ਲਏ ਹਨ? ਸਤੰਬਰ 2019 ਵਿੱਚ ਖ਼ਬਰਾਂ ਆਈਆਂ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਘੱਟੋ-ਘੱਟ 312 ਸਿੱਖਾਂ ਨੂੰ ਇੱਕ "ਕਾਲੀ ਸੂਚੀ" ਵਿੱਚੋਂ ਹਟਾ ਦਿੱਤਾ ਗਿਆ ਹੈ ਜਿਸ ਨਾਲ ਉਹ ਭਾਰਤ ਆ ਸਕਦੇ ਹਨ ਅਤੇ ਸੂਚੀ ਵਿੱਚ ਬਾਕੀ ਹੁਣ ਸਿਰਫ਼ 2 ਜਣੇ ਹਨ। ਜੇ ਹਜ਼ਾਰਾਂ ਸਿੱਖ ਖਪਾ ਦੇਣ ਤੋਂ 30-35 ਸਾਲ ਬਾਅਦ ਵੀ 314 ਦੀ ਕਾਲੀ ਸੂਚੀ ਰਹਿੰਦੀ ਹੈ ਤਾਂ ਇਹ ਬਿਲਕੁਲ ਗਲਤ ਹੈ ਕਿ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਮੁੱਠੀ ਭਰ ਲੋਕ ਹੀ ਹਨ। ਪਰ ਇਹ ਬਿਰਤਾਂਤ ਤਾਂ ਸਾਡੇ ਸਿੱਖ ਆਗੂ ਹੀ ਦਿਨ ਰਾਤ ਪ੍ਰਚਾਰਦੇ ਰਹਿੰਦੇ ਹਨ। ਇਹ ਬਿਰਤਾਂਤ ਉਲਟਾਉਣ ਦੀ ਲੋੜ ਹੈ।
ਪੂਨੇ ਵਿੱਚ ਸਰਕਾਰੀ ਸਹਾਇਤਾ ਨਾਲ ਚੱਲਣ ਵਾਲਾ ਭੰਡਾਰਕਰ ਓਰੀਐਂਟਲ ਰਿਸਰਚ ਇੰਸਟੀਚਿਊਟ (BORI) 1917 ਵਿੱਚ ਬਣਿਆ ਸੀ ਜਿਸ ਕੋਲ ਇਕ ਲੱਖ ਤੋਂ ਵੱਧ ਕਿਤਾਬਾਂ ਅਤੇ ਲਗਭਗ 28,000 ਹੱਥ-ਲਿਖਤਾਂ ਦਾ ਵੱਡਾ ਸੰਗ੍ਰਹਿ ਹੈ ਜੋ 'ਹਿੰਦੂਆਂ' ਦੇ ਮਿਥਿਹਾਸਕ ਮਿਲਗੋਭਾ ਸਾਹਿਤ ਨੂੰ ਸਤਿਕਾਰ ਦੀ ਹਵਾ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ। ਸਿੱਖਾਂ ਨੂੰ ਉਸੇ ਦੀ ਤਰਜ਼ 'ਤੇ ਇਕ ਸੰਸਥਾ ਬਣਾਉਣੀ ਚਾਹੀਦੀ ਹੈ ਜੋ ਇਹੋ ਜਿਹੇ ਪੁਰਾਣੇ ਸਾਹਿਤ ਦੀ ਖੋਜ ਕਰਕੇ ਬ੍ਰਾਹਮਣ ਦੇ ਕਾਰੋਬਾਰ ਦੀ ਅਸਲੀਅਤ ਸਾਹਮਣੇ ਲਿਆਵੇ। ਬੋਧੀ ਇਸ ਕੰਮ ਵਿੱਚ ਪਹਿਲਾਂ ਹੀ ਲੱਗੇ ਹੋਏ ਹਨ ਜਿਹਨਾਂ ਦਾ ਸਹਿਯੋਗ ਲਿਆ ਤੇ ਦਿੱਤਾ ਜਾ ਸਕਦਾ ਹੈ। ਇਹੋ ਜਿਹੀ ਸੰਸਥਾ ਨੂੰ ਸਿੱਖਾਂ ਬਾਰੇ ਛਾਪੇ ਗਏ ਸਾਰੇ ਇਤਿਹਾਸਕ ਸਾਹਿਤ ਦੀ ਖੋਜ ਵੀ ਕਰਨੀ ਚਾਹੀਦੀ ਹੈ। ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਜਿਹੜਾ ਸਾਹਿਤ ਗੁਰੂਆਂ ਦੀਆਂ ਸਿੱਖਿਆਵਾਂ ਦੇ ਅਨੁਸਾਰ ਨਹੀਂ ਹੈ ਉਹ ਕਿਵੇਂ ਹੋਂਦ ਵਿੱਚ ਆਇਆ? "ਹਮ ਹਿੰਦੂ ਨਹੀਂ" ਨਾਮ ਦੀ ਕਿਤਾਬ 1899 ਵਿੱਚ ਭਾਈ ਕਾਹਨ ਸਿੰਘ ਨਾਭਾ ਦੁਆਰਾ ਲਿਖੀ ਗਈ ਸੀ। ਹਿੰਦੂਆਂ ਪ੍ਰਤੀ ਸਿੱਖਾਂ ਦੇ ਇਤਿਹਾਸਕ ਝੁਕਾਅ ਨੂੰ ਹੁਣ ਕੁਝ ਨਵੀਂਆਂ ਕਿਤਾਬਾਂ ਰਾਹੀਂ ਠੀਕ ਕਰਨ ਦੀ ਜ਼ਰੂਰਤ ਹੈ ਜੋ ਸਿੱਖਾਂ ਦੀ ਹਿੰਦੂਆਂ ਪ੍ਰਤੀ ਪਹੁੰਚ ਨੂੰ ਹਿੰਦੂ ਤਾਣੇ ਬਾਣੇ ਦੀ ਅਸਲੀਅਤ ਦੇ ਆਧਾਰ ਤੇ ਮੁੜ ਨਿਰਧਾਰਤ ਕਰੇ। ਕੁਦਰਤੀ ਹੈ ਕਿ ਇਹ ਪਹੁੰਚ ਉੱਚ ਵਰਣੀ ਹਿੰਦੂਆਂ ਅਤੇ ਬਾਕੀ 85% ਦੇ ਬਾਰੇ ਅਲੱਗ ਅਲੱਗ ਹੋ ਸਕਦੀ ਹੈ।
ਕਹਾਵਤ ਹੈ ਕਿ ਲੋਕਾਂ ਨੂੰ ਉਹੋ ਜਿਹੀ ਸਰਕਾਰ ਹੀ ਮਿਲਦੀ ਹੈ ਜਿਸ ਦੇ ਉਹ ਹੱਕਦਾਰ ਹੁੰਦੇ ਹਨ। ਪਰ ਸਿੱਖ ਤਾਂ ਵਾਰ ਵਾਰ ਉਹਨਾਂ ਹੀ ਸਸਤੇ ਅਤੇ ਖੋਖਲੇ ਸਿਆਸਤਦਾਨਾਂ ਨੂੰ ਵੋਟ ਪਾ ਰਹੇ ਹਨ। ਕੀ ਫਿਰ ਸਿੱਖ ਹੀ ਸਸਤੇ ਅਤੇ ਖੋਖਲੇ ਹੋ ਗਏ ਹਨ? ਲੱਗਦਾ ਤਾਂ ਇਹੋ ਹੈ ਕਿਉਂਕਿ ਸਿੱਖ ਭੇਡਾਂ ਦੇ ਝੁੰਡ ਵਾਂਗ ਵਿਹਾਰ ਕਰ ਰਹੇ ਹਨ ਅਤੇ ਝੁੰਡ ਦੇ ਮਗਰ ਲੱਗ ਰਹੇ ਹਨ। ਇਸ ਕਰਕੇ ਵੇਖਾ-ਵੇਖੀ ਫ਼ਜ਼ੂਲ ਖ਼ਰਚੀ, ਦਿਖਾਵਾ, ਨਸ਼ੇ, ਪਰਵਾਸ ਬਹੁਤ ਵਧ ਗਏ ਹਨ ਜਿਹਨਾਂ ਵਿੱਚ ਸਿੱਖ ਆਪਣੇ ਕੀਮਤੀ ਸੋਮੇ ਬਰਬਾਦ ਕਰ ਰਹੇ ਹਨ। ਇਹਨਾਂ ਬੁਰਾਈਆਂ ਨੂੰ ਦੂਰ ਕਰਨ ਲਈ ਬੁੱਧੀਜੀਵੀਆਂ ਨੂੰ ਸਮਾਜ ਵਿੱਚ ਅੱਗੇ ਆ ਕੇ ਇੱਕ ਵੱਡਾ ਸਮੂਹ ਬਣਾਉਣਾ ਪਵੇਗਾ ਜੋ ਖ਼ਾਸ ਤੌਰ 'ਤੇ ਗੁਰੂਆਂ ਦੇ ਸਾਦਗੀ ਦੇ ਆਦਰਸ਼ਾਂ ਦੀ ਪ੍ਰੇਰਨਾ ਦੇਵੇ। ਬੁੱਧੀਜੀਵੀਆਂ ਦਾ ਇਹ ਫਰਜ਼ ਸੀ ਕਿ ਉਹ ਸਿੱਖਾਂ ਵਿਚ ਅਜਿਹੀ ਮੁੱਖ ਧਾਰਾ ਬਣਾਉਂਦੇ। ਇਸ ਤੋਂ ਪ੍ਰੇਰਨਾ ਲੈ ਕੇ ਝੁੰਡ ਪਿਛੇ ਲੱਗਣ ਵਾਲੇ ਸਾਧਾਰਨ ਸਿੱਖ ਇਸ ਦੀ ਕਦਰ ਕਰਨ ਲੱਗਣਗੇ। ਸੇਵਾ-ਮੁਕਤ ਜਾਂ ਮੱਧ-ਉਮਰ ਦੇ ਸਿੱਖਾਂ ਨੂੰ ਲੈਕਚਰ ਦੇਣ ਨਾਲ ਸਾਡੇ ਸਮਾਜ ਦੇ ਲੋਕਾਚਾਰ ਨੇ ਨਹੀਂ ਬਦਲਣਾ। ਇਹ ਕੋਸ਼ਿਸ਼ ਪ੍ਰਾਇਮਰੀ ਅਤੇ ਉੱਪਰਲੇ ਸਕੂਲਾਂ ਵਿੱਚ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਕੁਝ ਸਾਲ ਜਾਂ ਦਹਾਕੇ ਲੱਗਣਗੇ। ਤਦ ਹੀ ਸਿੱਖ ਸਮਾਜ ਦੀ ਇੱਕ ਸੁਚੇਤ ਮੁੱਖ ਧਾਰਾ ਹੋਂਦ ਵਿੱਚ ਆ ਸਕਦੀ ਹੈ ਜਿਸ ਵਿੱਚੋਂ ਪੰਥ ਦੀ ਬਿਹਤਰੀ ਲਈ ਇੱਕ ਭਰੋਸੇਯੋਗ ਸਮਾਜਿਕ ਅਤੇ ਸਿਆਸੀ ਅਗਵਾਈ(ਲੀਡਰਸ਼ਿਪ) ਉੱਭਰ ਸਕਦੀ ਹੈ।
ਸਾਡੇ ਧਾਰਮਿਕ ਸਥਾਨ (ਕਮੇਟੀਆਂ, ਟਕਸਾਲਾਂ, ਡੇਰੇ), ਸਿਆਸੀ ਥਾਂ (ਦਲ) ਆਦਿ ਸਭ ਤੇ ਸੰਘ(RSS) ਦਾ ਕਬਜ਼ਾ ਜਾਂ ਅਸਰ ਹੈ। ਕੇਵਲ ਸਮਾਜਕ ਥਾਂ ਹੀ ਥੋੜ੍ਹੀ ਜਿਹੀ ਬਚੀ ਹੈ ਜਿਸ ਤੇ ਹੁਣ ਜੱਟਪੁਣੇ ਦੀ ਪਾਣ ਚਾੜ੍ਹੀ ਜਾ ਰਹੀ ਹੈ। ਸੰਘ ਨੇ ਕੋਸ਼ਿਸ਼ ਕੀਤੀ ਸੀ ਕਿ ਇਸ ਨੂੰ ਵੀ ਰਾਸ਼ਟਰੀ ਸਿੱਖ ਸੰਗਤ ਦੇ ਰਾਹੀਂ ਘੇਰ ਲਿਆ ਜਾਵੇ ਪਰ ਅਜੇ ਤੱਕ ਸਫਲ ਨਹੀਂ ਹੋਏ। ਜੇ ਅਸੀਂ ਇਸ ਸਮਾਜਕ ਥਾਂ ਨੂੰ ਹੀ ਬਚਾ ਲਈਏ ਤਾਂ ਦੂਸਰੇ ਆਪੇ ਹੀ ਕਾਬੂ ਹੇਠ ਆ ਜਾਣਗੇ। ਪਰ ਗੁਰੂ ਦੀ ਗੋਲਕ ਸਵਾਰਥੀ ਤੇ ਬੇਈਮਾਨ ਸਿਆਸਤਦਾਨਾਂ ਦੇ ਕਬਜ਼ੇ ਵਿੱਚ ਚਲੀ ਗਈ ਹੈ ਅਤੇ ਦਸਵੰਧ ਸ਼ਬਦ ਲਗਭਗ ਅਲੋਪ ਹੋ ਗਿਆ ਹੈ। ਪਰ ਅੱਜ ਦੇ ਸਮੇਂ ਵਿੱਚ ਇੱਕ ਮਜ਼ਬੂਤ ਤੇ ਦੂਰ-ਅਸਰ ਸੰਸਥਾ ਨਹੀਂ ਬਣਾਈ ਜਾ ਸਕਦੀ ਜਦ ਤੱਕ ਪੈਸੇ ਟਕੇ ਪੱਖੋਂ ਨਿਸਚਿੰਤ ਨਾ ਹੋਵੇ। ਪੰਜਾਬ ਵਿੱਚ ਲਗਭਗ 12,700 ਪਿੰਡ ਹਨ। ਸਿੱਖ ਵਸੋਂ ਜ਼ਿਆਦਾਤਰ ਪਿੰਡਾਂ ਵਿੱਚ ਰਹਿੰਦੀ ਹੈ। ਜੇਕਰ ਅਸੀਂ ਪ੍ਰਤੀ ਪਿੰਡ ਇੱਕ ਸੇਵਾਦਾਰ (ਵਲੰਟੀਅਰ) ਪੈਦਾ ਕਰ ਸਕੀਏ ਤਾਂ ਸਾਡੇ ਕੋਲ ਘੱਟੋ-ਘੱਟ 10,000 ਵਲੰਟੀਅਰ ਆਪੋ ਆਪਣੇ ਇਲਾਕਿਆਂ ਵਿੱਚ ਕੰਮ ਕਰਨ ਲਈ ਹੋਣਗੇ। ਇਹ ਦੁੱਖ ਦੀ ਗੱਲ ਹੈ ਕਿ ਇਸ ਸਮੇਂ ਜਦੋਂ ਵੀ ਕੋਈ ਸਾਂਝਾ ਕੰਮ ਸਾਹਮਣੇ ਆਉਂਦਾ ਹੈ ਤਾਂ ਅਸੀਂ ਵੀਹ-ਪੰਜਾਹ ਬੰਦੇ ਲੈ ਕੇ ਜ਼ਿਲ੍ਹੇ ਜਾਂ ਤਹਿਸੀਲ ਪੱਧਰ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਜੋਗੇ ਰਹਿ ਗਏ ਹਾਂ। ਉਸ ਅਸਰ ਦੀ ਕਲਪਨਾ ਕਰੋ ਜੋ ਅਸੀਂ ਥੋੜ੍ਹੇ ਸਮੇਂ ਵਿਚ ਕੁਝ ਹਜ਼ਾਰ ਸੇਵਾਦਾਰਾਂ ਨੂੰ ਇਕੱਠੇ ਕਰ ਕੇ ਪਾ ਸਕਾਂਗੇ। ਇਸ ਨਾਲ ਪੰਜਾਬ ਵਿੱਚ ਸਾਡੀ ਆਵਾਜ਼ ਦੀ ਮਜ਼ਬੂਤੀ ਵਿੱਚ ਬਹੁਤ ਫਰਕ ਪਵੇਗਾ। ਬਹੁਤ ਸਾਰੇ ਲੋਕਾਂ ਦੁਆਰਾ ਇਕੱਠੇ ਕੀਤੇ ਸਰੋਤ, ਭਾਵੇਂ ਵਿਅਕਤੀਗਤ ਤੌਰ 'ਤੇ ਛੋਟੇ ਹੋਣਗੇ, ਪਰ ਇਕੱਠੇ ਪਹਾੜ ਬਣਾ ਦੇਣਗੇ। ਇਸ ਲਈ ਸਾਡੀ ਤਰਜੀਹ ਸਿੱਖ ਸੇਵਾਦਾਰਾਂ ਦੀ ਇਕ ਗ਼ੈਰ-ਸਿਆਸੀ ਸਮਾਜਕ ਸੰਸਥਾ (ਸੰਗਠਨ) ਹੋਣੀ ਚਾਹੀਦੀ ਹੈ। ਸਿੱਖ ਬੁੱਧੀਜੀਵੀਆਂ ਨੂੰ ਇਕੱਠੇ ਬੈਠ ਕੇ ਅਜਿਹੀ ਸਮਾਜਕ ਸੰਸਥਾ ਲਈ ਦਿਸ਼ਾ-ਨਿਰਦੇਸ਼ ਤਿਆਰ ਕਰਨੇ ਚਾਹੀਦੇ ਹਨ ਅਤੇ ਸ਼ੁਰੂਆਤੀ ਦੌਰ ਵਿੱਚ ਆਪਣੇ ਮਨ ਅਤੇ ਕੁਝ ਧਨ ਦਾ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਕਿਉਂਕਿ ਮਤਭੇਦਾਂ ਦੀ ਅਜੇ ਕੋਈ ਕਮੀ ਨਹੀਂ, ਇਹ ਕੇਵਲ ਘੱਟੋ-ਘੱਟ ਪ੍ਰੋਗਰਾਮ ਤਹਿ ਕਰਕੇ ਹੀ ਕੀਤਾ ਜਾ ਸਕਦਾ ਹੈ ਜਿਵੇਂ:-
੧) ਪੰਜਾਬ ਅਤੇ ਹੋਰ ਥਾਵਾਂ 'ਤੇ ਮੀਟਿੰਗਾਂ ਅਤੇ ਸੈਮੀਨਾਰਾਂ ਰਾਹੀਂ ਸੇਵਾਦਾਰ ਭਰਤੀ ਕੀਤੇ ਜਾਣ, ਮਿਸਾਲ ਵਜੋਂ ਪਿੰਡਵਾਰ, ਜ਼ਿਲ੍ਹੇਵਾਰ, ਸੂਬੇ ਪੱਧਰੀ ਅਤੇ ਉਸ ਤੋਂ ਬਾਅਦ ਦੇਸ਼ ਪੱਧਰੀ ਅਤੇ ਬਾਹਰ। ਵੱਧ ਤੋਂ ਵੱਧ ਇਮਾਨਦਾਰ ਵਿਅਕਤੀਆਂ ਤੱਕ ਪਹੁੰਚਣ ਲਈ ਮਿਲਦੇ ਮੀਡੀਆ ਦੀ ਵਰਤੋਂ ਕੀਤੀ ਜਾਵੇ। ਪ੍ਰਬੰਧ ਸਿਰਫ ਉਹਨਾਂ ਸੇਵਾਦਾਰ, ਬੁੱਧੀਜੀਵੀਆਂ ਜਾਂ ਗੁਣੀ ਬੰਦਿਆਂ ਕੋਲ ਹੋਣਾ ਚਾਹੀਦਾ ਹੈ ਜੋ ਦਸਵੰਧ ਜਾਂ ਆਪਣੀ ਆਮਦਨ ਦਾ ਕੁਝ ਫ਼ੀਸਦੀ ਹਿੱਸਾ ਇਸ ਦੀਆਂ ਕੰਮਕਾਜੀ ਜ਼ਰੂਰਤਾਂ ਲਈ ਅਦਾ ਕਰਦੇ ਹੋਣ। ਨਿਸ਼ਾਨੇ ਪ੍ਰਤੀ ਵਫ਼ਾਦਾਰੀ ਯਕੀਨੀ ਕਰਨ ਲਈ ਇਹ ਜ਼ਰੂਰੀ ਹੋ ਸਕਦਾ ਹੈ। ਸੰਸਥਾ ਨੂੰ ਤਵਾਰੀਖੀ ਤਾਕਤ ਦੇਣ ਲਈ ਭਾਵੇਂ ਇਸ ਦਾ ਅਕਾਲ ਤਖ਼ਤ ਦੇ ਜਥੇਦਾਰ ਨਾਲ ਤਾਲਮੇਲ ਰੱਖਿਆ ਜਾਵੇ ਪਰ ਇਹ ਜਥੇਦਾਰ ਦੇ ਅਧੀਨ ਨਾ ਹੋਵੇ। ਜੇ ਜਥੇਦਾਰ ਪੰਥਕ ਨਿਸ਼ਾਨੇ ਤੋਂ ਥਿੜਕਦਾ ਲੱਗੇ ਤਾਂ ਸੰਸਥਾ ਉਸ ਤੇ ਦਬਾਅ ਬਣਾਏ ਅਤੇ ਜੇ ਠੀਕ ਪਾਸੇ ਜਾਂਦਾ ਦਿਸੇ ਤਾਂ ਉਸ ਨੂੰ ਸਹਿਯੋਗ ਦਿੱਤਾ ਜਾਵੇ। ਦਲ, ਤਖ਼ਤ, ਸ਼੍ਰੋਮਣੀ ਕਮੇਟੀ, ਦੀਵਾਨ, ਸਭਾਵਾਂ ਆਦਿ ਨਾਲ ਗੈਰ-ਰਸਮੀ ਤੌਰ 'ਤੇ ਗੱਲਬਾਤ ਅਤੇ ਸਲਾਹ ਚੱਲੇ ਅਤੇ ਜਦੋਂ ਵੀ ਉਹ ਕੁਰਾਹੇ ਪਏ ਦਿਖਾਈ ਦੇਣ ਤਾਂ ਪੰਥ ਨੂੰ ਝੰਜੋੜ ਕੇ ਜਗਾਇਆ ਜਾਵੇ।
੨) ਸੇਵਾਦਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਪ੍ਰਤੀ 100% ਵਫ਼ਾਦਾਰੀ ਲਈ ਸਹੁੰ ਚੁਕਾਈ ਜਾਵੇ ਅਤੇ ਕਿਸੇ ਵੀ ਕਿਸਮ ਦੇ ਦੂਜੇ ਸ਼ੱਕੀ ਸਾਹਿਤ ਨੂੰ ਇਸ ਦਾ ਸ਼ਰੀਕ ਬਣਨ ਦਾ ਵਿਰੋਧ ਕਰਨਾ ਪਏਗਾ। ਸੇਵਾਦਾਰ ਸੰਸਥਾ ਨੂੰ ਪੂਰੀ ਤਰ੍ਹਾਂ ਪ੍ਰਣਾਏ ਹੋਣ ਅਤੇ ਕੋਈ ਰਾਜਨੀਤਿਕ ਇੱਛਾਵਾਂ ਨਾ ਰੱਖਦੇ ਹੋਣ। ਉਨ੍ਹਾਂ ਨੂੰ ਖੁੱਲ੍ਹੀ ਜਨਤਕ ਰਾਜਨੀਤੀ ਜਾਂ ਕਿਸੇ ਰਾਜਨੀਤਕ ਸੰਗਠਨ ਦੀ ਮੈਂਬਰੀ ਤੋਂ ਦੂਰ ਰਹਿਣ ਦੀ ਸਹੁੰ ਚੁਕਾਈ ਜਾਣੀ ਚਾਹੀਦੀ ਹੈ, ਭਾਵੇਂ ਇਸ ਨੂੰ ਛੱਡਣ ਤੋਂ ਇਕ ਖ਼ਾਸ ਸਮੇਂ ਬਾਅਦ ਉਹ ਅਜਿਹਾ ਕਰ ਸਕਣ।
੩) ਸੰਸਥਾ ਕਿਸੇ ਵੀ ਸਰਕਾਰੀ ਦਫ਼ਤਰ ਕੋਲ ਦਰਜ (ਰਜਿਸਟ੍ਰੇਸ਼ਨ) ਨਹੀਂ ਹੋਣੀ ਚਾਹੀਦੀ ਤਾਂ ਕਿ ਸਰਕਾਰ ਨੂੰ ਹਿਸਾਬ-ਕਿਤਾਬ ਦੇਣ ਦੀ ਮਜਬੂਰੀ ਘੱਟ ਤੋਂ ਘੱਟ ਹੋਵੇ।
੪) ਸੰਸਥਾ ਗੁਰਮੁਖੀ ਲਿਪੀ ਵਿੱਚ ਲਿਖੀ ਪੰਜਾਬੀ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਉਪਰਾਲਾ ਕਰੇ।
੫) ਸੇਵਾਦਾਰਾਂ ਅਤੇ ਪ੍ਰਚਾਰਕਾਂ ਰਾਹੀਂ ਪੂਰੇ ਭਾਰਤ ਵਿੱਚ ਦਲਿਤਾਂ ਅਤੇ ਪੱਛੜੇ ਲੋਕਾਂ ਵਿੱਚ ਪ੍ਰਚਾਰ ਕਰੇ ਅਤੇ ਮਨੂਵਾਦ ਤੋਂ ਉਹਨਾਂ ਨੂੰ ਮੁਕਤ ਕਰਨ ਵਿੱਚ ਉਹਨਾਂ ਦੀ ਮਦਦ ਕਰੇ।
੬) ਵਿਗਿਆਨ ਨੂੰ ਧਰਮ ਦੇ ਵਿਰੁੱਧ ਖੜਾ ਕਰਨ ਦੀ ਬਜਾਏ ਆਪਣੇ ਸੰਦੇਸ਼ ਨੂੰ ਫੈਲਾਉਣ ਲਈ ਹਰ ਕਿਸਮ ਦੇ ਅਜੋਕੇ ਮੀਡੀਆ, ਉੱਚ-ਸਿਖਿਆ ਅਤੇ ਤਕਨਾਲੋਜੀ ਦੀ ਅਸਰਦਾਰ ਢੰਗ ਨਾਲ ਵਰਤੋਂ ਕਰੇ। ਇਸ ਨੁਕਤੇ ਨੂੰ ਸਿੱਖਾਂ ਵਿੱਚ ਫੈਲਾਏ ਕਿ ਵਿਗਿਆਨ ਕੇਵਲ ਇੱਕ ਸੰਗਠਿਤ ਜਾਂ ਵਿਸ਼ੇਸ਼ ਗਿਆਨ ਹੈ ਜੋ ਸਮਾਜ ਦੀ ਬਿਹਤਰੀ ਲਈ ਵਰਤਿਆ ਜਾ ਸਕਦਾ ਹੈ ਅਤੇ ਇਹ ਧਰਮ ਦਾ ਵਿਰੋਧੀ ਨਹੀਂ ਹੈ ਅਤੇ ਸਾਡੇ ਬਾਨੀ ਗੁਰੂ ਬਾਬੇ ਨਾਨਕ ਦਾ ਸੁਭਾਅ ਵੀ ਵਿਗਿਆਨਕ ਸੀ ਜੋ ਉਹਨਾਂ ਦੀ ਬਾਣੀ ਤੋਂ ਸਪੱਸ਼ਟ ਹੁੰਦਾ ਹੈ।
ਇਹ ਸੰਖੇਪ ਤੇ ਮੁਢਲੇ ਵਿਚਾਰ ਹਨ। ਸਾਡੇ ਬੁੱਧੀਜੀਵੀਆਂ ਨੂੰ ਅਗਵਾਈ ਕਰਨੀ ਚਾਹੀਦੀ ਹੈ। ਇਸ ਵਾਸਤੇ ਪਿਛੇ ਜਿਹੇ ਹੋਈਆਂ 'ਪੰਥਕ ਅਸੈਂਬਲੀ' ਦੀਆਂ ਮੀਟਿੰਗਾਂ ਬਹੁਤ ਵਧੀਆ ਪਹਿਲ ਸੀ। ਇਸ ਤਰ੍ਹਾਂ ਦੀ ਕਾਰਵਾਈ ਨੂੰ ਹੋਰ ਵੱਡਾ ਆਧਾਰ ਕਰਕੇ ਤਰਕਸੰਗਤ ਸਿੱਟੇ ਤੱਕ ਲਿਜਾਇਆ ਜਾਣਾ ਚਾਹੀਦਾ ਹੈ।
(੨੨ ਫ਼ਰਵਰੀ ੨੦੨੪ ਤੋਂ ਰੋਜ਼ਾਨਾ ਸਪੋਕਸਮੈਨ ਵਿੱਚ ਛਪਿਆ ਹੋਇਆ)
No comments:
Post a Comment