April 22, 2021

ਗੁਜਰਾਤੀ ਆਗੂਆਂ ਦੀ ਬਦਨੀਤੀ (Cunning Gujarati Politicians And Punjab)

 ਪੰਜਾਬ ਦੀ 'ਬਿਹਤਰੀ' ਵਿੱਚ ਗੁਜਰਾਤ ਦਾ ਹਿੱਸਾ 


ਹਰੇਕ ਇਲਾਕੇ ਦੇ ਲੋਕਾਂ ਦਾ ਕਿਰਦਾਰ ਉਨ੍ਹਾਂ ਦੇ ਸੱਭਿਆਚਾਰ ਦੇ ਆਧਾਰ ਤੇ ਉੱਸਰਿਆ ਹੁੰਦਾ ਹੈ ਜਿਸ ਨਾਲ ਉਨ੍ਹਾਂ ਵਿਚ ਕੁਝ ਖ਼ਾਸ ਗੁਣ ਜਾਂ ਔਗੁਣ ਪੈਦਾ ਹੋ ਜਾਂਦੇ ਹਨ। ਅੱਜ ਕੱਲ੍ਹ ਚੱਲ ਰਹੇ ਕਿਸਾਨ ਮੋਰਚੇ ਦੇ ਆਗੂਆਂ ਨੂੰ ਦੋ ਗੁਜਰਾਤੀ ਸਿਆਸਤਦਾਨਾਂ ਦੇ ਮੂੰਹ ਵੱਲ ਵੇਖਣਾ ਪੈ ਰਿਹਾ ਹੈ ਜਿਹਨਾਂ ਵਿੱਚੋਂ ਇਕ ਪ੍ਰਧਾਨ ਮੰਤਰੀ ਤੇ ਦੂਜਾ ਗ੍ਰਹਿ ਮੰਤਰੀ ਹੈ। ਦੋਵਾਂ ਦੇ ਪਿਛੋਕੜੀ ਗੁਣ ਤੇ ਔਗੁਣ ਸਾਰੇ ਜਾਣਦੇ ਹਨ। ਇਹ ਮੋਰਚਾ ਲਗਭਗ ਪੰਜਾਬੀ ਕਿਸਾਨਾਂ ਦੀ ਅਗਵਾਈ ਵਿਚ ਚੱਲ ਰਿਹਾ ਹੈ। ਪਰ ਇਸ ਲਹਿਰ ਲਈ ਹਮਦਰਦੀ ਦੀ ਆਸ ਰੱਖਣ ਵਾਲਿਆਂ ਨੂੰ ਇਸ ਤੋਂ ਪਹਿਲਾਂ ਆਏ ਗੁਜਰਾਤੀ ਆਗੂਆਂ ਦਾ ਪੰਜਾਬ ਨੂੰ ਜੋ ਯੋਗਦਾਨ ਰਿਹਾ ਉਸ ਬਾਰੇ ਵੀ ਜਾਣਕਾਰੀ ਰਹਿਣੀ ਚਾਹੀਦੀ ਹੈ। ਸੰਖੇਪ ਵਿਚ ਇਹੋ ਜਿਹੇ ਕੁਝ ਕੁ ਆਗੂਆਂ ਦਾ ਹੇਠਾਂ ਜ਼ਿਕਰ ਹੈ।

ਦਇਆ ਨੰਦ - ਪੰਜਾਬ ਵਿੱਚ ਆਰੀਆ ਸਮਾਜ ਦੇ ਪੈਰ ਰੱਖਣ ਤੋਂ ਪਹਿਲਾਂ ਪੰਜਾਬੀ ਹਿੰਦੂ ਆਮ ਕਰ ਕੇ ਸਿੱਖ ਗੁਰੂਆਂ ਵਿੱਚ ਵਿਸ਼ਵਾਸ ਰੱਖਦੇ ਸਨ ਭਾਵੇਂ ਉਹ ਬਾਹਰੀ ਦਿੱਖ ਵਿਚ ਪੂਰੇ ਸਿੱਖ ਨਹੀਂ। ਪਰ ਮੂਲ ਸ਼ੰਕਰ ਤਿਵਾੜੀ ਨਾਮ ਦੇ ਗੁਜਰਾਤੀ ਬ੍ਰਾਹਮਣ (ਦਇਆ ਨੰਦ) ਨੇ ਸਿੱਖੀ ਦੀਆਂ ਕੁਝ ਗੱਲਾਂ ਅਪਣਾ ਕੇ ਜਾਤ ਪਾਤ, ਮੂਰਤੀ ਪੂਜਾ, ਜੋਤਿਸ਼ ਆਦਿ ਦਾ ਵਿਰੋਧ ਕੀਤਾ ਤਾਂ ਕੁਝ ਪੜ੍ਹੇ ਲਿਖੇ ਸਿੱਖ ਉਹਦੇ ਨਜ਼ਦੀਕ ਹੋ ਗਏ। ਉਹ ਕਾਠੀਆਵਾੜ ਗੁਜਰਾਤ ਵਿਚ ੧੮੨੪ ਵਿਚ ਪੈਦਾ ਹੋਇਆ ਸੀ। ਜ਼ਿੰਦਗੀ ਦੇ ਤਕਰੀਬਨ ੧੫-੨੦ ਸਾਲ ਉਹ ਇਧਰ ਉਧਰ ਭਟਕਦਾ ਰਿਹਾ। ਕੁਝ ਸਾਲ ਉਸ ਨੇ ਪੰਜਾਬ ਵਿੱਚ ਆਰੀਆ ਸਮਾਜ ਨੂੰ ਫੈਲਾਉਣ ਵਿੱਚ ਲਗਾਏ। ਦਇਆ ਨੰਦ ਆਪਣੇ ਭਾਸ਼ਣਾਂ ਵਿੱਚ ਗੁਰੂਆਂ ਦੀ ਪ੍ਰਸੰਸਾ ਕਰਦਾ ਸੀ ਤੇ ਸਿੱਖਾਂ ਨੂੰ ਨਾਲ ਜੋੜਣ ਦਾ ਇੱਛੁਕ ਜਾਪਦਾ ਸੀ ਪਰ ਉਹਦੀਆਂ ਲਿਖਤਾਂ ਵਿਚ ਇਸ ਤੋਂ ਉਲਟ ਮਿਲਦਾ ਹੈ। ਉੱਪਰੋਂ ਉੱਪਰੋਂ ਭਾਵੇਂ ਦਇਆ ਨੰਦ ਦੇ ਵਿਚਾਰ ਅਗਾਂਹਵਧੂ ਜਾਪਦੇ ਸਨ ਪਰ ਵੇਦਾਂ ਦੇ ਪਿੱਛੇ ਲੱਗਣ ਵਿਚ ਉਹ ਅੰਧ ਵਿਸ਼ਵਾਸ ਦੀਆਂ ਕਈ ਹੱਦਾਂ ਪਾਰ ਕਰ ਗਿਆ ਜਿਵੇਂ ਹੋਮ ਯੱਗ ਕਰਨ ਦੇ ਤੌਰ ਤਰੀਕੇ ਦੱਸਣੇ ਆਦਿ। ਹੌਲੀ ਹੌਲੀ ਸਿੱਖ ਆਰੀਆ ਸਮਾਜ ਤੋਂ ਟੁੱਟਦੇ ਗਏ ਪਰ ਪੰਜਾਬੀ ਹਿੰਦੂ ਆਪਣੇ ਆਪ ਨੂੰ ਦੁਬਾਰਾ ਗੁਰੂਆਂ ਦੀ ਸਿੱਖਿਆ ਨਾਲ ਨਾ ਜੋੜ ਸਕੇ। ਆਰੀਆ ਸਮਾਜ ਦੀਆਂ ਮੁਸਲਮਾਨਾਂ ਖ਼ਿਲਾਫ਼ ਕਾਰਵਾਈਆਂ ਨਾਲ ਪੰਜਾਬੀਆਂ ਦੀ ਆਪਸੀ ਨਫ਼ਰਤ ਹੋਰ ਵਧੀ। ਹੌਲੀ ਹੌਲੀ ਇਸ ਦਾ ਸਿੱਟਾ ਸਿੱਖਾਂ ਅਤੇ ਹਿੰਦੂਆਂ ਦੇ ਆਪਸੀ ਵੈਰ ਵਿਰੋਧ ਅਤੇ ਮੁਸਲਮਾਨਾਂ ਨਾਲ ਨਫ਼ਰਤ ਵਧਣ ਵਿੱਚ ਵੀ ਨਿਕਲਿਆ। ਮੁਸਲਮਾਨ ਭਾਵੇਂ ੧੯੪੭ ਦੇ ਬਟਵਾਰੇ ਵਿੱਚ ਅਲੱਗ ਦੇਸ਼ ਬਣਾ ਕੇ ਇੱਥੋਂ ਚਲੇ ਗਏ ਪਰ ਦਇਆ ਨੰਦ ਦੀਆਂ ਕਾਰਵਾਈਆਂ ਨੇ ਪੰਜਾਬੀ ਸਿੱਖਾਂ ਤੇ ਹਿੰਦੂਆਂ ਵਿੱਚ ਵੀ ਸਦਾ ਲਈ ਪਾੜਾ ਪਾ ਦਿੱਤਾ। ਇਹੋ ਕਾਰਨ ਹੈ ਕਿ ਆਜ਼ਾਦੀ ਦੇ ਸੰਘਰਸ਼ ਵਿਚ ਹਿੱਸਾ ਪਾਉਣ ਦੇ ਬਾਵਜੂਦ ੧੯੪੭ ਤੋਂ ਬਾਅਦ ਪੰਜਾਬੀ ਹਿੰਦੂਆਂ ਨੇ ਪੰਜਾਬ ਦੇ ਕਿਸੇ ਵੀ ਮਸਲੇ ਵਿੱਚ ਅੱਗੇ ਹੋ ਕੇ ਪੰਜਾਬ ਲਈ ਲੜਾਈ ਨਹੀਂ ਲੜੀ। ਇੱਥੋਂ ਤਕ ਕਿ ਹੁਣ ਦੇ ਕਿਸਾਨੀ ਅੰਦੋਲਨ ਵਿੱਚ ਵੀ ਪੰਜਾਬੀ ਹਿੰਦੂ ਕਿਤੇ ਕਿਤੇ ਹੀ ਨਜ਼ਰ ਆਉਂਦਾ ਹੈ। ਜੋਧਪੁਰ ਦੇ ਰਾਜੇ ਦੀ ਇੱਕ ਨਰਤਕੀ ਦੀ ਸਾਜ਼ਿਸ਼ ਨਾਲ ੧੮੮੩ ਵਿਚ ਦਇਆ ਨੰਦ ਚਲਾਣਾ ਕਰ ਗਿਆ।  

ਮੋਹਨਦਾਸ ਕਰਮਚੰਦ ਗਾਂਧੀ - ਦਇਆ ਨੰਦ ਦੇ ਚਲਾਣੇ ਤੋਂ ਪਹਿਲਾਂ ਹੀ ਇੱਕ ਹੋਰ ਗੁਜਰਾਤੀ ਆਗੂ ੧੮੬੯ ਵਿੱਚ ਗੁਜਰਾਤ ਵਿੱਚ ਪੋਰਬੰਦਰ ਦੇ ਰਾਜੇ ਦੇ ਇੱਕ ਦਿਵਾਨ ਦੇ ਘਰ ਪੈਦਾ ਹੋ ਗਿਆ। ਉਹਨੂੰ ਹਿੰਦੂਆਂ ਦਾ ਵੀਹਵੀਂ ਸਦੀ ਦਾ ਸਭ ਤੋਂ ਮਹਾਨ ਆਗੂ ਕਿਹਾ ਜਾ ਸਕਦਾ ਹੈ ਕਿਉਂਕਿ ਤਕਰੀਬਨ ੮੦-੮੫ ਫ਼ੀਸਦੀ ਗ਼ੈਰ-ਸਵਰਨ ਜਾਤੀਆਂ ਨੂੰ ਉਸਨੇ ਹਿੰਦੂ ਨਾਮ ਦੇ ਧਰਮ ਵਿੱਚੋਂ ਆਪਣੇ ਮਰਨ ਵਰਤ ਦੇ ਹਥਿਆਰ ਨਾਲ ਨਿਕਲਣੋਂ ਬਚਾ ਲਿਆ ਸੀ। ਇਸ ਕੰਮ ਵਿੱਚ ਉਸਨੇ ਡਾ: ਅੰਬੇਦਕਰ ਨੂੰ ਵੀ ਹਰਾ ਦਿੱਤਾ। ਅੱਧਨੰਗੇ ਧਾਰਮਿਕ ਜਿਹੇ ਲਿਬਾਸ ਵਿੱਚ ਗਾਂਧੀ ਅੰਤਾਂ ਦੀ ਸਿਆਸਤ ਕਰ ਗਿਆ। ਉਹਦੇ ਲਫ਼ਜ਼ਾਂ ਤੇ ਕੰਮਾਂ ਵਿਚ ਸਿੱਖਾਂ ਨਾਲ ਨਫ਼ਰਤ ਬਾਰ ਬਾਰ ਝਲਕਦੀ ਹੈ ਪਰ ਫਿਰ ਵੀ ਉਹ ਸਿੱਖਾਂ ਨੂੰ ਬੇਵਕੂਫ਼ ਬਣਾਉਣ ਵਿੱਚ ਅੱਤ ਦਾ ਸਫ਼ਲ ਰਿਹਾ। ਉਹ ਸਿੱਖਾਂ ਨੂੰ ਅੰਗਰੇਜ਼ਾਂ ਦੇ ਖ਼ਿਲਾਫ਼ ਚੱਲ ਰਹੀ ਆਪਣੀ ਠੰਢੀ ਜੰਗ ਵਿਚ ਸ਼ਾਮਲ ਕਰਨ ਵਿੱਚ ਸਫ਼ਲ ਰਿਹਾ ਭਾਵੇਂ ਕਿ ਕੁਝ ਗਰਮ ਦਲੀਏ ਸਿੱਖ ਉਸ ਦੀ ਚਾਲ ਵਿੱਚ ਫਸਣੋਂ ਬਚੇ ਵੀ ਰਹੇ। ਉਹ ਸਿੱਖਾਂ ਨੂੰ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਦੇ ਖ਼ਿਲਾਫ਼ ਸਲਾਹਵਾਂ ਦਿੰਦਾ ਸੀ ਤੇ ਕਹਿੰਦਾ ਸੀ ਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਇਹ ਕੰਮ ਕਰ ਲਵਾਂਗੇ। ਪਰ ਜਦੋਂ ਸ਼ਹੀਦੀਆਂ ਦੇ ਕੇ ਸਿੱਖਾਂ ਨੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾ ਲਏ ਤਾਂ ਉਹ ਫਿਰ ਸਲਾਹਵਾਂ ਦੇਣ ਲਈ ਸਿੱਖਾਂ ਦੀਆਂ ਸਟੇਜਾਂ ਉੱਤੇ ਬੈਠਾ ਸੀ। ਪੰਡਿਤ ਨਹਿਰੂ ਵਾਂਗ ਉਹ ਵੀ ਸਿੱਖਾਂ ਨੂੰ ਵਾਹਦੇ ਕਰਨ ਵਿੱਚ ਯਕੀਨ ਰੱਖਦਾ ਸੀ ਪਰ ਆਜ਼ਾਦੀ ਤੋਂ ਬਾਅਦ ਕੋਰਾ ਮੁੱਕਰ ਗਿਆ। ਇਕ ਧਾਰਮਕ ਜਿਹੇ ਲਿਬਾਸ ਵਿੱਚ ਘੁੰਮਦਾ ਹਿੰਦੂਆਂ ਦਾ ਸਮਾਜਿਕ ਆਗੂ ਸਿੱਖਾਂ ਲਈ ਪਰਲੇ ਦਰਜੇ ਦਾ ਮੱਕਾਰ ਨਿਕਲਿਆ। ਗੱਲ ਗੱਲ ਤੇ ਮਰਨ ਵਰਤ ਦੀਆਂ ਧਮਕੀਆਂ ਦੇਣ ਵਾਲਾ ਆਗੂ ਜਦੋਂ ਘੁੱਗ ਵਸਦੇ ਪੰਜਾਬ ਦੀ ਖੂਨੀ ਵੰਡ ਹੋਣ ਲੱਗੀ ਤਾਂ ਇੱਕ ਵੀ ਧਮਕੀ ਨਾ ਦੇ ਸਕਿਆ ਤੇ ਆਪਣੇ ਪੈਰੋਕਾਰਾਂ ਨੂੰ 'ਵੈਸ਼ਨਵ ਜਨ’ ਦੇ ਧਾਰਮਕ ਗੀਤ ਸੁਣਾਉਣ ਦੀ ਕਵਾਇਦ ਕਰਦਾ ਰਿਹਾ। ਉਹਨੇ ਕੇਵਲ ਸਿੱਖਾਂ ਦਾ ਇਹੋ ਜਿਹਾ ਨੁਕਸਾਨ ਹੀ ਨਹੀਂ ਕੀਤਾ ਬਲਕਿ ਸਿੱਖਾਂ ਵਿਚ ਫੁੱਟ ਪਾ ਕੇ ਭਵਿੱਖ ਲਈ ਦੋ ਜਮਾਤਾਂ ਪੈਦਾ ਕਰ ਗਿਆ। ਹੁਣ ਕੁਝ ਸਿੱਖ(ਖ਼ਾਸ ਕਰਕੇ ਮੱਧਵਰਗੀ ਤੇ ਅਮੀਰ) ਕੇਂਦਰੀ ਹਿੰਦੂਵਾਦੀ ਸੱਤਾ ਦੀ ਗ਼ੁਲਾਮੀ ਵਿਚ ਆਪਣੀ ਆਰਥਕ ਤਰੱਕੀ ਚਾਹੁੰਦੇ ਹਨ, ਕੁਝ ਖ਼ਾਲਿਸਤਾਨ ਦੀ ਕਾਇਮੀ ਵਿੱਚ ਆਪਣੀ ਰਾਜਨੀਤਕ ਤਰੱਕੀ ਤੇ ਬਾਕੀ ਦੇ ਬਹੁਗਿਣਤੀ ਸਿੱਖ ਇਨ੍ਹਾਂ ਦੋਨਾਂ ਦੇ ਮੂੰਹ ਵੱਲ ਵੇਖਦੇ ਰਹਿੰਦੇ ਹਨ। ਅੱਜ ਦੇ ਸਿੱਖ ਬੁੱਧੀਜੀਵੀਆਂ ਤੇ ਸਿਆਸੀ ਆਗੂਆਂ ਵਿੱਚ ਫੁੱਟ ਦਾ ਬੀਜ ਇਹੀ ਗੁਜਰਾਤੀ ਆਗੂ ਰੱਖ ਗਿਆ ਸੀ। ਬਹੁਗਿਣਤੀ ਸਿੱਖ, ਜੋ ਬਰਾਹਮਣਵਾਦ ਦੇ ਦਬਾਅ ਹੇਠ ਪਹਿਲਾਂ ਹੀ ਸਿੱਖੀ ਦੇ ਮੁੱਢਲੇ ਅਸੂਲਾਂ ਤੋਂ ਦੂਰ ਹੋ ਰਹੇ ਹਨ, ਇਹਨਾਂ ਦੋਵਾਂ ਜਮਾਤਾਂ ਨੂੰ ਏਕਾ ਕਰਨ ਲਈ ਵੀ ਮਜਬੂਰ ਨਹੀਂ ਕਰ ਸਕਦੇ।

ਵੱਲਭ ਭਾਈ ਪਟੇਲ - ਪਟੇਲ ਗੁਜਰਾਤ ਦੇ ਨਾਡਿਆਡ ਵਿੱਚ ਗਾਂਧੀ ਤੋਂ ਛੇ ਸਾਲ ਬਾਅਦ ਜੰਮਿਆ ਸੀ। ਇਹ ਹੈਰਾਨੀ ਜਨਕ ਹੈ ਕਿ ਸਿੱਖਾਂ ਨਾਲ ਕੋਈ ਖਾਸ ਹਮਦਰਦੀ ਨਾ ਰੱਖਣ ਵਾਲੇ ਇਸ ਆਗੂ ਨੂੰ 'ਸਰਦਾਰ' ਪਟੇਲ ਕਿਉਂ ਕਿਹਾ ਜਾਂਦਾ ਹੈ। ਉਸ ਨੇ ਭਾਰਤ ਦੀਆਂ ਰਿਆਸਤਾਂ ਨੂੰ ਭਾਰਤ ਵਿੱਚ ਰਲਾ ਕੇ ਇਸ ਨੂੰ ਇਕ ਦੇਸ਼ ਦਾ ਰੂਪ ਦੇਣ ਲਈ ਕਾਫੀ ਕੰਮ ਕੀਤਾ ਕਿਹਾ ਜਾਂਦਾ ਹੈ, ਪਰ ਜਦੋਂ ਪੰਜਾਬ ਤੇ ਬੰਗਾਲ ਦੀ ਖੂਨੀ ਵੰਡ ਦੀ ਗੱਲ ਆਈ ਤਾਂ ਉਹਨੂੰ ਕੋਈ ਫ਼ਰਕ ਪੈਂਦਾ ਨਹੀਂ ਦਿਸਦਾ। ਕਿਤਾਬਾਂ ਵਿੱਚ ਇੱਥੋਂ ਤਕ ਵੀ ਆਇਆ ਹੈ ਕਿ ਉਸ ਨੇ ਬਟਵਾਰੇ ਦੇ ਦੌਰਾਨ ਮੁਸਲਮਾਨਾਂ ਦੀ ਕੱਟ ਵੱਢ ਕਰਨ ਵਾਲੇ ਤੱਤਾਂ ਨੂੰ ਮਦਦ ਦਿੱਤੀ। ਅਖ਼ੀਰ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਦੋਂ ਹਿੰਦੂਆਂ ਨੂੰ ਰਿਜ਼ਰਵੇਸ਼ਨ ਦੇਣੀ ਪਈ ਤਾਂ ਉਹ ਸਿੱਖਾਂ ਨੂੰ ਇਸ ਵਿੱਚ ਸ਼ਾਮਲ ਕਰਨ ਤੋਂ ਲਗਾਤਾਰ ਕੰਨੀ ਕਤਰਾਉਂਦਾ ਰਿਹਾ। ਬੜੀ ਮੁਸ਼ਕਲ ਨਾਲ ਅਖੀਰ ਚਾਰ ਕੁ ਜਾਤੀਆਂ ਨੂੰ ਉਸ ਵਿੱਚ ਸ਼ਾਮਲ ਕਰਨ ਲਈ ਮੰਨਿਆ। ਸ਼ਾਇਦ ਇਹੋ ਜਿਹੇ ਹੀ ਕਾਰਨ ਹਨ ਜਿਨ੍ਹਾਂ ਕਰਕੇ ਹੁਣ ਦੇ ਗੁਜਰਾਤੀ ਆਗੂ ਪਟੇਲ ਨੂੰ ਵਧੀਆ ਲੀਡਰ ਮੰਨ ਕੇ ਉਸ ਦੇ ਹਜ਼ਾਰਾਂ ਕਰੋੜ ਰੁਪਈਆਂ ਦੇ ਬੁੱਤ ਲਾ ਰਹੇ ਹਨ। 

ਮੁਹੰਮਦ ਅਲੀ ਜਿਨਾਹ - ਜਿਨਾਹ ਖ਼ੁਦ ਭਾਵੇਂ ਕਰਾਚੀ ਵਿੱਚ ਕੱਪੜੇ ਦੇ ਵਪਾਰੀ ਟੱਬਰ ਵਿੱਚ ਜੰਮਿਆ ਸੀ ਪਰ ਉਸ ਦੇ ਮਾਂ ਬਾਪ ਗੋਂਡਲ ਗੁਜਰਾਤ ਦੇ ਹੀ ਰਹਿਣ ਵਾਲੇ ਸਨ ਜਿਹੜੇ ਵਿਆਹ ਤੋਂ ਛੇਤੀ ਬਾਅਦ ਚੰਗੇ ਵਪਾਰ ਦੀ ਆਸ ਵਿੱਚ ਕਰਾਚੀ ਚਲੇ ਗਏ ਸਨ। ਸਾਲ ਕੁ ਬਾਅਦ ਉਥੇ ਜਿਨਾਹ ਦਾ ਜਨਮ ਹੋਇਆ। ੧੯੪੭ ਵਿਚ ਪੰਜਾਬ ਤੇ ਬੰਗਾਲ ਦਾ ਸੱਤਿਆਨਾਸ ਕਰਨ ਦਾ ਸਭ ਤੋਂ ਜ਼ਿਆਦਾ ਸਿਹਰਾ ਉਸ ਦੇ ਸਿਰ ਹੀ ਬੱਝਦਾ ਹੈ। ਉਸ ਨੇ ਮੁਸਲਮਾਨਾਂ ਨੂੰ ਜ਼ਰੂਰ ਅਲੱਗ ਦੇਸ਼ ਲੈ ਦਿੱਤਾ ਪਰ ਇਸ ਖਿੱਤੇ ਦੇ ਦੋ ਅਗਾਂਹਵਧੂ ਸੂਬਿਆਂ ਨੂੰ ਸਦਾ ਲਈ ਜ਼ਖ਼ਮੀ ਕਰਕੇ ਰੱਖ ਦਿੱਤਾ। ਕਿਉਂਕਿ ਨਾ ਉਹ ਬੰਗਾਲੀ ਸੀ ਤੇ ਨਾ ਪੰਜਾਬੀ, ਉਸ ਨੂੰ ਖੂਨੀ ਵੰਡ ਦਾ ਰੱਤੀ ਵੀ ਦਰਦ ਨਹੀਂ ਸੀ। ਮੁਸਲਮਾਨ ਅੱਜ ਵੀ ਗੁਜਰਾਤ ਸੂਬੇ ਦਾ ਤਕਰੀਬਨ ੧੦ ਫੀਸਦੀ ਹਿੱਸਾ ਹਨ ਪਰ ਗੁਜਰਾਤ (ਉਦੋਂ ਬੌਂਬੇ) ਨੂੰ ਵੰਡਣ ਦਾ ਖ਼ਿਆਲ ਇਨ੍ਹਾਂ ਵਿੱਚੋਂ ਕਿਸੇ ਵੀ ਆਗੂ ਨੇ ਅੱਗੇ ਨਹੀਂ ਵਧਾਇਆ। ਕਿਉਂਕਿ ਜਿਨਾਹ ਕੋਈ ਕੱਟੜ ਮੁਸਲਮਾਨ ਨਹੀਂ ਸੀ ਇਸ ਲਈ ਜਾਪਦਾ ਹੈ ਕਿ ਪਾਕਿਸਤਾਨ ਦੀ ਮੰਗ ਉਸ ਨੇ ਮੁਸਲਮਾਨਾਂ ਲਈ ਵੱਧ ਅਧਿਕਾਰ ਲੈਣ ਦੇ ਮਨਸ਼ੇ ਨਾਲ ਹੀ ਕੀਤੀ ਸੀ। ਉਸ ਨੇ ਤੋਪ ਦੇ ਲਾਇਸੈਂਸ ਦੀ ਮੰਗ ਕਰ ਦਿੱਤੀ ਸੀ ਤਾਂ ਕਿ ਘੱਟੋ ਘੱਟ ਰਿਵਾਲਵਰ ਦਾ ਲਾਇਸੈਂਸ ਤਾਂ ਮਿਲ ਹੀ ਜਾਵੇ ਪਰ ਉਸ ਨੂੰ ਨਹੀਂ ਸੀ ਪਤਾ ਕਿ ਹਿੰਦੂ ਰਾਸ਼ਟਰ ਵਾਲੇ ਅੱਧਪੜ੍ਹ ਬੁੱਢੇ ਬ੍ਰਾਹਮਣਵਾਦੀ ਉਸ ਨੂੰ ਤੋਪ ਦਾ ਲਾਇਸੈਂਸ ਹੀ ਦੇ ਕੇ ਛੱਡਣਗੇ। ਇਹ ਠੀਕ ਜਾਪਦਾ ਹੈ ਕਿਉਂਕਿ ਅੱਜ ਕੱਲ੍ਹ ਉਹੋ ਜਿਹੇ ਹੀ ਬੁੱਢੇ ਬ੍ਰਾਹਮਣਵਾਦੀ ਸਿੱਖਾਂ ਨੂੰ ਖ਼ਾਲਿਸਤਾਨ ਦੇਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਨਹੀਂ ਤਾਂ ਪੰਜਾਬੀ ਹਿੰਦੂਆਂ ਤੇ ਗੋਦੀ ਮੀਡੀਆ ਦੁਆਰਾ ਪੰਜਾਬ ਦੀ ਹਰ ਮੰਗ ਦਾ ਵਿਰੋਧ ਜਾਂ ਅਪਮਾਨ ਪੰਜਾਬ ਨੂੰ ਹੋਰ ਕਿੱਧਰ ਲਿਜਾ ਰਿਹਾ ਹੈ?  

ਮੁਰਾਰਜੀ ਡੇਸਾਈ - ਇਹ ਵਲਸਾੜ ਗੁਜਰਾਤ ਵਿਚ ੧੮੯੬ ਵਿੱਚ ਜੰਮਿਆ ਸੀ ਜੋ ੧੯੭੭ ਤੋਂ ੧੯੭੯ ਤਕ ਸਵਾ ਦੋ ਸਾਲ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਰਿਹਾ। ਪਰ ਇਸ ਨੇ ਪੰਜਾਬ ਦਾ ਕੋਈ ਵੀ ਮਸਲਾ ਹੱਲ ਕਰਨ ਦੀ ਪਹਿਲ ਨਹੀਂ ਵਿਖਾਈ। ਉਲਟਾ, ਅਖ਼ਬਾਰਾਂ ਮੁਤਾਬਕ, ਜਦੋਂ ਅਕਾਲੀ ਲੀਡਰ ਇਸ ਨੂੰ ਇਕ ਗ਼ੈਰ-ਕਾਂਗਰਸੀ ਆਗੂ ਸਮਝ ਕੇ ਮਿਲਣ ਗਏ ਤਾਂ ਇਸ ਨੇ ਉਨ੍ਹਾਂ ਦੀ ਬੇਇਜ਼ਤੀ ਕਰ ਦਿੱਤੀ। ਉਹ ਵੈਸੇ ਵੀ ਕੁਰੱਖਤ ਸੁਭਾਅ ਦਾ ਮੰਨਿਆ ਜਾਂਦਾ ਸੀ ਤੇ ਉਸ ਤੋਂ ਕਿਸੇ ਚੰਗੇ ਦੀ ਆਸ ਨਹੀਂ ਸੀ ਕੀਤੀ ਜਾ ਸਕਦੀ। ਉੱਤੋਂ ਉਹ ਹੁਣ ਵਾਲੇ ਆਗੂਆਂ ਵਾਂਗ ਮੂਤਰ ਦੀ ਦਵਾਈ ਨਾਲ ਮਸਲੇ ਹੱਲ ਕਰਨ ਦਾ ਪੈਰੋਕਾਰ ਵੀ ਸੀ। 

ਹੁਣ ਵਾਲੇ ਦੋਵਾਂ ਗੁਜਰਾਤੀ ਆਗੂਆਂ ਦੇ ਕਾਰਨਾਮੇ ਅਜੇ ਤਾਜ਼ੇ ਹਨ ਤੇ ਸਭ ਨੂੰ ਪਤਾ ਹੀ ਹਨ। ਆਗੂਆਂ ਦੀ ਤਾਂ ਗੱਲ ਛੱਡੋ, ਬਾਣੀਏ ਗੁਜਰਾਤੀਆਂ ਦਾ ਭਾਰਤ ਦੀ ਸਭ ਤੋਂ ਵੱਡੀ ਬੰਬੇ ਸਟਾਕ ਐਕਸਚੇਂਜ(ਸ਼ੇਅਰ ਮੰਡੀ) ਤੇ ਪੂਰਾ ਕਬਜ਼ਾ ਹੈ। ਲੋਕਾਂ ਨੂੰ ਅਜੇ ਹਰਸ਼ਦ ਮਹਿਤਾ ਤੇ ਉਸ ਤੋਂ ਬਾਅਦ ਕੇਤਨ ਪਾਰਿਖ ਦੇ ਪਿਛਲੇ ਦਹਾਕਿਆਂ ਵਿੱਚ ਇਸ ਸਟਾਕ ਐਕਸਚੇਂਜ ਵਿੱਚ ਕੀਤੇ ਹਜ਼ਾਰਾਂ ਕਰੋੜ ਰੁਪਏ ਦੇ ਫਰਾਡ ਭੁੱਲੇ ਨਹੀਂ ਹੋਣਗੇ। ਇਨ੍ਹਾਂ ਦੋਹਾਂ ਗੁਜਰਾਤੀਆਂ ਨੇ ਸਰਕਾਰੀ ਬੈਂਕਾਂ ਦੇ ਪੈਸੇ ਨਾਲ ਇਹ ਫਰਾਡ ਬੜੀ ਸਫ਼ਾਈ ਨਾਲ ਸਿਰੇ ਲਾਏ। ਹੁਣ ਵਾਲੇ ਦੋਨਾਂ ਅੰਬਾਨੀ ਭਰਾਵਾਂ ਦਾ ਬਾਪ ਧੀਰੂ ਭਾਈ ਅੰਬਾਨੀ ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਵਿਚ ਜੰਮਿਆ ਸੀ। ਉਹਦੀ ਮੌਤ ਤੋਂ ਬਾਅਦ ਦੋਵੇਂ ਭਰਾ ਆਪੋ ਵਿਚ ਜਾਇਦਾਦ ਤੇ ਕੰਪਨੀਆਂ ਵੰਡ ਕੇ ਆਪਣਾ ਕਾਰੋਬਾਰ ਅਲੱਗ ਅਲੱਗ ਚਲਾਉਣ ਲੱਗੇ। ਛੋਟੇ ਭਰਾ ਅਨਿਲ ਅੰਬਾਨੀ ਨੇ ਬੈਂਕਾਂ ਦੇ ਹਜ਼ਾਰਾਂ ਕਰੋੜ ਰੁਪਏ ਬਰਬਾਦ ਕੀਤੇ ਹਨ। ਭਾਵੇਂ ਉਸ ਨੂੰ ਰਾਫੇਲ ਜਹਾਜ਼ਾਂ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਠੇਕੇ ਦਾ ਇੱਕ ਵੱਡਾ ਹਿੱਸਾ ਦੇਣ ਕਰਕੇ ਤੇ ਫੇਰ ਵੱਡੇ ਭਰਾ ਦੀ ਮਦਦ ਕਰਕੇ ਉਹ ਅਜੇ ਬਚਿਆ ਹੋਇਆ ਹੈ ਪਰ ਕੋਈ ਪਤਾ ਨਹੀਂ ਕਦੋਂ ਉਹ ਵੀ ਬੈਂਕ ਫਰਾਡੀਆਂ ਦੀ ਲਿਸਟ ਵਿਚ ਸ਼ਾਮਲ ਹੋ ਜਾਵੇ। ਵੱਡਾ ਭਰਾ ਮੁਕੇਸ਼ ਅੰਬਾਨੀ ਸਰਕਾਰੀ ਬੈਂਕਾਂ ਦੇ ਪੈਸਿਆਂ ਨਾਲ ਮੋਬਾਈਲ ਨੈਟਵਰਕ ਦੇ ਕਾਰੋਬਾਰ ਤੇ ਲਗਭਗ ਪੂਰਾ ਕਬਜ਼ਾ ਕਰ ਚੁੱਕਿਆ ਹੈ ਅਤੇ ਅਜੇ ਸਰਕਾਰ ਦੇ ਕੰਧਾੜੇ ਚੜ੍ਹ ਕੇ ਅੱਗੇ ਵਧ ਰਿਹਾ ਹੈ। ਗੌਤਮ ਅਡਾਨੀ, ਜਿਸ ਨੇ ੨੦੦੨ ਦੇ ਗੁਜਰਾਤ ਵਿੱਚ ਹੋਏ ਮੁਸਲਿਮ ਕਤਲੇਆਮ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਦਾ ਪੱਖ ਪੂਰਿਆ, ਸਰਕਾਰੀ ਮਿਹਰ ਨਾਲ ਸਭ ਪਾਸੇ ਛਾਇਆ ਹੋਇਆ ਹੈ। ਪਰ ਉਸ ਦੇ ਖ਼ਿਲਾਫ਼ ਆਸਟ੍ਰੇਲੀਆ ਵਿਚ ਉਹਦੀਆਂ ਕੋਲਾ ਖਾਨਾਂ ਦੇ ਖ਼ਿਲਾਫ਼ ਲੋਕ ਮੁਜ਼ਾਹਰੇ ਕਰ ਰਹੇ ਹਨ। ਇਸੇ ਤਰ੍ਹਾਂ ਨੀਰਵ ਮੋਦੀ, ਲਲਿਤ ਮੋਦੀ, ਜਤਿਨ ਮਹਿਤਾ, ਵਿਨੈ ਮਿੱਤਲ ਆਦਿ ੩੫-੪੦ ਬੈਂਕ ਫਰਾਡੀਆਂ ਦੀ ਲਿਸਟ ਹੈ ਜੋ ਸਾਰੇ ਦੇ ਸਾਰੇ ਗੁਜਰਾਤੀ ਹਨ ਤੇ ਲਗਭਗ ਹਰੇਕ ਹਜ਼ਾਰਾਂ ਕਰੋੜ ਡਕਾਰ ਗਿਆ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਸਾਰੇ ਕਾਰੋਬਾਰ ਉਨ੍ਹਾਂ ਦੇ ਨਿੱਜੀ ਪੈਸੇ ਨਾਲ ਨਹੀਂ ਹੁੰਦੇ ਬਲਕਿ ਟੈਕਸ ਦਾਤਿਆਂ ਦੇ ਸਰਕਾਰੀ ਬੈਂਕਾਂ ਵਿੱਚ ਜਮ੍ਹਾਂ ਹੋਏ ਪੈਸੇ ਨਾਲ ਹੁੰਦੇ ਹਨ ਜੋ ਲੋਕਾਂ ਦਾ ਹੈ। ਸਿਰਫ਼ ਇੱਕ ਵਿਜੈ ਮਾਲਿਆ ਗੁਜਰਾਤੀ ਨਹੀਂ ਹੈ ਪਰ ਗੋਦੀ ਮੀਡੀਆ ਦਾ ਸਾਰਾ ਜ਼ੋਰ ਉਸੇ ਨੂੰ ਬਦਨਾਮ ਕਰਨ ਵਿੱਚ ਲੱਗ ਰਿਹਾ ਹੈ। ਹੁਣ ਵੀ ਇਕੱਲਾ ਉਹੀ ਹੈ ਜੋ ਸਾਰੇ ਪੈਸੇ ਵਾਪਸ ਦੇ ਕੇ ਆਪਣਾ ਖਹਿੜਾ ਛੁਡਾਉਣਾ ਚਾਹੁੰਦਾ ਹੈ ਪਰ ਸਰਕਾਰ ਉਸ ਦੀ ਗੱਲ ਨਹੀਂ ਸੁਣ ਰਹੀ। ਜਦਕਿ ਦੂਸਰੇ ਸਾਰੇ ਮਜ਼ੇ ਲੈ ਰਹੇ ਹਨ। ਇਸੇ ਪਿਛੋਕੜ ਵਿੱਚ ਜੇ ਸਿਆਸੀ ਆਗੂਆਂ ਬਾਰੇ ਸੋਚੀਏ ਤਾਂ ਆਰਐੱਸਐੱਸ ਦੇ ਭਗਤਾਂ ਦੀਆਂ ਸਾਰੀਆਂ ਗਾਲ੍ਹਾਂ ਇਕੱਲੇ ਪੰਡਿਤ ਨਹਿਰੂ ਲਈ ਰਾਖਵੀਆਂ ਹਨ ਜੋ ਗੁਜਰਾਤੀ ਨਹੀਂ ਸੀ। ਜਦਕਿ ਗੋਦੀ ਮੀਡੀਏ ਦੀ ਭੰਡ ਬੈਠਕ ਵਿੱਚ ਉੱਪਰਲੇ ਗੁਜਰਾਤੀ ਆਗੂਆਂ ਦਾ ਬਹੁਤ ਘੱਟ ਜ਼ਿਕਰ ਆਉਂਦਾ ਹੈ। 

ਪੰਜਾਬੀਆਂ ਦਾ ਵਾਹ ਪਹਿਲਾਂ ਉੱਪਰ ਦੱਸੇ ਗੁਜਰਾਤੀ ਸਿਆਸੀ ਆਗੂਆਂ ਨਾਲ ਰਿਹਾ ਹੈ ਜਿਨ੍ਹਾਂ ਨੇ ਹੱਦੋਂ ਵੱਧ ਆਪਣੇ ਹੀ ਦੇਸ਼ ਦੇ ਪੰਜਾਬ ਸੂਬੇ ਦਾ ਨੁਕਸਾਨ ਕੀਤਾ। ਹੁਣ ਪੰਜਾਬੀ ਕਿਸਾਨਾਂ ਦੀ ਅਗਵਾਈ ਵਿਚ ਡੱਟੇ ਹੋਏ ਕਿਸਾਨ ਵਰਗ ਦਾ ਉਨ੍ਹਾਂ ਦੋ ਗੁਜਰਾਤੀਆਂ ਨਾਲ ਵਾਹ ਹੈ ਜਿਨ੍ਹਾਂ ਨੇ ਆਪਣੇ ਹੀ ਦੇਸ਼ ਦੇ ਮੁਸਲਮਾਨਾਂ ਦਾ ਹੱਦੋਂ ਵੱਧ ਨੁਕਸਾਨ ਕੀਤਾ ਹੈ। ਰੱਬ ਕਰੇ ਐਤਕੀਂ ਕਿਸਾਨ ਬਚ ਕੇ ਘਰ ਆ ਜਾਣ ! 

(੨੧।੦੪।੨੦੨੧ ਦੇ ਰੋਜ਼ਾਨਾ ਸਪੋਕਸਮੈਨ ਵਿੱਚ ਛਪਿਆ ਹੋਇਆ)

                

               

April 12, 2021

ਅਜੋਕੇ ਮਸਲੇ ਤੇ ਬਾਬੇ ਦੀ ਸਿੱਖਿਆ (Guru, Nature and God)

ਕੁਝ ਅਜੋਕੇ ਭਖਦੇ ਮਸਲੇ ਤੇ ਬਾਬੇ ਨਾਨਕ ਦੀ ਸਿੱਖਿਆ 


ਅੱਜ ਕੱਲ੍ਹ ਕੁੱਝ ਸਿੱਖ ਵਿਦਵਾਨ ਤੇ ਪ੍ਰਚਾਰਕ ਪਹਿਲੀ ਪਾਤਸ਼ਾਹੀ ਦੀ ਮੁੱਢਲੀ ਸਿੱਖਿਆ ਤੇ ਕਾਇਮ ਨਾ ਰਹਿ ਕੇ  'ਰੱਬ', ਉਸ ਦੀ 'ਕੁਦਰਤ' ਅਤੇ 'ਗੁਰੂ' ਆਦਿ ਲਫ਼ਜ਼ਾਂ ਦੇ ਅਰਥਾਂ ਵਿੱਚ ਗੁਆਚ ਜਾਂਦੇ ਹਨ ਤੇ ਆਪਣੇ ਜੋਸ਼ ਜਾਂ ਹੰਕਾਰ ਵਿੱਚ ਇਕ ਦੂਜੇ ਨੂੰ ਹੀ ਲਾਹਨਤਾਂ ਪਾਈ ਜਾ ਰਹੇ ਹਨ। ਗੱਲ ਸ਼ਬਦੀ ਹਮਲਿਆਂ ਤੋਂ ਚੱਲ ਕੇ ਸਰੀਰਕ ਹਮਲਿਆਂ ਤੱਕ ਵੀ ਪਹੁੰਚ ਚੁੱਕੀ ਹੈ। ਇਹ ਪਰਖਣ ਲਈ ਕਿ ਇਹ ਹਮਲੇ ਕਿੱਥੋਂ ਤਕ ਜਾਇਜ਼ ਹਨ ਇਨ੍ਹਾਂ ਸ਼ਬਦਾਂ ਨੂੰ ਗੁਰਬਾਣੀ ਅਤੇ ਵਿਗਿਆਨ ਦੀਆਂ ਖੋਜਾਂ ਦੇ ਪਿਛੋਕੜ ਵਿੱਚ ਸਮਝਣ ਦੀ ਜ਼ਰੂਰਤ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੇ ਗੁਰੂ ਸਾਹਿਬਾਨ ਸਾਡੇ ਲਈ ਸਤਿਕਾਰਯੋਗ ਹਨ ਪਰ ਇਹ ਵੀ ਸੱਚ ਹੈ ਕਿ ਬਾਅਦ ਵਿਚ ਆਉਣ ਵਾਲੇ ਗੁਰੂ ਸਾਹਿਬਾਨ ਪਹਿਲੇ ਗੁਰੂ ਦੀ ਸਿੱਖਿਆ ਤੋਂ ਕਦੇ ਵੀ ਬਾਹਰ ਨਹੀਂ ਗਏ ਤੇ ਹਰ ਸਿੱਖ ਦਾ ਫਰਜ਼ ਹੈ ਕਿ ਉਸ ਸਿੱਖਿਆ ਦੇ ਅਧੀਨ ਚੱਲ ਕੇ ਸਚਿਆਰੀ(truthful) ਜ਼ਿੰਦਗੀ ਜੀਵੇ। ਸੋ ਇਹ ਮੁੱਦੇ ਗੁਰੂ ਨਾਨਕ ਸਾਹਿਬ ਦੀ ਮੁੱਢਲੀ ਸਿੱਖਿਆ ਦੇ ਅਧੀਨ ਵਿਚਾਰੇ ਜਾ ਸਕਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ੧੪੩੦ ਅੰਗਾਂ ਵਿੱਚੋਂ ਪਹਿਲੇ ਹੀ ਅੰਗ ਵਿੱਚ ਪਹਿਲੇ ਗੁਰੂ ਦੀ ਪਹਿਲੀ ਪੌੜੀ ਨੂੰ ਹੀ ਠੀਕ ਤਰ੍ਹਾਂ ਪੜ੍ਹ ਸਮਝ ਲਈਏ ਤਾਂ ਸਚਿਆਰੀ ਜ਼ਿੰਦਗੀ ਜਿਉਣ ਦਾ ਰਾਹ ਦਿਸਣ ਲੱਗ ਪੈਂਦਾ ਹੈ। ਪਹਿਲੀ ਪੌੜੀ ਤੱਕ ਸੰਖੇਪ ਜਿਹੀ ਵਿਆਖਿਆ ਤੋਂ ਬਾਅਦ ਅੱਗੇ ਗੱਲ ਤੋਰ ਸਕਦੇ ਹਾਂ।

     ਮੂਲ ਮੰਤਰ (ਜਾਂ ਮੂਲ ਸ਼ਬਦ?) ਵਿੱਚ ਇੱਕ ਅਕਾਲ ਪੁਰਖ ਦੇ ਪਰਿਭਾਸ਼ਕ ਗੁਣ ਬਿਆਨੇ ਗਏ ਹਨ। ਇਨ੍ਹਾਂ ਵਿੱਚ ਵੀ ਸਭ ਤੋਂ ਪਹਿਲਾ ਗੁਣ ਇਹ ਦੱਸਿਆ ਗਿਆ ਹੈ ਕਿ ਉਹ ਇੱਕ ਹੀ ਹੈ ਤੇ ਸਰਬਵਿਆਪਕ ਹੈ। ਸਿਰਫ਼ ਉਹ ਹੀ ਸੱਚਾ(ਭਾਵ, ਹੋਂਦ ਵਾਲਾ) ਹੈ ਤੇ ਸਿਰਜਣਹਾਰ ਹੈ। ਉਹ ਡਰ ਤੇ ਵੈਰ ਤੋਂ ਰਹਿਤ ਹੈ। ਉਹ ਕਾਲ-ਰਹਿਤ ਹੈ, ਜੂਨਾਂ ਵਿਚ ਨਹੀਂ ਆਉਂਦਾ ਤੇ ਆਪਣੇ ਆਪ ਤੋਂ ਹੀ ਹੈ ਤੇ ਗੁਰੂ ਦੀ ਕਿਰਪਾ ਨਾਲ ਉਸਨੂੰ ਸਮਝਿਆ ਜਾ ਸਕਦਾ ਹੈ।

ਪਰ ਜੇ ਉਹ ਇੱਕ ਹੀ ਹੈ ਜਿਸ ਨੇ ਸਾਰਾ ਕੁੱਝ ਪੈਦਾ ਕੀਤਾ ਹੈ, ਤਾਂ ਅਸੀਂ ਸਾਰੇ ਉਸ ਦੀ ਹੀ ਪੈਦਾਇਸ਼ ਹੋਏ। ਫਿਰ ਸਾਡੇ ਵਿੱਚੋਂ ਕੋਈ ਵੀ ਜਨਮ ਕਰਕੇ ਵੱਡਾ ਛੋਟਾ ਕਿਵੇਂ ਹੋ ਸਕਦਾ ਹੈ। ਇਸ ਵਿਚੋਂ ਮਨੁੱਖੀ ਨਸਲ ਦੇ ਸਾਰੇ ਜੀਵਾਂ ਦੀ ਬਰਾਬਰੀ ਦਾ ਅਸੂਲ ਦਿਸਦਾ ਹੈ। ਇਸ ਤਰ੍ਹਾਂ ਮਨੁੱਖੀ ਬਰਾਬਰੀ ਦਾ ਅਸੂਲ ਪੂਰੀ ਤਰ੍ਹਾਂ ਕੁਦਰਤੀ ਹੈ ਤੇ ਇਸ ਤੋਂ ਵੱਖਰਾ ਕੋਈ ਵੀ ਅਸੂਲ ਇੱਕ ਮਨੁੱਖ ਦੁਆਰਾ ਦੂਜੇ ਮਨੁੱਖਾਂ ਤੇ ਥੋਪਿਆ ਹੋਇਆ ਅਸੂਲ ਹੈ ਜਿਵੇਂ ਜਾਤ, ਨਸਲ, ਰੰਗ, ਧਰਮ, ਸਰੀਰਕ ਬਣਤਰ, ਕੱਦ-ਕਾਠ ਆਦਿ ਤੇ ਅਧਾਰਤ ਅਸੂਲ। ਜੇ ਰੱਬ ਸਰਬਵਿਆਪਕ ਹੈ ਤਾਂ ਹਰ ਜੀਵ ਵਿੱਚ ਉਹੀ ਮੌਜੂਦ ਹੈ। ਤਾਂ ਕੁਦਰਤੀ ਹੈ ਕਿ ਮਨੁੱਖੀ ਨਸਲ ਇੱਕ ਭਾਈਚਾਰਾ ਹੈ। ਇਸ ਅਸੂਲ ਲਈ ਕਿਸੇ ਵੀ ਬਨਾਵਟੀ ਮਨੁੱਖੀ ਸਿਧਾਂਤ(ਜਿਵੇਂ ਪੂੰਜੀਵਾਦ ਜਾਂ ਕਮਿਊਨਿਜ਼ਮ) ਦੀ ਜ਼ਰੂਰਤ ਨਹੀਂ ਹੈ। ਦੱਸੇ ਗਏ ਗੁਣ ਦਰਸਾਉਂਦੇ ਹਨ ਕਿ ਮਨੁੱਖੀ ਵਿਕਾਰਾਂ ਦੇ ਘਾਟੇ ਵਾਧੇ ਨਾਲ ਸਬੰਧਤ ਤਪੱਸਿਆਵਾਂ, ਜੋਗ, ਅਭਿਆਸ, ਸਮਾਧੀ ਵਗ਼ੈਰਾ ਨਾਲ ਉਸਨੂੰ ਪਰਾਪਤ ਨਹੀਂ ਕੀਤਾ ਜਾ ਸਕਦਾ। ਇਸਦਾ ਮਤਲਬ ਮਨੁੱਖੀ ਵਿਕਾਰਾਂ ਨੂੰ ਖ਼ਤਮ ਕਰਨਾ ਵੀ ਨਹੀਂ ਹੋ ਸਕਦਾ ਕਿਉਂਕਿ ਮਨੁੱਖ ਦੀਆਂ ਕੁਦਰਤੀ ਹੱਦਾਂ ਹੋਣ ਕਰਕੇ ਇਹ ਅਸੰਭਵ ਹੈ। ਆਮ ਲੋਕਾਂ ਨੂੰ ਮੂਰਖ ਬਨਾਉਣ ਤੇ ਲੁੱਟਣ ਲਈ ਵਿਕਾਰਾਂ ਨੂੰ ਖ਼ਤਮ ਕਰਨ ਦਾ ਪਾਖੰਡ ਜੋਗੀਆਂ, ਸਾਧਾਂ ਤੇ ਪੁਜਾਰੀਆਂ ਨੂੰ ਰਾਸ ਆਉਂਦਾ ਹੈ। ਇਸੇ ਲਈ ਗੁਰੂਆਂ ਨੇ ਇਹੋ ਜਿਹੇ ਘਰਬਾਰ ਛੱਡਣ ਤੇ ਪਾਖੰਡ ਕਰਨ ਵਾਲਿਆਂ ਨੂੰ ਗੁਰਬਾਣੀ ਵਿੱਚ ਬਾਰ ਬਾਰ ਸੱਚ ਸੁਣਾਇਆ ਹੈ। ਅਸਲ ਉਪਦੇਸ਼ ਵਿਕਾਰਾਂ ਨੂੰ ਕਾਬੂ ਵਿੱਚ ਰੱਖਣ ਦਾ ਹੈ ਜਿਵੇਂ 'ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥' (੪੬੬)। ਕਿਉਂਕਿ ਉਸਦਾ ਵਰਤਾਰਾ ਸਭ ਲਈ ਬਰਾਬਰ ਹੈ, ਇਸ ਕਰਕੇ ਸਭ ਵਿਚੋਲੇ ਬੇਕਾਰ ਹਨ। ਇਸੇ ਕਰਕੇ ਸਿੱਖਾਂ ਵਿਚ ਪੁਜਾਰੀ ਪੇਸ਼ੇ(ਪਾਠੀ, ਗ੍ਰੰਥੀ, ਅਖੰਡ ਪਾਠੀ, ਭਾਈ ਜੀ, ਆਦਿ) ਦਾ ਪੈਦਾ ਹੋਣਾ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤੋਂ ਦੂਰ ਜਾਣ ਦੀ ਸਭ ਤੋਂ ਘਟੀਆ ਅਲਾਮਤ ਹੈ। ਗੁਰੂ ਦਾ ਸ਼ਰਧਾ ਨਾਲ ਸਤਿਕਾਰ ਕਰਨਾ ਤੇ ਗੁਰੂ ਦੀ ਕਰਮਕਾਂਡੀ ਪੂਜਾ ਕਰਨਾ ਦੋ ਬਿਲਕੁਲ ਵੱਖ ਵੱਖ ਗੱਲਾਂ ਹਨ। ਗੁਰੂ ਦਾ ਸਤਿਕਾਰ ਕਰਨ ਨਾਲ ਆਪਣੇ ਆਪ ਵਿਚ ਗੁਰੂ ਵਰਗੇ ਗੁਣ ਪੈਦਾ ਕਰਨ ਦੀ ਇੱਛਾ ਪੈਦਾ ਹੁੰਦੀ ਹੈ ਪਰ ਉਸ ਦੀ ਪੂਜਾ ਕਰਨ ਨਾਲ ਗੁਰੂ ਤੋਂ ਦੂਰੀ ਵਧਦੀ ਹੈ। ਪਰ ਪਾਠੀ ਪੇਸ਼ੇ ਵਾਲਿਆਂ ਨੇ ਆਪਣੇ ਰੋਜ਼ਗਾਰ ਵਿੱਚ ਵਾਧਾ ਕਰਨ ਲਈ ਸਿੱਖਾਂ ਨੂੰ ਸਤਿਕਾਰ ਕਰਨ ਦੇ ਬਹਾਨੇ ਪੂਜਾ ਕਰਨ ਵਾਲੇ ਪਾਸੇ ਮੋੜ ਲਿਆ ਹੈ ਜਿਸ ਨਾਲ ਸਿੱਖਾਂ ਦੀ ਗੁਰੂ ਤੋਂ ਦੂਰੀ ਵਧੀ ਹੈ ਤੇ ਉਹਨਾਂ ਦੇ ਬ੍ਰਾਹਮਣਵਾਦ ਵਿਚ ਗ਼ਰਕ ਹੋਣ ਦਾ ਖ਼ਤਰਾ ਵਧੀ ਜਾਂਦਾ ਹੈ ਜੋ ਸਿਰਫ ਪੂਜਾ ਦੇ ਕਰਮਕਾਂਡ ਤੇ ਪਲਦਾ ਹੈ। ਰੱਬ ਦਾ ਕਾਲ-ਰਹਿਤ ਹੋਣਾ, ਜੂਨਾਂ ਵਿਚ ਨਾ ਆਉਣਾ ਤੇ ਆਪਣੇ ਆਪ ਤੋਂ ਹੋਣਾ ਇਹ ਦਰਸਾਉਂਦਾ ਹੈ ਕਿ ਸਿੱਖੀ ਵਿਚ ਅਵਤਾਰਵਾਦ ਦੀ ਕੋਈ ਥਾਂ ਨਹੀਂ। ਸਿੱਖ ਨਾ ਤਾਂ ਕਿਸੇ ਨੂੰ ਰੱਬ ਦਾ ਪੁੱਤਰ ਮੰਨਦੇ ਹਨ, ਨਾ ਰੱਬ ਦਾ ਪੈਗੰਬਰ ਤੇ ਨਾ ਹੀ ਰੱਬ ਦਾ ਅਵਤਾਰ। ਇਹ ਪੁਛਿਆ ਜਾ ਸਕਦਾ ਹੈ ਕਿ ਸਿੱਖ ਫਿਰ ਗੁਰੂਆਂ ਨੂੰ ਕਿਹੜਾ ਸਥਾਨ ਦੇਂਦੇ ਹਨ? ਪਰ ਸੋਚਣ ਵਾਲੀ ਗੱਲ ਇਹ ਹੈ ਕਿ, ਕੀ ਪਹਿਲਾਂ ਤੋਂ ਮੌਜੂਦ ਧਰਮਾਂ ਦੀ ਸ਼ਬਦਾਵਲੀ ਵਿੱਚ 'ਗੁਰੂ' ਨੂੰ ਪਰਿਭਾਸ਼ਤ ਕਰਨਾ ਸਾਡੇ ਲਈ ਜ਼ਰੂਰੀ ਹੈ? ਜੇ ਇਹ ਜ਼ਰੂਰੀ ਹੈ ਤਾਂ ਸਿੱਖ ਵੀ ਇਹ ਪੁੱਛਣ ਦਾ ਹੱਕ ਰੱਖਦੇ ਹਨ ਕਿ ਜਿਨ੍ਹਾਂ ਨੂੰ ਦੂਜੇ ਲੋਕ ਰੱਬ ਦਾ ਪੁੱਤਰ, ਪੈਗੰਬਰ ਜਾਂ ਅਵਤਾਰ ਕਹਿੰਦੇ ਹਨ ਕੀ ਉਹ ਗੁਰੂ ਸਨ? ਗੁਰੂ ਦਾ ਸਥਾਨ ਗੁਰੂ ਵੱਲੋਂ ਰੱਬ ਦੇ ਦਰਸਾਏ ਗੁਣਾਂ ਵਿੱਚੋਂ ਹੀ ਲੱਭਣਾ ਚਾਹੀਦਾ ਹੈ। ਸਪੱਸ਼ਟ ਹੈ ਕਿ ਜਿਸ ਤਰਾਂ ਦਾ 'ਰੱਬ' ਮੂਲ ਮੰਤਰ ਵਿੱਚ ਪਹਿਲੇ ਗੁਰੂ ਨੇ ਖ਼ੁਦ ਚਿਤਵਿਆ ਹੈ ਗੁਰੂ ਨੂੰ ਉਸ ਤਰ੍ਹਾਂ ਦਾ ਰੱਬ ਨਹੀਂ ਕਿਹਾ ਜਾ ਸਕਦਾ। ਪਰ ਜੇ ਰੱਬ ਸਰਬਵਿਆਪਕ ਹੈ ਤਾਂ ਉਹ ਗੁਰੂ ਵਿੱਚ ਵੀ ਤਾਂ ਮੌਜੂਦ ਹੀ ਹੈ। ਆਮ ਤੌਰ ਤੇ 'ਉਸਤਾਦ' ਜਾਂ 'ਗੁਰੂ' ਸ਼ਬਦ ਐਸੇ ਮਨੁੱਖ ਲਈ ਵਰਤਿਆ ਜਾਂਦਾ ਹੈ ਜੋ ਦੂਜਿਆਂ ਨੂੰ ਕਿਸੇ ਹੁਨਰ ਵਿੱਚ ਅਗਵਾਈ ਦੇ ਸਕਦਾ ਹੋਵੇ। ਅਸੀਂ ਆਪਣੇ ਗੁਰੂਆਂ ਨੂੰ ਉਸ ਰੂਪ ਵਿੱਚ ਚਿਤਵ ਸਕਦੇ ਹਾਂ ਜਿਸ ਵਿਚ ਉਹ ਸਾਨੂੰ ਇੱਕ ਸਚਿਆਰੀ ਜ਼ਿੰਦਗੀ ਜਿਊਣ ਦੇ ਹੁਨਰ ਲਈ ਸਰਬਕਾਲੀ ਅਗਵਾਈ ਦੇਣ ਦੇ ਸਮਰੱਥ ਹਨ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪਣ ਪਿੱਛੇ ਇੱਕ ਕਾਰਨ ਸਿੱਖਾਂ ਨੂੰ ਸਰਬਕਾਲੀ ਅਗਵਾਈ ਦੇਣਾ ਵੀ ਹੈ। ਇਹਨਾਂ ਅਰਥਾਂ ਵਿਚ ਸਿੱਖਾਂ ਦਾ ਗੁਰੂ ਆਮ ਮਨੁੱਖ ਨਹੀਂ ਹੈ। ਬਲਕਿ, ਵਿਗਿਆਨਕ ਸ਼ਬਦਾਵਲੀ ਵਿੱਚ, ਸਿਰਜਣਹਾਰ ਦੀ ਹੀ ਕੁਦਰਤ ਨੇ ਆਪਣੇ ਵਿਕਾਸ ਦੌਰਾਨ ਸਾਨੂੰ ਮਨੁੱਖੀ ਰੂਪ ਵਿੱਚ ਐਸਾ ਆਗੂ ਦਿੱਤਾ ਹੈ ਜੋ ਗੁਰੂ ਹੋਣ ਦੀ ਹੈਸੀਅਤ ਨੂੰ ਪਹੁੰਚ ਗਿਆ ਹੈ। ਇਸ ਲਈ ਇਹ ਬਹਿਸ ਬੇਕਾਰ ਹੈ ਕਿ ਉਹ ਮਨੁੱਖ ਹੈ ਜਾਂ ਰੱਬ। ਗੁਰੂ ਦੀ ਹੈਸੀਅਤ ਨੂੰ ਰੂਹਾਨੀਅਤ, ਅਧਿਆਤਮ, ਆਤਮਕ, ਸਪਿਰਚੂਅਲ, ਚਮਤਕਾਰੀ ਆਦਿ ਦੂਜੇ ਧਰਮਾਂ ਦੇ ਪੁਜਾਰੀਵਾਦੀ ਸ਼ਬਦਾਂ ਨਾਲ ਉਲਝਾਉਣਾ ਨਹੀਂ ਚਾਹੀਦਾ। ਸਾਡੇ ਲਈ ਉਹ ਗੁਰੂ ਹੈ। ਬੱਸ। ਉਹ ਹਰ ਸਥਾਨ ਵਿੱਚ, ਹਰ ਕਾਲ ਵਿਚ ਸਿੱਖਾਂ ਦੀ ਅਗਵਾਈ ਕਰਨ ਦੇ ਸਮਰੱਥ ਹੈ। ਸਿੱਖਾਂ ਲਈ ਲੋੜ ਹੈ ਤਾਂ ਕੇਵਲ ਗੁਰੂ ਦੀ ਬਾਣੀ ਵਿੱਚੋਂ, ਚੱਲ ਰਹੇ ਸਮੇਂ ਤੇ ਸਥਾਨ ਲਈ, ਲੋੜੀਂਦਾ ਗਿਆਨ ਪੜ੍ਹ ਸਮਝ ਕੇ ਅਗਵਾਈ ਹਾਸਲ ਕਰ ਲੈਣ ਦੀ।

ਆਮ ਕਰਕੇ ਮੂਲ ਮੰਤਰ ਦੇ ਆਖਰੀ ਲਫ਼ਜ਼ 'ਗੁਰਪ੍ਰਸਾਦਿ' ਦੇ ਅਰਥ ਇਸ ਤਰ੍ਹਾਂ ਕੀਤੇ ਜਾਂਦੇ ਹਨ ਕਿ ਗੁਰੂ ਦੀ ਕਿਰਪਾ ਨਾਲ ਰੱਬ ਨੂੰ ਮਿਲਿਆ ਜਾ ਸਕਦਾ ਹੈ। ਇਹ ਠੀਕ ਨਹੀਂ ਲੱਗਦਾ। ਗੁਰੂ ਨੇ ਰੱਬ ਦੇ ਜਿਸ ਤਰ੍ਹਾਂ ਦੇ ਗੁਣ ਮੂਲ ਮੰਤਰ ਵਿਚ ਦੱਸੇ ਹਨ ਉਨ੍ਹਾਂ ਗੁਣਾਂ ਵਾਲੇ ਰੱਬ ਨੂੰ ਕੋਈ ਮਨੁੱਖ ਕਿਸ ਤਰ੍ਹਾਂ 'ਮਿਲ' ਸਕਦਾ ਹੈ? ਉਹ ਤਾਂ ਕਣ ਕਣ ਵਿੱਚ ਅਰਥਾਤ, ਮਨੁੱਖ ਦੇ ਅੰਦਰ ਹੀ ਮੌਜੂਦ ਦੱਸਿਆ ਗਿਆ ਹੈ। ਇਸ ਲਈ ਮਨੁੱਖ ਵਾਸਤੇ ਰੱਬ ਨੂੰ ਸਮਝ ਸਕਣਾ ਹੀ ਸਭ ਤੋਂ ਵੱਡਾ ਕੰਮ ਹੈ। ਪ੍ਰਭੂ-ਮਿਲਣ ਬਾਰੇ ਗੁਰਬਾਣੀ ਵਿੱਚ ਆਉਂਦੇ ਸ਼ਬਦਾਂ ਨੂੰ ਇਨ੍ਹਾਂ ਅਰਥਾਂ ਵਿੱਚ ਹੀ ਲੈਣਾ ਚਾਹੀਦਾ ਹੈ। ਸਿੱਖ ਲਈ ਅਕਾਲ ਪੁਰਖ ਨੂੰ ਸਮਝ ਕੇ ਉਸ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਉਣਾ ਹੀ ਸਿੱਖੀ ਹੈ ਜਿਸ ਲਈ ਗੁਰੂ ਸਾਹਿਬਾਨ ਅਗਵਾਈ ਬਖ਼ਸ਼ਦੇ ਹਨ।                 

ਪਹਿਲੇ ਸਲੋਕ ਵਿੱਚ ਵੀ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਮੁੱਢ ਤੋਂ ਹੀ ਹੋਣਾ ਪੱਕਾ ਕੀਤਾ ਹੈ। ਸ਼ਬਦ 'ਆਦਿ ਜੁਗਾਦਿ' ਵਰਤਣ ਦਾ ਅਰਥ ਵੀ ਇਹੀ ਜਾਪਦਾ ਹੈ ਕਿ ਮਨੁੱਖ ਨੂੰ ਜਿਸ ਵੀ ਜੁੱਗ ਦਾ ਪਤਾ ਹੈ ਉਸ ਤੋਂ ਪਹਿਲਾਂ ਵੀ ਉਹੀ ਸੀ ਤੇ ਆਉਣ ਵਾਲੇ ਜੁੱਗਾਂ ਦੇ ਬੀਤਣ ਤੋਂ ਬਾਅਦ ਵੀ ਉਹੀ ਹੋਵੇਗਾ। ਵਿਗਿਆਨਕ ਸ਼ਬਦਾਵਲੀ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਵੱਡੇ ਧਮਾਕੇ(Big Bang) ਤੋਂ ਪਹਿਲਾਂ ਵੀ ਉਹ ਹੀ ਸੀ ਅਤੇ ਜਦੋਂ ਫਿਰ ਕਦੀ ਪਿਚਕਾਅ ਜਾਂ ਹੋਰ ਧਮਾਕਾ ਹੋਇਆ ਤਾਂ ਉਸ ਵੇਲੇ ਤੇ ਉਸ ਤੋਂ ਬਾਅਦ ਵੀ ਉਹੀ ਹੋਵੇਗਾ। 

ਮੂਲ ਮੰਤਰ ਤੇ ਪਹਿਲੇ ਸਲੋਕ ਵਿੱਚ ਅਕਾਲ ਪੁਰਖ ਦੇ ਗੁਣ ਦੱਸਣ ਤੋਂ ਬਾਅਦ ਗੁਰੂ ਸਾਹਿਬ ਨੇ ਮਨੁੱਖਤਾ ਲਈ ਤੇ ਖਾਸ ਕਰਕੇ ਸਿੱਖਾਂ ਲਈ ਮੁੱਢਲੀ ਜਾਂ ਪਹਿਲੀ ਸਿੱਖਿਆ ਪਹਿਲੀ ਪਉੜੀ ਵਿੱਚ ਹੀ ਦੇ ਦਿੱਤੀ ਹੈ।

ਪਹਿਲੀ ਪਉੜੀ ਵਿੱਚ ਗੁਰੂ ਸਾਹਿਬ ਨੇ ਉਸ ਵੇਲੇ ਚੱਲਦੀਆਂ ਵਿਧੀਆਂ ਤੇ ਵਹਿਮਾਂ ਭਰਮਾਂ(ਜਿਨ੍ਹਾਂ ਨਾਲ ਪੁਜਾਰੀ ਤਬਕਾ ਆਮ ਲੋਕਾਂ ਨੂੰ ਬੁੱਧੂ ਬਣਾਉਂਦਾ ਸੀ ਤੇ ਰੱਬ ਨੂੰ 'ਮਿਲਣ’ ਦਾ ਰਾਹ ਦੱਸਦਾ ਸੀ) ਦਾ ਜ਼ਿਕਰ ਕੀਤਾ ਹੈ ਤੇ ਦੱਸਿਆ ਹੈ ਕਿ ਵਾਰ ਵਾਰ ਤੀਰਥ ਇਸ਼ਨਾਨ, ਲੰਮੀਆਂ ਲੰਮੀਆਂ ਸਮਾਧੀਆਂ ਤੇ ਮੌਨ ਵਰਤ, ਤਰ੍ਹਾਂ ਤਰ੍ਹਾਂ ਦੇ ਵਰਤ ਤੇ ਸੁਆਦਲੇ ਖਾਣੇ ਤੇ ਵੱਧ ਤੋਂ ਵੱਧ ਚਤੁਰਾਈਆਂ, ਸਿਆਣਪਾਂ ਤੋੜ ਤੱਕ ਨਹੀਂ ਨਿਭਦੀਆਂ ਭਾਵ ਰੱਬ ਵੱਲ ਨਹੀਂ ਲਿਜਾਂਦੀਆਂ। ਰੱਬ ਇਸ ਕੂੜ ਦੀ ਕੰਧ ਤੋਂ ਅੱਗੇ ਹੈ ਤੇ ਉਸ ਬਾਰੇ ਜਾਨਣ ਲਈ ਉਸ ਦੀ ਸਾਜੀ ਕੁਦਰਤ ਨੂੰ ਸਮਝਣਾ ਤੇ ਉਸ ਦੇ ਅਸੂਲਾਂ ਨਾਲ ਮਿਲ ਕੇ ਚੱਲਣਾ ਜ਼ਰੂਰੀ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਤਰੀਕਾ ਮੁੱਢ ਤੋਂ ਹੀ ਨਾਲ ਲਿਖਿਆ ਚੱਲਿਆ ਆ ਰਿਹਾ ਹੈ('ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥') ਤਾਂ ਇਸ ਦਾ ਅਰਥ ਹੈ ਕਿ ਮਨੁੱਖ ਜਿਹੜੀਆਂ ਕੁਦਰਤੀ ਹੱਦਾਂ ਲੈ ਕੇ ਇਸ ਧਰਤੀ ਤੇ ਆਇਆ ਹੈ ਤੇ ਚੱਲ ਰਿਹਾ ਹੈ ਉਹਨਾਂ ਹਾਲਾਤ ਵਿੱਚ ਉਹ ਕੁਦਰਤ ਦੇ ਨੇਮਾਂ ਦੀ ਉਲੰਘਣਾ ਨਹੀਂ ਕਰ ਸਕਦਾ। ਦੂਜੇ ਸ਼ਬਦਾਂ ਵਿੱਚ ਉਸ ਦੀ ਹੋਣੀ ਉਸਦੇ ਮੁੱਢ, ਅਰਥਾਤ ਪੈਦਾਇਸ਼, ਨਾਲ ਜੁੜੀ ਹੋਈ ਹੈ ਜੋ ਮਨੁੱਖ ਨੂੰ ਸੀਮਤ ਜਿਹੀ ਸ਼ਕਤੀ ਹੀ ਦਿੰਦੀ ਹੈ। ਇਹ ਸਿਖਿਆ ਗੁਰਬਾਣੀ ਦੇ ਅਨੁਕੂਲ ਤਾਂ ਹੈ ਹੀ, ਅੱਜ ਦੀ ਗਿਆਨਵਾਦੀ ਜਾਂ ਵਿਗਿਆਨਕ ਸੋਚ ਦੇ ਵੀ ਪੂਰੀ ਤਰਾਂ ਅਨੁਕੂਲ ਹੈ।

ਹੁਣ ਵੇਖਦੇ ਹਾਂ ਅੱਜ ਦਾ ਵਿਗਿਆਨ ਕੀ ਕਹਿੰਦਾ ਹੈ। ਹੁਣ ਤੱਕ ਮੋਟੇ ਤੌਰ ਤੇ ਇਹ ਸਮਝ ਬਣਦੀ ਹੈ ਕਿ ਪੌਣੇ ਚੌਦਾਂ ਕੁ ਅਰਬ ਸਾਲ ਪਹਿਲਾਂ ਹੋਏ ਵੱਡੇ ਧਮਾਕੇ(Big Bang) ਤੋਂ ਪਹਿਲਾਂ ਧੁੰਦੂਕਾਰਾ ਸੀ ਅਤੇ ਇਸ ਧਮਾਕੇ ਤੋਂ ਬਾਅਦ ਇਸ ਸੰਸਾਰ ਦੀ ਸਿਰਜਣਾ ਹੋਈ ਹੈ ਤੇ ਅਣਗਿਣਤ ਜੀਵਨ-ਪ੍ਰਵਾਹ(ਦਰੀਆਉ) ਚੱਲੇ ਹਨ ਜਿਸ ਨੂੰ ਅਸੀਂ 'ਕੁਦਰਤ’ ਦਾ ਨਾਂ ਵੀ ਦੇਂਦੇ ਹਾਂ। ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਵੱਡੇ ਧਮਾਕੇ ਤੋਂ ਬਾਅਦ ਅਨੇਕਾਂ ਕਣ-ਬੱਦਲਾਂ(Particle Clouds) ਦਾ ਖ਼ਲਾਅ ਵਿੱਚ ਜ਼ਬਰਦਸਤ ਫੈਲਾਅ ਹੋਇਆ ਤੇ ਉਸ ਤੋਂ ਹੌਲੀ ਹੌਲੀ ਗਲੈਕਸੀਆਂ, ਤਾਰੇ, ਗ੍ਰਹਿ, ਉਪਗ੍ਰਹਿ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਕਣ ਤੇ ਕਿਰਨਾਂ(Radiation) ਪੈਦਾ ਹੋਈਆਂ। ਹੌਲੀ ਹੌਲੀ 'ਸੂਰਜ' ਨਾਮ ਦੇ ਤਾਰੇ ਦੁਆਲੇ ਘੁੰਮਣ ਵਾਲੇ ਇੱਕ 'ਧਰਤੀ' ਨਾਮ ਦੇ ਗ੍ਰਹਿ ਦੇ ਆਸ-ਪਾਸ ਹਵਾਈ ਵਾਤਾਵਰਣ ਆ ਜਾਣ ਨਾਲ ਤੇ ਧਰਤੀ ਉਤੇ ਪਾਣੀ ਦੀ ਹੋਂਦ ਹੋ ਜਾਣ ਨਾਲ ਪਹਿਲਾਂ ਇਕ-ਸੈੱਲੇ ਅਦਿੱਖ ਜੀਵ ਹੋਂਦ ਵਿੱਚ ਆਏ ਤੇ ਫਿਰ ਹੌਲੀ ਹੌਲੀ ਕਰੋੜਾਂ ਸਾਲਾਂ ਵਿੱਚ ਵਿਕਾਸ ਕਰਦੇ ਕਰਦੇ ਅਣਗਿਣਤ ਸੈੱਲਾਂ ਵਾਲੇ ਮਨੁੱਖ ਦੀ ਹੋਂਦ ਤਕ ਪਹੁੰਚ ਗਏ(ਡਾਰਵਿਨ ਦਾ ਸਿਧਾਂਤ)। ਵੱਡੇ ਧਮਾਕੇ ਤੋਂ ਬਾਅਦ ਕੁਦਰਤ ਆਪਣੇ ਨੇਮਾਂ(ਨਿਯਮਾਂ) ਦੇ ਅਧੀਨ ਲਗਾਤਾਰ ਚੱਲ ਰਹੀ ਹੈ ਤੇ ਫੈਲ ਰਹੀ ਹੈ। ਮਿਸਾਲ ਦੇ ਤੌਰ ਤੇ ਇਹ ਕੁਦਰਤ ਦੇ ਹੀ ਨਿਯਮ ਹਨ ਜਿਹਨਾਂ ਦੇ ਅਧੀਨ ਛੋਟੇ ਛੋਟੇ ਪਰਮਾਣੂਆਂ(ਐਟਮਾਂ) ਜਾਂ ਸੈੱਲਾਂ ਤੋਂ ਲੈ ਕੇ ਵੱਡੀਆਂ ਵੱਡੀਆਂ ਗਲੈਕਸੀਆਂ ਤੱਕ ਦੀ ਹਰਕਤ ਇੱਕ ਜ਼ਬਤ ਵਿੱਚ ਚੱਲਦੀ ਹੈ। ਇਹ ਸਭ ਮੁੱਢਲੇ ਤੌਰ ਤੇ ਗੁਰੂਤਾ(Gravity) ਦੀ ਖਿੱਚ ਤੇ ਬਿਜਲਈ ਖਿੱਚ ਦੀਆਂ ਕੁਝ ਸ਼ਕਤੀਆਂ ਦੇ ਸੰਤੁਲਨ ਦੀ ਵਜ੍ਹਾ ਨਾਲ ਜ਼ਬਤ ਵਿੱਚ ਚੱਲਦਾ ਰਹਿੰਦਾ ਹੈ। ਇਨ੍ਹਾਂ ਸ਼ਕਤੀਆਂ ਬਾਰੇ ਜਾਨਣ ਲਈ ਵਿਗਿਆਨੀ ਲਗਾਤਾਰ ਖੋਜ ਵਿੱਚ ਲੱਗੇ ਰਹਿੰਦੇ ਹਨ।

ਅਮਰੀਕੀ ਵਿਗਿਆਨਕ ਪੁਲਾੜ ਏਜੈਂਸੀ ਨਾਸਾ(NASA) ਦੇ ਮੁਤਾਬਕ ਦਿਸਦਾ ਮਾਦਾ(Matter) ਕੇਵਲ ੪.੬% ਹੀ ਹੈ। ੨੪% ਅਦਿੱਖ ਮਾਦਾ(Dark Matter) ਹੈ ਜਿਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸਤੋਂ ਇਲਾਵਾ ੭੧.੪% ਉਹ ਅਦਿੱਖ ਊਰਜਾ(Dark Energy) ਹੈ ਜਿਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਇਸ ਅਦਿੱਖ ਮਾਦੇ ਤੇ ਅਦਿੱਖ ਊਰਜਾ(ਕੁਲ ੯੫.੬%) ਨੂੰ ਸਿੱਧੇ ਤੌਰ ਤੇ ਕਿਸੇ ਨੇ ਨਹੀਂ ਜਾਣਿਆ। ਇਹ ਕੇਵਲ ਸ਼ਕਤੀਆਂ ਦੇ ਉੱਪਰ ਦੱਸੇ ਸੰਤੁਲਨ ਦੀ ਜਮ੍ਹਾਂ ਘਟਾਓ ਕਰਦਿਆਂ ਜੋ ਨਤੀਜੇ ਸਾਹਮਣੇ ਆਉਂਦੇ ਹਨ ਉਨ੍ਹਾਂ ਚੋਂ ਨਿਕਲੀਆਂ ਧਾਰਨਾਵਾਂ ਹਨ। ਅਜੇ ਤਾਂ ਇਸ ਦਿੱਸਣਯੋਗ ੪.੬% ਸੰਸਾਰ ਦੇ ਕਰੋੜ ਕਰੋੜਵੇਂ ਹਿੱਸੇ ਦੀ ਵੀ ਪੂਰੀ ਜਾਣਕਾਰੀ ਮਨੁੱਖਤਾ ਨੂੰ ਨਹੀਂ ਹੈ। ਅੱਗੇ ਤੋਂ ਅੱਗੇ ਕੀ ਹੈ? ਮਨੁੱਖ ਆਪਣੀਆਂ ਕੁਦਰਤੀ ਹੱਦਾਂ ਕਰਕੇ ਇਸ ਬਾਰੇ ਕਦੇ ਵੀ ਪੂਰਨ ਰੂਪ ਵਿੱਚ ਨਹੀਂ ਜਾਣ ਸਕੇਗਾ। ਗੁਰਬਾਣੀ ਇਹ ਗੱਲ ਕਈ ਵਾਰ ਕਹਿੰਦੀ ਹੈ। ਹੁਣ ਤਾਂ ਵਿਗਿਆਨ ਵੀ ਇਹੋ ਸਾਬਤ ਕਰਦਾ ਹੈ ਕਿ ਜਦੋਂ ਵੀ ਮਨੁੱਖ ਕੁਦਰਤ ਨਾਲ ਹੱਦੋਂ ਵੱਧ ਛੇੜਖਾਨੀ ਕਰਦਾ ਹੈ ਤਾਂ ਕੁਦਰਤ ਉਸ ਦਾ ਪ੍ਰਬੰਧ ਕਰਨ ਲੱਗ ਪੈਂਦੀ ਹੈ। ਮਿਸਾਲ ਵਜੋਂ ਅੱਜਕੱਲ੍ਹ ਦਾ ਵਾਤਾਵਰਣ ਦਾ ਵੱਡਾ ਮਸਲਾ ਇਸੇ ਛੇੜਖਾਨੀ ਦੀ ਹੀ ਪੈਦਾਇਸ਼ ਹੈ। ਇਸਦਾ ਇੱਕ ਅਰਥ ਇਹ ਹੈ ਕਿ ਮਨੁੱਖ ਨੂੰ ਕੁਦਰਤ ਦੇ ਸਾਹਮਣੇ ਆਪਣੀ ਸ਼ਕਤੀ ਤੇ ਜਾਣਕਾਰੀ ਉੱਪਰ ਹੰਕਾਰ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ।

ਵੱਡੇ ਧਮਾਕੇ ਤੋਂ ਪਹਿਲਾਂ ਕੀ ਸੀ? ਕੀ ਵੱਡੇ ਧਮਾਕੇ ਵਿਚ ਹੋਰ ਵੀ ਸੰਸਾਰਾਂ ਦੀ ਸਿਰਜਣਾ ਹੋਈ? ਜੇ ਹੋਰ ਸੰਸਾਰ ਵੀ ਬਣੇ ਤਾਂ ਉਹ ਕਿਹੋ ਜਿਹੇ ਹਨ? ਇਹਨਾਂ ਸਾਰੇ ਸੰਸਾਰਾਂ ਵਿਚ ਕੁਦਰਤ ਦੇ ਇੱਕੋ ਜਿਹੇ ਅਸੂਲ ਚੱਲ ਰਹੇ ਹਨ ਜਾਂ ਵੱਖ ਵੱਖ? ਆਖ਼ਿਰ ਵਿੱਚ ਇਸ ਸੰਸਾਰ ਦਾ ਕੀ ਬਣੇਗਾ? ਭਾਵੇਂ ਅਜੇ ਵਿਗਿਆਨੀਆਂ ਨੇ ਇਨ੍ਹਾਂ ਸਵਾਲਾਂ ਬਾਰੇ ਸੋਚਣਾ ਹੀ ਸ਼ੁਰੂ ਕੀਤਾ ਹੈ ਪਰ ਹੁਣ ਉਹ ਇਸ ਇਕ-ਸੰਸਾਰੀ(Universe) ਸਿਰਜਣਾ ਦੇ ਨਾਲ ਨਾਲ ਬਹੁ-ਸੰਸਾਰੀ(Multiverse) ਸਿਰਜਣਾ ਦੀ ਕਲਪਣਾ ਵੀ ਕਰਨ ਲੱਗ ਪਏ ਹਨ। ਪਰ ਮਨੁੱਖੀ ਸਰੀਰ ਤੇ ਸੋਚ ਦੀਆਂ ਵੀ ਹੱਦਾਂ ਹਨ ਜਿਹੜੀਆਂ ਉਸ ਨੂੰ ਸਿਰਜਣਹਾਰ ਦੀ ਕੁਦਰਤ ਨੇ ਹੀ ਦਿੱਤੀਆਂ ਹਨ ਜਿਹਨਾਂ ਵਿੱਚ ਮਨੁੱਖ ਜੰਮ ਤੇ ਮਰ ਰਿਹਾ ਹੈ। ਮਨੁੱਖ ਇਨ੍ਹਾਂ ਹੱਦਾਂ ਤੋਂ ਪਾਰ ਨਹੀਂ ਜਾ ਸਕਦਾ। 

ਹੁਣ ਤੱਕ ਦੇ ਗਿਆਨ ਤਕ ਪਹੁੰਚਣ ਲਈ ਵਿਗਿਆਨੀਆਂ ਨੇ ਅਨੇਕਾਂ ਤਜਰਬੇ ਜਾਂ ਪਰਖਾਂ ਕੀਤੀਆਂ ਹਨ। ਵਿਗਿਆਨੀਆਂ ਤੇ ਵਿਸ਼ਵਾਸ ਕਰਨ ਲਈ ਇਕ ਆਮ ਮਨੁੱਖ ਲਈ ਇੰਨਾ ਕੁ ਹੀ ਮਨ ਵਿਚ ਵਸਾਉਣਾ ਕਾਫ਼ੀ ਹੈ ਕਿ ਇਨ੍ਹਾਂ ਖੋਜੇ ਹੋਏ ਕਣਾਂ ਤੇ ਕਿਰਨਾਂ ਦੀ ਹੀ ਮਿਹਰਬਾਨੀ ਹੈ ਕਿ ਅੱਜ ਦਾ ਮਨੁੱਖ ਵਿਗਿਆਨੀਆਂ ਦੁਆਰਾ ਬਣਾਏ ਰੇਡੀਓ, ਟੈਲੀਵੀਜ਼ਨ, ਗੱਡੀਆਂ, ਜਹਾਜ਼, ਇੰਟਰਨੈੱਟ, ਸੌਫ਼ਟਵੇਅਰ ਤੇ ਹੋਰ ਬਿਜਲਈ ਸਾਧਨਾਂ ਦਾ ਆਨੰਦ ਲੈ ਰਿਹਾ ਹੈ। ਬਹੁਤ ਸਾਰੇ ਮਨੁੱਖਾਂ ਦੁਆਰਾ ਕੀਤੀ ਬੇਹੱਦ ਮਿਹਨਤ(ਕਿਰਤ) ਨਾਲ ਏਨਾ ਗਿਆਨ ਮਨੁੱਖਤਾ ਨੂੰ ਹਾਸਲ ਹੋਇਆ ਹੈ। ਇਸ ਕਰਕੇ ਵਿਗਿਆਨੀਆਂ ਦੀਆਂ ਗੱਲਾਂ ਨੂੰ ਮੰਨਣਾ ਚਾਹੀਦਾ ਹੈ ਤੇ ਹੋਰ ਖੋਜ ਕਰਨ ਵਿੱਚ ਰੁਚੀ ਲੈਣੀ ਚਾਹੀਦੀ ਹੈ। ਗੁਰਬਾਣੀ ਦੇ ਸ਼ਬਦ ਹਨ, "ਕੀਤਾ ਪਸਾਉ ਏਕੋ ਕਵਾਉ।। ਤਿਸ ਤੇ ਹੋਏ ਲਖ ਦਰੀਆਉ।।" (੩) ਅਤੇ "ਅਰਬਦ ਨਰਬਦ ਧੁੰਧੂਕਾਰਾ।। ਧਰਣਿ ਨਾ ਗਗਨਾ ਹੁਕਮੁ ਅਪਾਰਾ।।" (੧੦੩੫)। ਜਿਹਨਾਂ ਨੇ ਵਿਗਿਆਨ ਨਹੀਂ ਪੜ੍ਹਿਆ ਉਹਨਾਂ ਨੂੰ ਇਸ ਤਰ੍ਹਾਂ ਦੇ ਵਿਗਿਆਨਕ ਸੋਚ ਵਾਲੇ ਸ਼ਬਦਾਂ ਨੂੰ ਬਾਰੀਕੀ ਨਾਲ ਪੜ੍ਹਨਾ ਚਾਹੀਦਾ ਹੈ ਤੇ ਇਨ੍ਹਾਂ ਦੇ ਅਰਥ ਸਮਝਣੇ ਚਾਹੀਦੇ ਹਨ।

ਫਿਰ ਵੀ ਜਿਹੜੇ ਲੋਕ ਗ਼ੈਰ ਕੁਦਰਤੀ(ਗ਼ੈਰ ਵਿਗਿਆਨਕ) ਕਰਾਮਾਤਾਂ ਵਿਚ ਯਕੀਨ ਰੱਖਦੇ ਹਨ ਜਾਂ ਗੁਰੂਆਂ ਤੋਂ ਵੀ ਐਸੀਆਂ ਕਰਾਮਾਤਾਂ ਦੀ ਉਮੀਦ ਰੱਖਦੇ ਹਨ, ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਨ੍ਹਾਂ ਸ਼ਕਤੀਆਂ ਤੇ ਕਣਾਂ ਦੇ ਸੰਤੁਲਨ ਵਿਚ ਇਕ ਛੋਟੀ ਜਿਹੀ ਨਾ-ਮਾਪਣਯੋਗ ਤਬਦੀਲੀ ਵੀ ਸਭ ਕੁਝ ਨੂੰ ਖ਼ਤਮ ਕਰ ਸਕਦੀ ਹੈ ਪਰ ਇਸ ਤਰ੍ਹਾਂ ਦੀ ਤਬਦੀਲੀ ਮਨੁੱਖ ਨੇ ਕਦੇ ਨਹੀਂ ਦੇਖੀ, ਨਾ ਕਦੇ ਹੋਈ ਦਾ ਕੋਈ ਸਬੂਤ ਹੈ। ਇਸੇ ਕਰਕੇ ਗੁਰੂਆਂ ਦੇ ਮਨੁੱਖੀ ਜੀਵਨ ਵਿੱਚ ਗ਼ੈਰ ਕੁਦਰਤੀ ਚਮਤਕਾਰਾਂ ਦੀ ਕੋਈ ਥਾਂ ਨਹੀਂ ਹੋ ਸਕਦੀ। ਜੇ ਕੋਈ ਚਮਤਕਾਰ ਹੈ ਤਾਂ ਉਹ ਸਿਰਫ ਇਸ ਸੰਸਾਰ ਦਾ ਹੋਣਾ ਅਤੇ ਇਸ ਦਾ ਇੱਕ ਜ਼ਬਤ ਵਿੱਚ ਚੱਲਣਾ ਹੈ। ਜ਼ਬਤ ਵੀ ਐਸਾ ਕਿ ਜਿਸ ਨੇ ਸਥਿਰ ਤੇ ਅਦਿੱਖ ਚੀਜ਼ਾਂ ਨੂੰ ਮਨੁੱਖ ਵਰਗੀ ਚਲਦੀ ਫਿਰਦੀ ਤੇ ਸੋਚ ਵਿਚਾਰ ਕਰਦੀ ਹਸਤੀ ਤੱਕ ਪੁਚਾ ਦਿੱਤਾ ਹੈ। ਰੱਬ ਦੀ ਹੋਂਦ ਨੂੰ ਮੰਨਣ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ। ਜੇ ਤੁਸੀਂ ਇਸ ਨੂੰ ਚਮਤਕਾਰ ਮੰਨ ਕੇ ਗੁਰੂਆਂ ਦੁਆਰਾ ਦੱਸਿਆ ਇੱਕ ਵਿਸਮਾਦੀ(full of amazement) ਤੇ ਸਚਿਆਰਾ(truthful) ਜੀਵਨ ਨਹੀਂ ਜਿਉਣਾ ਚਾਹੁੰਦੇ ਤਾਂ ਤੁਸੀਂ ਨਾਸਤਕ ਅਖਵਾ ਸਕਦੇ ਹੋ ਜਾਂ ਫਿਰ ਅੰਧਵਿਸ਼ਵਾਸ ਦੇ ਅਥਾਹ ਸਮੁੰਦਰ ਵਿੱਚ ਸਾਰੀ ਜ਼ਿੰਦਗੀ ਗੋਤੇ ਲਾ ਸਕਦੇ ਹੋ।

ਪਰ ਫਿਰ ਵੀ ਕੁਝ ਪੜ੍ਹੇ ਲਿਖੇ ਤੇ ਵਿਦਵਾਨ ਅਖਵਾਉਂਦੇ ਸਿੱਖ ਵਿਗਿਆਨ ਤੇ ਸਿੱਖੀ ਦਾ ਆਪੋ ਵਿੱਚ ਮੁਕਾਬਲਾ ਕਰਨ ਲੱਗ ਪੈਂਦੇ ਹਨ ਤੇ ਕੁਝ ਤਾਂ ਐਟਮ ਬੰਬਾਂ ਵਗ਼ੈਰਾ ਦਾ ਨਾਂ ਲੈ ਕੇ ਵਿਗਿਆਨ ਨੂੰ ਕੋਸਣ ਵੀ ਲੱਗ ਪੈਂਦੇ ਹਨ। ਤਬਾਹੀ ਦੇ ਹਥਿਆਰ ਵਿਗਿਆਨੀ ਬਣਾਉਂਦੇ ਹਨ ਵਿਗਿਆਨ ਨਹੀਂ, ਜਿਸ ਤਰ੍ਹਾਂ ਕੋਈ ਵੀ ਆਵਾਜਾਈ ਦਾ ਹਾਦਸਾ ਚਾਲਕ ਕਰਦਾ ਹੈ ਨਾ ਕਿ ਉਸ ਦੀ ਮੋਟਰਕਾਰ। ਦੂਜੇ ਧਰਮਾਂ ਦਾ ਹੋ ਸਕਦਾ ਹੈ, ਪਰ ਸਿੱਖ ਧਰਮ ਦਾ ਵਿਗਿਆਨ ਨਾਲ ਕੋਈ ਵੀ ਟਕਰਾਅ ਜਾਂ ਮੁਕਾਬਲਾ ਨਹੀਂ ਹੈ। ਸਿੱਖ ਧਰਮ ਮਨੁੱਖ ਨੂੰ ਇੱਕ ਸਚਿਆਰੀ ਜ਼ਿੰਦਗੀ ਜਿਊਣ ਦਾ ਹੁਨਰ ਦੱਸਦਾ ਹੈ। ਇਸਦੇ ਲਈ ਗਿਆਨ ਬਹੁਤ ਜ਼ਰੂਰੀ ਹੈ। ਸ਼ਾਇਦ ਇਸੇ ਕਰਕੇ ਗੁਰੂਆਂ ਨੇ ਗਿਆਨ ਨੂੰ ਬਹੁਤ ਅਹਿਮੀਅਤ ਦਿੱਤੀ ਹੈ। ਸ਼ਬਦ 'ਗਿਆਨ' ਗੁਰੂ ਗ੍ਰੰਥ ਸਾਹਿਬ ਵਿੱਚ ਕਈ ਵਾਰ ਆਇਆ ਹੈ। ਵਿਗਿਆਨ ਵੀ ਆਖਰ 'ਪਰਖਿਆ ਹੋਇਆ ਗਿਆਨ'(ਜਾਂ ਵਿਸ਼ੇਸ਼ ਗਿਆਨ) ਹੀ ਤਾਂ ਹੈ ਜੋ ਮਨੁੱਖਤਾ ਦੇ ਭਲੇ ਲਈ ਕੰਮ ਆ ਸਕਦਾ ਹੈ। ਸੋ ਵਿਗਿਆਨ ਗਿਆਨ ਦਾ ਹੀ ਇੱਕ ਪਰਖਿਆ ਹੋਇਆ ਹਿੱਸਾ ਹੈ ਤੇ ਸਚਿਆਰੀ ਜ਼ਿੰਦਗੀ ਜਿਊਣ ਲਈ ਕੰਮ ਆ ਸਕਦਾ ਹੈ। ਵਿਗਿਆਨ ਕਿਸੇ ਵੀ ਤਰ੍ਹਾਂ ਕਿਸੇ ਐਸੇ ਧਰਮ ਦੇ ਬਰਾਬਰ ਨਹੀਂ ਖਲੋ ਸਕਦਾ ਜਿਹੜਾ ਗਿਆਨ ਨੂੰ ਵੀ ਇੱਕ ਸੰਦ ਬਣਾ ਕੇ ਸਚਿਆਰੀ ਜ਼ਿੰਦਗੀ ਜਿਊਣ ਦਾ ਹੁਨਰ ਦੱਸਦਾ ਹੋਵੇ। ਜੇ ਗੁਰੂ ਸਾਹਿਬ ਨੇ ਗਿਆਨ ਨੂੰ ਇੰਨਾ ਵਡਿਆਇਆ ਹੈ ਤਾਂ ਉਸ ਵਿੱਚ ਗਿਆਨ ਦੇ ਹੀ ਇੱਕ ਹਿੱਸੇ ਵਿਗਿਆਨ ਦਾ ਵਿਰੋਧ ਕਿਸ ਤਰਾਂ ਹੋ ਸਕਦਾ ਹੈ?  

ਇਸੇ ਪਿਛੋਕੜ ਵਿੱਚ ਅੱਜਕੱਲ੍ਹ ਕੁਝ ਸਿੱਖ-ਦਿਸਦੇ ਲੋਕ ਬੋਲਚਾਲ ਦੇ ਮਾਹਰ ਹੋਣ ਕਰਕੇ ਗੁਰੂਆਂ ਦੇ ਪੁਰਾਣੇ ਫ਼ੈਸਲਿਆਂ ਨੂੰ ਅੱਜ ਦੀ ਸੋਚ ਜਾਂ ਹਾਲਾਤ ਮੁਤਾਬਕ ਪੜਤਾਲਣ ਦੀ ਹਮਾਕਤ ਕਰਦੇ ਹਨ। ਪਰ ਕੋਈ ਵੀ ਫ਼ੈਸਲਾ ਸਮੇਂ ਤੇ ਸਥਾਨ ਨੂੰ ਸਾਹਮਣੇ ਰੱਖ ਕੇ ਲਿਆ ਜਾਂਦਾ ਹੈ ਤੇ ਉਸ ਸਮੇਂ ਤੇ ਸਥਾਨ ਦੀ ਪੂਰੀ ਥਾਹ ਸਿਰਫ ਓਸ ਵੇਲੇ ਫ਼ੈਸਲਾ ਲੈਣ ਵਾਲੇ ਨੂੰ ਹੀ ਹੁੰਦੀ ਹੈ। ਬਾਅਦ ਵਿੱਚ ਪੜਤਾਲਣ ਵਾਲਾ ਬਹੁਤ ਗ਼ਲਤੀਆਂ ਖਾ ਸਕਦਾ ਹੈ। ਪਰ ਸਿੱਖ ਦਾ ਗੁਰੂ ਤਾਂ ਹਰ ਹਾਲਤ ਵਿੱਚ ਆਗੂ ਹੈ। ਫਿਰ ਉਹ ਗ਼ਲਤ ਫ਼ੈਸਲੇ ਕਿਵੇਂ ਲੈ ਸਕਦਾ ਹੈ? ਵੈਸੇ ਵੀ ਜੇ ਅਸੀਂ ਗੁਰੂ ਦੇ ਫ਼ੈਸਲਿਆਂ ਤੇ ਕਿੰਤੂ ਪ੍ਰੰਤੂ ਕਰਨਾ ਹੈ ਤਾਂ ਅਸੀਂ ਫਿਰ 'ਸਿੱਖ' ਕਿਸਦੇ ਹਾਂ? ਗੁਰੂ ਦੇ ਸਿੱਖ ਲਈ ਇਹ ਆਜ਼ਾਦੀ ਤਾਂ ਹੈ ਹੀ ਕਿ ਜੇ ਉਸ ਨੂੰ ਕੋਈ ਫ਼ੈਸਲਾ ਗੁਰੂ ਦਾ ਕੀਤਾ ਹੋਇਆ ਨਹੀਂ ਜਾਪਦਾ ਤਾਂ ਉਹ ਵਿਗਿਆਨਕ ਤਰੀਕੇ ਨਾਲ ਇਤਿਹਾਸਕ ਖੋਜ ਕਰਕੇ ਗੁਰੂ ਦੇ ਸਹੀ ਫ਼ੈਸਲੇ ਨੂੰ ਲੱਭੇ ਤੇ ਦੂਜਿਆਂ ਦੇ ਸਾਹਮਣੇ ਲਿਆਵੇ ਕਿਉਂਕਿ ਗੁਰੂ ਸਾਹਿਬ ਨੇ ਖ਼ੁਦ ਆਪਣੀ ਬਾਣੀ ਵਿਚ ਹਰ ਤਰ੍ਹਾਂ ਦੀਆਂ ਗ਼ੈਰ ਵਿਗਿਆਨਕ ਗੱਲਾਂ ਨੂੰ ਵਾਰ ਵਾਰ ਕੱਟਿਆ ਹੈ। ਪਰ 'ਗੁਰੂ' ਦੇ ਸਿੱਖ ਲਈ ਇਹ ਆਜ਼ਾਦੀ ਨਹੀਂ ਹੋ ਸਕਦੀ ਕਿ ਉਹ 'ਗੁਰੂ' ਦੇ ਫ਼ੈਸਲਿਆਂ ਦੀ ਪੜਤਾਲ ਕਰਕੇ ਉਹਨਾਂ ਵਿੱਚ ਗ਼ਲਤੀਆਂ ਲੱਭੇ।

ਇਹ ਸਮਝਣ ਦੀ ਲੋੜ ਹੈ ਕਿ ਗੁਰੂ ਨੇ ਵੀ 'ਰੱਬ' ਨੂੰ ਪੂਰੀ ਤਰ੍ਹਾਂ ਪਰਿਭਾਸ਼ਤ ਨਹੀਂ ਕੀਤਾ। ਉਸ ਦੇ ਸਿਰਫ਼ ਕੁਝ ਮੁੱਢਲੇ ਗੁਣ ਹੀ ਦੱਸੇ ਹਨ। ਇਸ ਲਈ ਜਦੋਂ ਅਸੀਂ ਰੱਬ ਬਾਰੇ ਬਹੁਤ ਕੁਝ ਜਾਣਨ ਦਾ ਦਾਅਵਾ ਕਰਦੇ ਹਾਂ ਤਾਂ ਆਪਣੇ ਹੰਕਾਰ ਨੂੰ ਹੀ ਪੱਠੇ ਪਾ ਰਹੇ ਹੁੰਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਗੁਰੂ ਨੇ ਵੀ ਕਿਹਾ ਹੈ ਕਿ ਰੱਬ ਬਾਰੇ ਪੂਰੀ ਤਰ੍ਹਾਂ ਨਹੀਂ ਜਾਣਿਆ ਜਾ ਸਕਦਾ ਜਿਵੇਂ, 'ਤੇਰਾ ਅੰਤੁ ਨਾ ਜਾਈ ਲਖਿਆ।।' (੪੬੯)। ਇਸ ਤਰ੍ਹਾਂ ਹੋਰ ਵੀ ਕਈ ਸ਼ਬਦ ਗੁਰਬਾਣੀ ਵਿਚ ਇਸੇ ਭਾਵ ਦੇ ਹਨ। ਇਸ ਲਈ ਰੱਬ ਬਾਰੇ ਬਹਿਸ ਕਰਨ ਨਾਲੋਂ ਚੰਗਾ ਹੈ ਕਿ ਜਿੰਨੀ ਕੁ ਸਮਝ ਆਉਂਦੀ ਹੈ ਓਨਾ ਕੁ ਸਮਝ ਕੇ ਅੱਗੇ ਵਧਿਆ ਜਾਵੇ। ਰੱਬ ਬਾਰੇ ਬਹਿਸ ਕਰਦਿਆਂ ਇੱਕ ਦੂਜੇ ਦੀ ਜਾਣਕਾਰੀ ਨੂੰ ਘਟੀਆ ਦੱਸ ਕੇ ਲਾਹਨਤਾਂ ਪਾਉਣੀਆਂ ਗੁਰੂਆਂ ਦੀ ਇਸ ਸਿੱਖਿਆ ਨੂੰ ਪਿੱਠ ਦਿਖਾਉਣ ਵਾਲੀ ਗੱਲ ਹੈ ਕਿ ਉਸ ਬਾਰੇ ਪੂਰਾ ਨਹੀਂ ਜਾਣਿਆ ਜਾ ਸਕਦਾ।         

ਸਿੱਖ ਧਰਮ ਕੋਈ ਰਸਮ-ਆਧਾਰਿਤ ਜਾਂ ਕਰਮਕਾਂਡ ਵਾਲਾ ਧਰਮ ਨਹੀਂ ਹੈ। ਪਰ ਫੇਰ ਵੀ ਕਈ ਸਿੱਖ ਵਿਦਵਾਨ ਤੇ ਪ੍ਰਚਾਰਕ ਸਿੱਖੀ ਦੀਆਂ ਰਹੁ ਰੀਤਾਂ ਨੂੰ ਸਾਬਤ ਕਰਨ ਲਈ ਇਤਿਹਾਸ ਵਿੱਚੋਂ ਵਕਤੀ ਤੇ ਰਸਮੀ ਘਟਨਾਵਾਂ ਦਾ ਸਹਾਰਾ ਲੈਂਦੇ ਹਨ। ਜਿਵੇਂ ਕਿ ਇਹ ਕਿਹਾ ਜਾਂਦਾ ਹੈ ਕਿ ਕੇਵਲ 10ਵੇਂ ਗੁਰੂ ਨੇ ਹੀ ਕੇਸ ਰੱਖਣ ਅਤੇ ਦਸਤਾਰ ਬੰਨ੍ਹਣ ਦਾ ਹੁਕਮ ਦਿੱਤਾ ਹੈ। ਦਰਅਸਲ, ਇੱਕ ਸਿੱਖ ਲਈ ਵਾਲ ਰੱਖਣੇ ਜਾਂ ਪੱਗ ਬੰਨ੍ਹਣੀ ਕੋਈ ਰਸਮ ਨਹੀਂ ਹੈ। ਪਹਿਲੇ ਗੁਰੂ ਦੀ ਬਾਣੀ ਦੀ ਪਹਿਲੀ ਪਓੜੀ ਦੀ ਆਖ਼ਰੀ ਸਤਰ ਦਾ ਅਰਥ ਹੀ ਕੁਦਰਤ ਦੇ ਹੁਕਮ ਅਨੁਸਾਰ ਜੀਵਣਾ ਹੈ। ਇਹ ਉਸਦੇ ਹੁਕਮ ਵਿੱਚ ਹੈ ਕਿ ਮਨੁੱਖ ਨੂੰ ਆਪਣੀ ਉਮਰ ਅਤੇ ਲਿੰਗ ਦੇ ਅਨੁਸਾਰ ਵਾਲ ਹਾਸਲ ਹੁੰਦੇ ਹਨ। ਇਕ ਸਿੱਖ ਨੂੰ ਇਸ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਪਹਿਲੇ ਗੁਰੂ ਦੀ ਪਹਿਲੀ ਸਿੱਖਿਆ ਹੈ। ਹਾਲਾਂਕਿ, ਇਹ ਸਿੱਖ ਉੱਤੇ ਨਿਰਭਰ ਕਰਦਾ ਹੈ ਕਿ ਉਹ ਗੁਰੂ ਨੂੰ ਕਿਵੇਂ ਅਤੇ ਕਿੰਨਾ ਕੁ ਖੁਸ਼ ਕਰਨਾ ਚਾਹੁੰਦਾ ਹੈ। ਦਸਤਾਰ ਬੰਨ੍ਹਣਾ ਇੱਕ ਸਮਾਜਕ ਅਤੇ ਸਭਿਆਚਾਰਕ ਜ਼ਰੂਰਤ ਹੈ ਜੋ ਕੁਦਰਤ ਦੇ ਨਿਯਮਾਂ ਦਾ ਹੀ ਨਤੀਜਾ ਹੈ। ਹੋ ਸਕਦਾ ਹੈ ਕਿ ਇਕ ਸਫਾਚੱਟ ਸੱਜਣ ਆਪਣੇ ਸਮਾਜਿਕ ਕਿਰਦਾਰ ਦੇ ਆਧਾਰ ਤੇ ਆਪਣੇ ਆਪ ਨੂੰ ਇੱਕ ਸਾਬਤ ਸੂਰਤ ਇਨਸਾਨ ਨਾਲੋਂ ਚੰਗਾ ਮਨੁੱਖ ਸਾਬਤ ਕਰ ਰਿਹਾ ਹੋਵੇ। ਹੋਰਨਾਂ ਗੁਣਾਂ ਦੇ ਆਧਾਰ ਤੇ ਉਸ ਦਾ ਦਾਅਵਾ ਠੀਕ ਵੀ ਹੋ ਸਕਦਾ ਹੈ। ਪਰ ਉਹ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਸ ਦਾ ਕਿਰਦਾਰ ਗੁਰੂ ਸਾਹਿਬ ਦੀ ਮੁੱਢਲੀ ਸਿੱਖਿਆ ਦੇ ਅਨੁਕੂਲ ਚੱਲਣ ਕਰਕੇ ਉੱਸਰਿਆ ਹੈ। ਅਜਿਹੇ ਹਾਲਾਤ ਵਿਚ ਅਜਿਹਾ ਕਿਰਦਾਰ ਇੱਕ ਬਨਾਉਟੀ ਸਿੱਖ ਵਾਲਾ ਲੱਗੇਗਾ। ਇਹ ਇਸੇ ਤਰ੍ਹਾਂ ਹੈ ਜਿਵੇਂ ਕੋਈ ਸੱਜਣ ਆਪਣੇ ਆਪ ਨੂੰ ਵਾਤਾਵਰਨ ਪ੍ਰੇਮੀ ਜਾਂ ਵਾਤਾਵਰਨ ਦਾ ਮਾਹਰ (Environmentalist) ਦੱਸਦਾ ਹੋਵੇ ਪਰ ਉਸ ਦਾ ਕਮਰਾ ਪਲਾਸਟਿਕ ਦੇ ਸਾਮਾਨ ਨਾਲ ਸੱਜਿਆ ਅਤੇ ਭਰਿਆ ਹੋਵੇ। ਇਸ ਦਾ ਅਰਥ ਹੈ ਕਿ ਉਹ ਆਪਣੇ ਆਪ ਨੂੰ ਕੁਦਰਤ ਦਾ ਪ੍ਰੇਮੀ ਹੋਣ ਦਾ ਝੂਠਾ ਦਾਅਵਾ ਕਰ ਰਿਹਾ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਅੱਜ ਦੇ ਕੁਝ ਸਿਆਣੇ ਲੋਕ ਕੁਦਰਤ ਨਾਲ ਪਿਆਰ ਕਰਨ ਲਈ ਜਿਹੜੀ ਸਿੱਖਿਆ ਬਾਕੀ ਲੋਕਾਂ ਨੂੰ ਦੇ ਰਹੇ ਹਨ ਇਹ ਸਿੱਖਿਆ ਸਾਨੂੰ ਸਾਡੇ ਗੁਰੂ ਬਾਬਿਆਂ ਨੇ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਦੇ ਦਿੱਤੀ ਸੀ। ਅਸੀਂ ਉਸ ਸਿੱਖਿਆ ਦੇ ਕੁਦਰਤੀਪਣ ਨੂੰ ਮਹਿਸੂਸ ਨਾ ਕਰਦੇ ਹੋਏ ਉਸ ਨੂੰ ਰਸਮੀ ਗੱਲਾਂ ਨਾਲ ਜੋੜ ਕੇ ਛੁਟਿਆ ਰਹੇ ਹਾਂ। ਅਸੀਂ ਇਹ ਇਸ ਲਈ ਕਰਦੇ ਹਾਂ ਤਾਂ ਕਿ ਸਾਬਤ ਕਰ ਸਕੀਏ ਕਿ ਦੂਸਰੇ ਧਰਮਾਂ ਵਾਂਗ ਸਾਡਾ ਸਿੱਖ ਹੋਣਾ ਵੀ ਕਿਸੇ ਰਸਮੀ ਗੱਲ ਤੇ ਨਿਰਭਰ ਹੈ ਜਦਕਿ ਪਹਿਲੇ ਗੁਰੂ ਨੇ ਜਨੇਊ ਮਨ੍ਹਾ ਕਰਦਿਆਂ ਹੀ ਇਨ੍ਹਾਂ ਸਾਰੀਆਂ ਰਸਮੀ ਗੱਲਾਂ ਤੋਂ ਸਿੱਖਾਂ ਨੂੰ ਆਜ਼ਾਦ ਕਰ ਦਿੱਤਾ ਸੀ। 

ਕੁਦਰਤੀ ਪ੍ਰਵਾਹ ਵਿਚ ਜਿਉਣ ਵਾਲੇ ਮਨੁੱਖ ਲਈ ਸੁੰਦਰਤਾ ਉਨ੍ਹਾਂ ਚੀਜ਼ਾਂ ਵਿਚ ਹੀ ਹੋ ਸਕਦੀ ਹੈ ਜੋ ਕੁਦਰਤੀ ਗੁਣਾਂ ਨਾਲ ਭਰਪੂਰ ਹੋਣ। ਇੱਕ ਰੁੱਖ ਦੇ ਪੱਤੇ ਤੇ ਟਾਹਣੀਆਂ ਕੱਟ ਕੇ ਉਹਨੂੰ ਕਿੰਨਾ ਵੀ ਮਨਮੋਹਕ ਰੂਪ ਦੇ ਦਿੱਤਾ ਜਾਵੇ ਉਹ ਕੁਦਰਤੀ ਤੌਰ ਤੇ ਸੁੰਦਰ ਨਹੀਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਇੱਕ ਸਫ਼ਾਚੱਟ ਇਨਸਾਨ ਆਪਣੀ ਸਾਫ਼ ਸੁਥਰੀ ਚਮੜੀ ਦੂਜਿਆਂ ਨਾਲੋਂ ਕੁਝ ਵੱਧ ਵਿਖਾ ਸਕਦਾ ਹੈ ਪਰ ਉਸ ਨੂੰ ਕੁਦਰਤੀ ਤੌਰ ਤੇ ਓਨਾ ਸੁੰਦਰ ਨਹੀਂ ਕਿਹਾ ਜਾ ਸਕਦਾ ਜਿੰਨਾ ਕਿ ਇਕ ਕੁਦਰਤੀ ਰਹਿਣੀ ਵਾਲੇ ਮਨੁੱਖ ਨੂੰ। ਅੱਜ ਦਾ ਸਿੱਖ ਪੂੰਜੀਵਾਦੀ ਇਸ਼ਤਿਹਾਰਬਾਜ਼ੀ ਵਿਚ ਉਲਝ ਕੇ ਰਹਿ ਗਿਆ ਹੈ ਜੋ ਸੁੰਦਰਤਾ ਨੂੰ ਪੂੰਜੀਵਾਦ ਦੀ ਲੋੜ ਮੁਤਾਬਕ ਪ੍ਰਭਾਸ਼ਿਤ ਕਰਦੀ ਹੈ।       

ਪਹਿਲੀ ਪਉੜੀ ਤੋਂ ਅੱਗੇ ਗੁਰਬਾਣੀ ਇਸ ਮੁੱਢਲੀ ਸਿੱਖਿਆ ਦਾ ਵਿਸਥਾਰ ਵੀ ਕਰਦੀ ਹੈ। ਮਿਸਾਲ ਦੇ ਤੌਰ ਤੇ ਇਸੇ ਬਾਣੀ ਦੀਆਂ ਅਗਲੀਆਂ ਪਉੜੀਆਂ ਵਿਚ 'ਹੁਕਮ' ਨੂੰ ਵਿਸਥਾਰ ਵਿੱਚ ਸਮਝਾਇਆ ਗਿਆ ਹੈ। ਹੋਰ ਵੀ ਅੱਗੇ ਜਾਂਦਿਆਂ ਅਕਾਲ ਪੁਰਖ ਦੇ ਸਰਬਵਿਆਪਕ ਤੇ ਬੇਅੰਤ ਹੋਣ ਦੇ ਬਾਰੇ ਵਿਚ ਸ਼ਬਦ ਹਨ ਜਿਵੇਂ, 'ਬਲਿਹਾਰੀ ਕੁਦਰਤਿ ਵਸਿਆ।। ਤੇਰਾ ਅੰਤੁ ਨਾ ਜਾਈ ਲਖਿਆ।।' (੪੬੯)। ਪਰ ਗੁਰਬਾਣੀ ਕਿਤੇ ਵੀ ਪਹਿਲੇ ਗੁਰੂ ਦੀ ਮੁੱਢਲੀ ਸਿੱਖਿਆ ਦੇ ਵਿਰੁੱਧ ਨਹੀਂ ਜਾਂਦੀ। ਇਸ ਕਰਕੇ ਇੱਕ ਆਮ ਮਨੁੱਖ ਲਈ ਤੇ ਖ਼ਾਸ ਕਰਕੇ ਸਿੱਖਾਂ ਲਈ ਪਹਿਲੀ ਪਉੜੀ ਤੋਂ ਸਰਲ ਤੇ ਲਾਭਕਾਰੀ ਸਿੱਖਿਆ ਹੋਰ ਕੋਈ ਨਹੀਂ ਹੋ ਸਕਦੀ।

ਉਪਰਲੇ ਵਿਸਥਾਰ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਸਿੱਖ ਵਿਦਵਾਨਾਂ, ਪ੍ਰਚਾਰਕਾਂ ਤੇ ਜਥਿਆਂ ਲਈ 'ਰੱਬ', 'ਕੁਦਰਤ' ਅਤੇ 'ਗੁਰੂ' ਆਦਿ ਲਫ਼ਜ਼ਾਂ ਦੇ ਅਰਥਾਂ ਦੀ ਬਹਿਸ ਵਿੱਚ ਇਕ ਦੂਸਰੇ ਤੇ ਸ਼ਬਦੀ ਜਾਂ ਸਰੀਰਕ ਵਾਰ ਕਰਨਾ ਸਿੱਖੀ ਦਾ ਹਿੱਸਾ ਨਹੀਂ ਕਹੇ ਜਾ ਸਕਦੇ। ਉਲਟਾ, ਅਜਿਹੇ ਹਮਲੇ ਹੰਕਾਰ, ਕਰੋਧ ਜਾਂ ਲੋਭ ਵਰਗੇ ਉਨ੍ਹਾਂ ਵਿਕਾਰਾਂ ਦੀ ਹੀ ਉਪਜ ਜਾਪਦੇ ਹਨ ਜੋ ਗੁਰੂਆਂ ਨੇ ਸਿੱਖਾਂ ਨੂੰ ਕਾਬੂ ਵਿੱਚ ਰੱਖਣ ਲਈ ਕਿਹਾ ਸੀ।

(੨੪।੦੩ ਅਤੇ ੦੭।੦੪।੨੦੨੧ ਦੇ ਰੋਜ਼ਾਨਾ ਸਪੋਕਸਮੈਨ ਵਿੱਚ ਛਪਿਆ ਹੋਇਆ)

March 24, 2021

ਪੰਜਾਬ ਵਿੱਚ ਹਿੰਦੀ ਦੀ ਬੇਲੋੜੀ ਪੜ੍ਹਾਈ (Hindi Not Required In Punjab)

 ਪੰਜਾਬ ਵਿੱਚ ਪੰਜਾਬੀ ਦੀ ਲੋੜ


ਭਾਸ਼ਾ ਦੀ ਖੋਜ ਮਨੁੱਖ ਨੇ ਹੀ ਕੀਤੀ ਹੈ ਤੇ ਇਹ ਮਨੁੱਖ ਦੇ ਬਹੁਤ ਸਾਰੇ ਸਿੱਧੇ ਤੇ ਅਸਿੱਧੇ ਕੰਮ ਆਉਂਦੀ ਹੈ। ਸਿੱਧੇ ਕੰਮਾਂ ਵਿੱਚੋਂ ਇਹ ਬੋਲਣ, ਪੜ੍ਹਨ ਅਤੇ ਲਿਖਣ ਦੇ ਕੰਮ ਆਉਂਦੀ ਹੈ। ਅਸਿੱਧੇ ਤੌਰ ਤੇ ਆਪਣਾ ਗਿਆਨ ਵਧਾਉਣ ਤੇ ਦੂਜਿਆਂ ਨਾਲ ਗੱਲਬਾਤ ਕਰਨ ਦੇ ਕੰਮ ਵੀ ਆਉਂਦੀ ਹੈ। ਪੜ੍ਹਨ ਲੱਗਿਆਂ ਤਾਂ ਮਨੁੱਖ ਕਿਸੇ ਵੀ ਸਿੱਖੀ ਹੋਈ ਭਾਸ਼ਾ ਵਿੱਚ ਪੜ੍ਹ ਸਕਦਾ ਹੈ ਪਰ ਬੋਲਣ ਤੇ ਲਿਖਣ ਲੱਗਿਆਂ ਇਹ ਵੇਖਣ ਦੀ ਜ਼ਰੂਰਤ ਹੈ ਕਿ ਜਿਸਦੇ ਲਈ ਲਿਖਿਆ ਜਾਂ ਬੋਲਿਆ ਜਾ ਰਿਹਾ ਹੈ ਕੀ ਉਹ ਉਸ ਭਾਸ਼ਾ ਨੂੰ ਸਮਝਦਾ ਹੈ। ਪੰਜਾਬ ਵਿੱਚ ਇਸ ਵੇਲੇ ਤਿੰਨ ਭਾਸ਼ਾਵਾਂ ਬੱਚਿਆਂ ਨੂੰ ਜ਼ਬਰਦਸਤੀ ਪੜ੍ਹਾਈਆਂ ਜਾ ਰਹੀਆਂ ਹਨ ਤੇ ਇਹ ਤਿੰਨ ਭਾਸ਼ਾਈ ਫਾਰਮੂਲੇ ਦਾ ਹਿੱਸਾ ਹੈ। ਕੇਂਦਰ ਦੀ ਨਵੀਂ ਸਿੱਖਿਆ ਨੀਤੀ 2020 ਵੀ ਲਗਭਗ ਪਹਿਲਾਂ ਵਰਗਾ ਹੀ ਬੰਦੋਬਸਤ ਹੈ।

ਪੰਜਾਬ ਵਿੱਚ ਪੰਜਾਬੀ ਨੂੰ ਬਣਦਾ ਮਹੱਤਵ ਨਹੀਂ ਦਿੱਤਾ ਜਾਂਦਾ ਤੇ ਉਲਟਾ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ ਵੀ ਪੜ੍ਹਨੀ ਜ਼ਰੂਰੀ ਹੈ। ਅਰਥਾਤ ਛੋਟੇ ਛੋਟੇ ਪੰਜਾਬੀ ਬੱਚਿਆਂ ਤੇ ਤਿੰਨ ਤਿੰਨ ਭਾਸ਼ਾਵਾਂ ਪੜ੍ਹਨ ਦਾ ਬੋਝ ਪਾਇਆ ਜਾ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਪੰਜਾਬ ਦੇ ਬੱਚਿਆਂ ਤੇ ਦੋ ਵਾਧੂ ਵਿਸ਼ਿਆਂ ਦਾ ਭਾਰ ਪੈਂਦਾ ਹੈ। ਜੇ ਇਹੋ ਵਾਧੂ ਵਕਤ ਪੰਜਾਬੀ ਬੱਚੇ ਹੋਰ ਵਿਗਿਆਨਕ ਜਾਂ ਅਜੋਕੇ ਵਿਸ਼ਿਆਂ ਨੂੰ ਪੜ੍ਹਨ ਤੇ ਲਾਉਣ ਤਾਂ ਉਹ ਜ਼ਿਆਦਾ ਅੱਗੇ ਵਧ ਸਕਦੇ ਹਨ। ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਪੰਜਾਬੀ ਬੱਚੇ ਪੜ੍ਹਾਈ ਲਿਖਾਈ ਤੋਂ ਭੱਜਦੇ ਹਨ। ਅੰਗਰੇਜ਼ਾਂ ਨੂੰ ਕੇਵਲ ਇੱਕੋ ਹੀ ਭਾਸ਼ਾ ਸਿੱਖਣ ਦੀ ਲੋੜ ਹੈ, ਅੰਗਰੇਜ਼ੀ। ਇਹੋ ਕਾਰਨ ਹੈ ਕਿ ਅੰਗਰੇਜ਼ ਵਿਗਿਆਨਕ ਤੇ ਤਕਨੀਕੀ ਤਰੱਕੀ ਕਰਨ ਵਿੱਚ ਬਾਕੀ ਸਾਰੀ ਦੁਨੀਆਂ ਨੂੰ ਮਾਤ ਪਾ ਗਏ ਹਨ। ਜਿੰਨਾ ਗਿਆਨ ਅੰਗਰੇਜ਼ਾਂ ਨੇ ਆਪਣੀ ਭਾਸ਼ਾ ਵਿੱਚ ਵੱਖ ਵੱਖ ਵਿਸ਼ਿਆਂ ਵਿੱਚ ਪੈਦਾ ਕੀਤਾ ਹੈ ਓਨਾ ਕਿਸੇ ਵੀ ਹੋਰ ਕੌਮ ਨੇ ਨਹੀਂ ਕੀਤਾ। ਕਾਰਨ ਸਾਫ਼ ਹੈ ਕਿ ਉਨ੍ਹਾਂ ਨੂੰ ਦਿਮਾਗਾਂ ਵਿੱਚ ਵਾਧੂ ਭਾਸ਼ਾਵਾਂ ਆਦਿ ਦਾ ਕਬਾੜ ਨਹੀਂ ਵਾੜਨਾ ਪੈਂਦਾ। ਵਾਧੂ ਭਾਸ਼ਾਵਾਂ ਦਾ ਗਿਆਨ ਹਾਸਲ ਕਰਨ ਲਈ ਜਾਂ ਉਸ ਤੇ ਖੋਜ ਕਰਨ ਲਈ ਉਹ ਆਪਣੀ ਬਾਕੀ ਦੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਆਜ਼ਾਦ ਹਨ।

ਹਿੰਦੀ ਅਤੇ ਅੰਗਰੇਜ਼ੀ ਦੋਵੇਂ ਭਾਰਤ ਸਰਕਾਰ ਦੀਆਂ ਸਰਕਾਰੀ ਭਾਸ਼ਾਵਾਂ ਹਨ। ਇਨ੍ਹਾਂ ਨੂੰ ਰਾਸ਼ਟਰੀ ਜਾਂ ਕੌਮੀ ਭਾਸ਼ਾਵਾਂ ਹੋਣ ਦਾ ਕੋਈ ਵੀ ਖਿਤਾਬ ਨਹੀਂ ਮਿਲਿਆ ਹੋਇਆ। ਇਸ ਕਰਕੇ ਇਹ ਦੋਵੇਂ ਭਾਸ਼ਾਵਾਂ ਸਿਰਫ਼ ਰਾਜਾਂ ਅਤੇ ਕੇਂਦਰ ਦੇ ਆਪਸੀ ਤਾਲਮੇਲ ਨੂੰ ਬਿਹਤਰ ਬਣਾਉਣ ਲਈ ਮਿੱਥੀਆਂ ਗਈਆਂ ਹਨ। ਕਿਸੇ ਵੀ ਰਾਜ ਲਈ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਇੱਕ ਭਾਸ਼ਾ ਨੂੰ ਆਪਣੇ ਬਸ਼ਿੰਦਿਆਂ ਨੂੰ ਪੜ੍ਹਾਉਣ ਨਾਲ ਮਸਲਾ ਹੱਲ ਹੋ ਜਾਂਦਾ ਹੈ। ਫਿਰ ਇਹ ਕਿਉਂ ਜ਼ਰੂਰੀ ਹੈ ਕਿ ਪੰਜਾਬ ਵਿੱਚ ਇਹ ਦੋਵੇਂ ਭਾਸ਼ਾਵਾਂ ਜ਼ਬਰਦਸਤੀ ਬੱਚਿਆਂ ਨੂੰ ਪੜ੍ਹਾਈਆਂ ਜਾਣ। ਪੰਜਾਬ ਨੂੰ ਅੰਗਰੇਜ਼ੀ ਦੀ ਜ਼ਰੂਰਤ ਹੈ ਪਰ ਅੰਗਰੇਜ਼ੀ ਪੜ੍ਹਾਉਣ ਲਈ ਵੀ ਅੰਗਰੇਜ਼ੀ ਸਾਹਿਤ ਤੇ ਜ਼ੋਰ ਦੇਣਾ ਬਿਲਕੁਲ ਬੇਥਵਾ ਹੈ। ਬੱਚਿਆਂ ਨੂੰ ਕੰਮਕਾਜੀ ਅੰਗਰੇਜ਼ੀ ਤੇ ਇਸਦੇ ਵਿਗਿਆਨਕ ਸ਼ਬਦਾਂ ਦੀ ਜਾਣਕਾਰੀ ਦੀ ਜ਼ਰੂਰਤ ਹੈ ਨਾ ਕਿ ਸ਼ੈਕਸਪੀਅਰ ਦੀਆਂ ਕਵਿਤਾਵਾਂ ਦੀ। ਅੰਗਰੇਜ਼ੀ ਸਾਹਿਤ ਨੂੰ ਪੜ੍ਹਨ ਲਈ ਕੋਈ ਵੀ ਬੱਚਾ ਚੋਣਵਾਂ ਵਿਸ਼ਾ ਲੈ ਕੇ ਅਲੱਗ ਤੋਂ ਪੜ੍ਹ ਸਕਦਾ ਹੈ।

ਮੰਨਣਯੋਗ ਹੈ ਕਿ ਪੰਜਾਬੀ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਨੀ ਫਾਇਦੇ ਵਿੱਚ ਹੈ ਕਿਉਂਕਿ ਪੱਖਪਾਤੀ ਨੀਤੀਆਂ ਕਾਰਨ ਸਾਡੇ ਬੱਚਿਆਂ ਨੂੰ ਪੰਜਾਬ ਛੱਡਕੇ ਵਿਦੇਸ਼ਾਂ ਵਿਚ ਜਾਣਾ ਪੈ ਰਿਹਾ ਹੈ ਅਤੇ ਦੁਨੀਆਂ ਦਾ ਬਹੁਤਾ ਗਿਆਨ ਵੀ ਅੰਗਰੇਜ਼ੀ ਭਾਸ਼ਾ ਵਿੱਚ ਹੀ ਲਿਖਿਆ ਮਿਲਦਾ ਹੈ। ਪਰ ਅੰਗਰੇਜ਼ੀ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੰਜਵੀਂ ਜਮਾਤ ਤੋਂ ਬਾਅਦ ਸ਼ੁਰੂ ਹੋਣੀ ਚਾਹੀਦੀ ਹੈ ਤਾਂ ਕਿ ਓਦੋਂ ਤੱਕ ਬੱਚਾ ਆਪਣੀ ਮਾਤ ਭਾਸ਼ਾ ਵਿੱਚ ਪਰਪੱਕ ਹੋ ਸਕੇ ਤੇ ਮਾਤਾਵਾਂ ਨੂੰ ਸਾਰਾ ਦਿਨ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਤੇ ਹਿੰਦੀ ਵਿੱਚ ਚਿੜੀ-ਤੋਤਿਆਂ ਦੇ ਨਾਵਾਂ ਦੇ ਘੋਟੇ ਨਾ ਲਵਾਉਣੇ ਪੈਣ। 

ਜਿੱਥੋਂ ਤਕ ਹਿੰਦੀ ਦਾ ਸੁਆਲ ਹੈ, ਪੰਜਾਬੀ ਬੱਚਿਆਂ ਨੂੰ ਹਿੰਦੀ ਦੀ ਪੜ੍ਹਾਈ ਦੀ ਕੋਈ ਜ਼ਰੂਰਤ ਹੀ ਨਹੀਂ ਜਾਪਦੀ। ਮੇਰਾ ਆਪਣਾ ਨਿੱਜੀ ਤਜਰਬਾ ਹੈ ਕਿ ੩੭ ਸਾਲ ਕੇਂਦਰ ਸਰਕਾਰ ਦੇ ਇਕ ਨਾਮੀ ਮਹਿਕਮੇ ਵਿੱਚ ਕੰਮ ਕਰਨ ਦੇ ਦੌਰਾਨ ਤੇ ਨਾ ਹੀ ਉਸ ਤੋਂ ਬਾਅਦ ਅੱਜ ਤਕ ਮੈਨੂੰ ਹਿੰਦੀ ਦਾ ਇੱਕ ਵੀ ਸ਼ਬਦ ਲਿਖਣ ਦੀ ਜ਼ਰੂਰਤ ਨਹੀਂ ਪਈ। ਫਿਰ ਮੈਂ ਕਾਹਦੇ ਵਾਸਤੇ ਸਕੂਲੀ ਪੜ੍ਹਾਈ ਦੌਰਾਨ ਹਿੰਦੀ ਦੀ ਲਿਪੀ ਦੇ ਸ਼ਬਦਾਂ ਨੂੰ ਘੋਟੇ ਲਾ ਲਾ ਕੇ ਆਪਣਾ ਵਕਤ ਜ਼ਾਇਆ ਕਰਦਾ ਰਿਹਾ। ਅੱਜਕੱਲ੍ਹ ਮੰਨੂਵਾਦੀਆਂ ਦੇ ਦਬਾਅ ਹੇਠ ਇਸ ਤਰ੍ਹਾਂ ਦੀ ਵਕਤ ਦੀ ਬਰਬਾਦੀ ਕਿਤੇ ਵਧ ਗਈ ਹੈ। ਸ਼ਾਇਦ ਇਹ ਇਸੇ ਕਰਕੇ ਕੀਤਾ ਜਾ ਰਿਹਾ ਹੈ ਤਾਂ ਕਿ ਮੰਨੂਵਾਦੀਆਂ ਤੋਂ ਇਲਾਵਾ ਹੋਰ ਕੋਈ ਵੀ ਜ਼ਿਆਦਾ ਗਿਆਨ ਪ੍ਰਾਪਤ ਕਰਨ ਦਾ ਵਕਤ ਨਾ ਕੱਢ ਸਕੇ। ਇਹ ਪੁਰਾਣੇ ਵਕਤਾਂ ਵਿੱਚ ਗਿਆਨ ਲੈਣ ਤੋਂ ਰੋਕਣ ਲਈ ਮੰਨੂਵਾਦੀਆਂ ਵੱਲੋਂ ਮਾੜਿਆਂ ਦੇ ਕੰਨਾਂ ਵਿੱਚ ਸਿੱਕਾ ਪਿਘਲਾ ਕੇ ਪਾਉਣ ਦੇ ਬਰਾਬਰ ਹੈ।

ਜਿੱਥੋਂ ਤਕ ਪੰਜਾਬ ਦੇ ਹਿੰਦੂ ਵੀਰਾਂ ਦੇ ਪੁਰਾਣੇ ਦੱਸੇ ਜਾਂਦੇ ਸ਼ਾਸਤਰਾਂ, ਵੇਦਾਂ ਆਦਿ ਨੂੰ ਪੜ੍ਹਨ ਦਾ ਸਵਾਲ ਹੈ, ਉਨ੍ਹਾਂ ਨੂੰ ਪੰਜਾਬੀ ਵਿੱਚ ਉਲਥਾ ਕਰਕੇ ਜਾਂ ਗੁਰਮੁਖੀ ਵਿਚ ਲਿਪੀਅੰਤਰ ਕਰਕੇ ਵੀ ਪੜ੍ਹਿਆ ਜਾ ਸਕਦਾ ਹੈ। ਉਂਜ ਵੀ ਇਹ ਸਾਰੇ ਗ੍ਰੰਥ ਹਿੰਦੀ ਦੀ ਬਜਾਏ ਸੰਸਕ੍ਰਿਤ ਵਿਚ ਹਨ। ਇਸ ਲਈ ਹਿੰਦੀ ਨੂੰ ਸਿੱਖਣ ਦੀ ਬਜਾਏ ਪੁਰਾਣਾ ਸਾਹਿਤ ਪੜ੍ਹਨ ਲਈ ਸੰਸਕ੍ਰਿਤ ਸਿੱਖਣੀ ਪੰਜਾਬੀ ਹਿੰਦੂਆਂ ਲਈ ਜ਼ਿਆਦਾ ਫ਼ਾਇਦੇਮੰਦ ਹੈ। ਇਸ ਕਰਕੇ ਹਿੰਦੀ ਤੇ ਸੰਸਕ੍ਰਿਤ ਦੋਵਾਂ ਨੂੰ ਇਕ ਚੋਣਵੇਂ ਵਿਸ਼ੇ ਦੇ ਤੌਰ ਤੇ ਦਸਵੀਂ ਜਮਾਤ ਵਿੱਚ ਲਾਇਆ ਜਾ ਸਕਦਾ ਹੈ। ਹਿੰਦੀ ਨੂੰ ਪੰਜਾਬ ਵਿਚ ਇਕ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੜ੍ਹਾਏ ਜਾਣ ਦਾ ਕੋਈ ਵੀ ਕਾਰਨ ਨਜ਼ਰ ਨਹੀਂ ਆਉਂਦਾ। ਉਂਜ ਵੀ ਇਹ ਪੰਜਾਬੀ ਸੂਬਾ ਹੈ। ਪਰ ਜੇ ਫਿਰ ਵੀ ਕੇਂਦਰ ਸਰਕਾਰ ਦੀ ਸਰਕਾਰੀ ਭਾਸ਼ਾ ਹੋਣ ਕਰਕੇ ਕੋਈ ਪੜ੍ਹਨਾ ਚਾਹੇ ਤਾਂ ਇਸ ਨੂੰ ਚੋਣਵੇਂ ਵਿਸ਼ੇ ਦੇ ਤੌਰ ਤੇ ਲਾਗੂ ਕੀਤਾ ਜਾ ਸਕਦਾ ਹੈ ਤਾਂ ਕਿ ਜੋ ਪੜ੍ਹਨਾ ਚਾਹੇ ਉਹ ਪੜ੍ਹ ਸਕੇ।

ਪੰਜਾਬ ਦਾ ਇਤਿਹਾਸ ਤੇ ਖਾਸ ਕਰਕੇ ਸਿੱਖ ਇਤਿਹਾਸ ਮੁਸਲਮਾਨ ਧਾੜਵੀਆਂ ਦੀ ਆਮਦ ਨਾਲ ਜੁਡ਼ਿਆ ਹੋਇਆ ਹੈ। ਇਸ ਕਰਕੇ ਇਹ ਇਤਿਹਾਸ ਜ਼ਿਆਦਾਤਰ ਮੁਸਲਮਾਨ ਲੇਖਕਾਂ ਦੁਆਰਾ ਲਿਖਿਆ ਫਾਰਸੀ ਭਾਸ਼ਾ ਵਿੱਚ ਤੇ ਅਰਬੀ ਲਿੱਪੀ ਵਿਚ ਮਿਲਦਾ ਹੈ। ਇਸ ਦੀ ਜਾਣਕਾਰੀ ਅਤੇ ਖੋਜ ਨੂੰ ਅੱਗੇ ਵਧਾਉਣ ਲਈ ਇਹ ਜ਼ਰੂਰੀ ਹੈ ਕਿ ਫ਼ਾਰਸੀ ਤੇ ਉੜਦੂ ਭਾਸ਼ਾ ਨੂੰ ਵੀ ਇਕ ਚੋਣਵੇਂ ਵਿਸ਼ੇ ਦੇ ਤੌਰ ਤੇ ਦਸਵੀਂ ਜਮਾਤ ਵਿੱਚ ਲਾਗੂ ਕੀਤਾ ਜਾਵੇ। ਨਾਲ ਦੀ ਨਾਲ ਇਸ ਇਤਿਹਾਸ ਨੂੰ ਪੰਜਾਬੀ ਵਿੱਚ ਉਲਥਾ ਕੇ ਮਿਲਣਯੋਗ ਬਣਾਉਣਾ ਪੰਜਾਬ ਸਰਕਾਰ ਦੀ ਇੱਕ ਪਹਿਲ ਹੋਣੀ ਚਾਹੀਦੀ ਹੈ ਤਾਂ ਕਿ ਆਪਣਾ ਹੀ ਇਤਿਹਾਸ ਪੜ੍ਹਨ ਲਈ ਅਸੀਂ ਬਾਹਰਲੀਆਂ ਭਾਸ਼ਾਵਾਂ ਤੇ ਨਿਰਭਰ ਨਾ ਰਹੀਏ।  

ਜਿੱਥੋਂ ਤਕ ਹਿੰਦੀ ਵਿਚ ਬੋਲਣ ਦੀ ਜ਼ਰੂਰਤ ਦਾ ਸਵਾਲ ਹੈ, ਪੰਜਾਬ ਵਿੱਚ ਰਹਿੰਦਿਆਂ ਕਿਸੇ ਨੂੰ ਹਿੰਦੀ ਬੋਲਣ ਦੀ ਬਹੁਤੀ ਸਮੱਸਿਆ ਨਹੀਂ ਹੈ। ਇਹ - ਗਊ ਖੇਤਰ ਦੇ ਸੂਬਿਆਂ ਵਿੱਚ ਬੋਲਣ ਸਮਝਣ ਦੇ ਕੰਮ ਆਉਂਦੀ ਹੈ। ਪਰ ਇੰਨੀ ਕੁ  ਹਿੰਦੀ ਤਾਂ ਪੰਜਾਬੀਆਂ ਨੂੰ ਉਂਜ ਹੀ ਜਾਂਦੀ ਹੈ। ਪਹਿਲਾ ਕਾਰਨ ਇਹ ਹੈ ਕਿ ਹਿੰਦੀ ਤੇ ਪੰਜਾਬੀ ਦੇ ਬੋਲਣ ਵਿਚ ਕਾਫ਼ੀ ਕੁਝ ਸਾਂਝਾ ਹੈ। ਦੂਸਰਾ, ਭਾਰਤ ਸਰਕਾਰ, ਟੀ ਵੀ, ਫ਼ਿਲਮਾਂ, ਅਖ਼ਬਾਰ, ਸਾਡੇ ਘਟੀਆ ਸਕੂਲ ਅਤੇ ਮਨੂੰਵਾਦੀ ਚੌਧਰੀ ਸਭ ਦੇ ਸਭ ਸਾਨੂੰ ਹਿੰਦੀ ਬੋਲਣੀ ਤੇ ਸਮਝਣੀ ਸਿਖਾਉਣ ਵਿੱਚ ਹੀ ਤਾਂ ਲੱਗੇ ਹੋਏ ਹਨ। ਜੇ ਅਸੀਂ ਉਨ੍ਹਾਂ ਦੀ ਇੰਨੀ ਮਿਹਨਤ ਦੇ ਬਾਵਜੂਦ ਹਿੰਦੀ ਬੋਲਣੀ ਤੇ ਸਮਝਣੀ ਨਹੀਂ ਸਿੱਖ ਸਕਦੇ ਤਾਂ ਫਿਰ ਅਸੀਂ ਸਕੂਲਾਂ ਵਿੱਚ ਵੀ ਨਹੀਂ ਸਿੱਖ ਸਕਦੇ।    

ਪੁਰਾਤਨ ਸੱਭਿਅਤਾ ਦੀ ਦੁਹਾਈ ਦੇਣ ਵਾਲੇ ਮੰਨੂਵਾਦੀਏ ਅੱਜਕੱਲ੍ਹ ਹਿੰਦੀ ਤੇ ਸੰਸਕ੍ਰਿਤ ਨੂੰ ਅੱਗੇ ਵਧਾਉਣ ਲਈ ਅੱਡੀ  ਚੋਟੀ ਦਾ ਜ਼ੋਰ ਲਾ ਰਹੇ ਹਨ। ਇਸ ਕਰਕੇ ਇਹ ਲੋਕ ਭਾਰਤ ਵਿੱਚ ਅੰਗਰੇਜ਼ੀ ਨੂੰ ਅੱਗੇ ਵਧਾਉਣ ਵਾਲੇ ਥਾਮਸ ਬੈਬਿੰਗਟਨ ਮੈਕਾਲੇ ਨੂੰ ਨਫ਼ਰਤ ਦੀ ਨਜ਼ਰ ਨਾਲ ਯਾਦ ਕਰਦੇ ਹਨ ਤੇ ਅੰਗਰੇਜ਼ੀ ਵਿਚ ਕੰਮਕਾਰ ਕਰਨ ਵਾਲਿਆਂ ਨੂੰ ਇਹ ਮੈਕਾਲੇ ਦੇ ਬੱਚੇ(Macaulay’s Children) ਕਹਿ ਕੇ ਛੁਟਿਆਉਂਦੇ ਹਨ। ਪਰ ਉਹ ਭੁੱਲ ਜਾਂਦੇ ਹਨ ਕਿ ਹਿੰਦੀ ਤੇ ਉੜਦੂ ਸਿਰਫ਼ ਸਵਾ ਦੋ ਸੌ ਸਾਲ ਪਹਿਲਾਂ ਹੀ ਪੈਦਾ ਹੋਈਆਂ ਭਾਸ਼ਾਵਾਂ ਹਨ ਜਿਨ੍ਹਾਂ ਨੂੰ ਜੌਹਨ ਬੋਰਥਵਿਕ ਗਿਲਕ੍ਰਿਸਟ ਨੇ ਪੈਦਾ ਕੀਤਾ ਸੀ। ਇਸ ਲਈ ਹਿੰਦੀ ਤੇ ਉੜਦੂ ਥੋਪਣ ਵਾਲਿਆਂ ਨੂੰ ਵੀ ਇਕ ਅੰਗਰੇਜ਼ ਗਿਲਕ੍ਰਿਸਟ ਦੇ ਬੱਚੇ(Gilchrist’s Children) ਆਖਿਆ ਜਾ ਸਕਦਾ ਹੈ। ਉਸ ਨੇ ਇਹਨਾਂ ਦੋਵਾਂ ਭਾਸ਼ਾਵਾਂ ਨੂੰ ਦਿੱਲੀ ਦੁਆਲੇ ਦੇ ਖੇਤਰ ਦੀਆਂ ਇਲਾਕਾਈ ਬੋਲੀਆਂ(ਖਾਸ ਕਰਕੇ 'ਖੜੀ' ਬੋਲੀ) ਦੇ ਆਧਾਰ ਤੇ ਬਣਾਇਆ ਸੀ। ਮੰਨੂਵਾਦੀਆਂ ਲਈ ਇਹ ਕਾਰਜ ਬੜਾ ਫ਼ਾਇਦੇਮੰਦ ਸਾਬਤ ਹੋਇਆ ਹੈ। ਉਨ੍ਹਾਂ ਨੇ ਗਊ ਖੇਤਰ ਦੇ - ਸੂਬਿਆਂ ਦੀਆਂ ਬਹੁਤ ਸਾਰੀਆਂ ਇਲਾਕਾਈ ਭਾਸ਼ਾਵਾਂ ਨੂੰ ਦੇਵਨਾਗਰੀ ਵਿੱਚ ਲਿਖ ਕੇ ਹਿੰਦੀ ਦਾ ਹੀ ਹਿੱਸਾ ਬਣਾ ਦਿੱਤਾ ਹੈ ਜਿਸ ਨਾਲ ਇਨ੍ਹਾਂ ਇਲਾਕਿਆਂ ਦੀ ਆਜ਼ਾਦ ਸੱਭਿਅਤਾ ਤੇ ਮੰਨੂੰਵਾਦੀਆਂ ਦਾ ਪ੍ਰਭਾਵ ਵਧਿਆ ਹੈ। ਇਸੇ ਸਰਗਰਮੀ ਵਜੋਂ ਸਿਰਫ਼ ਸਵਾ ਦੋ ਸੌ ਸਾਲ ਪਹਿਲਾਂ ਪੈਦਾ ਹੋਈਆਂ ਹਿੰਦੀ ਤੇ ਉੜਦੂ ਭਾਸ਼ਾਵਾਂ ਨੂੰ ਉੱਚੀ ਥਾਂ ਦਿੱਤੀ ਜਾ ਰਹੀ ਹੈ ਤੇ ਪੰਜਾਬੀ ਨੂੰ ਤਿਰਸਕਾਰਿਆ ਜਾ ਰਿਹਾ ਹੈ। ਪੰਜਾਬੀ ਬੋਲਣ ਵਾਲੇ ਹਿੰਦੂ ਤੇ ਪਾਕਿਸਤਾਨੀ ਮੁਸਲਮਾਨ ਕਰਮਵਾਰ ਹਿੰਦੀ ਤੇ ਉੜਦੂ ਨੂੰ ਆਪਣੀ ਭਾਸ਼ਾ ਬਣਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ ਤੇ ਆਪਣੀ ਮਾਂ ਬੋਲੀ ਪੰਜਾਬੀ ਬਾਰੇ ਪੰਜਾਬੀਆਂ ਵਿਚ ਹੀ ਹੀਣ ਭਾਵਨਾ ਘਰ ਕਰਦੀ ਜਾਂਦੀ ਹੈ। ਇਹ ਹੀਣ ਭਾਵਨਾ ਮੰਨੂਵਾਦੀਆਂ ਨੂੰ ਮਣਾਂ ਮੂੰਹੀਂ ਰਾਸ ਆਉਂਦੀ ਹੈ। ਇਸ ਨਾਲ ਛੋਟੇ ਬੱਚਿਆਂ ਨੂੰ ਪੰਜਾਬੀ ਵਿਚ ਬੋਲ ਚਾਲ ਤੇ ਪੜ੍ਹਾਈ ਕਰਾਉਣ ਤੋਂ ਕੱਚੀਆਂ ਜਮਾਤਾਂ ਵਿੱਚ ਹੀ ਰੋਕ ਲਿਆ ਜਾਂਦਾ ਹੈ ਜਿਸ ਨਾਲ ਉਹ ਸਕੂਲ ਵਿੱਚ ਹਿੰਦੀ ਜਾਂ ਅੰਗਰੇਜ਼ੀ ਬੋਲਣ ਲਈ ਮਜਬੂਰ ਹਨ ਤੇ ਘਰ ਕੇ ਪੰਜਾਬੀ। 

ਇਸ ਦਾ ਇੱਕ ਬਹੁਤ ਹੀ ਗੁੱਝਾ ਤੇ ਵੱਡਾ ਨੁਕਸਾਨ ਹੋ ਰਿਹਾ ਹੈ ਜਿਸ ਦੀ ਕੋਈ ਚਰਚਾ ਕਿਧਰੇ ਨਜ਼ਰ ਨਹੀਂ ਆਉਂਦੀ। ਇਹ ਇੰਜ ਹੈ ਕਿ ਬੱਚਾ ਤਿੰਨ ਵੱਖ ਵੱਖ ਬੋਲੀਆਂ ਦੇ ਅੱਖਰਾਂ ਵਿੱਚ ਉਲਝ ਜਾਂਦਾ ਹੈ ਤੇ ਬੋਲਣ ਵਿਚ ਝਿਜਕਣ ਲੱਗਦਾ ਹੈ। ਉਹ ਆਪਣਾ ਆਮ ਬੋਲ ਚਾਲ ਕੁਦਰਤੀ ਤੇਜ਼ੀ ਨਾਲ ਨਹੀਂ ਕਰ ਸਕਦਾ। ਇਹ ਝਿਜਕ ਬੱਚੇ ਨੂੰ ਜਨਤਕ ਤੌਰ ਤੇ ਤੇਜ਼ੀ ਨਾਲ ਬੋਲ ਸਕਣ ਦੇ ਗੁਣ ਨੂੰ ਵੀ ਅਪਨਾਉਣ ਤੋਂ ਰੋਕਦੀ ਹੈ। ਇਸ ਦਾ ਹੀ ਨਤੀਜਾ ਹੈ ਕਿ ਆਮ ਕਰਕੇ ਜਿੰਨਾ ਕੋਈ ਅੰਗਰੇਜ਼ ਅੰਗਰੇਜ਼ੀ ਵਿੱਚ ਜਾਂ ਗਊ ਖੇਤਰ ਵਾਲਾ ਹਿੰਦੀ ਵਿੱਚ ਸੌਖਾ ਤੇ ਤੇਜ਼ ਬੋਲ ਸਕਦਾ ਹੈ, ਓਨਾ ਕੋਈ ਵੀ ਪੰਜਾਬੀ ਪੰਜਾਬੀ ਵਿੱਚ ਨਹੀਂ ਬੋਲ ਸਕਦਾ। ਸਪੱਸ਼ਟ ਹੈ ਕਿ ਉਸ ਦਾ ਪੰਜਾਬੀ ਵਿਚ ਬੋਲਣ ਦਾ ਮੁਹਾਵਰਾ ਜ਼ਿੰਦਗੀ ਦੇ ਤਜਰਬੇ ਦੇ ਤੌਰ ਤੇ ਪੱਕਾ ਹੀ ਨਹੀਂ ਹੋਇਆ ਹੁੰਦਾ ਤੇ ਉੱਤੋਂ ਉਹ ਪੰਜਾਬੀ ਬੋਲਣ ਲੱਗਿਆਂ ਨਿੱਤ ਸਿਰ ਵਿੱਚ ਵੱਜਦੇ ਹਿੰਦੀ ਤੇ ਅੰਗਰੇਜ਼ੀ ਦੇ ਸ਼ਬਦਾਂ ਵਿੱਚ ਉਲਝਣ ਲੱਗ ਜਾਂਦਾ ਹੈ। ਜੇ ਇਤਬਾਰ ਨਹੀਂ ਤਾਂ ਟੀਵੀ ਉੱਤੇ ਵੇਖੋ ਕਿ ਇੱਕ ਮਾਈਕ ਵੇਖ ਕੇ ਯੂਪੀ ਤੇ ਬਿਹਾਰ ਵਾਲੇ ਲੋਕ ਕਿੰਨਾ ਤੇਜ਼ ਤੇ ਕੁਦਰਤੀ ਬੋਲਦੇ ਹਨ ਤੇ ਪੰਜਾਬ ਵਾਲੇ ਕਿੰਨਾ। ਸਰਵੇ ਦੇ ਤੌਰ ਤੇ ਦੋਹਾਂ ਦੀ ਕੁਦਰਤੀਪਣ ਦੀ ਔਸਤ ਕੱਢ ਲਈ ਜਾਵੇ ਤਾਂ ਗੱਲ ਸਪੱਸ਼ਟ ਹੋ ਜਾਵੇਗੀ। ਹੁਣ ਤਾਂ ਪੰਜਾਬੀ ਦੇ ਟੀਵੀ ਚੈਨਲਾਂ ਉੱਤੇ ਆਉਣ ਵਾਲੀਆਂ ਖ਼ਬਰਾਂ ਵੀ ਨਾ ਤਾਂ ਸ਼ੁੱਧ ਪੰਜਾਬੀ ਵਿੱਚ ਲਿਖੀਆਂ ਜਾਂਦੀਆਂ ਤੇ ਨਾ ਬੋਲੀਆਂ ਜਾਂਦੀਆਂ। ਪੰਜਾਬੀ ਟੀਵੀ ਦੇ ਨਾਂ ਤੇ ਚਿੱਕੜ ਵਰਤਾਇਆ ਜਾ ਰਿਹਾ ਹੈ।

ਇਸ ਲਈ ਪੰਜਾਬੀ ਬੱਚਿਆਂ ਨੂੰ ਪੰਜਵੀਂ ਜਮਾਤ ਤਕ ਕੇਵਲ ਪੰਜਾਬੀ ਵਿੱਚ ਹੀ ਸਿੱਖਿਆ ਦਿੱਤੀ ਜਾਵੇ। ਛੇਵੀਂ ਜਮਾਤ ਤੋਂ ਅੰਗਰੇਜ਼ੀ ਲਾਗੂ ਕੀਤੀ ਜਾਵੇ ਤੇ ਬਾਕੀ ਦੀਆਂ ਭਾਸ਼ਾਵਾਂ ਦਸਵੀਂ ਤੋਂ ਬਾਅਦ ਸਿਰਫ਼ ਚੋਣਵੇਂ ਵਿਸ਼ੇ ਦੇ ਤੌਰ ਤੇ ਹੀ ਪੜ੍ਹਾਈਆਂ ਜਾਣ। ਜਿਹੜੇ ਨਿੱਜੀ ਸਕੂਲ ਪੰਜਾਬੀ ਨੂੰ ਉਹਦਾ ਬਣਦਾ ਹੱਕ ਦੇਣ ਤੋਂ ਕੰਨੀ ਕਤਰਾਉਂਦੇ ਹਨ ਉਨ੍ਹਾਂ ਨੂੰ ਸੂਬੇ ਦੇ ਸਾਧਨਾਂ ਤੇ ਮਨਜ਼ੂਰੀਆਂ ਤੋਂ ਹੱਥ ਖਿੱਚ ਕੇ ਅਕਲ ਸਿਖਾਈ ਜਾ ਸਕਦੀ ਹੈ। ਪਰ ਇਸ ਲਈ ਜਨਤਕ ਦਬਾਅ ਜ਼ਰੂਰੀ ਹੋ ਗਿਆ ਹੈ। ਪੰਜਾਬੀ ਤੇ ਹਮਲਾ ਇੰਨਾ ਜ਼ੋਰਦਾਰ ਹੈ ਕਿ ਇਸ ਨੂੰ ਪਛਾੜਨ ਲਈ ਦਿੱਲੀ ਲਾਗੇ ਚੱਲ ਰਹੇ ਕਿਸਾਨ ਅੰਦੋਲਨ ਵਾਂਗੂੰ ਹੀ ਚੰਡੀਗੜ੍ਹ ਵਿੱਚ ਇੱਕ ਇਹੋ ਜਿਹੇ ਅੰਦੋਲਨ ਦੀ ਲੋੜ ਹੈ ਜਿਹੜਾ ਚੰਡੀਗੜ੍ਹ ਵਸਦੇ ਘੁੱਗੂ ਸਿਆਸਤਦਾਨਾਂ ਦੇ ਨੱਕ ਵਿਚ ਦਮ ਕਰ ਦੇਵੇ। ਇਹ ਅੰਦੋਲਨ ਆਮ ਲੋਕਾਂ ਦੁਆਰਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਪੰਜਾਬੀ ਭਾਸ਼ਾ ਇਕੱਲੇ ਪੰਜਾਬੀ ਲੇਖਕਾਂ ਦੀ ਭਾਸ਼ਾ ਨਹੀਂ, ਇਹ ਆਮ ਲੋਕਾਂ ਦੀ ਹੈ ਜੋ ਪੰਜਾਬ ਵਿੱਚ ਵੱਸਦੇ ਹਨ।

(੨੨।੦੩।੨੦੨੧ ਦੇ ਰੋਜ਼ਾਨਾ ਸਪੋਕਸਮੈਨ ਵਿੱਚ ਛਪਿਆ ਹੋਇਆ)