August 13, 2023

ਬਾਦਲ ਟੱਬਰ ਦੇ ਪਾਪ(SINS OF BADAL DAL)

 ਸਪੋਕਸਮੈਨ, ਪੀਟੀਸੀ ਤੇ ਅਕਾਲੀ ਪਰਿਵਾਰ

ਅਮੀਰ ਸਿੱਖ ਜੋ ਅਰਬਾਂ ਰੁਪਈਆਂ ਦੀ ਜਾਇਦਾਦ ਦੇ ਮਾਲਕ ਹਨ ਅੱਜ ਤਕ ਪੰਜਾਬ ਵਿੱਚ ਸਿੱਖਾਂ ਲਈ ਕੋਈ ਅੰਤਰਰਾਸ਼ਟਰੀ ਜਾਂ ਮੁਲਕੀ ਪੱਧਰ ਦਾ ਸਕੂਲ, ਹਸਪਤਾਲ ਜਾਂ ਹੋਰ ਅਦਾਰਾ ਨਹੀਂ ਬਣਾ ਸਕੇ ਤੇ ਨਾ ਹੀ ਕੋਈ ਚੰਗੇ ਪੱਧਰ ਦਾ ਟੀਵੀ ਚੈਨਲ। ਸਿੱਖਾਂ ਲਈ ਚਲ ਰਹੇ ਪੰਜਾਬੀ ਚੈਨਲਾਂ ਵਿਚੋਂ ਇਕ ਉਸ ਬਾਣੀਏ ਦਾ ਹੈ (ਜ਼ੀ-ਪੰਜਾਬੀ) ਜਿਸ ਨੂੰ ਭਾਜਪਾ ਨੇ ਹਰਿਆਣੇ ਤੋਂ ਰਾਜ ਸਭਾ ਦਾ ਮੈਂਬਰ ਬਣਾਇਆ ਸੀ। ਇਕ (ਨਿਊਜ਼18) ਅੰਬਾਨੀ ਦਾ ਹੈ ਜੋ ਕਾਂਗਰਸ ਅਤੇ ਬੀਜੇਪੀ ਦਾ ਸਾਂਝਾ ਦੋਸਤ ਹੈ। ਇਕ ਬੰਗਾਲੀਆਂ ਦਾ (ਏਬੀਪੀ) ਪਿਛੇ ਜਿਹੇ ਸ਼ੁਰੂ ਹੋਇਆ ਸੀ ਜਿਸ ਦਾ ਵੱਡਾ ਪੇਸ਼ ਕਰਤਾ ਇਕ ਹਿੰਦੀ ਟਵੀਟਰ ਜਗਵਿੰਦਰ ਪਟਿਆਲ ਸੀ ਜੋ ਸੁਮੇਧ ਸੈਣੀ ਤੇ ਹੋਏ ਹਮਲੇ ਵਿਚ ਮਾਰੇ ਗਏ ਅੰਗ ਰੱਖਿਅਕ ਦਾ ਪੁੱਤ ਹੈ। ਇਹ ਚੈਨਲ ਜਗਵਿੰਦਰ ਵੱਲੋਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਦੇਣ ਤੋਂ ਬਾਅਦ ਬੰਦ ਹੋ ਗਿਆ ਹੈ। ਇੱਕ ਚੈਨਲ (ਚੜ੍ਹਦੀ ਕਲਾ) ਹੈ ਜੋ ਇਕ ਕਾਬਲੇ ਤਾਰੀਫ਼ ਖ਼ਬਰ ਵਿਸਤਾਰ ਨੂੰ ਛੱਡ ਕੇ ਬਾਕੀ ਪ੍ਰੋਗਰਾਮ ਇਲਾਕਾਈ ਪੱਧਰ ਦੇ ਹੀ ਦਿੰਦਾ ਹੈ। ਇੱਕ (ਲਿਵਿੰਗ ਇੰਡੀਆ) ਪਤਾ ਨਹੀਂ ਕਿਸਦਾ ਹੈ ਤੇ ਕਿਹੜੀ ਭਾਸ਼ਾ ਵਿੱਚ ਹੈ ਕਿਉਂਕਿ ਉਹ ਨਹਿਰਾਂ ਨੂੰ ਵੀ 'ਕਨਾਲ਼ਾਂ' (canals) ਬੋਲਦਾ ਹੈ।

ਪਰ ਬਹੁਤੇ ਚੈਨਲ ਪੰਜਾਬੀਆਂ ਦੇ ਨਹੀਂ ਹਨ ਇਸ ਕਰਕੇ ਇਨ੍ਹਾਂ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਪੰਜਾਬੀ ਸੱਭਿਆਚਾਰ ਨੂੰ ਅੱਗੇ ਵਧਾਉਣਗੇ। ਉਹ ਸਿਰਫ ਦੁਕਾਨਾਂ ਖੋਲ੍ਹ ਕੇ ਪੰਜਾਬੀਆਂ ਨੂੰ ਲੁੱਟਣ ਆਏ ਹਨ। ਸੱਭਿਆਚਾਰ ਦਾ ਇੱਕ ਅਹਿਮ ਅੰਗ ਬੋਲੀ ਹੁੰਦੀ ਹੈ। ਪਰ ਇਹਨਾਂ ਦੀਆਂ ਸੁਰਖੀਆਂ ਵਿੱਚ ਵਰਤੀਂਦੀ ਪੰਜਾਬੀ ਵੇਖ ਲਓ; ਧੜਾਧੜ ਅੰਗਰੇਜ਼ੀ ਦੇ ਲਫ਼ਜ਼ ਵਰਤ ਕੇ ਚਿੱਕੜ ਭਾਸ਼ਾ ਪੇਸ਼ ਕਰਦੇ ਹਨ। ਇਹ ਵੀ ਨਹੀਂ ਹੈ ਕਿ ਇਹ ਪੱਤਰਕਾਰ ਬਹੁਤ ਪੜ੍ਹੇ ਲਿਖੇ ਹਨ ਤੇ ਘਰੇ ਅੰਗਰੇਜ਼ੀ ਬੋਲਣ ਵਾਲੇ ਹਨ। ਨਹੀਂ, ਸਗੋਂ ਇਹ ਅੱਧਪੜ੍ਹ, ਨਾਲਾਇਕ, ਗ਼ੁਲਾਮ ਮਾਨਸਿਕਤਾ ਵਾਲੇ ਤੇ ਸਸਤੇ ਭਰਤੀ ਕੀਤੇ ਲਗਦੇ ਹਨ ਜੋ ਪੰਜਾਬੀ ਭਾਸ਼ਾ ਦੀ ਮੁੱਢਲੀ ਜਾਣਕਾਰੀ ਤੋਂ ਵੀ ਨਾ-ਵਾਕਫ਼ ਹਨ। ਇਹੋ ਹਾਲ ਪੰਜਾਬੀ ਦੀਆਂ ਕਹਿੰਦੀਆਂ ਕਹਾਉਂਦੀਆਂ ਅਖ਼ਬਾਰਾਂ ਦਾ ਵੀ ਹੈ ਜਿੱਥੇ ਖ਼ਬਰ ਪੜ੍ਹਦਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਹਿੰਦੀ, ਅੰਗਰੇਜ਼ੀ ਚੈਨਲਾਂ ਤੋਂ ਜਾਂ ਖ਼ਬਰ ਏਜੰਸੀਆਂ ਤੋਂ ਲਈ ਗਈ ਹੈ ਤੇ ਇਹਨੂੰ ਪੰਜਾਬੀ ਵਿਚ ਅਨੁਵਾਦ ਕਰਨ ਲਈ ਕਿਸੇ ਭਈਏ ਨੂੰ ਕਿਹਾ ਹੋਏਗਾ। ਪੰਜਾਬੀ ਪਹਿਰਾਵੇ ਦੀ ਜਿਹੜੀ ਚੜ੍ਹਤ ਇਹ ਪੇਸ਼ ਕਰਦੇ ਹਨ ਉਸ ਦਾ ਤਾਂ ਕਹਿਣਾ ਹੀ ਕੀ? ਮਿਸਾਲ ਦੇ ਤੌਰ ਤੇ ਕਦੇ ਕਿਸੇ ਨੇ ਇਨ੍ਹਾਂ ਚੈਨਲਾਂ ਤੇ ਕਿਸੇ ਨੂੰ ਕੁੜਤਾ ਪਜਾਮਾ ਜਾਂ ਸਲਵਾਰ ਕਮੀਜ਼ ਪਾ ਕੇ ਪੇਸ਼ਕਾਰੀ ਕਰਦਿਆਂ ਵੇਖਿਆ ਹੈ? ਜਾਂ ਕਿਸੇ ਲੜਕੀ ਦੇ ਸਿਰ ਪਿਛੇ ਗੁੱਤ ਜਾਂ ਜੂੜਾ ਵੇਖਿਆ ਹੈ? ਜਿਹੜਾ ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ ਹੈ ਉਸਦੇ ਲੋਕਾਂ ਨੂੰ ਗੁਰਬਾਣੀ ਦੇ ਆਸ਼ਿਆਂ ਦੇ ਉਲਟ ਜੋਤਸ਼ੀਆਂ ਤੇ ਬੰਗਾਲੀ ਤਾਂਤਰਿਕਾਂ ਦੇ ਪ੍ਰੋਗਰਾਮ ਪਰੋਸੇ ਜਾਂਦੇ ਹਨ। ਜਿਸ ਪੰਜਾਬ ਦੇ ਲੋਕਾਂ ਦੀ ਚਿੰਤਾ ਗੈਰ-ਪੰਜਾਬੀਆਂ ਦੀ ਵਧਦੀ ਆਬਾਦੀ ਤੇ ਪੰਜਾਬੀਆਂ ਦੀ ਬਾਹਰਲੇ ਦੇਸ਼ਾਂ ਨੂੰ ਪ੍ਰਵਾਸ ਹੈ, ਉਨ੍ਹਾਂ ਲੋਕਾਂ ਨੂੰ ਸਾਰਾ ਦਿਨ ਅਸਾਨ ਵੀਜ਼ਾ ਦੁਆਉਣ ਵਾਲਿਆਂ ਦੀਆਂ ਮਸ਼ਹੂਰੀਆਂ ਵਿਖਾਈਆਂ ਜਾਂਦੀਆਂ ਹਨ। ਹਿੰਦੀ ਚੈਨਲਾਂ ਦੀ ਨਕਲ ਕਰਦਿਆਂ 'ਖ਼ਾਲਿਸਤਾਨੀ' ਸ਼ਬਦ ਆਉਂਦਿਆਂ ਹੀ 'ਅੱਤਵਾਦੀ' ਸ਼ਬਦ ਕੋਲ਼ੋਂ ਹੀ ਜੋੜ ਦੇਂਦੇ ਹਨ। ਇਹ ਪੰਜਾਬੀ ਚੈਨਲ ਨਹੀਂ, ਚਿੱਕੜ ਚੈਨਲ ਹਨ।

ਪਰ ਜਿਸ ਚੈਨਲ ਦੀ ਗੱਲ ਕਰਨ ਦੀ ਲੋੜ ਹੈ ਉਹ (ਪੀਟੀਸੀ) ਉਸੇ ਟੱਬਰ ਦਾ ਹੈ ਜਿਸ ਨੇ ਪੰਜਾਬੀਆਂ, ਤੇ ਖਾਸ ਕਰਕੇ ਸਿੱਖਾਂ, ਨੂੰ ਇਥੋਂ ਤੱਕ ਪਹੁੰਚਾਇਆ ਹੈ। ਪੀਟੀਸੀ ਇੱਕ ਅਜਿਹਾ ਸਮੂਹ ਹੈ ਜੋ ਤਕਰੀਬਨ ਅੱਧੀ ਦਰਜਨ ਪੰਜਾਬੀ ਚੈਨਲ ਚਲਾਉਂਦਾ ਹੈ ਤੇ ਖ਼ਾਸ ਕਰਕੇ 'ਪੀਟੀਸੀ ਨਿਊਜ' ਜੋ ਖ਼ਬਰਾਂ ਦਿੰਦਾ ਹੈ। ਇਹ ਚੈਨਲ ਤਾਂ ਓਸ ਟੱਬਰ ਦੇ ਹਨ ਜਿਸ ਨੇ ਦਰਜਨਾਂ ਸਾਲਾਂ ਤੋਂ ਸਿੱਖਾਂ ਤੇ ਰਾਜ ਕੀਤਾ ਹੈ। ਧਰਮ ਦੇ ਨਾਂ ਤੇ ਬੁੱਧੂ ਬਣਾ ਕੇ ਸਿੱਖਾਂ ਦੀਆਂ ਵਾਰ ਵਾਰ ਵੋਟਾਂ ਲਈਆਂ ਹਨ। ਪਰ ਉਹਨਾਂ ਤੇ ਸਾਰਾ ਦਿਨ ਘੋਨਵਾਧੇ ਦੀਆਂ ਬਾਂਦਰ-ਟਪੂਸੀਆਂ ਨਾਲ "ਮਾਂ ਬੋਲੀ ਦੀ ਸੇਵਾ" ਹੁੰਦੀ ਹੈ। ਪੰਜਾਬੀ ਭਾਸ਼ਾ ਸਿੱਖਾਂ ਲਈ ਸਭ ਤੋਂ ਵੱਧ ਲੋੜੀਂਦੀ ਹੈ। ਪਰ ਉਪਰਲੀਆਂ ਸਿਫ਼ਤਾਂ ਨੂੰ ਵੇਖਿਆਂ ਕੀ ਪੀਟੀਸੀ ਦੇ ਚੈਨਲਾਂ ਵਿੱਚ ਦੂਜੇ ਚੈਨਲਾਂ ਨਾਲੋਂ ਕੋਈ ਫ਼ਰਕ ਨਜ਼ਰ ਆਉਂਦਾ ਹੈ? ਸਿਰਫ਼ ਇੱਕ ਫਰਕ ਹੈ। ਜਿੱਥੇ ਦੂਜੇ ਚੈਨਲ ਸਿੱਖ ਹਿਤਾਂ ਅਤੇ ਅਦਾਰਿਆਂ ਬਾਰੇ ਕੋਈ ਪ੍ਰਵਾਹ ਨਹੀਂ ਕਰਦੇ ਉਥੇ ਪੀਟੀਸੀ ਦਾ ਪੰਜਾਬੀ ਨਿਊਜ਼ ਉਸ ਟੱਬਰ ਦੀ ਇਸ ਨੀਤੀ ਨੂੰ ਵੀ ਅੱਗੇ ਵਧਾਉਂਦਾ ਹੈ ਕਿ ਸਿੱਖਾਂ ਦਾ ਕੋਈ ਅਗਾਂਹ ਵਧੂ ਅਦਾਰਾ ਕਾਇਮ ਨਾ ਹੋ ਜਾਏ ! ਇਹ ਉਸੇ ਤਰਜ਼ ਤੇ ਚਲਦਾ ਹੈ ਜਿਸ ਤੇ ਇਸ ਟੱਬਰ ਨੇ ਪਿਛਲੀ ਤਕਰੀਬਨ ਅੱਧੀ ਸਦੀ ਤੋਂ ਹੁਣ ਤੱਕ ਸਿੱਖਾਂ ਦੀ ਕੋਈ ਭਰੋਸੇਯੋਗ ਅਗਵਾਈ ਪੈਦਾ ਨਹੀਂ ਹੋਣ ਦਿੱਤੀ। ਏਸੇ ਨਿਸ਼ਾਨੇ ਦੀ ਪ੍ਰਾਪਤੀ ਲਈ ਹੁਣ ਤਕ ਟੌਹੜਾ, ਤਲਵੰਡੀ, ਭਿੰਡਰਾਂਵਾਲਾ, ਤਖ਼ਤ ਜਥੇਦਾਰ ਤੇ ਹੋਰ ਕਈ ਆਗੂ ਘਟੀਆ ਮਨਸੂਬਿਆਂ ਨਾਲ ਨੁੱਕਰੇ ਲਾਏ ਗਏ ਹਨ।

ਇਹਨਾਂ ਦੀ ਧੜੇਬੰਦਕ, ਪੰਚਾਇਤੀ ਪੱਧਰ ਵਾਲੀ ਅਤੇ ਸਿੱਖਾਂ ਵਿਚ ਫੁੱਟ-ਪਾਊ ਸਿਆਸਤ ਦਾ ਅੰਦਾਜ਼ਾ ਲੇਖਕ ਨੂੰ ਉਦੋਂ ਵੀ ਹੋਇਆ ਜਦੋਂ 1990 ਵਿਚ ਸੰਸਦੀ ਮੈਂਬਰ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਮੌਤ ਦੇ ਕੇਸ ਦੀ ਜਾਂਚ ਵਿੱਚ ਇਹਨਾਂ ਦੇ ਇਲਾਕੇ ਵਿਚ ਘੁੰਮਣਾ ਹੋਇਆ। ਇਹਨਾਂ ਦੇ ਇਲਾਕੇ ਲੰਬੀ ਵਿਚ ਕਿਸੇ ਦੂਜੇ ਅਕਾਲੀ ਦਲ ਵੱਲੋਂ ਜਥੇਦਾਰ ਖੁੱਡੀਆਂ ਦਾ ਸੰਸਦੀ ਮੈਂਬਰ ਬਣ ਕੇ ਉਭਰਨਾ ਇਹਨਾਂ ਲਈ ਸਿਆਸੀ ਮੌਤ ਦੀ ਘੰਟੀ ਸੀ। ਨਤੀਜਾ ਇਹ ਕਿ ਇਹਨਾਂ ਦੀ ਪਾਰਟੀ ਦਾ ਹਰ ਛੋਟਾ ਵੱਡਾ ਕਾਮਾ (worker) ਜਥੇਦਾਰ ਦੀ ਮੌਤ ਲਈ ਉਹਦੇ ਪਰਿਵਾਰ ਤੇ ਹੀ ਬਿਨਾਂ ਸਬੂਤ ਤਵਾ ਲਾਈ ਜਾਂਦਾ ਸੀ। ਆਪਣਾ ਮਨ ਚਾਹਿਆ ਬਿਰਤਾਂਤ ਸਿਰਜਣ ਲਈ ਪਾਰਟੀ ਕਾਮੇ ਤਾਂ ਇਹਨਾਂ ਲਈ ਸਿਰਫ ਅਫ਼ਵਾਹਾਂ ਫੈਲਾਉਣ ਵਾਲੇ ਯੰਤਰ ਹਨ। ਭਾਵੇਂ ਦੇਰ ਹੀ ਲੱਗੀ ਪਰ ਉਸੇ ਜਥੇਦਾਰ ਦੇ ਪੁੱਤ ਨੇ ਇਹਨਾਂ ਦੀ ਸਿਆਸੀ ਮੌਤ ਹੋਰ ਔਖੀ ਕਰ ਦਿੱਤੀ ਹੈ।

ਇਸ ਟੱਬਰ ਦੀ ਸਿਆਸਤ ਨੇ ਪਿਛਲੀ ਅੱਧੀ ਸਦੀ ਵਿੱਚ ਸਿੱਖਾਂ ਨੂੰ ਜੋ ਹੁਣ ਤੱਕ ਦਿੱਤਾ ਹੈ, ਪਹਿਲਾਂ ਉਹਦੀ ਇੱਕ ਛੋਟੀ ਜਿਹੀ ਸੂਚੀ ਵੇਖ ਲਈਏ।

() 1970 ਵਿੱਚ ਇਸ ਟੱਬਰ ਦੇ ਮੁੱਖ ਮੰਤਰੀ ਨੇ ਝੂਠੇ ਪੁਲਿਸ ਮੁਕਾਬਲਿਆਂ ਦੀ ਨੀਂਹ ਰੱਖੀ ਜਿਹਨਾਂ ਵਿੱਚ ਸਿੱਖਾਂ ਦੇ ਹੀ ਨਕਸਲੀ ਬਣੇ ਨੌਜਵਾਨਾਂ ਨਾਲ ਸਿਆਸੀ ਟੱਕਰ ਲੈਣ ਦੀ ਥਾਂ ਗੋਲੀ ਤੇ ਤਸ਼ੱਦਦ ਦਾ ਇਸਤੇਮਾਲ ਕੀਤਾ ਜੋ ਬਾਅਦ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਗ਼ੈਰ-ਅਦਾਲਤੀ ਕਤਲਾਂ ਦਾ ਤਰੀਕਾਕਾਰ ਬਣਿਆ।

() 1978 ਵਿਚ ਨਕਲੀ ਨਿਰੰਕਾਰੀਆਂ ਦੀ ਸਿੱਖ-ਦੁਸ਼ਮਣ ਨੀਅਤ ਨੂੰ ਜਾਣਦਿਆਂ ਹੋਇਆਂ ਵੀ ਉਹਨਾਂ ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿੱਚ ਪ੍ਰੋਗਰਾਮ ਕਰਨ ਦੀ ਸਹੂਲਤ ਦਿੱਤੀ ਜਿਸ ਵਿਚ ਉਹਨਾਂ ਨੇ ੧੩ ਸਿੱਖ ਨੌਜਵਾਨ ਗੋਲੀ ਨਾਲ ਮਾਰੇ ਤੇ ਇਸ ਟੱਬਰ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਸਰਗਣੇ ਨੂੰ ਸੰਭਾਲ ਕੇ ਪੰਜਾਬ ਵਿਚੋਂ ਕੱਢਿਆ, ਸੋ ਮੁਕੱਦਮੇ ਵਿਚੋਂ ਬਰੀ ਹੋਇਆ ਤੇ ਅਪੀਲ ਦੀ ਗੱਲ ਹੀ ਛੱਡੋ।

() 1984 ਦਾ ਵਰਤਾਰਾ ਉਦੋਂ ਵਾਪਰਿਆ ਜਦੋਂ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਦੀ ਜੱਥੇਦਾਰੀ ਆਦਿ ਤੇ ਇਹਨਾਂ ਦਾ ਹੀ ਦਬਦਬਾ ਸੀ। ਕਿਸੇ ਹੋਰ ਦਲੀਲਬਾਜ਼ੀ ਵਿਚ ਪੈਣ ਦੀ ਬਜਾਏ, ਕੌਮ ਨੂੰ ਇਹਨਾਂ ਤੋਂ ਇਹ ਪੁੱਛਣ ਦੀ ਜ਼ਰੂਰਤ ਹੈ ਕਿ ਕੌਮ ਦੇ ਸਾਰੇ ਵੱਡੇ ਅਦਾਰਿਆਂ ਤੇ ਇਨ੍ਹਾਂ ਦਾ ਕਬਜ਼ਾ ਹੋਣ ਦੇ ਬਾਵਜੂਦ ਕੌਮ ਤੇ ਏਡੇ ਵੱਡੇ ਘੱਲੂਘਾਰੇ ਕਿਉਂ ਤੇ ਕਿਵੇਂ ਵਾਪਰੇ? ਇਹ ਆਪਣੀ ਜ਼ਿੰਮੇਦਾਰੀ ਦੇ ਖਾਤੇ ਖੋਲ੍ਹ ਕੇ ਕੌਮ ਨੂੰ ਦੱਸਣ। ਏਨਾ ਕੁੱਝ ਹੋ ਜਾਣ ਦੇ ਬਾਅਦ ਵੀ ਇਹ ਕੌਮ ਦੇ ਗਲੋਂ ਕਿਉਂ ਨਹੀਂ ਲੱਥੇ? ਕੌਣ ਹੈ ਜੋ ਇਹਨਾਂ ਨੂੰ ਇੱਧਰ ਉੱਧਰ ਘੁਮਾ ਕੇ ਫੇਰ ਕੌਮ ਦੇ ਸਿਰ ਤੇ ਲਿਆ ਕੇ ਬਿਠਾ ਦਿੰਦਾ ਹੈ?

() ਤਕਰੀਬਨ ਡੇਢ ਦਹਾਕਾ (1978-95) ਸਰਕਾਰੀ ਏਜੰਸੀਆਂ ਸਿੱਖ ਨੌਜਵਾਨਾਂ ਦਾ ਸ਼ਿਕਾਰ ਕਰਦੀਆਂ ਰਹੀਆਂ ਤੇ ਇਹ ਉਨ੍ਹਾਂ ਦੇ ਪੁਲਿਸ ਮੁਖੀਆਂ ਨਾਲ ਮੀਟਿੰਗਾਂ ਕਰਦੇ ਰਹੇ। ਇਹਨਾਂ ਵਿੱਚੋਂ ਇੱਕ ਨੂੰ ਇਹਨਾਂ ਨੇ ਆਪਣੇ ਰਾਜ ਵਿੱਚ ਵੀ ਪੁਲਿਸ ਮੁਖੀ ਦਾ ਅਹੁਦਾ ਬਖਸ਼ਿਆ। ਇਕ ਹੋਰ ਨੂੰ ਉਚਾ ਸਿਆਸੀ ਰੁਤਬਾ ਦਿਤਾ ਤੇ ਉਹਦੇ ਟੱਬਰ ਨੂੰ ਐੱਮਐੱਲਏ ਦੀ ਟਿਕਟ। ਹੋਰ ਵੀ ਕਈ ਇਸ ਤਰਾਂ ਦੇ ਸਿੱਖੀ ਖੂਨ ਨਾਲ ਲਿੱਬੜੇ ਬੰਦਿਆਂ ਨੂੰ ਇਹਨਾਂ ਨੇ ਗਲ਼ ਨਾਲ ਲਾਇਆ। ਇੱਥੋਂ ਤੱਕ ਕਿ ਇਸੇ ਕਰਕੇ ਅੱਜ ਵੀ ਇਹੋ ਜਿਹੇ ਅਫ਼ਸਰਾਂ ਤੇ ਸਿੱਖ-ਦੋਖੀਆਂ ਦੇ ਪੁੱਤ ਭਤੀਜੇ ਹੀ ਪੰਜਾਬ ਪੁਲਸ ਵਿੱਚ ਰਾਜ ਕਰ ਰਹੇ ਹਨ।

() ਜਿਉਂ ਹੀ ਮੈਦਾਨ ਸਿੱਖ ਨੌਜਵਾਨਾਂ ਤੋਂ ਵਿਹਲਾ ਹੋਇਆ, 1996 ਵਿੱਚ ਇਸ ਟੱਬਰ ਨੇ ਮੋਗੇ ਕਾਨਫਰੰਸ ਕਰਕੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ। ਅਕਾਲੀ ਦਲ ਸਿੱਖ ਕੌਮ ਦੇ ਗੁਰਦਵਾਰਾ ਸੰਘਰਸ਼ ਅਤੇ ਕੁਰਬਾਨੀਆਂ ਵਿੱਚੋਂ ਨਿਕਲੀ ਹੋਈ ਪਾਰਟੀ ਸੀ ਤੇ ਇਸ ਟੱਬਰ ਨੇ ਬਿਨਾਂ ਕੌਮ ਨੂੰ ਦੱਸਿਆਂ ਪੁੱਛਿਆਂ ਗੈਰ ਸਿੱਖਾਂ ਨੂੰ ਪਾਰਟੀ ਦੇ ਅਹੁਦੇ ਬਖਸ਼ਣੇ ਸ਼ੁਰੂ ਕਰ ਦਿੱਤੇ ਜਦਕਿ ਪਾਰਟੀ ਖੜ੍ਹੀ ਕਰਨ ਵਿੱਚ ਗੈਰ ਸਿੱਖਾਂ ਦਾ ਕੋਈ ਵੀ ਹਿੱਸਾ ਨਹੀਂ ਸੀ ਅਤੇ ਨਾ ਹੀ ਗੈਰ ਸਿੱਖਾਂ ਦੇ ਆਗੂਆਂ ਨੇ ਕਦੇ ਵੀ ਪਾਰਟੀ ਦੀਆਂ ਨੀਤੀਆਂ ਦੀ ਸਰਗਰਮ ਹਮਾਇਤ ਕੀਤੀ ਸੀ। ਪਰ ਇਸ ਨਾਲ ਇਸ ਟੱਬਰ ਦਾ ਗ਼ੈਰ ਸਿੱਖ ਡੇਰਿਆਂ ਤੇ ਜਾਣਾ ਵੀ ਸੌਖਾ ਹੋ ਗਿਆ।

() ਸਰਬੱਤ ਦੇ ਭਲੇ ਵਿੱਚ ਯਕੀਨ ਰੱਖਣ ਵਾਲੀ ਕੌਮ ਦੇ ਆਗੂ ਹੋਣ ਦੇ ਬਾਵਜੂਦ ਇਹਨਾਂ ਨੇ ਭ੍ਰਿਸ਼ਟਾਚਾਰ ਦੇ ਨਵੇਂ ਮਿਆਰ ਕਾਇਮ ਕੀਤੇ। ਜੂਨ 2003 ਵਿੱਚ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਇਕ ਕੇਸ ਪੰਜਾਬ ਦੇ ਚੌਕਸੀ ਵਿਭਾਗ (Vigilance) ਵੱਲੋਂ ਇਸ ਟੱਬਰ ਦੇ ਤਿੰਨਾਂ ਹੀ ਜਾਣੇ ਪਛਾਣੇ ਜੀਆਂ ਦੇ ਖ਼ਿਲਾਫ਼ ਦਰਜ ਕੀਤਾ ਗਿਆ। ਕੇਸ ਦੇ ਇਲਜ਼ਾਮ ਤਾਂ ਇੱਕ ਪਾਸੇ, ਜਦੋਂ ਅਦਾਲਤ ਵਿਚ ਮੁਕੱਦਮਾ ਚੱਲਿਆ ਤਾਂ ਪੂਰੇ ਦੇਸ਼ ਵਿੱਚ ਭ੍ਰਿਸ਼ਟ ਆਚਾਰ ਦੀ ਇੱਕ ਨਵੀਂ ਤੇ ਇਕਲੌਤੀ ਮਿਸਾਲ ਕਾਇਮ ਕੀਤੀ ਗਈ ਜਿਸ ਵਿੱਚ ਮੁਕੱਦਮੇ ਦਾ ਚਲਾਣ ਕਰਨ ਵਾਲਾ ਪੁਲਿਸ ਕਪਤਾਨ ਹੀ ਅਦਾਲਤ ਵਿੱਚ ਮੁੱਕਰ ਗਿਆ ਤੇ ਉਸ ਨੂੰ ਇਨਾਮ ਵਜੋਂ ਰਿਟਾਇਰਮੈਂਟ ਤੋਂ ਬਾਅਦ ਨੌਕਰੀ ਵਿੱਚ ਮੁੜ ਮੁੜ ਵਾਧਾ ਦਿੱਤਾ ਗਿਆ।

() ਇਹਨਾਂ ਦੇ ਰਾਜ ਦੌਰਾਨ ਪਿਛਲੀ ਅੱਧੀ ਸਦੀ ਵਿੱਚ ਵਾਰ ਵਾਰ ਸਿੱਖ ਕੌਮ ਦਾ ਨੁਕਸਾਨ ਹੋਇਆ ਹੈ। ਇਕੱਲਾ ਸਿੱਖ ਅਦਾਰਿਆਂ ਦਾ ਹੀ ਪੱਧਰ ਨਹੀਂ ਡਿਗਿਆ, ਸਿੱਖ ਕਿਰਦਾਰ ਨੂੰ ਵੀ ਵੱਡੀ ਢਾਹ ਲਗੀ ਹੈ ਜਿਸ ਕਰਕੇ ਪੰਜਾਬ ਵਿੱਚ ਨਸ਼ੇ, ਬਦਮਾਸ਼ ਟੋਲੇ, ਮੁਫ਼ਤ ਖ਼ੋਰੀ, ਕਿਰਤ ਤੋਂ ਭੱਜਣਾ, ਪਦਾਰਥਵਾਦ ਦੀ ਅੰਨ੍ਹੀ ਭਗਤੀ(capitalism) ਤੇ ਹੋਰ ਕਈ ਕੁਝ ਹੱਦ ਤੋਂ ਵਧ ਗਿਆ ਹੈ ਜਦਕਿ ਇਹ ਟੱਬਰ ਕੌਮ ਦੇ ਕੇਵਲ ਸਿਆਸੀ ਹੀ ਨਹੀਂ ਧਾਰਮਿਕ ਤੇ ਸਮਾਜਿਕ ਅਦਾਰਿਆਂ ਤੇ ਵੀ ਕਾਬਜ਼ ਰਿਹਾ ਹੈ। ਪੁੱਛਣਾ ਬਣਦਾ ਹੈ ਕਿ ਇਹਨਾਂ ਨੇ ਕਿਸ ਪਹਿਲੂ ਤੋਂ ਸਿੱਖ ਕੌਮ ਨੂੰ ਅੱਗੇ ਵਧਾਇਆ ਹੈ?

() ਆਰਥਿਕਤਾ ਦੇ ਪਹਿਲੂ ਤੋਂ ਵੀ ਮੁਫ਼ਤ ਖੋਰੀ ਦੇ ਸਰਾਪ ਨੇ ਬੰਬੀਆਂ ਦੀ ਬਿਜਲੀ ਮਾਫ਼ ਕਰਵਾਈ ਤੇ ਮੁਫ਼ਤ ਵਿੱਚ ਆਟਾ ਦਾਲ ਵੰਡਾਇਆ। ਲੋਕਾਂ ਨੂੰ ਰਾਹਤ ਦੇਣ ਦਾ ਕੋਈ ਹੋਰ ਤਰੀਕਾ ਇਹਨਾਂ ਨੂੰ ਸਮਝ ਹੀ ਨਾ ਆਇਆ। ਮੁਫ਼ਤ ਬਿਜਲੀ ਨੇ ਧਰਤੀ ਹੇਠਲਾ ਪਾਣੀ ਖ਼ਤਮ ਕਰਨ ਵਿੱਚ ਹਿੱਸਾ ਪਾਇਆ ਅਤੇ ਮੁਫ਼ਤ ਦੇ ਰਾਸ਼ਨ ਨੇ ਮਿਹਨਤਕਸ਼ ਪੰਜਾਬੀਆਂ ਹੱਥੋਂ ਸੂਬੇ ਦਾ ਕੁੱਲ ਘਰੇਲੂ ਉਤਪਾਦਨ (ਜੀਡੀਪੀ) ਵਧਣੋਂ ਰੋਕਿਆ। ਇੰਨਾ ਹੀ ਨਹੀਂ ਇਹ ਮੁਫ਼ਤ ਖੋਰੀ ਦਾ ਛੁਣਛੁਣਾ ਦੂਜੀਆਂ ਪਾਰਟੀਆਂ ਨੂੰ ਵੀ ਅਪਨਾਉਣਾ ਪਿਆ। ਬਿਲਕੁਲ ਓਵੇਂ ਹੀ ਜਿਵੇਂ 1984 ਵਿੱਚ ਕਾਂਗਰਸ ਨੇ ਸਿੱਖਾਂ ਨਾਲ ਜੋ ਕੀਤਾ, ਉਹੋ ਨਰਿੰਦਰ ਮੋਦੀ ਨੇ 2002 ਵਿੱਚ ਮੁਸਲਮਾਨਾਂ ਖ਼ਿਲਾਫ਼ ਵਰਤਿਆ।  

() 13 ਮਈ 2007 ਨੂੰ ਇਹਨਾਂ ਦੇ ਰਾਜ ਸਮੇਂ ਇਕ ਦੁਕਾਨ-ਨੁਮਾ ਡੇਰੇ ਦੇ ਸਾਧ ਵੱਲੋਂ ਪੰਜਾਬ ਵਿਚ ਹੀ ਦਸਵੇਂ ਗੁਰੂ ਦਾ ਸਵਾਂਗ ਰਚਿਆ ਗਿਆ ਤੇ ਉਸਦੀ ਵੱਡੀ ਤਸਵੀਰ ਇਹਨਾਂ ਦੇ ਚਹੇਤੇ ਅਖ਼ਬਾਰ ਵਿਚ ਛਪਵਾਈ ਗਈ। ਮੁਕੱਦਮਾ ਦਰਜ ਹੋ ਜਾਣ ਤੇ ਉਸਨੂੰ ਵੀ ਰਫ਼ਾ ਦਫ਼ਾ ਕੀਤਾ ਗਿਆ ਤੇ ਸਾਧ ਨੂੰ ਬਿਨ-ਮੰਗਿਆਂ ਮੁਆਫ਼ੀ ਦੇ ਦਿੱਤੀ ਗਈ। ਕੌਮ ਵੱਲੋਂ ਰੋਸ ਹੁੰਦਾ ਵੇਖ ਕੇ, ਕੌਮ ਦੇ ਹੀ ਗੁਰੂ ਦੀ ਗੋਲਕ ਵਿਚੋਂ 90 ਲੱਖ ਖਰਚ ਕੇ ਸਫ਼ਾਈਆਂ ਦੇ ਇਸ਼ਤਿਹਾਰ ਦਿਤੇ ਗਏ। 

(੧੦) ਕੋਈ ਸੋਚ ਸਕਦਾ ਸੀ ਕਿ ਅਕਾਲੀਆਂ ਦੇ ਰਾਜ ਵਿਚ ਹੀ ਕੋਈ ਗੁਰੂ ਗ੍ਰੰਥ ਸਾਹਿਬ ਦੀ ਲਲਕਾਰ ਕੇ ਬੇਅਦਬੀ ਕਰਨ ਦੀ ਹਿੰਮਤ ਕਰੇਗਾ ਤੇ ਸੁੱਕਾ ਵੀ ਬਚ ਜਾਏਗਾ? ਪਰ 2015 ਵਿਚ ਇਸ ਤੋਂ ਵੀ ਵੱਧ ਹੋਇਆ। ਉਸੇ ਦੁਕਾਨੀ ਡੇਰੇ ਦੇ 'ਪ੍ਰੇਮੀਆਂ' ਵੱਲੋਂ ਨਾ ਕੇਵਲ ਲਲਕਾਰ ਕੇ ਬੇਅਦਬੀ ਕੀਤੀ ਗਈ ਤੇ ਪੁਲਸ ਤੋਂ ਬਚੇ ਰਹੇ ਬਲਕਿ ਜਿਹਨਾਂ ਸਿੱਖਾਂ ਦੇ ਹਿਰਦੇ ਚੀਰੇ ਗਏ ਸਨ ਉਹਨਾਂ ਤੇ ਹੀ ਤਸ਼ੱਦਦ ਤੇ ਗੋਲੀਆਂ ਚੱਲੀਆਂ। ਕੇਸ ਰਫ਼ਾ ਦਫ਼ਾ ਕਰਨ ਲਈ ਦੋ ਚੰਗੇ ਭਲੇ ਸਿਖ ਨੌਜਵਾਨਾਂ ਤੇ ਹੱਦੋਂ ਵੱਧ ਤਸ਼ੱਦਦ ਕੀਤਾ ਗਿਆ ਤੇ ਦੋ ਹੋਰ ਰੋਸ ਕਰਦੇ ਹੋਏ ਹੀ ਸ਼ਹੀਦ ਕਰ ਦਿੱਤੇ। 

(੧੧) ਜਿਹੜੀ ਪਾਰਟੀ ਬਟਵਾਰੇ ਤੋਂ ਬਾਅਦ ਹਮੇਸ਼ਾਂ ਦੇਸ਼ ਲਈ ਸੰਘੀ ਢਾਂਚੇ ਅਤੇ ਪੰਜਾਬ ਲਈ ਵਧੇਰੇ ਖ਼ੁਦ ਮੁਖਤਾਰੀ ਵਾਸਤੇ ਸੰਘਰਸ਼ ਕਰਦੀ ਰਹੀ ਹੈ ਅਤੇ ਪੰਜਾਬੀ ਕਿਸਾਨ ਹੀ ਜਿਸ ਦਾ ਆਧਾਰ ਹਨ, ਉਸ ਪਾਰਟੀ ਨੇ ਇਹਨਾਂ ਦੀ ਅਗਵਾਈ ਵਿਚ ਧਾਰਾ 370 ਦੇ ਜੰਮੂ ਕਸ਼ਮੀਰ ਦੀ ਭੰਨ ਤੋੜ ਵਾਲੇ ਬਿੱਲਾਂ ਅਤੇ ਕਿਸਾਨ ਬਿਲਾਂ ਵਿਚ ਸਪੱਸ਼ਟ ਸਿੱਖ-ਹਿਤਾਂ ਵਿਰੋਧੀ ਪੈਂਤੜੇ ਲਏ। ਨਾ ਕੇਵਲ ਕੇਂਦਰੀਕਰਨ ਦੀ ਕੱਟੜ ਹਿਮਾਇਤੀ ਭਾਜਪਾ ਨਾਲ ਯਾਰੀ ਪਾਈ ਬਲਕਿ ਵਾਰ ਵਾਰ ਉਸ ਦੇ ਕੇਂਦਰੀਕਰਨ ਦੇ ਯਤਨਾਂ ਵਿੱਚ ਮਦਦ ਕਰਦੇ ਰਹੇ। ਇਸ ਤਰ੍ਹਾਂ ਇਹਨਾਂ ਨੇ ਇਹ ਦਿਖਾਇਆ ਹੈ ਕਿ ਇਨ੍ਹਾਂ ਦੀ ਤਰਜੀਹ ਸਿੱਖ ਅਤੇ ਪੰਜਾਬੀ ਨਹੀਂ ਹਨ ਬਲਕਿ ਸੰਘ (RSS) ਪਰਿਵਾਰ ਹੈ।

ਇਸ ਟੱਬਰ ਦੇ ਇਹੋ ਜਿਹੇ ਕਾਰਨਾਮਿਆਂ ਤੇ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਪਰ ਇਨ੍ਹਾਂ ਦੇ ਬਿਲਕੁਲ ਤਾਜ਼ੇ ਕਾਰਨਾਮੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਸਿੱਖਾਂ ਦਾ ਕੋਈ ਨਵਾਂ ਅਦਾਰਾ ਬਰਦਾਸ਼ਤ ਨਹੀਂ ਕਰ ਸਕਦੇ। ਜਿਉਂ ਹੀ ਸਰਦਾਰ ਜੋਗਿੰਦਰ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਅਖਬਾਰ ਕੱਢੀ ਤਾਂ ਇਨ੍ਹਾਂ ਦੇ ਚਹੇਤੇ ਜਲੰਧਰੀ ਕਵੀ ਨੇ ਤਾਂ ਵਪਾਰਕ ਸਾੜਾ ਵਿਖਾਉਣਾ ਹੀ ਸੀ, ਇਹਨਾਂ ਨੇ ਅਕਾਲ ਤਖਤ ਦੇ ਦਫਤਰ ਰਾਹੀਂ ਚਿੱਠੀਆਂ ਜਾਰੀ ਕਰਵਾ ਕੇ ਅਖਬਾਰ ਦੇ ਖਿਲਾਫ਼ ਮਾਹੌਲ ਬਣਾਇਆ ਜਦ ਕਿ ਸਰਦਾਰ ਜੋਗਿੰਦਰ ਸਿੰਘ ਦਾ ਨਿਸ਼ਾਨਾ ਸਿੱਖ ਹਿਤਾਂ ਬਾਰੇ ਮੁਨਾਫ਼ਾਖ਼ੋਰੀ ਤੋਂ ਰਹਿਤ ਪੱਤਰਕਾਰੀ ਦੇਣ ਦਾ ਹੀ ਸੀ। ਇਹਨਾਂ ਨੇ ਸਿਆਸੀ ਤਰੀਕਿਆਂ ਰਾਹੀਂ ਅਖਬਾਰ ਦਾ ਕਰੋੜਾਂ ਰੁਪਈਆਂ ਦਾ ਨੁਕਸਾਨ ਤੇ ਭੰਡੀ ਪ੍ਰਚਾਰ ਕੀਤਾ ਜਿਸ ਨਾਲ ਅਖਬਾਰ ਦਾ ਫੈਲਾਅ ਉਸ ਪੱਧਰ ਦਾ ਨਾ ਹੋਇਆ ਜਿਸ ਪੱਧਰ ਦਾ ਹੋ ਸਕਦਾ ਸੀ। ਜੇ ਅਖ਼ਬਾਰ ਦਾ ਏਨਾ ਨੁਕਸਾਨ ਨਾ ਕਰਦੇ ਤਾਂ ਉਸੇ ਪੈਸੇ ਨਾਲ 'ਉੱਚਾ ਦਰ' ਕਦੋਂ ਦਾ ਮੁਕੰਮਲ ਹੋ ਜਾਂਦਾ।

ਇਸ ਵੇਲੇ ਸਿੱਖਾਂ ਕੋਲ ਕੋਈ ਇੱਕ ਵੀ ਅਦਾਰਾ ਨਹੀਂ ਹੈ ਜੋ ਗੈਰ ਸਿੱਖਾਂ ਨੂੰ ਸਿੱਖੀ ਬਾਰੇ ਸਮਝਾ ਸਕੇ। ਇਸੇ ਕਰਕੇ 'ਉੱਚਾ ਦਰ' ਦਾ ਵਿਚਾਰ ਸ਼ੁਰੂ ਹੋਇਆ ਜਿੱਥੋਂ ਸਿੱਖਾਂ ਦੇ ਪਹਿਲੇ ਗੁਰੂ ਦੀ ਸਿੱਖਿਆ ਦਾ ਗੈਰ ਸਿੱਖਾਂ ਨੂੰ ਵੀ ਪਤਾ ਲੱਗਣਾ ਹੈ। ਪਰ ਜਿਉਂ ਹੀ 'ਉੱਚਾ ਦਰ' ਮੁਕੰਮਲ ਹੋਣ ਦੇ ਨੇੜੇ ਪਹੁੰਚਿਆ ਤਾਂ ਇਹਨਾਂ ਦੇ ਚੈਨਲ ਨੂੰ ਉਸ ਦੇ ਖਿਲਾਫ਼ ਪ੍ਰਚਾਰ ਕਰਨ ਦਾ ਹਲਕ ਕੁੱਦ ਪਿਆ। ਇਸ ਟੱਬਰ ਦੇ ਜਿਸ ਚੈਨਲ ਪੀਟੀਸੀ ਨੇ ਸਿੱਖੀ ਦੇ ਦੁਸ਼ਮਣ ਬ੍ਰਾਹਮਣਵਾਦ ਦੇ ਖਿਲਾਫ ਕਦੇ ਇਕ ਲਫ਼ਜ਼ ਨਹੀਂ ਬੋਲਿਆ ਉਹ ਘੰਟਿਆਂ ਬੱਧੀ 'ਉੱਚਾ ਦਰ' ਦੇ ਖ਼ਿਲਾਫ਼ ਲੱਭ ਲੱਭ ਕੇ ਦਾਨੀ ਗਵਾਹ ਪੇਸ਼ ਕਰ ਰਿਹਾ ਹੈ। ਅੱਜ ਤੱਕ ਕਿਸੇ ਨੇ ਦਾਨ ਦੇ ਕੇ ਵਾਪਸ ਨਹੀਂ ਮੰਗਿਆ ਪਰ ਇਹ ਦਾਨੀਆਂ ਨੂੰ ਵੀ ਪੇਸ਼ ਕਰ ਰਹੇ ਹਨ ਕਿ ਕਿਸੇ ਤਰਾਂ 'ਉੱਚਾ ਦਰ' ਸਿਰੇ ਨਾ ਲੱਗ ਜਾਵੇ। ਇਹਨਾਂ ਨੂੰ ਇਹ ਵੀ ਫਰਕ ਨਹੀਂ ਪੈਂਦਾ ਕਿ ਉਹ ਦੋਵੇਂ ਜੀਅ ਸਿੱਖ ਹੀ ਹਨ ਤੇ ਬੁਢਾਪੇ ਦੀਆਂ ਮੁਸ਼ਕਲਾਂ ਨਾਲ ਵੀ ਲੜ ਰਹੇ ਹਨ।

ਲੇਖਕ ਨੇ ਆਪਣੇ ਵਿੱਤ ਮੁਤਾਬਕ ਦੋਵਾਂ ਅਦਾਰਿਆਂ ਦੀ ਮਦਦ ਕੀਤੀ ਹੈ ਪਰ ਇਹ ਸੋਚ ਕੇ ਨਹੀਂ ਕਿ ਕੋਈ ਮੁਨਾਫਾ ਕਮਾਉਣਾ ਹੈ। ਜੇ ਕੋਈ ਵੀ ਸਿੱਖ ਕਿਸੇ ਨਵੇਂ ਤੇ ਚੰਗੇ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਮਦਦ ਕਰਨੀ ਚਾਹੀਦੀ ਹੈ। ਇਸ ਗੱਲ ਵਿੱਚ ਸਿੱਖ ਸਭ ਤੋਂ ਪੱਛੜੇ ਹਨ। ਇਹ ਜ਼ਰੂਰੀ ਨਹੀਂ ਕਿ ਅਦਾਰੇ ਵਾਲੇ ਦੀ ਹਰ ਗੱਲ ਨਾਲ ਸਹਿਮਤ ਹੋਇਆ ਜਾਵੇ। ਲੇਖਕ ਵੀ ਸਰਦਾਰ ਜੋਗਿੰਦਰ ਸਿੰਘ ਨਾਲ ਸੌ ਫ਼ੀਸਦੀ ਸਹਿਮਤ ਨਹੀਂ ਹੈ ਪਰ ਫਿਰ ਕੀ ਸਿੱਖ ਗੁਰੂਆਂ ਦੇ ਵਾਪਸ ਆਉਣ ਦੀ ਉਡੀਕ ਕਰਨ ਤੇ ਉਹਨਾਂ ਦੀ ਸਿਖਿਆ ਦਾ ਪਰਚਾਰ ਕਰਨ ਲਈ ਖ਼ੁਦ ਕੁਝ ਨਾ ਕਰਨ? ਜੇ ਕੋਈ ਹੋਰ ਹੁੰਦਾ ਤੇ ਇਹੋ ਵਾਅਦੇ ਕਰਦਾ ਪਰ ਸਾਰੇ ਪੈਸੇ ਲੈਕੇ ਭੱਜ ਜਾਂਦਾ ਤਾਂ ਵੀ ਬਹੁਤਾ ਫ਼ਰਕ ਨਹੀਂ ਪੈਣਾ ਚਾਹੀਦਾ, ਕਿਉਂਕਿ ਸਾਡੀ ਆਪਣੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਤੇ ਚੰਗੀ ਨੀਅਤ ਨਾਲ ਕੀਤੇ ਕਿਸੇ ਕੰਮ ਵਿਚ ਘਾਟਾ ਵੀ ਪੈ ਜਾਵੇ ਤਾਂ ਗੁਰੂ ਜਾਣੇ। ਗੁਰੂ ਬਾਬੇ ਨੇ ਕਈ ਸਾਲ ਹਜ਼ਾਰਾਂ ਕਿਲੋਮੀਟਰ ਚੱਲ ਕੇ ਪ੍ਰਚਾਰ ਕੀਤਾ। ਜੇ ਆਪਣੇ ਪਿਤਾ-ਪੁਰਖੀ ਕੰਮ ਨੂੰ ਜਾਰੀ ਰੱਖਦਾ ਤਾਂ ਤਕੜਾ ਅਮੀਰ ਜ਼ਰੂਰ ਅਖਵਾਉਂਦਾ ਪਰ ਸਿੱਖਾਂ ਦੀ 'ਪਹਿਲੀ ਪਾਤਸ਼ਾਹੀ' ਨਹੀਂ। ਜਿਵੇਂ ਸੇਬਾਂ ਨਾਲ ਸੰਤਰੇ ਨਹੀਂ ਤੋਲੇ ਜਾ ਸਕਦੇ ਉਸੇ ਤਰ੍ਹਾਂ ਸਮਾਜਿਕ ਬਿਹਤਰੀ ਦੇ ਕੰਮਾਂ ਨੂੰ ਦੁਨਿਆਵੀ ਘਾਟੇ ਵਾਧੇ ਨਾਲ ਨਹੀਂ ਤੋਲਿਆ ਜਾ ਸਕਦਾ। ਅਰਦਾਸ ਕਰਨੀ ਚਾਹੀਦੀ ਹੈ ਕਿ ਰੱਬ ਇਸ ਟੱਬਰ ਨੂੰ ਸੁਮੱਤ ਬਖ਼ਸ਼ੇ ਜਾਂ ਇਸ ਤੋਂ ਸਿੱਖ ਕੌਮ ਦਾ ਖਹਿੜਾ ਛੁਡਾਵੇ।

(੧੩/੦੮/੨੦੨੩ ਦੇ ਰੋਜ਼ਾਨਾਸਪੋਕਸਮੈਨ ਵਿੱਚ ਛਪਿਆ ਹੋਇਆ)