April 12, 2021

ਅਜੋਕੇ ਮਸਲੇ ਤੇ ਬਾਬੇ ਦੀ ਸਿੱਖਿਆ (Guru, Nature and God)

ਕੁਝ ਅਜੋਕੇ ਭਖਦੇ ਮਸਲੇ ਤੇ ਬਾਬੇ ਨਾਨਕ ਦੀ ਸਿੱਖਿਆ 


ਅੱਜ ਕੱਲ੍ਹ ਕੁੱਝ ਸਿੱਖ ਵਿਦਵਾਨ ਤੇ ਪ੍ਰਚਾਰਕ ਪਹਿਲੀ ਪਾਤਸ਼ਾਹੀ ਦੀ ਮੁੱਢਲੀ ਸਿੱਖਿਆ ਤੇ ਕਾਇਮ ਨਾ ਰਹਿ ਕੇ  'ਰੱਬ', ਉਸ ਦੀ 'ਕੁਦਰਤ' ਅਤੇ 'ਗੁਰੂ' ਆਦਿ ਲਫ਼ਜ਼ਾਂ ਦੇ ਅਰਥਾਂ ਵਿੱਚ ਗੁਆਚ ਜਾਂਦੇ ਹਨ ਤੇ ਆਪਣੇ ਜੋਸ਼ ਜਾਂ ਹੰਕਾਰ ਵਿੱਚ ਇਕ ਦੂਜੇ ਨੂੰ ਹੀ ਲਾਹਨਤਾਂ ਪਾਈ ਜਾ ਰਹੇ ਹਨ। ਗੱਲ ਸ਼ਬਦੀ ਹਮਲਿਆਂ ਤੋਂ ਚੱਲ ਕੇ ਸਰੀਰਕ ਹਮਲਿਆਂ ਤੱਕ ਵੀ ਪਹੁੰਚ ਚੁੱਕੀ ਹੈ। ਇਹ ਪਰਖਣ ਲਈ ਕਿ ਇਹ ਹਮਲੇ ਕਿੱਥੋਂ ਤਕ ਜਾਇਜ਼ ਹਨ ਇਨ੍ਹਾਂ ਸ਼ਬਦਾਂ ਨੂੰ ਗੁਰਬਾਣੀ ਅਤੇ ਵਿਗਿਆਨ ਦੀਆਂ ਖੋਜਾਂ ਦੇ ਪਿਛੋਕੜ ਵਿੱਚ ਸਮਝਣ ਦੀ ਜ਼ਰੂਰਤ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੇ ਗੁਰੂ ਸਾਹਿਬਾਨ ਸਾਡੇ ਲਈ ਸਤਿਕਾਰਯੋਗ ਹਨ ਪਰ ਇਹ ਵੀ ਸੱਚ ਹੈ ਕਿ ਬਾਅਦ ਵਿਚ ਆਉਣ ਵਾਲੇ ਗੁਰੂ ਸਾਹਿਬਾਨ ਪਹਿਲੇ ਗੁਰੂ ਦੀ ਸਿੱਖਿਆ ਤੋਂ ਕਦੇ ਵੀ ਬਾਹਰ ਨਹੀਂ ਗਏ ਤੇ ਹਰ ਸਿੱਖ ਦਾ ਫਰਜ਼ ਹੈ ਕਿ ਉਸ ਸਿੱਖਿਆ ਦੇ ਅਧੀਨ ਚੱਲ ਕੇ ਸਚਿਆਰੀ(truthful) ਜ਼ਿੰਦਗੀ ਜੀਵੇ। ਸੋ ਇਹ ਮੁੱਦੇ ਗੁਰੂ ਨਾਨਕ ਸਾਹਿਬ ਦੀ ਮੁੱਢਲੀ ਸਿੱਖਿਆ ਦੇ ਅਧੀਨ ਵਿਚਾਰੇ ਜਾ ਸਕਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ੧੪੩੦ ਅੰਗਾਂ ਵਿੱਚੋਂ ਪਹਿਲੇ ਹੀ ਅੰਗ ਵਿੱਚ ਪਹਿਲੇ ਗੁਰੂ ਦੀ ਪਹਿਲੀ ਪੌੜੀ ਨੂੰ ਹੀ ਠੀਕ ਤਰ੍ਹਾਂ ਪੜ੍ਹ ਸਮਝ ਲਈਏ ਤਾਂ ਸਚਿਆਰੀ ਜ਼ਿੰਦਗੀ ਜਿਉਣ ਦਾ ਰਾਹ ਦਿਸਣ ਲੱਗ ਪੈਂਦਾ ਹੈ। ਪਹਿਲੀ ਪੌੜੀ ਤੱਕ ਸੰਖੇਪ ਜਿਹੀ ਵਿਆਖਿਆ ਤੋਂ ਬਾਅਦ ਅੱਗੇ ਗੱਲ ਤੋਰ ਸਕਦੇ ਹਾਂ।

     ਮੂਲ ਮੰਤਰ (ਜਾਂ ਮੂਲ ਸ਼ਬਦ?) ਵਿੱਚ ਇੱਕ ਅਕਾਲ ਪੁਰਖ ਦੇ ਪਰਿਭਾਸ਼ਕ ਗੁਣ ਬਿਆਨੇ ਗਏ ਹਨ। ਇਨ੍ਹਾਂ ਵਿੱਚ ਵੀ ਸਭ ਤੋਂ ਪਹਿਲਾ ਗੁਣ ਇਹ ਦੱਸਿਆ ਗਿਆ ਹੈ ਕਿ ਉਹ ਇੱਕ ਹੀ ਹੈ ਤੇ ਸਰਬਵਿਆਪਕ ਹੈ। ਸਿਰਫ਼ ਉਹ ਹੀ ਸੱਚਾ(ਭਾਵ, ਹੋਂਦ ਵਾਲਾ) ਹੈ ਤੇ ਸਿਰਜਣਹਾਰ ਹੈ। ਉਹ ਡਰ ਤੇ ਵੈਰ ਤੋਂ ਰਹਿਤ ਹੈ। ਉਹ ਕਾਲ-ਰਹਿਤ ਹੈ, ਜੂਨਾਂ ਵਿਚ ਨਹੀਂ ਆਉਂਦਾ ਤੇ ਆਪਣੇ ਆਪ ਤੋਂ ਹੀ ਹੈ ਤੇ ਗੁਰੂ ਦੀ ਕਿਰਪਾ ਨਾਲ ਉਸਨੂੰ ਸਮਝਿਆ ਜਾ ਸਕਦਾ ਹੈ।

ਪਰ ਜੇ ਉਹ ਇੱਕ ਹੀ ਹੈ ਜਿਸ ਨੇ ਸਾਰਾ ਕੁੱਝ ਪੈਦਾ ਕੀਤਾ ਹੈ, ਤਾਂ ਅਸੀਂ ਸਾਰੇ ਉਸ ਦੀ ਹੀ ਪੈਦਾਇਸ਼ ਹੋਏ। ਫਿਰ ਸਾਡੇ ਵਿੱਚੋਂ ਕੋਈ ਵੀ ਜਨਮ ਕਰਕੇ ਵੱਡਾ ਛੋਟਾ ਕਿਵੇਂ ਹੋ ਸਕਦਾ ਹੈ। ਇਸ ਵਿਚੋਂ ਮਨੁੱਖੀ ਨਸਲ ਦੇ ਸਾਰੇ ਜੀਵਾਂ ਦੀ ਬਰਾਬਰੀ ਦਾ ਅਸੂਲ ਦਿਸਦਾ ਹੈ। ਇਸ ਤਰ੍ਹਾਂ ਮਨੁੱਖੀ ਬਰਾਬਰੀ ਦਾ ਅਸੂਲ ਪੂਰੀ ਤਰ੍ਹਾਂ ਕੁਦਰਤੀ ਹੈ ਤੇ ਇਸ ਤੋਂ ਵੱਖਰਾ ਕੋਈ ਵੀ ਅਸੂਲ ਇੱਕ ਮਨੁੱਖ ਦੁਆਰਾ ਦੂਜੇ ਮਨੁੱਖਾਂ ਤੇ ਥੋਪਿਆ ਹੋਇਆ ਅਸੂਲ ਹੈ ਜਿਵੇਂ ਜਾਤ, ਨਸਲ, ਰੰਗ, ਧਰਮ, ਸਰੀਰਕ ਬਣਤਰ, ਕੱਦ-ਕਾਠ ਆਦਿ ਤੇ ਅਧਾਰਤ ਅਸੂਲ। ਜੇ ਰੱਬ ਸਰਬਵਿਆਪਕ ਹੈ ਤਾਂ ਹਰ ਜੀਵ ਵਿੱਚ ਉਹੀ ਮੌਜੂਦ ਹੈ। ਤਾਂ ਕੁਦਰਤੀ ਹੈ ਕਿ ਮਨੁੱਖੀ ਨਸਲ ਇੱਕ ਭਾਈਚਾਰਾ ਹੈ। ਇਸ ਅਸੂਲ ਲਈ ਕਿਸੇ ਵੀ ਬਨਾਵਟੀ ਮਨੁੱਖੀ ਸਿਧਾਂਤ(ਜਿਵੇਂ ਪੂੰਜੀਵਾਦ ਜਾਂ ਕਮਿਊਨਿਜ਼ਮ) ਦੀ ਜ਼ਰੂਰਤ ਨਹੀਂ ਹੈ। ਦੱਸੇ ਗਏ ਗੁਣ ਦਰਸਾਉਂਦੇ ਹਨ ਕਿ ਮਨੁੱਖੀ ਵਿਕਾਰਾਂ ਦੇ ਘਾਟੇ ਵਾਧੇ ਨਾਲ ਸਬੰਧਤ ਤਪੱਸਿਆਵਾਂ, ਜੋਗ, ਅਭਿਆਸ, ਸਮਾਧੀ ਵਗ਼ੈਰਾ ਨਾਲ ਉਸਨੂੰ ਪਰਾਪਤ ਨਹੀਂ ਕੀਤਾ ਜਾ ਸਕਦਾ। ਇਸਦਾ ਮਤਲਬ ਮਨੁੱਖੀ ਵਿਕਾਰਾਂ ਨੂੰ ਖ਼ਤਮ ਕਰਨਾ ਵੀ ਨਹੀਂ ਹੋ ਸਕਦਾ ਕਿਉਂਕਿ ਮਨੁੱਖ ਦੀਆਂ ਕੁਦਰਤੀ ਹੱਦਾਂ ਹੋਣ ਕਰਕੇ ਇਹ ਅਸੰਭਵ ਹੈ। ਆਮ ਲੋਕਾਂ ਨੂੰ ਮੂਰਖ ਬਨਾਉਣ ਤੇ ਲੁੱਟਣ ਲਈ ਵਿਕਾਰਾਂ ਨੂੰ ਖ਼ਤਮ ਕਰਨ ਦਾ ਪਾਖੰਡ ਜੋਗੀਆਂ, ਸਾਧਾਂ ਤੇ ਪੁਜਾਰੀਆਂ ਨੂੰ ਰਾਸ ਆਉਂਦਾ ਹੈ। ਇਸੇ ਲਈ ਗੁਰੂਆਂ ਨੇ ਇਹੋ ਜਿਹੇ ਘਰਬਾਰ ਛੱਡਣ ਤੇ ਪਾਖੰਡ ਕਰਨ ਵਾਲਿਆਂ ਨੂੰ ਗੁਰਬਾਣੀ ਵਿੱਚ ਬਾਰ ਬਾਰ ਸੱਚ ਸੁਣਾਇਆ ਹੈ। ਅਸਲ ਉਪਦੇਸ਼ ਵਿਕਾਰਾਂ ਨੂੰ ਕਾਬੂ ਵਿੱਚ ਰੱਖਣ ਦਾ ਹੈ ਜਿਵੇਂ 'ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥' (੪੬੬)। ਕਿਉਂਕਿ ਉਸਦਾ ਵਰਤਾਰਾ ਸਭ ਲਈ ਬਰਾਬਰ ਹੈ, ਇਸ ਕਰਕੇ ਸਭ ਵਿਚੋਲੇ ਬੇਕਾਰ ਹਨ। ਇਸੇ ਕਰਕੇ ਸਿੱਖਾਂ ਵਿਚ ਪੁਜਾਰੀ ਪੇਸ਼ੇ(ਪਾਠੀ, ਗ੍ਰੰਥੀ, ਅਖੰਡ ਪਾਠੀ, ਭਾਈ ਜੀ, ਆਦਿ) ਦਾ ਪੈਦਾ ਹੋਣਾ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤੋਂ ਦੂਰ ਜਾਣ ਦੀ ਸਭ ਤੋਂ ਘਟੀਆ ਅਲਾਮਤ ਹੈ। ਗੁਰੂ ਦਾ ਸ਼ਰਧਾ ਨਾਲ ਸਤਿਕਾਰ ਕਰਨਾ ਤੇ ਗੁਰੂ ਦੀ ਕਰਮਕਾਂਡੀ ਪੂਜਾ ਕਰਨਾ ਦੋ ਬਿਲਕੁਲ ਵੱਖ ਵੱਖ ਗੱਲਾਂ ਹਨ। ਗੁਰੂ ਦਾ ਸਤਿਕਾਰ ਕਰਨ ਨਾਲ ਆਪਣੇ ਆਪ ਵਿਚ ਗੁਰੂ ਵਰਗੇ ਗੁਣ ਪੈਦਾ ਕਰਨ ਦੀ ਇੱਛਾ ਪੈਦਾ ਹੁੰਦੀ ਹੈ ਪਰ ਉਸ ਦੀ ਪੂਜਾ ਕਰਨ ਨਾਲ ਗੁਰੂ ਤੋਂ ਦੂਰੀ ਵਧਦੀ ਹੈ। ਪਰ ਪਾਠੀ ਪੇਸ਼ੇ ਵਾਲਿਆਂ ਨੇ ਆਪਣੇ ਰੋਜ਼ਗਾਰ ਵਿੱਚ ਵਾਧਾ ਕਰਨ ਲਈ ਸਿੱਖਾਂ ਨੂੰ ਸਤਿਕਾਰ ਕਰਨ ਦੇ ਬਹਾਨੇ ਪੂਜਾ ਕਰਨ ਵਾਲੇ ਪਾਸੇ ਮੋੜ ਲਿਆ ਹੈ ਜਿਸ ਨਾਲ ਸਿੱਖਾਂ ਦੀ ਗੁਰੂ ਤੋਂ ਦੂਰੀ ਵਧੀ ਹੈ ਤੇ ਉਹਨਾਂ ਦੇ ਬ੍ਰਾਹਮਣਵਾਦ ਵਿਚ ਗ਼ਰਕ ਹੋਣ ਦਾ ਖ਼ਤਰਾ ਵਧੀ ਜਾਂਦਾ ਹੈ ਜੋ ਸਿਰਫ ਪੂਜਾ ਦੇ ਕਰਮਕਾਂਡ ਤੇ ਪਲਦਾ ਹੈ। ਰੱਬ ਦਾ ਕਾਲ-ਰਹਿਤ ਹੋਣਾ, ਜੂਨਾਂ ਵਿਚ ਨਾ ਆਉਣਾ ਤੇ ਆਪਣੇ ਆਪ ਤੋਂ ਹੋਣਾ ਇਹ ਦਰਸਾਉਂਦਾ ਹੈ ਕਿ ਸਿੱਖੀ ਵਿਚ ਅਵਤਾਰਵਾਦ ਦੀ ਕੋਈ ਥਾਂ ਨਹੀਂ। ਸਿੱਖ ਨਾ ਤਾਂ ਕਿਸੇ ਨੂੰ ਰੱਬ ਦਾ ਪੁੱਤਰ ਮੰਨਦੇ ਹਨ, ਨਾ ਰੱਬ ਦਾ ਪੈਗੰਬਰ ਤੇ ਨਾ ਹੀ ਰੱਬ ਦਾ ਅਵਤਾਰ। ਇਹ ਪੁਛਿਆ ਜਾ ਸਕਦਾ ਹੈ ਕਿ ਸਿੱਖ ਫਿਰ ਗੁਰੂਆਂ ਨੂੰ ਕਿਹੜਾ ਸਥਾਨ ਦੇਂਦੇ ਹਨ? ਪਰ ਸੋਚਣ ਵਾਲੀ ਗੱਲ ਇਹ ਹੈ ਕਿ, ਕੀ ਪਹਿਲਾਂ ਤੋਂ ਮੌਜੂਦ ਧਰਮਾਂ ਦੀ ਸ਼ਬਦਾਵਲੀ ਵਿੱਚ 'ਗੁਰੂ' ਨੂੰ ਪਰਿਭਾਸ਼ਤ ਕਰਨਾ ਸਾਡੇ ਲਈ ਜ਼ਰੂਰੀ ਹੈ? ਜੇ ਇਹ ਜ਼ਰੂਰੀ ਹੈ ਤਾਂ ਸਿੱਖ ਵੀ ਇਹ ਪੁੱਛਣ ਦਾ ਹੱਕ ਰੱਖਦੇ ਹਨ ਕਿ ਜਿਨ੍ਹਾਂ ਨੂੰ ਦੂਜੇ ਲੋਕ ਰੱਬ ਦਾ ਪੁੱਤਰ, ਪੈਗੰਬਰ ਜਾਂ ਅਵਤਾਰ ਕਹਿੰਦੇ ਹਨ ਕੀ ਉਹ ਗੁਰੂ ਸਨ? ਗੁਰੂ ਦਾ ਸਥਾਨ ਗੁਰੂ ਵੱਲੋਂ ਰੱਬ ਦੇ ਦਰਸਾਏ ਗੁਣਾਂ ਵਿੱਚੋਂ ਹੀ ਲੱਭਣਾ ਚਾਹੀਦਾ ਹੈ। ਸਪੱਸ਼ਟ ਹੈ ਕਿ ਜਿਸ ਤਰਾਂ ਦਾ 'ਰੱਬ' ਮੂਲ ਮੰਤਰ ਵਿੱਚ ਪਹਿਲੇ ਗੁਰੂ ਨੇ ਖ਼ੁਦ ਚਿਤਵਿਆ ਹੈ ਗੁਰੂ ਨੂੰ ਉਸ ਤਰ੍ਹਾਂ ਦਾ ਰੱਬ ਨਹੀਂ ਕਿਹਾ ਜਾ ਸਕਦਾ। ਪਰ ਜੇ ਰੱਬ ਸਰਬਵਿਆਪਕ ਹੈ ਤਾਂ ਉਹ ਗੁਰੂ ਵਿੱਚ ਵੀ ਤਾਂ ਮੌਜੂਦ ਹੀ ਹੈ। ਆਮ ਤੌਰ ਤੇ 'ਉਸਤਾਦ' ਜਾਂ 'ਗੁਰੂ' ਸ਼ਬਦ ਐਸੇ ਮਨੁੱਖ ਲਈ ਵਰਤਿਆ ਜਾਂਦਾ ਹੈ ਜੋ ਦੂਜਿਆਂ ਨੂੰ ਕਿਸੇ ਹੁਨਰ ਵਿੱਚ ਅਗਵਾਈ ਦੇ ਸਕਦਾ ਹੋਵੇ। ਅਸੀਂ ਆਪਣੇ ਗੁਰੂਆਂ ਨੂੰ ਉਸ ਰੂਪ ਵਿੱਚ ਚਿਤਵ ਸਕਦੇ ਹਾਂ ਜਿਸ ਵਿਚ ਉਹ ਸਾਨੂੰ ਇੱਕ ਸਚਿਆਰੀ ਜ਼ਿੰਦਗੀ ਜਿਊਣ ਦੇ ਹੁਨਰ ਲਈ ਸਰਬਕਾਲੀ ਅਗਵਾਈ ਦੇਣ ਦੇ ਸਮਰੱਥ ਹਨ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪਣ ਪਿੱਛੇ ਇੱਕ ਕਾਰਨ ਸਿੱਖਾਂ ਨੂੰ ਸਰਬਕਾਲੀ ਅਗਵਾਈ ਦੇਣਾ ਵੀ ਹੈ। ਇਹਨਾਂ ਅਰਥਾਂ ਵਿਚ ਸਿੱਖਾਂ ਦਾ ਗੁਰੂ ਆਮ ਮਨੁੱਖ ਨਹੀਂ ਹੈ। ਬਲਕਿ, ਵਿਗਿਆਨਕ ਸ਼ਬਦਾਵਲੀ ਵਿੱਚ, ਸਿਰਜਣਹਾਰ ਦੀ ਹੀ ਕੁਦਰਤ ਨੇ ਆਪਣੇ ਵਿਕਾਸ ਦੌਰਾਨ ਸਾਨੂੰ ਮਨੁੱਖੀ ਰੂਪ ਵਿੱਚ ਐਸਾ ਆਗੂ ਦਿੱਤਾ ਹੈ ਜੋ ਗੁਰੂ ਹੋਣ ਦੀ ਹੈਸੀਅਤ ਨੂੰ ਪਹੁੰਚ ਗਿਆ ਹੈ। ਇਸ ਲਈ ਇਹ ਬਹਿਸ ਬੇਕਾਰ ਹੈ ਕਿ ਉਹ ਮਨੁੱਖ ਹੈ ਜਾਂ ਰੱਬ। ਗੁਰੂ ਦੀ ਹੈਸੀਅਤ ਨੂੰ ਰੂਹਾਨੀਅਤ, ਅਧਿਆਤਮ, ਆਤਮਕ, ਸਪਿਰਚੂਅਲ, ਚਮਤਕਾਰੀ ਆਦਿ ਦੂਜੇ ਧਰਮਾਂ ਦੇ ਪੁਜਾਰੀਵਾਦੀ ਸ਼ਬਦਾਂ ਨਾਲ ਉਲਝਾਉਣਾ ਨਹੀਂ ਚਾਹੀਦਾ। ਸਾਡੇ ਲਈ ਉਹ ਗੁਰੂ ਹੈ। ਬੱਸ। ਉਹ ਹਰ ਸਥਾਨ ਵਿੱਚ, ਹਰ ਕਾਲ ਵਿਚ ਸਿੱਖਾਂ ਦੀ ਅਗਵਾਈ ਕਰਨ ਦੇ ਸਮਰੱਥ ਹੈ। ਸਿੱਖਾਂ ਲਈ ਲੋੜ ਹੈ ਤਾਂ ਕੇਵਲ ਗੁਰੂ ਦੀ ਬਾਣੀ ਵਿੱਚੋਂ, ਚੱਲ ਰਹੇ ਸਮੇਂ ਤੇ ਸਥਾਨ ਲਈ, ਲੋੜੀਂਦਾ ਗਿਆਨ ਪੜ੍ਹ ਸਮਝ ਕੇ ਅਗਵਾਈ ਹਾਸਲ ਕਰ ਲੈਣ ਦੀ।

ਆਮ ਕਰਕੇ ਮੂਲ ਮੰਤਰ ਦੇ ਆਖਰੀ ਲਫ਼ਜ਼ 'ਗੁਰਪ੍ਰਸਾਦਿ' ਦੇ ਅਰਥ ਇਸ ਤਰ੍ਹਾਂ ਕੀਤੇ ਜਾਂਦੇ ਹਨ ਕਿ ਗੁਰੂ ਦੀ ਕਿਰਪਾ ਨਾਲ ਰੱਬ ਨੂੰ ਮਿਲਿਆ ਜਾ ਸਕਦਾ ਹੈ। ਇਹ ਠੀਕ ਨਹੀਂ ਲੱਗਦਾ। ਗੁਰੂ ਨੇ ਰੱਬ ਦੇ ਜਿਸ ਤਰ੍ਹਾਂ ਦੇ ਗੁਣ ਮੂਲ ਮੰਤਰ ਵਿਚ ਦੱਸੇ ਹਨ ਉਨ੍ਹਾਂ ਗੁਣਾਂ ਵਾਲੇ ਰੱਬ ਨੂੰ ਕੋਈ ਮਨੁੱਖ ਕਿਸ ਤਰ੍ਹਾਂ 'ਮਿਲ' ਸਕਦਾ ਹੈ? ਉਹ ਤਾਂ ਕਣ ਕਣ ਵਿੱਚ ਅਰਥਾਤ, ਮਨੁੱਖ ਦੇ ਅੰਦਰ ਹੀ ਮੌਜੂਦ ਦੱਸਿਆ ਗਿਆ ਹੈ। ਇਸ ਲਈ ਮਨੁੱਖ ਵਾਸਤੇ ਰੱਬ ਨੂੰ ਸਮਝ ਸਕਣਾ ਹੀ ਸਭ ਤੋਂ ਵੱਡਾ ਕੰਮ ਹੈ। ਪ੍ਰਭੂ-ਮਿਲਣ ਬਾਰੇ ਗੁਰਬਾਣੀ ਵਿੱਚ ਆਉਂਦੇ ਸ਼ਬਦਾਂ ਨੂੰ ਇਨ੍ਹਾਂ ਅਰਥਾਂ ਵਿੱਚ ਹੀ ਲੈਣਾ ਚਾਹੀਦਾ ਹੈ। ਸਿੱਖ ਲਈ ਅਕਾਲ ਪੁਰਖ ਨੂੰ ਸਮਝ ਕੇ ਉਸ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਉਣਾ ਹੀ ਸਿੱਖੀ ਹੈ ਜਿਸ ਲਈ ਗੁਰੂ ਸਾਹਿਬਾਨ ਅਗਵਾਈ ਬਖ਼ਸ਼ਦੇ ਹਨ।                 

ਪਹਿਲੇ ਸਲੋਕ ਵਿੱਚ ਵੀ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਮੁੱਢ ਤੋਂ ਹੀ ਹੋਣਾ ਪੱਕਾ ਕੀਤਾ ਹੈ। ਸ਼ਬਦ 'ਆਦਿ ਜੁਗਾਦਿ' ਵਰਤਣ ਦਾ ਅਰਥ ਵੀ ਇਹੀ ਜਾਪਦਾ ਹੈ ਕਿ ਮਨੁੱਖ ਨੂੰ ਜਿਸ ਵੀ ਜੁੱਗ ਦਾ ਪਤਾ ਹੈ ਉਸ ਤੋਂ ਪਹਿਲਾਂ ਵੀ ਉਹੀ ਸੀ ਤੇ ਆਉਣ ਵਾਲੇ ਜੁੱਗਾਂ ਦੇ ਬੀਤਣ ਤੋਂ ਬਾਅਦ ਵੀ ਉਹੀ ਹੋਵੇਗਾ। ਵਿਗਿਆਨਕ ਸ਼ਬਦਾਵਲੀ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਵੱਡੇ ਧਮਾਕੇ(Big Bang) ਤੋਂ ਪਹਿਲਾਂ ਵੀ ਉਹ ਹੀ ਸੀ ਅਤੇ ਜਦੋਂ ਫਿਰ ਕਦੀ ਪਿਚਕਾਅ ਜਾਂ ਹੋਰ ਧਮਾਕਾ ਹੋਇਆ ਤਾਂ ਉਸ ਵੇਲੇ ਤੇ ਉਸ ਤੋਂ ਬਾਅਦ ਵੀ ਉਹੀ ਹੋਵੇਗਾ। 

ਮੂਲ ਮੰਤਰ ਤੇ ਪਹਿਲੇ ਸਲੋਕ ਵਿੱਚ ਅਕਾਲ ਪੁਰਖ ਦੇ ਗੁਣ ਦੱਸਣ ਤੋਂ ਬਾਅਦ ਗੁਰੂ ਸਾਹਿਬ ਨੇ ਮਨੁੱਖਤਾ ਲਈ ਤੇ ਖਾਸ ਕਰਕੇ ਸਿੱਖਾਂ ਲਈ ਮੁੱਢਲੀ ਜਾਂ ਪਹਿਲੀ ਸਿੱਖਿਆ ਪਹਿਲੀ ਪਉੜੀ ਵਿੱਚ ਹੀ ਦੇ ਦਿੱਤੀ ਹੈ।

ਪਹਿਲੀ ਪਉੜੀ ਵਿੱਚ ਗੁਰੂ ਸਾਹਿਬ ਨੇ ਉਸ ਵੇਲੇ ਚੱਲਦੀਆਂ ਵਿਧੀਆਂ ਤੇ ਵਹਿਮਾਂ ਭਰਮਾਂ(ਜਿਨ੍ਹਾਂ ਨਾਲ ਪੁਜਾਰੀ ਤਬਕਾ ਆਮ ਲੋਕਾਂ ਨੂੰ ਬੁੱਧੂ ਬਣਾਉਂਦਾ ਸੀ ਤੇ ਰੱਬ ਨੂੰ 'ਮਿਲਣ’ ਦਾ ਰਾਹ ਦੱਸਦਾ ਸੀ) ਦਾ ਜ਼ਿਕਰ ਕੀਤਾ ਹੈ ਤੇ ਦੱਸਿਆ ਹੈ ਕਿ ਵਾਰ ਵਾਰ ਤੀਰਥ ਇਸ਼ਨਾਨ, ਲੰਮੀਆਂ ਲੰਮੀਆਂ ਸਮਾਧੀਆਂ ਤੇ ਮੌਨ ਵਰਤ, ਤਰ੍ਹਾਂ ਤਰ੍ਹਾਂ ਦੇ ਵਰਤ ਤੇ ਸੁਆਦਲੇ ਖਾਣੇ ਤੇ ਵੱਧ ਤੋਂ ਵੱਧ ਚਤੁਰਾਈਆਂ, ਸਿਆਣਪਾਂ ਤੋੜ ਤੱਕ ਨਹੀਂ ਨਿਭਦੀਆਂ ਭਾਵ ਰੱਬ ਵੱਲ ਨਹੀਂ ਲਿਜਾਂਦੀਆਂ। ਰੱਬ ਇਸ ਕੂੜ ਦੀ ਕੰਧ ਤੋਂ ਅੱਗੇ ਹੈ ਤੇ ਉਸ ਬਾਰੇ ਜਾਨਣ ਲਈ ਉਸ ਦੀ ਸਾਜੀ ਕੁਦਰਤ ਨੂੰ ਸਮਝਣਾ ਤੇ ਉਸ ਦੇ ਅਸੂਲਾਂ ਨਾਲ ਮਿਲ ਕੇ ਚੱਲਣਾ ਜ਼ਰੂਰੀ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਤਰੀਕਾ ਮੁੱਢ ਤੋਂ ਹੀ ਨਾਲ ਲਿਖਿਆ ਚੱਲਿਆ ਆ ਰਿਹਾ ਹੈ('ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥') ਤਾਂ ਇਸ ਦਾ ਅਰਥ ਹੈ ਕਿ ਮਨੁੱਖ ਜਿਹੜੀਆਂ ਕੁਦਰਤੀ ਹੱਦਾਂ ਲੈ ਕੇ ਇਸ ਧਰਤੀ ਤੇ ਆਇਆ ਹੈ ਤੇ ਚੱਲ ਰਿਹਾ ਹੈ ਉਹਨਾਂ ਹਾਲਾਤ ਵਿੱਚ ਉਹ ਕੁਦਰਤ ਦੇ ਨੇਮਾਂ ਦੀ ਉਲੰਘਣਾ ਨਹੀਂ ਕਰ ਸਕਦਾ। ਦੂਜੇ ਸ਼ਬਦਾਂ ਵਿੱਚ ਉਸ ਦੀ ਹੋਣੀ ਉਸਦੇ ਮੁੱਢ, ਅਰਥਾਤ ਪੈਦਾਇਸ਼, ਨਾਲ ਜੁੜੀ ਹੋਈ ਹੈ ਜੋ ਮਨੁੱਖ ਨੂੰ ਸੀਮਤ ਜਿਹੀ ਸ਼ਕਤੀ ਹੀ ਦਿੰਦੀ ਹੈ। ਇਹ ਸਿਖਿਆ ਗੁਰਬਾਣੀ ਦੇ ਅਨੁਕੂਲ ਤਾਂ ਹੈ ਹੀ, ਅੱਜ ਦੀ ਗਿਆਨਵਾਦੀ ਜਾਂ ਵਿਗਿਆਨਕ ਸੋਚ ਦੇ ਵੀ ਪੂਰੀ ਤਰਾਂ ਅਨੁਕੂਲ ਹੈ।

ਹੁਣ ਵੇਖਦੇ ਹਾਂ ਅੱਜ ਦਾ ਵਿਗਿਆਨ ਕੀ ਕਹਿੰਦਾ ਹੈ। ਹੁਣ ਤੱਕ ਮੋਟੇ ਤੌਰ ਤੇ ਇਹ ਸਮਝ ਬਣਦੀ ਹੈ ਕਿ ਪੌਣੇ ਚੌਦਾਂ ਕੁ ਅਰਬ ਸਾਲ ਪਹਿਲਾਂ ਹੋਏ ਵੱਡੇ ਧਮਾਕੇ(Big Bang) ਤੋਂ ਪਹਿਲਾਂ ਧੁੰਦੂਕਾਰਾ ਸੀ ਅਤੇ ਇਸ ਧਮਾਕੇ ਤੋਂ ਬਾਅਦ ਇਸ ਸੰਸਾਰ ਦੀ ਸਿਰਜਣਾ ਹੋਈ ਹੈ ਤੇ ਅਣਗਿਣਤ ਜੀਵਨ-ਪ੍ਰਵਾਹ(ਦਰੀਆਉ) ਚੱਲੇ ਹਨ ਜਿਸ ਨੂੰ ਅਸੀਂ 'ਕੁਦਰਤ’ ਦਾ ਨਾਂ ਵੀ ਦੇਂਦੇ ਹਾਂ। ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਵੱਡੇ ਧਮਾਕੇ ਤੋਂ ਬਾਅਦ ਅਨੇਕਾਂ ਕਣ-ਬੱਦਲਾਂ(Particle Clouds) ਦਾ ਖ਼ਲਾਅ ਵਿੱਚ ਜ਼ਬਰਦਸਤ ਫੈਲਾਅ ਹੋਇਆ ਤੇ ਉਸ ਤੋਂ ਹੌਲੀ ਹੌਲੀ ਗਲੈਕਸੀਆਂ, ਤਾਰੇ, ਗ੍ਰਹਿ, ਉਪਗ੍ਰਹਿ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਕਣ ਤੇ ਕਿਰਨਾਂ(Radiation) ਪੈਦਾ ਹੋਈਆਂ। ਹੌਲੀ ਹੌਲੀ 'ਸੂਰਜ' ਨਾਮ ਦੇ ਤਾਰੇ ਦੁਆਲੇ ਘੁੰਮਣ ਵਾਲੇ ਇੱਕ 'ਧਰਤੀ' ਨਾਮ ਦੇ ਗ੍ਰਹਿ ਦੇ ਆਸ-ਪਾਸ ਹਵਾਈ ਵਾਤਾਵਰਣ ਆ ਜਾਣ ਨਾਲ ਤੇ ਧਰਤੀ ਉਤੇ ਪਾਣੀ ਦੀ ਹੋਂਦ ਹੋ ਜਾਣ ਨਾਲ ਪਹਿਲਾਂ ਇਕ-ਸੈੱਲੇ ਅਦਿੱਖ ਜੀਵ ਹੋਂਦ ਵਿੱਚ ਆਏ ਤੇ ਫਿਰ ਹੌਲੀ ਹੌਲੀ ਕਰੋੜਾਂ ਸਾਲਾਂ ਵਿੱਚ ਵਿਕਾਸ ਕਰਦੇ ਕਰਦੇ ਅਣਗਿਣਤ ਸੈੱਲਾਂ ਵਾਲੇ ਮਨੁੱਖ ਦੀ ਹੋਂਦ ਤਕ ਪਹੁੰਚ ਗਏ(ਡਾਰਵਿਨ ਦਾ ਸਿਧਾਂਤ)। ਵੱਡੇ ਧਮਾਕੇ ਤੋਂ ਬਾਅਦ ਕੁਦਰਤ ਆਪਣੇ ਨੇਮਾਂ(ਨਿਯਮਾਂ) ਦੇ ਅਧੀਨ ਲਗਾਤਾਰ ਚੱਲ ਰਹੀ ਹੈ ਤੇ ਫੈਲ ਰਹੀ ਹੈ। ਮਿਸਾਲ ਦੇ ਤੌਰ ਤੇ ਇਹ ਕੁਦਰਤ ਦੇ ਹੀ ਨਿਯਮ ਹਨ ਜਿਹਨਾਂ ਦੇ ਅਧੀਨ ਛੋਟੇ ਛੋਟੇ ਪਰਮਾਣੂਆਂ(ਐਟਮਾਂ) ਜਾਂ ਸੈੱਲਾਂ ਤੋਂ ਲੈ ਕੇ ਵੱਡੀਆਂ ਵੱਡੀਆਂ ਗਲੈਕਸੀਆਂ ਤੱਕ ਦੀ ਹਰਕਤ ਇੱਕ ਜ਼ਬਤ ਵਿੱਚ ਚੱਲਦੀ ਹੈ। ਇਹ ਸਭ ਮੁੱਢਲੇ ਤੌਰ ਤੇ ਗੁਰੂਤਾ(Gravity) ਦੀ ਖਿੱਚ ਤੇ ਬਿਜਲਈ ਖਿੱਚ ਦੀਆਂ ਕੁਝ ਸ਼ਕਤੀਆਂ ਦੇ ਸੰਤੁਲਨ ਦੀ ਵਜ੍ਹਾ ਨਾਲ ਜ਼ਬਤ ਵਿੱਚ ਚੱਲਦਾ ਰਹਿੰਦਾ ਹੈ। ਇਨ੍ਹਾਂ ਸ਼ਕਤੀਆਂ ਬਾਰੇ ਜਾਨਣ ਲਈ ਵਿਗਿਆਨੀ ਲਗਾਤਾਰ ਖੋਜ ਵਿੱਚ ਲੱਗੇ ਰਹਿੰਦੇ ਹਨ।

ਅਮਰੀਕੀ ਵਿਗਿਆਨਕ ਪੁਲਾੜ ਏਜੈਂਸੀ ਨਾਸਾ(NASA) ਦੇ ਮੁਤਾਬਕ ਦਿਸਦਾ ਮਾਦਾ(Matter) ਕੇਵਲ ੪.੬% ਹੀ ਹੈ। ੨੪% ਅਦਿੱਖ ਮਾਦਾ(Dark Matter) ਹੈ ਜਿਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸਤੋਂ ਇਲਾਵਾ ੭੧.੪% ਉਹ ਅਦਿੱਖ ਊਰਜਾ(Dark Energy) ਹੈ ਜਿਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਇਸ ਅਦਿੱਖ ਮਾਦੇ ਤੇ ਅਦਿੱਖ ਊਰਜਾ(ਕੁਲ ੯੫.੬%) ਨੂੰ ਸਿੱਧੇ ਤੌਰ ਤੇ ਕਿਸੇ ਨੇ ਨਹੀਂ ਜਾਣਿਆ। ਇਹ ਕੇਵਲ ਸ਼ਕਤੀਆਂ ਦੇ ਉੱਪਰ ਦੱਸੇ ਸੰਤੁਲਨ ਦੀ ਜਮ੍ਹਾਂ ਘਟਾਓ ਕਰਦਿਆਂ ਜੋ ਨਤੀਜੇ ਸਾਹਮਣੇ ਆਉਂਦੇ ਹਨ ਉਨ੍ਹਾਂ ਚੋਂ ਨਿਕਲੀਆਂ ਧਾਰਨਾਵਾਂ ਹਨ। ਅਜੇ ਤਾਂ ਇਸ ਦਿੱਸਣਯੋਗ ੪.੬% ਸੰਸਾਰ ਦੇ ਕਰੋੜ ਕਰੋੜਵੇਂ ਹਿੱਸੇ ਦੀ ਵੀ ਪੂਰੀ ਜਾਣਕਾਰੀ ਮਨੁੱਖਤਾ ਨੂੰ ਨਹੀਂ ਹੈ। ਅੱਗੇ ਤੋਂ ਅੱਗੇ ਕੀ ਹੈ? ਮਨੁੱਖ ਆਪਣੀਆਂ ਕੁਦਰਤੀ ਹੱਦਾਂ ਕਰਕੇ ਇਸ ਬਾਰੇ ਕਦੇ ਵੀ ਪੂਰਨ ਰੂਪ ਵਿੱਚ ਨਹੀਂ ਜਾਣ ਸਕੇਗਾ। ਗੁਰਬਾਣੀ ਇਹ ਗੱਲ ਕਈ ਵਾਰ ਕਹਿੰਦੀ ਹੈ। ਹੁਣ ਤਾਂ ਵਿਗਿਆਨ ਵੀ ਇਹੋ ਸਾਬਤ ਕਰਦਾ ਹੈ ਕਿ ਜਦੋਂ ਵੀ ਮਨੁੱਖ ਕੁਦਰਤ ਨਾਲ ਹੱਦੋਂ ਵੱਧ ਛੇੜਖਾਨੀ ਕਰਦਾ ਹੈ ਤਾਂ ਕੁਦਰਤ ਉਸ ਦਾ ਪ੍ਰਬੰਧ ਕਰਨ ਲੱਗ ਪੈਂਦੀ ਹੈ। ਮਿਸਾਲ ਵਜੋਂ ਅੱਜਕੱਲ੍ਹ ਦਾ ਵਾਤਾਵਰਣ ਦਾ ਵੱਡਾ ਮਸਲਾ ਇਸੇ ਛੇੜਖਾਨੀ ਦੀ ਹੀ ਪੈਦਾਇਸ਼ ਹੈ। ਇਸਦਾ ਇੱਕ ਅਰਥ ਇਹ ਹੈ ਕਿ ਮਨੁੱਖ ਨੂੰ ਕੁਦਰਤ ਦੇ ਸਾਹਮਣੇ ਆਪਣੀ ਸ਼ਕਤੀ ਤੇ ਜਾਣਕਾਰੀ ਉੱਪਰ ਹੰਕਾਰ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ।

ਵੱਡੇ ਧਮਾਕੇ ਤੋਂ ਪਹਿਲਾਂ ਕੀ ਸੀ? ਕੀ ਵੱਡੇ ਧਮਾਕੇ ਵਿਚ ਹੋਰ ਵੀ ਸੰਸਾਰਾਂ ਦੀ ਸਿਰਜਣਾ ਹੋਈ? ਜੇ ਹੋਰ ਸੰਸਾਰ ਵੀ ਬਣੇ ਤਾਂ ਉਹ ਕਿਹੋ ਜਿਹੇ ਹਨ? ਇਹਨਾਂ ਸਾਰੇ ਸੰਸਾਰਾਂ ਵਿਚ ਕੁਦਰਤ ਦੇ ਇੱਕੋ ਜਿਹੇ ਅਸੂਲ ਚੱਲ ਰਹੇ ਹਨ ਜਾਂ ਵੱਖ ਵੱਖ? ਆਖ਼ਿਰ ਵਿੱਚ ਇਸ ਸੰਸਾਰ ਦਾ ਕੀ ਬਣੇਗਾ? ਭਾਵੇਂ ਅਜੇ ਵਿਗਿਆਨੀਆਂ ਨੇ ਇਨ੍ਹਾਂ ਸਵਾਲਾਂ ਬਾਰੇ ਸੋਚਣਾ ਹੀ ਸ਼ੁਰੂ ਕੀਤਾ ਹੈ ਪਰ ਹੁਣ ਉਹ ਇਸ ਇਕ-ਸੰਸਾਰੀ(Universe) ਸਿਰਜਣਾ ਦੇ ਨਾਲ ਨਾਲ ਬਹੁ-ਸੰਸਾਰੀ(Multiverse) ਸਿਰਜਣਾ ਦੀ ਕਲਪਣਾ ਵੀ ਕਰਨ ਲੱਗ ਪਏ ਹਨ। ਪਰ ਮਨੁੱਖੀ ਸਰੀਰ ਤੇ ਸੋਚ ਦੀਆਂ ਵੀ ਹੱਦਾਂ ਹਨ ਜਿਹੜੀਆਂ ਉਸ ਨੂੰ ਸਿਰਜਣਹਾਰ ਦੀ ਕੁਦਰਤ ਨੇ ਹੀ ਦਿੱਤੀਆਂ ਹਨ ਜਿਹਨਾਂ ਵਿੱਚ ਮਨੁੱਖ ਜੰਮ ਤੇ ਮਰ ਰਿਹਾ ਹੈ। ਮਨੁੱਖ ਇਨ੍ਹਾਂ ਹੱਦਾਂ ਤੋਂ ਪਾਰ ਨਹੀਂ ਜਾ ਸਕਦਾ। 

ਹੁਣ ਤੱਕ ਦੇ ਗਿਆਨ ਤਕ ਪਹੁੰਚਣ ਲਈ ਵਿਗਿਆਨੀਆਂ ਨੇ ਅਨੇਕਾਂ ਤਜਰਬੇ ਜਾਂ ਪਰਖਾਂ ਕੀਤੀਆਂ ਹਨ। ਵਿਗਿਆਨੀਆਂ ਤੇ ਵਿਸ਼ਵਾਸ ਕਰਨ ਲਈ ਇਕ ਆਮ ਮਨੁੱਖ ਲਈ ਇੰਨਾ ਕੁ ਹੀ ਮਨ ਵਿਚ ਵਸਾਉਣਾ ਕਾਫ਼ੀ ਹੈ ਕਿ ਇਨ੍ਹਾਂ ਖੋਜੇ ਹੋਏ ਕਣਾਂ ਤੇ ਕਿਰਨਾਂ ਦੀ ਹੀ ਮਿਹਰਬਾਨੀ ਹੈ ਕਿ ਅੱਜ ਦਾ ਮਨੁੱਖ ਵਿਗਿਆਨੀਆਂ ਦੁਆਰਾ ਬਣਾਏ ਰੇਡੀਓ, ਟੈਲੀਵੀਜ਼ਨ, ਗੱਡੀਆਂ, ਜਹਾਜ਼, ਇੰਟਰਨੈੱਟ, ਸੌਫ਼ਟਵੇਅਰ ਤੇ ਹੋਰ ਬਿਜਲਈ ਸਾਧਨਾਂ ਦਾ ਆਨੰਦ ਲੈ ਰਿਹਾ ਹੈ। ਬਹੁਤ ਸਾਰੇ ਮਨੁੱਖਾਂ ਦੁਆਰਾ ਕੀਤੀ ਬੇਹੱਦ ਮਿਹਨਤ(ਕਿਰਤ) ਨਾਲ ਏਨਾ ਗਿਆਨ ਮਨੁੱਖਤਾ ਨੂੰ ਹਾਸਲ ਹੋਇਆ ਹੈ। ਇਸ ਕਰਕੇ ਵਿਗਿਆਨੀਆਂ ਦੀਆਂ ਗੱਲਾਂ ਨੂੰ ਮੰਨਣਾ ਚਾਹੀਦਾ ਹੈ ਤੇ ਹੋਰ ਖੋਜ ਕਰਨ ਵਿੱਚ ਰੁਚੀ ਲੈਣੀ ਚਾਹੀਦੀ ਹੈ। ਗੁਰਬਾਣੀ ਦੇ ਸ਼ਬਦ ਹਨ, "ਕੀਤਾ ਪਸਾਉ ਏਕੋ ਕਵਾਉ।। ਤਿਸ ਤੇ ਹੋਏ ਲਖ ਦਰੀਆਉ।।" (੩) ਅਤੇ "ਅਰਬਦ ਨਰਬਦ ਧੁੰਧੂਕਾਰਾ।। ਧਰਣਿ ਨਾ ਗਗਨਾ ਹੁਕਮੁ ਅਪਾਰਾ।।" (੧੦੩੫)। ਜਿਹਨਾਂ ਨੇ ਵਿਗਿਆਨ ਨਹੀਂ ਪੜ੍ਹਿਆ ਉਹਨਾਂ ਨੂੰ ਇਸ ਤਰ੍ਹਾਂ ਦੇ ਵਿਗਿਆਨਕ ਸੋਚ ਵਾਲੇ ਸ਼ਬਦਾਂ ਨੂੰ ਬਾਰੀਕੀ ਨਾਲ ਪੜ੍ਹਨਾ ਚਾਹੀਦਾ ਹੈ ਤੇ ਇਨ੍ਹਾਂ ਦੇ ਅਰਥ ਸਮਝਣੇ ਚਾਹੀਦੇ ਹਨ।

ਫਿਰ ਵੀ ਜਿਹੜੇ ਲੋਕ ਗ਼ੈਰ ਕੁਦਰਤੀ(ਗ਼ੈਰ ਵਿਗਿਆਨਕ) ਕਰਾਮਾਤਾਂ ਵਿਚ ਯਕੀਨ ਰੱਖਦੇ ਹਨ ਜਾਂ ਗੁਰੂਆਂ ਤੋਂ ਵੀ ਐਸੀਆਂ ਕਰਾਮਾਤਾਂ ਦੀ ਉਮੀਦ ਰੱਖਦੇ ਹਨ, ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਨ੍ਹਾਂ ਸ਼ਕਤੀਆਂ ਤੇ ਕਣਾਂ ਦੇ ਸੰਤੁਲਨ ਵਿਚ ਇਕ ਛੋਟੀ ਜਿਹੀ ਨਾ-ਮਾਪਣਯੋਗ ਤਬਦੀਲੀ ਵੀ ਸਭ ਕੁਝ ਨੂੰ ਖ਼ਤਮ ਕਰ ਸਕਦੀ ਹੈ ਪਰ ਇਸ ਤਰ੍ਹਾਂ ਦੀ ਤਬਦੀਲੀ ਮਨੁੱਖ ਨੇ ਕਦੇ ਨਹੀਂ ਦੇਖੀ, ਨਾ ਕਦੇ ਹੋਈ ਦਾ ਕੋਈ ਸਬੂਤ ਹੈ। ਇਸੇ ਕਰਕੇ ਗੁਰੂਆਂ ਦੇ ਮਨੁੱਖੀ ਜੀਵਨ ਵਿੱਚ ਗ਼ੈਰ ਕੁਦਰਤੀ ਚਮਤਕਾਰਾਂ ਦੀ ਕੋਈ ਥਾਂ ਨਹੀਂ ਹੋ ਸਕਦੀ। ਜੇ ਕੋਈ ਚਮਤਕਾਰ ਹੈ ਤਾਂ ਉਹ ਸਿਰਫ ਇਸ ਸੰਸਾਰ ਦਾ ਹੋਣਾ ਅਤੇ ਇਸ ਦਾ ਇੱਕ ਜ਼ਬਤ ਵਿੱਚ ਚੱਲਣਾ ਹੈ। ਜ਼ਬਤ ਵੀ ਐਸਾ ਕਿ ਜਿਸ ਨੇ ਸਥਿਰ ਤੇ ਅਦਿੱਖ ਚੀਜ਼ਾਂ ਨੂੰ ਮਨੁੱਖ ਵਰਗੀ ਚਲਦੀ ਫਿਰਦੀ ਤੇ ਸੋਚ ਵਿਚਾਰ ਕਰਦੀ ਹਸਤੀ ਤੱਕ ਪੁਚਾ ਦਿੱਤਾ ਹੈ। ਰੱਬ ਦੀ ਹੋਂਦ ਨੂੰ ਮੰਨਣ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ। ਜੇ ਤੁਸੀਂ ਇਸ ਨੂੰ ਚਮਤਕਾਰ ਮੰਨ ਕੇ ਗੁਰੂਆਂ ਦੁਆਰਾ ਦੱਸਿਆ ਇੱਕ ਵਿਸਮਾਦੀ(full of amazement) ਤੇ ਸਚਿਆਰਾ(truthful) ਜੀਵਨ ਨਹੀਂ ਜਿਉਣਾ ਚਾਹੁੰਦੇ ਤਾਂ ਤੁਸੀਂ ਨਾਸਤਕ ਅਖਵਾ ਸਕਦੇ ਹੋ ਜਾਂ ਫਿਰ ਅੰਧਵਿਸ਼ਵਾਸ ਦੇ ਅਥਾਹ ਸਮੁੰਦਰ ਵਿੱਚ ਸਾਰੀ ਜ਼ਿੰਦਗੀ ਗੋਤੇ ਲਾ ਸਕਦੇ ਹੋ।

ਪਰ ਫਿਰ ਵੀ ਕੁਝ ਪੜ੍ਹੇ ਲਿਖੇ ਤੇ ਵਿਦਵਾਨ ਅਖਵਾਉਂਦੇ ਸਿੱਖ ਵਿਗਿਆਨ ਤੇ ਸਿੱਖੀ ਦਾ ਆਪੋ ਵਿੱਚ ਮੁਕਾਬਲਾ ਕਰਨ ਲੱਗ ਪੈਂਦੇ ਹਨ ਤੇ ਕੁਝ ਤਾਂ ਐਟਮ ਬੰਬਾਂ ਵਗ਼ੈਰਾ ਦਾ ਨਾਂ ਲੈ ਕੇ ਵਿਗਿਆਨ ਨੂੰ ਕੋਸਣ ਵੀ ਲੱਗ ਪੈਂਦੇ ਹਨ। ਤਬਾਹੀ ਦੇ ਹਥਿਆਰ ਵਿਗਿਆਨੀ ਬਣਾਉਂਦੇ ਹਨ ਵਿਗਿਆਨ ਨਹੀਂ, ਜਿਸ ਤਰ੍ਹਾਂ ਕੋਈ ਵੀ ਆਵਾਜਾਈ ਦਾ ਹਾਦਸਾ ਚਾਲਕ ਕਰਦਾ ਹੈ ਨਾ ਕਿ ਉਸ ਦੀ ਮੋਟਰਕਾਰ। ਦੂਜੇ ਧਰਮਾਂ ਦਾ ਹੋ ਸਕਦਾ ਹੈ, ਪਰ ਸਿੱਖ ਧਰਮ ਦਾ ਵਿਗਿਆਨ ਨਾਲ ਕੋਈ ਵੀ ਟਕਰਾਅ ਜਾਂ ਮੁਕਾਬਲਾ ਨਹੀਂ ਹੈ। ਸਿੱਖ ਧਰਮ ਮਨੁੱਖ ਨੂੰ ਇੱਕ ਸਚਿਆਰੀ ਜ਼ਿੰਦਗੀ ਜਿਊਣ ਦਾ ਹੁਨਰ ਦੱਸਦਾ ਹੈ। ਇਸਦੇ ਲਈ ਗਿਆਨ ਬਹੁਤ ਜ਼ਰੂਰੀ ਹੈ। ਸ਼ਾਇਦ ਇਸੇ ਕਰਕੇ ਗੁਰੂਆਂ ਨੇ ਗਿਆਨ ਨੂੰ ਬਹੁਤ ਅਹਿਮੀਅਤ ਦਿੱਤੀ ਹੈ। ਸ਼ਬਦ 'ਗਿਆਨ' ਗੁਰੂ ਗ੍ਰੰਥ ਸਾਹਿਬ ਵਿੱਚ ਕਈ ਵਾਰ ਆਇਆ ਹੈ। ਵਿਗਿਆਨ ਵੀ ਆਖਰ 'ਪਰਖਿਆ ਹੋਇਆ ਗਿਆਨ'(ਜਾਂ ਵਿਸ਼ੇਸ਼ ਗਿਆਨ) ਹੀ ਤਾਂ ਹੈ ਜੋ ਮਨੁੱਖਤਾ ਦੇ ਭਲੇ ਲਈ ਕੰਮ ਆ ਸਕਦਾ ਹੈ। ਸੋ ਵਿਗਿਆਨ ਗਿਆਨ ਦਾ ਹੀ ਇੱਕ ਪਰਖਿਆ ਹੋਇਆ ਹਿੱਸਾ ਹੈ ਤੇ ਸਚਿਆਰੀ ਜ਼ਿੰਦਗੀ ਜਿਊਣ ਲਈ ਕੰਮ ਆ ਸਕਦਾ ਹੈ। ਵਿਗਿਆਨ ਕਿਸੇ ਵੀ ਤਰ੍ਹਾਂ ਕਿਸੇ ਐਸੇ ਧਰਮ ਦੇ ਬਰਾਬਰ ਨਹੀਂ ਖਲੋ ਸਕਦਾ ਜਿਹੜਾ ਗਿਆਨ ਨੂੰ ਵੀ ਇੱਕ ਸੰਦ ਬਣਾ ਕੇ ਸਚਿਆਰੀ ਜ਼ਿੰਦਗੀ ਜਿਊਣ ਦਾ ਹੁਨਰ ਦੱਸਦਾ ਹੋਵੇ। ਜੇ ਗੁਰੂ ਸਾਹਿਬ ਨੇ ਗਿਆਨ ਨੂੰ ਇੰਨਾ ਵਡਿਆਇਆ ਹੈ ਤਾਂ ਉਸ ਵਿੱਚ ਗਿਆਨ ਦੇ ਹੀ ਇੱਕ ਹਿੱਸੇ ਵਿਗਿਆਨ ਦਾ ਵਿਰੋਧ ਕਿਸ ਤਰਾਂ ਹੋ ਸਕਦਾ ਹੈ?  

ਇਸੇ ਪਿਛੋਕੜ ਵਿੱਚ ਅੱਜਕੱਲ੍ਹ ਕੁਝ ਸਿੱਖ-ਦਿਸਦੇ ਲੋਕ ਬੋਲਚਾਲ ਦੇ ਮਾਹਰ ਹੋਣ ਕਰਕੇ ਗੁਰੂਆਂ ਦੇ ਪੁਰਾਣੇ ਫ਼ੈਸਲਿਆਂ ਨੂੰ ਅੱਜ ਦੀ ਸੋਚ ਜਾਂ ਹਾਲਾਤ ਮੁਤਾਬਕ ਪੜਤਾਲਣ ਦੀ ਹਮਾਕਤ ਕਰਦੇ ਹਨ। ਪਰ ਕੋਈ ਵੀ ਫ਼ੈਸਲਾ ਸਮੇਂ ਤੇ ਸਥਾਨ ਨੂੰ ਸਾਹਮਣੇ ਰੱਖ ਕੇ ਲਿਆ ਜਾਂਦਾ ਹੈ ਤੇ ਉਸ ਸਮੇਂ ਤੇ ਸਥਾਨ ਦੀ ਪੂਰੀ ਥਾਹ ਸਿਰਫ ਓਸ ਵੇਲੇ ਫ਼ੈਸਲਾ ਲੈਣ ਵਾਲੇ ਨੂੰ ਹੀ ਹੁੰਦੀ ਹੈ। ਬਾਅਦ ਵਿੱਚ ਪੜਤਾਲਣ ਵਾਲਾ ਬਹੁਤ ਗ਼ਲਤੀਆਂ ਖਾ ਸਕਦਾ ਹੈ। ਪਰ ਸਿੱਖ ਦਾ ਗੁਰੂ ਤਾਂ ਹਰ ਹਾਲਤ ਵਿੱਚ ਆਗੂ ਹੈ। ਫਿਰ ਉਹ ਗ਼ਲਤ ਫ਼ੈਸਲੇ ਕਿਵੇਂ ਲੈ ਸਕਦਾ ਹੈ? ਵੈਸੇ ਵੀ ਜੇ ਅਸੀਂ ਗੁਰੂ ਦੇ ਫ਼ੈਸਲਿਆਂ ਤੇ ਕਿੰਤੂ ਪ੍ਰੰਤੂ ਕਰਨਾ ਹੈ ਤਾਂ ਅਸੀਂ ਫਿਰ 'ਸਿੱਖ' ਕਿਸਦੇ ਹਾਂ? ਗੁਰੂ ਦੇ ਸਿੱਖ ਲਈ ਇਹ ਆਜ਼ਾਦੀ ਤਾਂ ਹੈ ਹੀ ਕਿ ਜੇ ਉਸ ਨੂੰ ਕੋਈ ਫ਼ੈਸਲਾ ਗੁਰੂ ਦਾ ਕੀਤਾ ਹੋਇਆ ਨਹੀਂ ਜਾਪਦਾ ਤਾਂ ਉਹ ਵਿਗਿਆਨਕ ਤਰੀਕੇ ਨਾਲ ਇਤਿਹਾਸਕ ਖੋਜ ਕਰਕੇ ਗੁਰੂ ਦੇ ਸਹੀ ਫ਼ੈਸਲੇ ਨੂੰ ਲੱਭੇ ਤੇ ਦੂਜਿਆਂ ਦੇ ਸਾਹਮਣੇ ਲਿਆਵੇ ਕਿਉਂਕਿ ਗੁਰੂ ਸਾਹਿਬ ਨੇ ਖ਼ੁਦ ਆਪਣੀ ਬਾਣੀ ਵਿਚ ਹਰ ਤਰ੍ਹਾਂ ਦੀਆਂ ਗ਼ੈਰ ਵਿਗਿਆਨਕ ਗੱਲਾਂ ਨੂੰ ਵਾਰ ਵਾਰ ਕੱਟਿਆ ਹੈ। ਪਰ 'ਗੁਰੂ' ਦੇ ਸਿੱਖ ਲਈ ਇਹ ਆਜ਼ਾਦੀ ਨਹੀਂ ਹੋ ਸਕਦੀ ਕਿ ਉਹ 'ਗੁਰੂ' ਦੇ ਫ਼ੈਸਲਿਆਂ ਦੀ ਪੜਤਾਲ ਕਰਕੇ ਉਹਨਾਂ ਵਿੱਚ ਗ਼ਲਤੀਆਂ ਲੱਭੇ।

ਇਹ ਸਮਝਣ ਦੀ ਲੋੜ ਹੈ ਕਿ ਗੁਰੂ ਨੇ ਵੀ 'ਰੱਬ' ਨੂੰ ਪੂਰੀ ਤਰ੍ਹਾਂ ਪਰਿਭਾਸ਼ਤ ਨਹੀਂ ਕੀਤਾ। ਉਸ ਦੇ ਸਿਰਫ਼ ਕੁਝ ਮੁੱਢਲੇ ਗੁਣ ਹੀ ਦੱਸੇ ਹਨ। ਇਸ ਲਈ ਜਦੋਂ ਅਸੀਂ ਰੱਬ ਬਾਰੇ ਬਹੁਤ ਕੁਝ ਜਾਣਨ ਦਾ ਦਾਅਵਾ ਕਰਦੇ ਹਾਂ ਤਾਂ ਆਪਣੇ ਹੰਕਾਰ ਨੂੰ ਹੀ ਪੱਠੇ ਪਾ ਰਹੇ ਹੁੰਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਗੁਰੂ ਨੇ ਵੀ ਕਿਹਾ ਹੈ ਕਿ ਰੱਬ ਬਾਰੇ ਪੂਰੀ ਤਰ੍ਹਾਂ ਨਹੀਂ ਜਾਣਿਆ ਜਾ ਸਕਦਾ ਜਿਵੇਂ, 'ਤੇਰਾ ਅੰਤੁ ਨਾ ਜਾਈ ਲਖਿਆ।।' (੪੬੯)। ਇਸ ਤਰ੍ਹਾਂ ਹੋਰ ਵੀ ਕਈ ਸ਼ਬਦ ਗੁਰਬਾਣੀ ਵਿਚ ਇਸੇ ਭਾਵ ਦੇ ਹਨ। ਇਸ ਲਈ ਰੱਬ ਬਾਰੇ ਬਹਿਸ ਕਰਨ ਨਾਲੋਂ ਚੰਗਾ ਹੈ ਕਿ ਜਿੰਨੀ ਕੁ ਸਮਝ ਆਉਂਦੀ ਹੈ ਓਨਾ ਕੁ ਸਮਝ ਕੇ ਅੱਗੇ ਵਧਿਆ ਜਾਵੇ। ਰੱਬ ਬਾਰੇ ਬਹਿਸ ਕਰਦਿਆਂ ਇੱਕ ਦੂਜੇ ਦੀ ਜਾਣਕਾਰੀ ਨੂੰ ਘਟੀਆ ਦੱਸ ਕੇ ਲਾਹਨਤਾਂ ਪਾਉਣੀਆਂ ਗੁਰੂਆਂ ਦੀ ਇਸ ਸਿੱਖਿਆ ਨੂੰ ਪਿੱਠ ਦਿਖਾਉਣ ਵਾਲੀ ਗੱਲ ਹੈ ਕਿ ਉਸ ਬਾਰੇ ਪੂਰਾ ਨਹੀਂ ਜਾਣਿਆ ਜਾ ਸਕਦਾ।         

ਸਿੱਖ ਧਰਮ ਕੋਈ ਰਸਮ-ਆਧਾਰਿਤ ਜਾਂ ਕਰਮਕਾਂਡ ਵਾਲਾ ਧਰਮ ਨਹੀਂ ਹੈ। ਪਰ ਫੇਰ ਵੀ ਕਈ ਸਿੱਖ ਵਿਦਵਾਨ ਤੇ ਪ੍ਰਚਾਰਕ ਸਿੱਖੀ ਦੀਆਂ ਰਹੁ ਰੀਤਾਂ ਨੂੰ ਸਾਬਤ ਕਰਨ ਲਈ ਇਤਿਹਾਸ ਵਿੱਚੋਂ ਵਕਤੀ ਤੇ ਰਸਮੀ ਘਟਨਾਵਾਂ ਦਾ ਸਹਾਰਾ ਲੈਂਦੇ ਹਨ। ਜਿਵੇਂ ਕਿ ਇਹ ਕਿਹਾ ਜਾਂਦਾ ਹੈ ਕਿ ਕੇਵਲ 10ਵੇਂ ਗੁਰੂ ਨੇ ਹੀ ਕੇਸ ਰੱਖਣ ਅਤੇ ਦਸਤਾਰ ਬੰਨ੍ਹਣ ਦਾ ਹੁਕਮ ਦਿੱਤਾ ਹੈ। ਦਰਅਸਲ, ਇੱਕ ਸਿੱਖ ਲਈ ਵਾਲ ਰੱਖਣੇ ਜਾਂ ਪੱਗ ਬੰਨ੍ਹਣੀ ਕੋਈ ਰਸਮ ਨਹੀਂ ਹੈ। ਪਹਿਲੇ ਗੁਰੂ ਦੀ ਬਾਣੀ ਦੀ ਪਹਿਲੀ ਪਓੜੀ ਦੀ ਆਖ਼ਰੀ ਸਤਰ ਦਾ ਅਰਥ ਹੀ ਕੁਦਰਤ ਦੇ ਹੁਕਮ ਅਨੁਸਾਰ ਜੀਵਣਾ ਹੈ। ਇਹ ਉਸਦੇ ਹੁਕਮ ਵਿੱਚ ਹੈ ਕਿ ਮਨੁੱਖ ਨੂੰ ਆਪਣੀ ਉਮਰ ਅਤੇ ਲਿੰਗ ਦੇ ਅਨੁਸਾਰ ਵਾਲ ਹਾਸਲ ਹੁੰਦੇ ਹਨ। ਇਕ ਸਿੱਖ ਨੂੰ ਇਸ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਪਹਿਲੇ ਗੁਰੂ ਦੀ ਪਹਿਲੀ ਸਿੱਖਿਆ ਹੈ। ਹਾਲਾਂਕਿ, ਇਹ ਸਿੱਖ ਉੱਤੇ ਨਿਰਭਰ ਕਰਦਾ ਹੈ ਕਿ ਉਹ ਗੁਰੂ ਨੂੰ ਕਿਵੇਂ ਅਤੇ ਕਿੰਨਾ ਕੁ ਖੁਸ਼ ਕਰਨਾ ਚਾਹੁੰਦਾ ਹੈ। ਦਸਤਾਰ ਬੰਨ੍ਹਣਾ ਇੱਕ ਸਮਾਜਕ ਅਤੇ ਸਭਿਆਚਾਰਕ ਜ਼ਰੂਰਤ ਹੈ ਜੋ ਕੁਦਰਤ ਦੇ ਨਿਯਮਾਂ ਦਾ ਹੀ ਨਤੀਜਾ ਹੈ। ਹੋ ਸਕਦਾ ਹੈ ਕਿ ਇਕ ਸਫਾਚੱਟ ਸੱਜਣ ਆਪਣੇ ਸਮਾਜਿਕ ਕਿਰਦਾਰ ਦੇ ਆਧਾਰ ਤੇ ਆਪਣੇ ਆਪ ਨੂੰ ਇੱਕ ਸਾਬਤ ਸੂਰਤ ਇਨਸਾਨ ਨਾਲੋਂ ਚੰਗਾ ਮਨੁੱਖ ਸਾਬਤ ਕਰ ਰਿਹਾ ਹੋਵੇ। ਹੋਰਨਾਂ ਗੁਣਾਂ ਦੇ ਆਧਾਰ ਤੇ ਉਸ ਦਾ ਦਾਅਵਾ ਠੀਕ ਵੀ ਹੋ ਸਕਦਾ ਹੈ। ਪਰ ਉਹ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਸ ਦਾ ਕਿਰਦਾਰ ਗੁਰੂ ਸਾਹਿਬ ਦੀ ਮੁੱਢਲੀ ਸਿੱਖਿਆ ਦੇ ਅਨੁਕੂਲ ਚੱਲਣ ਕਰਕੇ ਉੱਸਰਿਆ ਹੈ। ਅਜਿਹੇ ਹਾਲਾਤ ਵਿਚ ਅਜਿਹਾ ਕਿਰਦਾਰ ਇੱਕ ਬਨਾਉਟੀ ਸਿੱਖ ਵਾਲਾ ਲੱਗੇਗਾ। ਇਹ ਇਸੇ ਤਰ੍ਹਾਂ ਹੈ ਜਿਵੇਂ ਕੋਈ ਸੱਜਣ ਆਪਣੇ ਆਪ ਨੂੰ ਵਾਤਾਵਰਨ ਪ੍ਰੇਮੀ ਜਾਂ ਵਾਤਾਵਰਨ ਦਾ ਮਾਹਰ (Environmentalist) ਦੱਸਦਾ ਹੋਵੇ ਪਰ ਉਸ ਦਾ ਕਮਰਾ ਪਲਾਸਟਿਕ ਦੇ ਸਾਮਾਨ ਨਾਲ ਸੱਜਿਆ ਅਤੇ ਭਰਿਆ ਹੋਵੇ। ਇਸ ਦਾ ਅਰਥ ਹੈ ਕਿ ਉਹ ਆਪਣੇ ਆਪ ਨੂੰ ਕੁਦਰਤ ਦਾ ਪ੍ਰੇਮੀ ਹੋਣ ਦਾ ਝੂਠਾ ਦਾਅਵਾ ਕਰ ਰਿਹਾ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਅੱਜ ਦੇ ਕੁਝ ਸਿਆਣੇ ਲੋਕ ਕੁਦਰਤ ਨਾਲ ਪਿਆਰ ਕਰਨ ਲਈ ਜਿਹੜੀ ਸਿੱਖਿਆ ਬਾਕੀ ਲੋਕਾਂ ਨੂੰ ਦੇ ਰਹੇ ਹਨ ਇਹ ਸਿੱਖਿਆ ਸਾਨੂੰ ਸਾਡੇ ਗੁਰੂ ਬਾਬਿਆਂ ਨੇ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਦੇ ਦਿੱਤੀ ਸੀ। ਅਸੀਂ ਉਸ ਸਿੱਖਿਆ ਦੇ ਕੁਦਰਤੀਪਣ ਨੂੰ ਮਹਿਸੂਸ ਨਾ ਕਰਦੇ ਹੋਏ ਉਸ ਨੂੰ ਰਸਮੀ ਗੱਲਾਂ ਨਾਲ ਜੋੜ ਕੇ ਛੁਟਿਆ ਰਹੇ ਹਾਂ। ਅਸੀਂ ਇਹ ਇਸ ਲਈ ਕਰਦੇ ਹਾਂ ਤਾਂ ਕਿ ਸਾਬਤ ਕਰ ਸਕੀਏ ਕਿ ਦੂਸਰੇ ਧਰਮਾਂ ਵਾਂਗ ਸਾਡਾ ਸਿੱਖ ਹੋਣਾ ਵੀ ਕਿਸੇ ਰਸਮੀ ਗੱਲ ਤੇ ਨਿਰਭਰ ਹੈ ਜਦਕਿ ਪਹਿਲੇ ਗੁਰੂ ਨੇ ਜਨੇਊ ਮਨ੍ਹਾ ਕਰਦਿਆਂ ਹੀ ਇਨ੍ਹਾਂ ਸਾਰੀਆਂ ਰਸਮੀ ਗੱਲਾਂ ਤੋਂ ਸਿੱਖਾਂ ਨੂੰ ਆਜ਼ਾਦ ਕਰ ਦਿੱਤਾ ਸੀ। 

ਕੁਦਰਤੀ ਪ੍ਰਵਾਹ ਵਿਚ ਜਿਉਣ ਵਾਲੇ ਮਨੁੱਖ ਲਈ ਸੁੰਦਰਤਾ ਉਨ੍ਹਾਂ ਚੀਜ਼ਾਂ ਵਿਚ ਹੀ ਹੋ ਸਕਦੀ ਹੈ ਜੋ ਕੁਦਰਤੀ ਗੁਣਾਂ ਨਾਲ ਭਰਪੂਰ ਹੋਣ। ਇੱਕ ਰੁੱਖ ਦੇ ਪੱਤੇ ਤੇ ਟਾਹਣੀਆਂ ਕੱਟ ਕੇ ਉਹਨੂੰ ਕਿੰਨਾ ਵੀ ਮਨਮੋਹਕ ਰੂਪ ਦੇ ਦਿੱਤਾ ਜਾਵੇ ਉਹ ਕੁਦਰਤੀ ਤੌਰ ਤੇ ਸੁੰਦਰ ਨਹੀਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਇੱਕ ਸਫ਼ਾਚੱਟ ਇਨਸਾਨ ਆਪਣੀ ਸਾਫ਼ ਸੁਥਰੀ ਚਮੜੀ ਦੂਜਿਆਂ ਨਾਲੋਂ ਕੁਝ ਵੱਧ ਵਿਖਾ ਸਕਦਾ ਹੈ ਪਰ ਉਸ ਨੂੰ ਕੁਦਰਤੀ ਤੌਰ ਤੇ ਓਨਾ ਸੁੰਦਰ ਨਹੀਂ ਕਿਹਾ ਜਾ ਸਕਦਾ ਜਿੰਨਾ ਕਿ ਇਕ ਕੁਦਰਤੀ ਰਹਿਣੀ ਵਾਲੇ ਮਨੁੱਖ ਨੂੰ। ਅੱਜ ਦਾ ਸਿੱਖ ਪੂੰਜੀਵਾਦੀ ਇਸ਼ਤਿਹਾਰਬਾਜ਼ੀ ਵਿਚ ਉਲਝ ਕੇ ਰਹਿ ਗਿਆ ਹੈ ਜੋ ਸੁੰਦਰਤਾ ਨੂੰ ਪੂੰਜੀਵਾਦ ਦੀ ਲੋੜ ਮੁਤਾਬਕ ਪ੍ਰਭਾਸ਼ਿਤ ਕਰਦੀ ਹੈ।       

ਪਹਿਲੀ ਪਉੜੀ ਤੋਂ ਅੱਗੇ ਗੁਰਬਾਣੀ ਇਸ ਮੁੱਢਲੀ ਸਿੱਖਿਆ ਦਾ ਵਿਸਥਾਰ ਵੀ ਕਰਦੀ ਹੈ। ਮਿਸਾਲ ਦੇ ਤੌਰ ਤੇ ਇਸੇ ਬਾਣੀ ਦੀਆਂ ਅਗਲੀਆਂ ਪਉੜੀਆਂ ਵਿਚ 'ਹੁਕਮ' ਨੂੰ ਵਿਸਥਾਰ ਵਿੱਚ ਸਮਝਾਇਆ ਗਿਆ ਹੈ। ਹੋਰ ਵੀ ਅੱਗੇ ਜਾਂਦਿਆਂ ਅਕਾਲ ਪੁਰਖ ਦੇ ਸਰਬਵਿਆਪਕ ਤੇ ਬੇਅੰਤ ਹੋਣ ਦੇ ਬਾਰੇ ਵਿਚ ਸ਼ਬਦ ਹਨ ਜਿਵੇਂ, 'ਬਲਿਹਾਰੀ ਕੁਦਰਤਿ ਵਸਿਆ।। ਤੇਰਾ ਅੰਤੁ ਨਾ ਜਾਈ ਲਖਿਆ।।' (੪੬੯)। ਪਰ ਗੁਰਬਾਣੀ ਕਿਤੇ ਵੀ ਪਹਿਲੇ ਗੁਰੂ ਦੀ ਮੁੱਢਲੀ ਸਿੱਖਿਆ ਦੇ ਵਿਰੁੱਧ ਨਹੀਂ ਜਾਂਦੀ। ਇਸ ਕਰਕੇ ਇੱਕ ਆਮ ਮਨੁੱਖ ਲਈ ਤੇ ਖ਼ਾਸ ਕਰਕੇ ਸਿੱਖਾਂ ਲਈ ਪਹਿਲੀ ਪਉੜੀ ਤੋਂ ਸਰਲ ਤੇ ਲਾਭਕਾਰੀ ਸਿੱਖਿਆ ਹੋਰ ਕੋਈ ਨਹੀਂ ਹੋ ਸਕਦੀ।

ਉਪਰਲੇ ਵਿਸਥਾਰ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਸਿੱਖ ਵਿਦਵਾਨਾਂ, ਪ੍ਰਚਾਰਕਾਂ ਤੇ ਜਥਿਆਂ ਲਈ 'ਰੱਬ', 'ਕੁਦਰਤ' ਅਤੇ 'ਗੁਰੂ' ਆਦਿ ਲਫ਼ਜ਼ਾਂ ਦੇ ਅਰਥਾਂ ਦੀ ਬਹਿਸ ਵਿੱਚ ਇਕ ਦੂਸਰੇ ਤੇ ਸ਼ਬਦੀ ਜਾਂ ਸਰੀਰਕ ਵਾਰ ਕਰਨਾ ਸਿੱਖੀ ਦਾ ਹਿੱਸਾ ਨਹੀਂ ਕਹੇ ਜਾ ਸਕਦੇ। ਉਲਟਾ, ਅਜਿਹੇ ਹਮਲੇ ਹੰਕਾਰ, ਕਰੋਧ ਜਾਂ ਲੋਭ ਵਰਗੇ ਉਨ੍ਹਾਂ ਵਿਕਾਰਾਂ ਦੀ ਹੀ ਉਪਜ ਜਾਪਦੇ ਹਨ ਜੋ ਗੁਰੂਆਂ ਨੇ ਸਿੱਖਾਂ ਨੂੰ ਕਾਬੂ ਵਿੱਚ ਰੱਖਣ ਲਈ ਕਿਹਾ ਸੀ।

(੨੪।੦੩ ਅਤੇ ੦੭।੦੪।੨੦੨੧ ਦੇ ਰੋਜ਼ਾਨਾ ਸਪੋਕਸਮੈਨ ਵਿੱਚ ਛਪਿਆ ਹੋਇਆ)

No comments:

Post a Comment