August 30, 2024

ਸਿਖਾਂ ਦੇ ਨਾਲਾਇਕ ਤੇ ਦੋਗਲੇ ਆਗੂ (Hypocritical Leadership)

 ਲੋਕਰਾਜ ਦੇ ਦੋਗਲੇ ਪੰਜਾਬੀ ਆਗੂ

ਪੰਜਾਬੀ ਵਿੱਚ ਆਗੂ ਸ਼ਬਦ ਦਾ ਬੜਾ ਸਪਸ਼ਟ ਜਿਹਾ ਅਰਥ ਹੈ ਕਿ ਜਿਹੜਾ ਅਗਵਾਈ ਦੇਵੇ। ਅੰਗਰੇਜ਼ੀ ਵਿੱਚ ਆਗੂ ਨੂੰ ਲੀਡਰ ਕਹਿੰਦੇ ਹਨ ਤੇ ਉੱਥੇ ਵੀ ਇਸ ਦੇ ਅਰਥ ਇਹ ਹੀ ਹਨ, ਜੋ lead ਕਰੇ। ਪਰ ਸਾਡੇ ਬਹੁਤੇ ਆਗੂ ਲੋਕਾਂ ਨੂੰ ਅਗਵਾਈ ਦੇਣ ਦੀ ਬਜਾਏ ਉਹਨਾਂ ਤੋਂ ਅਗਵਾਈ ਲੈਂਦੇ ਹਨ ਅਤੇ ਇਸੇ ਕਰਕੇ ਬਹੁਤੀ ਵਾਰੀ ਆਮ ਲੋਕਾਂ ਨਾਲੋਂ ਵੀ ਨੀਵੇਂ ਪੱਧਰ ਦੀਆਂ ਗੱਲਾਂ ਕਰਕੇ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਿਉਂਕਿ ਪੁਰਾਣਿਆਂ ਵਕਤਾਂ ਵਿੱਚ ਦਿਮਾਗੀ ਸ਼ਕਤੀ ਨਾਲੋਂ ਸਰੀਰਕ ਸ਼ਕਤੀ ਜਿਆਦਾ ਅਹਿਮੀਅਤ ਰੱਖਦੀ ਸੀ ਇਸ ਕਰਕੇ ਸਰੀਰਕ ਲੜਾਈ ਭੇੜ ਦੀ ਚੰਗੀ ਅਗਵਾਈ ਦੇ ਸਕਣ ਵਾਲੇ ਹੀ ਰਾਜੇ, ਵਜ਼ੀਰ ਜਾਂ ਸਮਾਜਕ ਨਾਇਕ ਜਾਂ ਸੂਰਮੇ ਬਣਦੇ ਸਨ। ਇਸੇ ਕਰਕੇ ਇਤਿਹਾਸ ਵਿੱਚ ਉਹਨਾਂ ਦੀਆਂ ਬਹਾਦਰੀ ਨਾਲ ਲੜੀਆਂ ਲੜਾਈਆਂ ਦਾ ਆਮ ਹੀ ਜ਼ਿਕਰ ਆਉਂਦਾ ਹੈ। ਦਿਮਾਗ ਦੀਆਂ ਵਿਉਂਤਾਂ ਦੀ ਵੀ ਕਦਰ ਹੁੰਦੀ ਸੀ ਪਰ ਉਸ ਪੱਧਰ ਦੀ ਨਹੀਂ।

ਕਿਉਂਕਿ ਹੁਣ ਆਹਮੋ ਸਾਹਮਣੇ ਸਰੀਰਕ ਲੜਾਈਆਂ ਦਾ ਦੌਰ ਨਹੀਂ ਰਿਹਾ ਅਤੇ ਦੂਰੋਂ ਬੈਠ ਕੇ ਗੋਲੀਆਂ, ਬੰਬ, ਮਿਜਾਈਲਾਂ, ਡਰੋਨ ਆਦਿ ਚਲਾਉਣ ਦੇ ਸਮੇਂ ਗਏ ਹਨ, ਇਸ ਲਈ ਇਹੋ ਜਿਹੀਆਂ ਚੀਜ਼ਾਂ ਬਣਾ ਸਕਣ ਵਾਲੇ ਮੁਲਕ ਦੂਜਿਆਂ ਤੇ ਗਲਬਾ ਪਾਉਣ ਵਿੱਚ ਸਫਲ ਹਨ। ਪਰ ਇਹ ਸਭ ਚੀਜ਼ਾਂ ਵਿਗਿਆਨ ਦੀ ਤਰੱਕੀ ਨਾਲ ਸੰਭਵ ਹੋਈਆਂ ਹਨ ਅਤੇ ਵਿਗਿਆਨ ਦਿਮਾਗ ਦੀ ਵਿਉਂਤਬੰਦੀ ਵਿੱਚੋਂ ਨਿਕਲਦਾ ਹੈ, ਸਰੀਰਕ ਤਾਕਤ ਦੀ ਵਰਤੋਂ ਵਿੱਚੋਂ ਨਹੀਂ। ਅੱਜਕਲ੍ਹ ਬਹੁਤੇ ਦੇਸ਼ਾਂ ਵਿੱਚ ਲੋਕਰਾਜ ਹੀ ਚੱਲਦਾ ਹੈ ਕਿਉਂਕਿ ਦੁਨੀਆਂ ਦਾ ਸਭ ਤੋਂ ਅਮੀਰ ਅਤੇ ਦਬਦਬੇ ਵਾਲਾ ਮੁਲਕ ਅਮਰੀਕਾ ਅਜਿਹੇ ਹਥਿਆਰ ਬਣਾਉਣ ਵਿੱਚ ਦੁਨੀਆਂ ਵਿੱਚ ਸਭ ਤੋਂ ਅੱਗੇ ਹੈ ਅਤੇ ਲੋਕਰਾਜ ਦੀ ਹਾਮੀ ਭਰਦਾ ਹੈ। ਇਸ ਕਰਕੇ ਬਹੁਤੇ ਛੋਟੇ ਵੱਡੇ ਦੇਸ਼ ਆਪਣੇ ਆਪ ਨੂੰ ਲੋਕ ਰਾਜੀ ਬਣਾਉਣ ਜਾਂ ਦੱਸਣ ਵਿੱਚ ਹੀ ਭਲਾ ਸਮਝਦੇ ਹਨ। ਇਹੋ ਜਿਹੇ ਹਾਲਾਤ ਵਿੱਚ ਲੋਕ ਰਾਜੀ ਨਿਜ਼ਾਮ ਦੇ ਕਿਹੋ ਜਿਹੇ ਆਗੂ ਸਾਹਮਣੇ ਆਉਣਗੇ?

ਲੋਕਰਾਜ ਦੇ ਦੌਰ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਰਾਏ ਆਪਣੇ ਹੱਕ ਵਿੱਚ ਕਰਨ ਨਾਲ ਹੀ ਉਹਨਾਂ ਦੇ ਆਗੂ ਬਣਿਆ ਜਾ ਸਕਦਾ ਹੈ। ਇਸ ਕੰਮ ਵਿੱਚ ਵੀ ਸਰੀਰਕ ਸ਼ਕਤੀ ਦੀ ਬਹੁਤੀ ਵਰਤੋਂ ਨਹੀਂ ਹੁੰਦੀ। ਜਿਆਦਾ ਦਿਮਾਗੀ ਵਿਉਂਤਬੰਦੀਆਂ ਤੇ ਚਲਾਕੀਆਂ ਹੀ ਕੰਮ ਆਉਂਦੀਆਂ ਹਨ। ਪਰ ਜਿਸ ਮੁਲਕ ਦੇ ਲੋਕ ਹੱਦੋਂ ਵੱਧ ਪਛੜੇ ਹੋਏ, ਭੁੱਖ ਨਾਲ ਜੂਝਦੇ ਹੋਏ ਅਤੇ ਬ੍ਰਾਹਮਣਵਾਦ ਦੇ ਨਾ-ਬਰਾਬਰੀ ਦੇ ਨਰਕ ਵਿਚ ਪਲੇ ਹੋਏ ਹੋਣ, ਉਹ ਰਾਏ(ਵੋਟ) ਦੇਣ ਲੱਗਿਆਂ ਕਿਹੜੇ ਗੁਣਾਂ ਨੂੰ ਪਹਿਲ ਦੇਣਗੇ? ਮੇਰੀ ਗੱਲ ਕਈਆਂ ਨੂੰ ਭਾਵੇਂ ਚੰਗੀ ਨਾ ਲੱਗੇ ਪਰ ਭਾਰਤ ਦਾ ਬ੍ਰਾਹਮਣੀ ਸਮਾਜ ਦੁਨੀਆਂ ਦਾ ਸਭ ਤੋਂ ਜਿਆਦਾ ਗਰਕਿਆ ਹੋਇਆ ਸਮਾਜ ਹੈ ਜਿੱਥੇ ਭੁੱਖ, ਅੰਨ੍ਹੇ ਗ਼ੈਰ-ਕੁਦਰਤੀ ਵਿਸ਼ਵਾਸ, ਨਾ-ਬਰਾਬਰੀ, ਵਿਤਕਰੇ ਭਰੀਆਂ ਚਲਾਕੀਆਂ ਆਦਿ ਭਾਰਤੀ ਦੁਨੀਆਂਦਾਰੀ ਦਾ ਇੱਕ ਹਿੱਸਾ ਹਨ। ਇਥੇ ਬੇਈਮਾਨੀ ਨੂੰ ਦੁਨੀਆਂਦਾਰੀ ਸਮਝਿਆ ਜਾਂਦਾ ਹੈ। ਇਹੋ ਜਿਹੇ ਲੋਕ ਸਿਰਫ ਆਪਣੀ ਭੁੱਖ ਨੂੰ ਮਿਟਾਉਣ ਲਈ ਅੰਨ ਹੀ ਨਹੀਂ ਲੱਭਦੇ ਬਲਕਿ ਆਪਣੇ ਅੰਨ੍ਹੇ ਗ਼ੈਰ-ਕੁਦਰਤੀ ਵਿਸ਼ਵਾਸਾਂ ਤੇ ਘਟੀਆ ਵਿਚਾਰਾਂ ਨੂੰ ਚੰਗਾ ਕਹਿਣ ਵਾਲੇ ਆਗੂ ਵੀ ਭਾਲਦੇ ਹਨ। ਭਾਰਤ ਦੇ ਬਹੁਤੇ ਸਨਾਤਨੀ ਇਲਾਕੇ ਵਿੱਚ ਇਹ ਹਾਲਾਤ ਆਮ ਹੀ ਹਨ। ਪਰ ਬ੍ਰਾਹਮਣੀ ਸਮਾਜ ਦਾ ਇਹ ਅਸਰ ਬਰਾਬਰੀ ਤੇ ਅਣਖ ਨਾਲ ਜਿਉਣ ਵਾਲੇ ਪੰਜਾਬੀ ਸਮਾਜ ਤੇ ਵੀ ਵਧ ਗਿਆ ਹੈ। 

ਇਹੋ ਜਿਹੇ ਹਾਲਾਤ ਵਿੱਚ ਜਾਂ ਇਹੋ ਜਿਹੇ ਗਰਕੇ ਹੋਏ ਸਮਾਜ ਲਈ ਕਿਹੋ ਜਿਹੇ ਆਗੂ ਹੋਣੇ ਚਾਹੀਦੇ ਹਨ? ਲੋਕਾਂ ਨੂੰ ਹੋਰ ਵੀ ਨਿਘਾਰ ਵਿੱਚ ਲਿਜਾਣ ਵਾਲੇ ਜਾਂ ਉਹਨਾਂ ਨੂੰ ਹਨੇਰੇ ਵਿੱਚੋਂ ਕੱਢ ਕੇ ਚਾਨਣ ਵਿੱਚ ਲਿਆਉਣ ਵਾਲੇ? ਹਨੇਰੇ ਤੋਂ ਚਾਨਣ ਵਿੱਚ ਲਿਜਾਣ ਵਾਲੇ ਆਗੂਆਂ ਵਿੱਚ ਸਿੱਖ ਗੁਰੂਆਂ ਦਾ ਸਥਾਨ ਟੀਸੀ ਵਾਲਾ ਹੈ। ਪਰ ਕੀ ਗੁਰੂਆਂ ਦਾ ਨਾਂ ਲੈ ਕੇ ਸਾਡੇ ਆਸ ਪਾਸ ਵਿਚਰਦੇ ਆਗੂਆਂ ਵਿੱਚ ਅਸੀਂ ਇਸ ਗੁਣ ਦੀ ਝਲਕ ਵੀ ਵੇਖਦੇ ਹਾਂ? ਬਹੁਤੇ ਆਗੂ ਲੋਕਾਂ ਨੂੰ ਅਗਵਾਈ ਨਹੀਂ ਦੇ ਰਹੇ, ਉਲਟਾ ਉਹਨਾਂ ਤੋਂ ਅਗਵਾਈ ਲੈ ਰਹੇ ਹਨ। ਕੁਝ ਕੁ ਮਿਸਾਲਾਂ ਨਾਲ ਹੀ ਇਸ ਗੱਲ ਨੂੰ ਸਪਸ਼ਟ ਕੀਤਾ ਜਾ ਸਕਦਾ ਹੈ। 

ਹੁਣੇ ਜਿਹੇ ਇੱਕ ਪੰਜਾਬੀ ਸਿਆਸੀ ਆਗੂ (ਖਹਿਰਾ) ਨੇ ਹਿੰਮਤ ਕਰਕੇ ਇਹ ਮੰਗ ਜਨਤਕ ਕੀਤੀ ਹੈ ਕਿ ਬਾਹਰੋਂ ਆਉਣ ਵਾਲੇ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਜਮੀਨ ਖਰੀਦਣ, ਵੋਟ ਬਣਾਉਣ ਆਦਿ ਤੇ ਪਾਬੰਦੀਆਂ ਲਾਈਆਂ ਜਾਣ। ਉਸ ਨੇ ਪਹਿਲਾਂ ਵੀ ਇਸ ਬਾਰੇ ਇੱਕ ਬਿੱਲ ਵਿਧਾਨ ਸਭਾ ਵਿੱਚ ਪੇਸ਼ ਕੀਤਾ ਸੀ ਜਿਸਦੀ ਕਿਤੇ ਉਘਸੁੱਘ ਨਹੀਂ ਨਿਕਲੀ। ਵੱਡੇ ਵੱਡੇ ਸਟੇਜੀ ਯੋਧਿਆਂ ਤੇ ਜਗੀਰਦਾਰੀ ਪੱਗੜਾਂ ਨੇ ਚੂੰ ਵੀ ਨਾ ਕੀਤੀ। ਛੋਟੀ ਮੱਤ ਵਾਲੇ ਨਾਮਾਲੂਮ ਜਿਹੇ ਲੋਕਾਂ ਵਿਚੋਂ ਅਚਾਨਕ ਵਿਧਾਇਕ ਬਣ ਗਏ ਆਗੂਆਂ ਤੋਂ ਤਾਂ ਉਮੀਦ ਹੀ ਕਿਸ ਨੂੰ ਸੀ? ਕਾਰਨ ਕੀ ਹੈ? ਕਾਰਨ ਇਹ ਹੈ ਕਿ ਪ੍ਰਵਾਸੀਆਂ ਦੀਆਂ ਕਾਫੀ ਵੋਟਾਂ ਬਣ ਚੁੱਕੀਆਂ ਹਨ ਅਤੇ ਇਹ ਮੁਰਦੇ ਆਗੂ ਉਹਨਾਂ ਪ੍ਰਵਾਸੀਆਂ ਦੀਆਂ ਇੱਛਾਵਾਂ ਤੋਂ ਅਗਵਾਈ ਲੈ ਰਹੇ ਹਨ। ਜੇ ਉਹ ਆਗੂ ਹੁੰਦੇ, ਤੇ ਉਹ ਵੀ ਪੰਜਾਬੀਆਂ ਦੇ, ਤਾਂ ਪੰਜਾਬੀਆਂ ਦੇ ਸੱਭਿਆਚਾਰ ਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਣ ਲਈ ਇਸ ਗੱਲ ਨੂੰ ਜੋਰ ਸ਼ੋਰ ਨਾਲ ਉਠਾਉਂਦੇ ਅਤੇ ਹੁਣ ਤੱਕ ਇਸ ਦਾ ਚੰਗੀ ਤਰਾਂ ਪ੍ਰਬੰਧ ਵੀ ਕਰ ਚੁੱਕੇ ਹੁੰਦੇ। ਉਲਟਾ, ਇਹ ਸਾਰੇ ਕਥਿਤ ਆਗੂ ਆਪਣੇ ਸਾਰੇ ਪੰਜੇ ਚੁੱਕ ਕੇ ਇਹਨਾਂ ਚੋਣਾਂ ਵਿਚ ਉਸੇ ਹਿੰਮਤੀ ਦੇ ਪਿੱਛੇ ਪੈ ਗਏ। ਸਾਡੇ ਸਟੇਜੀ ਮੁਖੀਏ ਨੇ ਤਾਂ ਇਸ ਨੂੰ 'ਸਰਬੱਤ ਦੇ ਭਲੇ' ਨਾਲ ਜੋੜ ਕੇ ਮੁੱਢੋਂ ਰੱਦ ਕਰ ਦਿੱਤਾ। ਉਸਦੇ ਕੰਮਾਂ ਅਤੇ ਅਮਿਤ ਸ਼ਾਹ ਦੇ ਬਿਆਨਾਂ ਵਿਚ ਹੁਣ ਬਹੁਤਾ ਫ਼ਰਕ ਨਹੀਂ ਜਾਪਦਾ। ਕਾਂਗਰਸੀ ਤੀਸ ਮਾਰ ਖਾਣਿਆਂ ਨੇ ਇਸ ਨੂੰ ਉਸ ਹਿੰਮਤੀ ਦੇ ਨਿੱਜੀ ਵਿਚਾਰ ਦੱਸ ਕੇ ਆਪਣੀ ਅਣਖ ਦਾ ਪੱਲਾ ਝਾੜ ਦਿੱਤਾ। ਅੱਜਕਲ੍ਹ ਆਪਣੇ ਆਪ ਨੂੰ ਖੇਤਰੀ ਪਾਰਟੀਆਂ ਨਾਲ ਜੋੜਨ ਦੀ ਤਾਂਘ ਰੱਖਣ ਵਾਲੇ ਟੱਬਰੀ ਦਲ ਨੇ ਮੂੰਹ ਦੁਆਲੇ ਕੰਬਲ ਵਲ੍ਹੇਟ ਕੇ ਬਿਆਨ ਦੇ ਦਿੱਤਾ ਜੋ ਕਿਸੇ ਨੂੰ ਨਹੀਂ ਸੁਣਿਆ। ਹੋਰ ਕਰਦੇ ਵੀ ਕੀ? ਕਿਉਂਕਿ ਜਦੋਂ ਉਹਨਾਂ ਦੀਆਂ ਦਹਾਕਿਆਂ ਤੱਕ ਸਰਕਾਰਾਂ ਸਨ ਉਦੋਂ ਲੋਕਾਂ ਨੇ ਉਹਨਾਂ ਨੂੰ ਅਗਵਾਈ ਹੀ ਨਹੀਂ ਦਿੱਤੀ !

ਇਹੋ ਫਰਕ ਹੁੰਦਾ ਹੈ ਅਗਵਾਈ ਦੇਣ ਵਾਲੇ ਅਤੇ ਅਗਵਾਈ ਲੈਣ ਵਾਲੇ ਆਗੂਆਂ ਵਿੱਚ।

ਦੂਜੇ ਪਾਸੇ, ਇਹ ਮੁੱਦਾ ਏਨਾ ਅਹਿਮ ਹੈ ਕਿ ਵਿਸ਼ਵ ਗੁਰੂ ਪ੍ਰਧਾਨ ਮੰਤਰੀ ਇਸ ਦਾ ਹਵਾਲਾ ਦੇ ਕੇ ਬਿਹਾਰ ਵਿਚ ਜਾ ਕੇ ਬਿਹਾਰੀਆਂ ਨੂੰ ਭੜਕਾਉਂਦਾ ਹੈ। ਦੋਗਲੇਪਣ ਦੀ ਹੱਦ ਹੈ ਕਿ ਏਸੇ ਪ੍ਰਧਾਨ ਮੰਤਰੀ ਨੇ ਆਪਣੇ ਸੂਬੇ ਗੁਜਰਾਤ ਵਿਚ ਬਾਹਰਲੇ ਲੋਕਾਂ ਦੁਆਰਾ ਜਮੀਨ ਖਰੀਦਣ ਤੇ ਪਾਬੰਦੀਆਂ ਵਾਲਾ ਕਾਨੂੰਨ ਰੱਖਿਆ ਹੋਇਆ ਹੈ ਤੇ ਇਸੇ ਕਾਨੂੰਨ ਦੀ ਆੜ ਵਿਚ ਓਥੋਂ ਦੇ ਪੰਜਾਬੀ ਕਿਰਸਾਨਾਂ ਦੇ ਖ਼ਿਲਾਫ ਸਰਕਾਰੀ ਪੈਸੇ ਨਾਲ ਸੁਪਰੀਮ ਕੋਰਟ ਵਿਚ ਕੇਸ ਲੜ ਰਿਹਾ ਹੈ। ਇਸੇ ਬ੍ਰਾਹਮਣੀ ਸੱਭਿਅਤਾ ਵਿੱਚ ਹੀ ਇਸ ਨੂੰ ਦੋਗਲਾਪਣ ਕਿਹਾ ਜਾ ਸਕਦਾ ਹੈ, ਕਿਸੇ ਵੀ ਦੂਸਰੇ ਸਭਿਆਚਾਰ ਵਿੱਚ ਇਸ ਨੂੰ ਬੇਈਮਾਨੀ ਕਿਹਾ ਜਾਏਗਾ।

ਇਹੋ ਜਿਹਾ ਹਾਲ ਹੀ ਪੰਜਾਬੀ ਲਾਗੂ ਕਰਨ ਬਾਰੇ ਹੈ। ਦੋ ਚਾਰ ਇਕੱਲ ਮੁਕੱਲੇ ਬੰਦਿਆਂ ਨੇ ਲੋਕਾਂ ਨੂੰ ਕਾਫੀ ਹੱਦ ਤੱਕ ਚੇਤੰਨ ਕੀਤਾ ਹੈ। ਪਰ ਸਾਡੇ ਆਗੂ ਅਜੇ ਜਾਗਰੂਕ ਨਹੀਂ ਹੋਏ ਕਿਉਂਕਿ ਆਮ ਲੋਕਾਂ ਨੇ ਉਹਨਾਂ ਨੂੰ ਅਜੇ ਅਗਵਾਈ ਹੀ ਨਹੀਂ ਦਿੱਤੀ। ਨਹੀਂ ਤਾਂ ਜਿਨ੍ਹਾਂ ਸਕੂਲਾਂ ਵਿੱਚ ਬੱਚਿਆਂ ਨਾਲ ਪੰਜਾਬੀ ਨਹੀਂ ਬੋਲੀ ਜਾਂਦੀ ਉਹਨਾਂ ਦਾ ਬਿਜਲੀ, ਪਾਣੀ, ਟ੍ਰਾਂਸਪੋਰਟ ਤੇ ਹੋਰ ਮਨਜ਼ੂਰੀਆਂ ਬੰਦ ਕਰਕੇ ਮਿੰਟਾਂ ਵਿੱਚ ਸਿੱਧੇ ਕੀਤੇ ਜਾ ਸਕਦੇ ਹਨ ਅਤੇ ਦੁਕਾਨਾਂ, ਅਦਾਰਿਆਂ ਵਾਲਿਆਂ ਨੂੰ ਪੰਜਾਬੀ ਫੱਟੇ ਲਾਉਣ ਲਈ ਉਹਨਾਂ ਦੀਆਂ ਮਿਉਂਸਪਲ ਪ੍ਰਵਾਨਗੀਆਂ ਰੱਦ ਕੀਤੀਆਂ ਜਾ ਸਕਦੀਆਂ ਹਨ। ਸਟੇਜੀ ਮੁਖੀਏ ਨੇ ਡੇੜ੍ਹ ਸਾਲ ਪਹਿਲਾਂ ਪੰਜਾਬੀ ਵਿੱਚ ਫੱਟੇ ਨਾ ਲਾਉਣ ਵਾਲਿਆਂ ਨੂੰ ਜੁਰਮਾਨੇ ਕਰਨ ਦਾ ਚੁਟਕਲਾ ਜਿਹਾ ਕਿਹਾ ਸੀ। ਹੈ ਕੋਈ 91 ਨੁਮਾਇੰਦਿਆਂ ਵਿੱਚੋਂ ਇੱਕ ਵੀ ਜਿਹੜਾ ਉਹਨੂੰ ਉਹਦਾ ਚੁਟਕਲਾ ਹੀ ਚੇਤੇ ਕਰਵਾ ਦਏ? ਨਹੀਂ, ਕਿਉਂਕਿ ਗੱਲ ਤਾਂ ਇਹ ਹੈ ਕਿ ਕੀ ਆਗੂ ਅਗਵਾਈ ਦੇ ਰਹੇ ਹਨ ਕਿ ਲੈ ਰਹੇ ਹਨ

ਸੜਕੀ ਹਾਦਸਿਆਂ ਵਿੱਚ ਰੋਜ਼ ਦਰਜਣਾਂ ਮੌਤਾਂ ਹੋ ਰਹੀਆਂ ਹਨ ਪਰ ਆਪਾਂ ਕਦੀ ਕਿਸੇ ਸਿਆਸੀ ਆਗੂ ਜਾਂ ਪਾਰਟੀ ਨੂੰ ਕੋਈ ਕੈਂਪ ਲਾਉਂਦਿਆਂ ਜਾਂ ਲਹਿਰ ਚਲਾਉਂਦਿਆਂ ਵੇਖਿਆ ਹੈ ਜੋ ਆਮ ਲੋਕਾਂ ਨੂੰ ਅਜਾਈਂ ਜਾਨਾਂ ਨਾ ਗੁਆਉਣ ਬਾਰੇ ਸਮਝਾਵੇ? ਕੀ ਅਸੀਂ ਸਰਕਾਰੀ ਅਹੁਦੇਦਾਰਾਂ ਨੂੰ ਕਦੀ ਵੇਖਿਆ ਹੈ ਆਵਾਜਾਈ ਦੇ ਅਸੂਲਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਂਦਿਆਂ ਤਾਂ ਕਿ ਸੜਕੀ ਹਾਦਸਿਆਂ ਵਿੱਚ ਮੌਤਾਂ ਘੱਟ ਹੋ ਸਕਣ? ਨਹੀਂ। ਉਲਟਾ, ਆਮ ਲੋਕਾਂ ਦੀ ਨੀਂਵੀਂ ਬਿਰਤੀ ਨੂੰ ਜਾਣਦਿਆਂ ਹੋਇਆਂ ਇਹ ਆਗੂ ਮਰਨ ਵਾਲਿਆਂ ਦੇ ਭੋਗਾਂ ਤੇ ਜਾ ਕੇ ਉਹਨਾਂ ਦੀਆਂ ਤਾਰੀਫਾਂ ਕਰਨ ਜਾਂ ਫਿਰ ਸਰਕਾਰੀ ਪੈਸੇ ਚੋਂ ਮਦਦ ਦੇਣ ਦੇ ਪਖੰਡ ਕਰਦੇ ਰਹਿੰਦੇ ਹਨ। ਇਸ ਤੋਂ ਵੀ ਪਤਾ ਲੱਗ ਜਾਂਦਾ ਹੈ ਕਿ ਸਾਡੇ ਆਗੂ ਅਗਵਾਈ ਦੇ ਰਹੇ ਹਨ ਜਾਂ ਲੈ ਰਹੇ ਹਨ। ਇਹ ਆਗੂ ਹਨ ਜਾਂ ਭੇਡਾਂ

ਇਸ ਗਰਕੇ ਹੋਏ ਸਮਾਜ ਵਿੱਚੋਂ ਸਾਡੇ ਸਥਾਨਕ ਆਗੂ ਇਹੋ ਜਿਹੇ ਗਰਕੇ ਨਿਕਲਦੇ ਹਨ ਕਿ ਕਿਸੇ ਲੜਾਈ ਵਿਚ ਜਿਹੜਾ ਪਹਿਲਾਂ ਗਿਆ ਉਸ ਦੇ ਹੱਕ ਵਿੱਚ ਭੁਗਤ ਜਾਂਦੇ ਹਨ ਭਾਵੇਂ ਉਹ ਹੀ ਗਲਤ ਹੋਵੇ। ਉਹ ਗਲਤ ਨੂੰ ਗਲਤ ਕਦੀ ਵੀ ਨਹੀਂ ਕਹਿਣਗੇ ਤਾਂ ਕਿ ਦੋਵਾਂ ਧਿਰਾਂ ਦੀਆਂ ਵੋਟਾਂ ਲੈਣ ਦਾ ਮੌਕਾ ਬਣਿਆ ਰਹੇ। ਕੀ ਇਸ ਨੂੰ ਅਗਵਾਈ ਦੇਣਾ ਆਖਦੇ ਹਨ? ਦਰਅਸਲ, ਇਹ ਲੋਕਾਂ ਦੇ ਘਟੀਆਪਣ ਤੋਂ ਅਗਵਾਈ ਲੈਣ ਵਰਗਾ ਹੈ। ਇਸੇ ਵਜ੍ਹਾ ਕਰਕੇ ਅੱਜਕਲ੍ਹ ਮੁਫਤਖੋਰੀਆਂ ਵਿਖਾ ਕੇ ਸਾਡਾ ਕਿਰਤ ਵਾਲਾ ਸੱਭਿਆਚਾਰ ਵਿਗਾੜਿਆ ਜਾ ਰਿਹਾ ਹੈ। ਇਸੇ ਕਰਕੇ ਸਾਡਾ ਸਮਾਜ ਸੁਧਰਨ ਦੀ ਬਜਾਏ ਵਿਗੜਨ ਵਾਲੇ ਪਾਸੇ ਜਿਆਦਾ ਜਾ ਰਿਹਾ ਹੈ। ਇਸੇ ਕਰਕੇ ਹਰ ਪੀੜ੍ਹੀ ਆਪਣੇ ਤੋਂ ਪਿਛਲੇ ਵਕਤ ਨੂੰ ਚੰਗਾ ਦੱਸਦੀ ਹੈ।

ਸਾਡੀਆਂ ਇਹੋ ਜਿਹੀਆਂ ਕਮਜ਼ੋਰੀਆਂ ਨੇ ਹੀ ਇੱਕ ਘਟੀਆ ਪਿਰਤ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਸ਼ਖਸ਼ੀਅਤਾਂ ਨੇ ਕੌਮ ਲਈ ਕੋਈ ਵੱਡੀ ਕੁਰਬਾਨੀ ਕੀਤੀ ਹੈ, ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਸਿਆਸੀ ਚੋਣਾਂ ਦੇ ਚੱਕਰ ਵਿੱਚ ਪੈ ਜਾਂਦੇ ਹਨ। ਕੁਰਬਾਨੀ ਕਰਨ ਵਾਲੇ ਜਾਂ ਵੱਡਾ ਸਿਆਸੀ ਕੰਮ ਕਰਨ ਵਾਲੇ ਵਿੱਚ ਜ਼ਰੂਰ ਸਿਆਸਤ ਦੀ ਸੂਝ ਹੋਏਗੀ ਪਰ ਇਹ ਜ਼ਰੂਰੀ ਨਹੀਂ ਕਿ ਉਸਦੇ ਪਰਿਵਾਰ ਦਾ ਹਰ ਮੈਂਬਰ ਉਹਦੇ ਜਿੰਨੀ ਹੀ ਸਿਆਸੀ ਸੂਝ ਰੱਖਦਾ ਹੋਵੇ। ਫਿਰ ਜਦੋਂ ਕਿਸੇ ਸਤਿਕਾਰਯੋਗ ਸ਼ਖਸ਼ੀਅਤ ਦੇ ਘਰ ਦਾ ਕੋਈ ਬੰਦਾ ਚੋਣਾਂ ਵਿੱਚ ਹਾਰ ਜਾਂਦਾ ਹੈ ਤਾਂ ਉਹ ਆਪਣੀ ਹੀ ਇੱਜਤ ਨਹੀਂ ਘਟਾਉਂਦਾ ਸਗੋਂ ਉਸ ਸ਼ਖਸੀਅਤ ਦੀ ਇੱਜ਼ਤ ਦੇ ਵੀ ਕੁਝ ਫੁਲ ਮੁਰਝਾ ਦੇਂਦਾ ਹੈ। ਕਈ ਵਾਰੀ ਪੰਜਾਬੀ ਸ਼ਰੀਕੇ ਬਾਜ਼ੀ ਜਾਂ ਹੋਰ ਕਾਰਨਾਂ ਕਰਕੇ ਉਹਨਾਂ ਸ਼ਖਸੀਅਤਾਂ ਨੇ ਆਪਣੇ ਜਿਉਂਦੇ ਜੀਅ ਆਪਣੇ ਪਰਿਵਾਰ ਨੂੰ ਛੱਡਿਆ ਹੋਇਆ ਸੀ ਜਾਂ ਉਹਨਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਸੀ, ਪਰ ਉਹਨਾਂ ਵਿੱਚੋਂ ਕਈ ਲਾਲਚੀ ਤੇ ਸੂਝਹੀਣ ਬੰਦੇ ਉਸ ਸ਼ਖਸ਼ੀਅਤ ਦਾ ਪਰਛਾਵਾਂ ਵਰਤ ਕੇ ਆਪਣਾ ਸਵਾਰਥ ਅੱਗੇ ਵਧਾਉਣ ਦੀ ਨੀਅਤ ਨਾਲ ਸਿਆਸੀ ਪਿੜ ਵਿੱਚ ਪਹੁੰਚਦੇ ਹਨ। ਇਹੋ ਜਿਹੇ ਸੂਝਹੀਣ ਬੰਦੇ ਕੌਮ ਦਾ ਨੁਕਸਾਨ ਕਰ ਸਕਦੇ ਹਨ ਅਤੇ ਕਈਆਂ ਨੇ ਚੋਖਾ ਕੀਤਾ ਵੀ ਹੈ। ਇਹੋ ਜਿਹੇ ਸੂਝਹੀਣ ਕਈਆਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਜਾਂ ਗੁਰਦੁਆਰਿਆਂ ਵਿੱਚ ਅਫ਼ਸਰੀ ਅਹੁਦੇ ਦੇ ਕੇ ਕੌਮ ਦੀ ਬਦਨਾਮੀ ਦਾ ਵੀ ਰਾਹ ਖੁੱਲ੍ਹਦਾ ਹੈ। ਜੇ ਪਿੱਛੇ ਰਹਿ ਗਏ ਪਰਿਵਾਰ ਆਰਥਿਕ ਤੌਰ ਤੇ ਪੱਛੜ ਗਏ ਹੋਣ ਤਾਂ ਉਹਨਾਂ ਦੀ ਮਦਦ ਕਰਨ ਦੇ ਹੋਰ ਤਰੀਕੇ ਹਨ, ਪਰ ਨਾ-ਕਾਬਲ ਬੰਦਿਆਂ ਨੂੰ ਕੌਮ ਦੀ ਅਗਵਾਈ ਕਰਨ ਲਈ ਅੱਗੇ ਲੈ ਆਉਣਾ ਕੌਮੀ ਮੂਰਖਤਾ ਦੀ ਨਿਸ਼ਾਨੀ ਹੈ। ਇਨ੍ਹਾਂ ਪਰਿਵਾਰਾਂ ਵਿੱਚੋਂ ਕੇਵਲ ਉਹ ਹੀ ਬੰਦੇ ਅੱਗੇ ਆਉਣ ਦੇਣੇ ਚਾਹੀਦੇ ਹਨ ਜਿਹੜੇ ਪਹਿਲਾਂ ਤੋਂ ਸਿਆਸੀ ਪਿੜ ਵਿੱਚ ਕੰਮ ਕਰ ਰਹੇ ਹੋਣ ਜਾਂ ਸਿਆਸੀ ਸਿਆਣਪ ਦੇ ਮਾਲਕ ਜਾਪਦੇ ਹੋਣ। 

ਸ਼ਾਇਦ ਇਨ੍ਹਾਂ ਕਾਰਨਾਂ ਕਰਕੇ ਹੀ ਪ੍ਰਸਿੱਧ ਦਾਰਸ਼ਨਿਕ ਵਿਦਵਾਨ ਸੁਕਰਾਤ ਲੋਕ ਰਾਜ ਨੂੰ ਬਹੁਤਾ ਚੰਗਾ ਨਹੀਂ ਸੀ ਸਮਝਦਾ। ਉਸ ਦੇ ਮੁਤਾਬਕ ਕਿਸੇ ਵੀ ਕਿੱਤੇ ਨੂੰ ਉਸ ਦੀਆਂ ਬਰੀਕੀਆਂ ਸਮਝਣ ਵਾਲਾ ਹੀ ਬਿਹਤਰ ਚਲਾ ਸਕਦਾ ਹੈ। ਜਿਵੇਂ ਕਿਸੇ ਸਮੁੰਦਰੀ ਜਹਾਜ਼ ਨੂੰ ਉਹੋ -੧੦ ਬੰਦੇ ਚਲਾ ਸਕਦੇ ਹਨ ਜਿਨਾਂ ਦਾ ਉਹ ਸਿੱਖਿਆ ਹੋਇਆ ਕਿੱਤਾ ਹੈ। ਓਦਾਂ ਭਾਵੇਂ ਹਜ਼ਾਰ ਬੰਦਾ ਜਹਾਜ਼ ਦੇ ਇੰਜਣ ਕਮਰੇ ਵਿੱਚ ਵਾੜ ਦਿਓ, ਉਹ ਡੋਬ ਕੇ ਹੀ ਛੱਡਣਗੇ।

ਇਸ ਕਰਕੇ ਉਹੋ ਜਿਹੇ ਹੀ ਆਗੂ ਲੱਭਣੇ ਚਾਹੀਦੇ ਹਨ ਜੋ ਸਾਨੂੰ ਅਗਵਾਈ ਦੇ ਸਕਣ ਨਾ ਕਿ ਸਾਡੀਆਂ ਕਮਜ਼ੋਰੀਆਂ ਤੋਂ ਅਗਵਾਈ ਲੈ ਕੇ ਸਾਨੂੰ ਹੋਰ ਵੀ ਗਰਕਣ ਵਾਲੇ ਪਾਸੇ ਤੋਰਨ।

                                                                                                (੨੨ ਜੂਨ ੨੦੨੪ ਦੇ ਰੋਜ਼ਾਨਾ ਸਪੋਕਸਮੈਨ ਵਿੱਚ ਛਪਿਆ ਹੋਇਆ)