July 15, 2022

ਵਾਲ ਰੱਖਣ ਦਾ ਵਿਗਿਆਨਕ ਆਧਾਰ (Scientific and Natural Need of Hair)

ਕੇਸਾਂ ਦਾ ਕੇਸ

ਕਈ ਵਾਰੀ ਵਿਦਵਾਨ ਕਹਿੰਦੇ ਹਨ ਕਿ ਸਿੱਖੀ ਕੋਈ ਧਰਮ ਨਹੀਂ ਹੈ ਕਿਉਂਕਿ ਪਹਿਲੇ ਗੁਰੂ ਨੇ ਆਪ ਕਹਿ ਕੇ ਕੋਈ ਨਵਾਂ ਧਰਮ ਨਹੀਂ ਸੀ ਚਲਾਇਆ। ਪਰ ਜੇ ਧਰਮ ਦੇ ਪ੍ਰਚੱਲਤ ਅਰਥਾਂ ਨੂੰ ਵਿਚਾਰੀਏ ਤਾਂ ਸਿੱਖੀ ਇੱਕ ਧਰਮ ਹੈ ਵੀ ਤੇ ਨਹੀਂ ਵੀ। ਪਹਿਲਾਂ ਤੋਂ ਪ੍ਰਚੱਲਤ ਧਰਮਾਂ ਵਿੱਚ ਰੱਬ ਦੀ ਹੋਂਦ ਬਾਰੇ, ਉਸ ਦੇ ਦੂਤਾਂ ਅਤੇ ਪੁੱਤਰਾਂ ਬਾਰੇ, ਉਸ ਦੀਆਂ ਗ਼ੈਬੀ ਆਵਾਜ਼ਾਂ ਬਾਰੇ ਬਹੁਤ ਕੁਝ ਹੈ। ਇਸ ਗਿਆਨ-ਰਹਿਤ ਗ਼ੈਰ-ਕੁਦਰਤੀ ਤਾਣੇ ਬਾਣੇ ਚੋਂ ਹੀ ਗ਼ੈਰ-ਕੁਦਰਤੀ ਰਸਮਾਂ, ਕਰਮਕਾਂਡ, ਚਮਤਕਾਰੀ ਕਹਾਣੀਆਂ ਆਦਿ ਪੈਦਾ ਹੋਈਆਂ ਤੇ ਉਨ੍ਹਾਂ ਵਿੱਚੋਂ ਰੁਜ਼ਗਾਰ ਕੱਢਣ ਵਾਲੇ ਪੁਜਾਰੀ ਤੇ ਜਥੇਬੰਦੀਆਂ ਪੈਦਾ ਹੋਈਆਂ। ਇਹਨਾਂ ਪੁਜਾਰੀਆਂ ਨੇ ਇੱਕ ਡਰਾਉਣੇ ਜਿਹੇ ਰੱਬ ਦੇ ਅੱਗੇ ਹਰ ਵੇਲੇ ਰਸਮੀ ਗੋਡੇ ਟੇਕੀ ਜਾਣ ਤੇ ਰਸਮੀ ਅਰਜੋਈਆਂ ਕਰੀ ਜਾਣ ਦੇ ਗਿਆਨ ਦਿੱਤੇ। ਇਸ ਲਈ ਇਹ ਸਾਰੇ ਪੁਰਾਣੇ ਧਰਮ ਕੁਦਰਤੀ ਗਿਆਨ ਤੇ ਵਿਗਿਆਨ(ਵਿਸ਼ੇਸ਼ ਗਿਆਨ) ਦੇ ਵਿਰੋਧੀ ਬਣ ਗਏ। ਮਿਸਾਲ ਵਜੋਂ ਈਸਾਈ ਧਰਮ ਦੇ ਉਪਾਸ਼ਕ ਜਿਨ੍ਹਾਂ ਅੰਗਰੇਜ਼ੀ ਜਾਂ ਪੱਛਮੀ ਮੁਲਕਾਂ ਨੂੰ ਅਸੀਂ ਅਗਾਂਹ-ਵਧੂ ਸਮਝ ਕੇ ਹੀਣ ਭਾਵਨਾ ਗ੍ਰਹਿਣ ਕਰਦੇ ਹਾਂ ਉਹਨਾਂ ਹੀ ਮੁਲਕਾਂ ਵਿੱਚ ਮਹਾਨ ਵਿਗਿਆਨਕਾਂ ਨੂੰ ਧਰਮ-ਵਿਰੋਧੀ ਕਹਿ ਕੇ ਸਜ਼ਾਵਾਂ ਤੇ ਤਸੀਹੇ ਦਿੱਤੇ ਗਏ ਸਨ, ਜਦ ਕਿ ਉਨ੍ਹਾਂ ਦੀ ਹੁਣ ਵਾਲੀ ਤਰੱਕੀ ਉਨ੍ਹਾਂ ਵਿਗਿਆਨਕਾਂ ਕਰਕੇ ਹੀ ਹੈ। ਕਿਉਂਕਿ ਸਿੱਖੀ ਕੁਦਰਤ ਨੂੰ ਸਮਝ ਕੇ ਕਾਦਰ ਦੇ ਹੁਕਮ ਵਿੱਚ ਰਹਿ ਕੇ ਜ਼ਿੰਦਗੀ ਜਿਊਣ ਦਾ ਸਲੀਕਾ ਹੈ ਇਸ ਲਈ ਇਹ ਪੂਰੀ ਤਰ੍ਹਾਂ ਗਿਆਨ ਤੇ ਵਿਗਿਆਨ ਪੱਖੀ ਹੈ। ਸੋ ਸਿੱਖੀ ਵਿਚ ਰਸਮੀ ਕਰਮਕਾਂਡਾਂ, ਚਮਤਕਾਰਾਂ, ਗ਼ੈਬੀ ਅਵਾਜ਼ਾਂ, ਰੱਬ ਦੇ ਰਿਸ਼ਤੇਦਾਰਾਂ ਆਦਿ ਦੀ ਕੋਈ ਥਾਂ ਨਹੀਂ। ਇਸ ਲਈ ਪੁਰਾਣੇ ਧਰਮਾਂ ਦੇ ਅਰਥਾਂ ਵਿਚ ਸਿੱਖੀ ਕੋਈ ਧਰਮ ਨਹੀਂ ਹੈ। ਪਰ ਇਹ ਮਨੁੱਖ ਨੂੰ ਅਗਿਆਨ ਤੋਂ ਮੁਕਤ ਕਰਦੀ ਹੈ ਤੇ ਗਿਆਨ ਵੱਲ ਵਧ ਕੇ ਜ਼ਿੰਦਗੀ ਨੂੰ ਇੱਕ ਨਿਰਭਉ ਤੇ ਨਿਰਵੈਰ ਅਕਾਲ ਦੀ ਰਜ਼ਾ ਮੁਤਾਬਕ ਜਿਊਣ ਲਈ ਪ੍ਰੇਰਨਾ ਦਿੰਦੀ ਹੈ। ਇਨ੍ਹਾਂ ਅਰਥਾਂ ਵਿੱਚ ਇਹ ਇੱਕ ਸਰਬਕਾਲੀ(Universal) ਧਰਮ ਹੈ ਜੋ ਕਦੇ ਵੀ ਪੁਰਾਣਾ ਨਹੀਂ ਪੈ ਸਕਦਾ।

ਬ੍ਰਾਹਮਣਵਾਦੀ ਆਰੀਏ(ਬਿੱਪਰ) ਤਕਰੀਬਨ 4000 ਸਾਲ ਪਹਿਲਾਂ ਭਾਰਤ ਵੱਲ ਆਉਣੇ ਸ਼ੁਰੂ ਹੋਏ ਸਨ। ਉਹ ਆਪਣੀਆਂ ਔਰਤਾਂ ਨੂੰ ਪਿੱਛੇ ਛੱਡ ਕੇ ਪਰ ਘੋੜਿਆਂ ਤੇ ਚੜ੍ਹ ਕੇ ਆਏ। ਓਦੋਂ ਸਿੰਧ ਘਾਟੀ ਦੀ ਸੱਭਿਅਤਾ ਉੱਖੜ ਜਾਣ ਤੋਂ ਬਾਅਦ ਏਧਰਲੀ ਜਨਤਾ ਨੇ ਅਜੇ ਜੰਗਲੀ ਘੋੜੇ ਪਾਲਤੂ ਨਹੀਂ ਬਣਾਏ ਸਨ। ਉਸ ਤੋਂ ਲਗਭਗ 1500 ਸਾਲ ਬਾਅਦ ਬੁੱਧ ਧਰਮ ਸਭ ਪਾਸੇ ਫੈਲਿਆ ਜਿਹੜਾ ਕਿ ਉਸ ਵੇਲੇ ਦਾ ਸਭ ਤੋਂ ਵੱਧ ਗਿਆਨ ਪੱਖੀ ਧਰਮ ਸੀ। ਪਰ ਉਸ ਤੋਂ 1300 ਸਾਲ ਬਾਅਦ(800 ਈਸਵੀ ਤੋਂ) ਬਿੱਪਰ ਦੇ ਆਦੀ ਸ਼ੰਕਰ ਤੇ ਉਹਦੇ ਪਿਛਲੱਗਾਂ ਨੇ ਹਿੰਸਾ ਤੇ ਅਹਿੰਸਾ ਦੋਵੇਂ ਵਰਤ ਕੇ ਬੁੱਧ ਧਰਮੀਆਂ ਤੇ ਕਾਬੂ ਪਾ ਲਿਆ। ਉਸ ਤੋਂ ਬਾਅਦ ਕੁਝ ਬਾਹਰਲੇ ਗ੍ਰੰਥਾਂ ਤੇ ਕੁਝ ਬੋਧੀਆਂ ਦੇ ਗ੍ਰੰਥਾਂ ਵਿੱਚੋਂ ਚੋਰੀਆਂ ਕਰ ਕਰ ਕੇ ਬਿੱਪਰ ਨੇ ਵੇਦ, ਪੁਰਾਣ, ਸਿਮਰਤੀਆਂ ਆਦਿ ਰਚ ਦਿੱਤੀਆਂ ਤੇ ਮਨੂ ਸਿਮਰਤੀ ਲਾਗੂ ਕਰ ਦਿੱਤੀ। ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਉਹ ਸਮਝ ਲੈਣ ਕਿ ਵਿਗਿਆਨਕ ਖੋਜ ਸਾਬਤ ਕਰ ਚੁੱਕੀ ਹੈ ਕਿ (1) ਅਜੇ ਵੀ ਭਾਰਤ ਦੇ ਬ੍ਰਾਹਮਣਾਂ ਦੇ ਡੀ ਐੱਨ ਏ ਵਿੱਚ ਕੇਂਦਰੀ ਏਸ਼ੀਆ ਦੇ ਉਹਨਾਂ ਲੋਕਾਂ ਦਾ ਡੀ ਐੱਨ ਏ ਮਿਲਦਾ ਹੈ ਜਿਨ੍ਹਾਂ ਵਿਚੋਂ ਉਹ ਆਏ ਸਨ। (2) ਜਿਸ ਰਿਗਵੇਦ ਨੂੰ ਸਭ ਤੋਂ ਪੁਰਾਣਾ ਕਹਿ ਕੇ ਬ੍ਰਾਹਮਣਵਾਦ ਫੜ੍ਹਾਂ ਮਾਰਦਾ ਹੈ ਉਸ ਦਾ ਸਭ ਤੋਂ ਪੁਰਾਣਾ ਤੇ ਛੋਟਾ ਜਿਹਾ ਖਰੜਾ ਵਿਗਿਆਨਕ ਪਰਖ ਵਿੱਚ ਸਿਰਫ਼ 1464 ਈਸਵੀ ਦਾ ਸਾਬਤ ਹੋਇਆ ਹੈ ਜੋ ਭਾਰਤ ਸਰਕਾਰ ਦੇ ਇਕ ਮੰਤਰਾਲੇ ਨੇ ਯੂਨੈਸਕੋ ਵਿਚ ਵੀ ਦਰਜ ਕਰਵਾਇਆ ਹੈ। ਇਸ ਨੂੰ ਜਾਣਨ ਲਈ ਇਸ ਵੈੱਬਸਾਈਟ ਤੇ ਜਾ ਸਕਦੇ ਹੋ (http://www.unesco.org/new/fileadmin/MULTIMEDIA/HQ/CI/CI/pdf/mow/nomination_forms/india_rigveda.pdf)। (3) 'ਹਿੰਦੂ' ਨਾਮ ਦਾ ਕੋਈ ਧਰਮ ਕਿਸੇ ਨੇ ਕਦੇ ਪੈਦਾ ਨਹੀਂ ਕੀਤਾ। ਪਰ ਇਸ ਖਿੱਤੇ ਦੀ ਪੱਛੜ ਗਈ ਜਨਤਾ ਨੂੰ ਆਪਣੇ ਲਿਫ਼ਾਫ਼ੇ ਵਿੱਚ ਪਾਈ ਰੱਖਣ ਲਈ ਬਿੱਪਰ ਇਸ ਬਾਹਰੋਂ ਮਿਲੇ ਸ਼ਬਦ 'ਹਿੰਦੂ’ ਨੂੰ ਖ਼ੂਬ ਵਰਤਦਾ ਹੈ ਤੇ ਇਸ ਭੀੜ ਤੇ ਰਾਜ ਕਰਦਾ ਹੈ।

ਆਦੀ ਸ਼ੰਕਰ ਤੋਂ 700 ਸਾਲ ਬਾਅਦ ਆਈ ਸਿੱਖੀ ਨੇ ਆਮ ਹਾਲਤਾਂ ਵਿੱਚ ਇਸ ਬ੍ਰਾਹਮਣਵਾਦ ਦੀ ਮਾਰੀ ਜਨਤਾ ਨੂੰ ਜਗਾ ਕੇ ਇਸ ਖਿੱਤੇ ਦੇ ਵੱਡੇ ਹਿੱਸੇ ਤੇ ਫੈਲ ਜਾਣਾ ਸੀ ਤੇ ਉਸ ਤੋਂ ਬਾਅਦ ਬਾਹਰਲਿਆਂ ਖਿੱਤਿਆਂ ਵਿੱਚ ਵੀ ਦਾਖ਼ਲ ਹੋ ਸਕਣਾ ਸੀ। ਪਰ ਇਹ ਬਿੱਪਰ ਦੀ ਖੁਸ਼ਨਸੀਬੀ ਰਹੀ ਕਿ ਸਿੱਖੀ ਦੇ ਪੈਦਾ ਹੋਣ ਦੇ ਨਾਲ ਨਾਲ ਹੀ ਮੁਗ਼ਲ, ਅੰਗਰੇਜ਼ ਤੇ ਹੋਰ ਧਾੜਵੀ ਆ ਪਹੁੰਚੇ ਜਿਨ੍ਹਾਂ ਨਾਲ ਬਿੱਪਰ ਸਹਿਯੋਗ ਕਰਦਾ ਰਿਹਾ ਤੇ ਭੀੜ ਲਗਾਤਾਰ ਦੱਬਦੀ ਰਹੀ। ਇਸ ਤਰ੍ਹਾਂ ਸਿੱਖੀ ਦੀ ਲੜਾਈ ਇਕੱਲੀ ਬਿੱਪਰ ਨਾਲ ਹੋਣ ਦੀ ਬਜਾਏ ਇਹਨਾਂ ਧਾੜਵੀਆਂ ਨਾਲ ਵੀ ਪਈ ਰਹੀ। ਇਸੇ ਕਰਕੇ ਅੰਤਾਂ ਦੀਆਂ ਕੁਰਬਾਨੀਆਂ ਦੇ ਬਾਵਜੂਦ ਸਿੱਖੀ ਇਕ ਛੋਟੇ ਜਿਹੇ ਖਿੱਤੇ ਪੰਜਾਬ ਤੋਂ ਬਾਹਰ ਨਾ ਫੈਲ ਸਕੀ। ਇਸੇ ਦਾ ਨਤੀਜਾ ਹੈ ਕਿ ਬਿੱਪਰ ਦੇ ਅਸਰ ਹੇਠ ਅੱਜ ਦੇ ਸਿੱਖ ਇੱਕ ਹੀਣ ਜਿਹੀ ਭਾਵਨਾ ਦੇ ਅਧੀਨ ਦੂਜੇ ਕਰਮਕਾਂਡੀ ਧਰਮਾਂ ਵਾਂਗ ਵਿਚਰਨ ਲੱਗ ਪਏ ਹਨ ਜਦ ਕਿ ਸਿੱਖੀ ਇੱਕ ਸਰਬਕਾਲੀ ਧਰਮ ਹੈ ਤੇ ਇਹ ਪੂਰੇ ਭਾਰਤੀ ਖ਼ਿੱਤੇ ਅਤੇ ਇਸ ਤੋਂ ਬਾਹਰ ਵੀ ਫੈਲਣ ਦੀ ਸਮਰੱਥਾ ਰੱਖਦਾ ਹੈ।

ਰਸਮਾਂ ਨੂੰ ਪੂਰੀ ਤਰ੍ਹਾਂ ਜ਼ਿੰਦਗੀ ਵਿੱਚੋਂ ਖ਼ਾਰਜ ਨਹੀਂ ਕੀਤਾ ਜਾ ਸਕਦਾ। ਇਸ ਦੇ ਬਾਵਜੂਦ ਕੇਸ(ਵਾਲ) ਰੱਖਣੇ ਜਾਂ ਪੱਗ ਬੰਨ੍ਹਣੀ ਸਿੱਖਾਂ ਲਈ ਕੋਈ ਰਸਮੀ ਕਾਰਵਾਈ ਨਹੀਂ ਹੋ ਸਕਦੀ ਕਿਉਂਕਿ ਸਿੱਖੀ ਫ਼ਜ਼ੂਲ ਦੀਆਂ ਰਸਮਾਂ ਤੇ ਕਰਮਕਾਂਡ ਦੀ ਮੁਥਾਜ ਨਹੀਂ ਹੈ। ਇਹ ਪਹਿਲੇ ਗੁਰੂ ਦੀ ਸਿੱਖਿਆ ਦੇ ਅਨੁਕੂਲ ਹੈ। ਪਹਿਲੀ ਪਾਤਸ਼ਾਹੀ ਨੇ ਮੂਲ ਮੰਤਰ ਵਿਚ ਰੱਬ ਦੇ ਗੁਣਾਂ ਨੂੰ ਦੱਸ ਕੇ ਉਸ ਦੀ ਪਰਿਭਾਸ਼ਾ ਦਿੱਤੀ ਹੈ। ਉਸ ਤੋਂ ਅੱਗੇ ਪੁਰਾਣੇ ਧਰਮਾਂ ਦੇ ਕਰਮਕਾਂਡ ਨੂੰ ਨਕਾਰਿਆ ਹੈ। ਉਸ ਤੋਂ ਬਾਅਦ ਸਵਾਲ ਕੀਤਾ ਹੈ ਕਿ ਫਿਰ 'ਕਿਵ ਸਚਿਆਰਾ ਹੋਈਐ' ਤੇ ਫਿਰ ਖ਼ੁਦ ਹੀ ਜਵਾਬ ਦਿੱਤਾ ਹੈ 'ਹੁਕਮਿ ਰਜਾਈ ਚਲਣਾ'। ਪਹਿਲੀ ਪਾਤਸ਼ਾਹੀ ਦੀ ਬਾਣੀ ਦੀ ਪਹਿਲੀ ਪੌੜੀ ਵਿੱਚ ਹੀ ਦਿੱਤੇ ਹੁਕਮ ਦੀ ਅਹਿਮੀਅਤ ਸਮਝਣ ਦੀ ਲੋੜ ਹੈ। ਇਹ ਸਮਝਣ ਦੀ ਵੀ ਕਿ ਇਸ ਹੁਕਮ ਨੂੰ ਪੰਜਵੀਂ ਪਾਤਸ਼ਾਹੀ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਪਹਿਲੇ ਪੰਨੇ ਤੇ ਥਾਂ ਦਿੱਤੀ ਹੈ। ਇਸ ਕਰਕੇ ਜਿਵੇਂ ਅਸੀਂ ਕੁਦਰਤ ਵੱਲੋਂ ਦਿੱਤੇ ਸਰੀਰ ਦੇ ਬਾਕੀ ਅੰਗਾਂ ਨੂੰ ਕੱਟਦੇ ਵੱਢਦੇ ਨਹੀਂ ਇਸੇ ਤਰ੍ਹਾਂ ਮਿਲੇ ਹੋਏ ਕੇਸਾਂ ਨੂੰ ਵੀ ਨਹੀਂ ਕੱਟਦੇ। ਇਹ ਉਸ ਕਾਦਰ ਦੇ ਹੁਕਮ ਵਿੱਚ ਰਹਿਣ ਦਾ ਹੀ ਅਮਲ ਹੈ। ਇਸ ਲਈ ਕੇਸ ਰੱਖਣ ਨੂੰ ਦਸਵੇਂ ਗੁਰੂ ਵੱਲੋਂ ਪੰਜ ਕਕਾਰਾਂ ਦੇ ਜ਼ਾਬਤੇ(Discipline) ਵਾਲੀ ਪਾਹੁਲ(ਅੰਮ੍ਰਿਤ) ਛਕਾਉਣ ਦੀ ਰਵਾਇਤ(tradition) ਨਾਲ ਸ਼ੁਰੂ ਹੋਇਆ ਮੰਨਣਾ ਗ਼ੈਰ ਜ਼ਰੂਰੀ ਹੈ। ਇਹ ਠੀਕ ਹੈ ਕਿ ਕੇਸ ਵੀ ਪੰਜ ਕਕਾਰਾਂ ਦਾ ਹਿੱਸਾ ਹਨ ਪਰ ਇਹ ਪਹਿਲੇ ਗੁਰੂ ਵੱਲੋਂ ਦੱਸੀ ਕੁਦਰਤੀ ਰਹਿਣੀ ਦਾ ਪਹਿਲਾਂ ਹੀ ਹਿੱਸਾ ਸਨ। ਅਸੀਂ ਦੂਜੇ ਧਰਮਾਂ ਦੇ ਰਸਮੀ ਤਾਣੇ ਬਾਣੇ ਦਾ ਮੁਕਾਬਲਾ ਕਰਨ ਲਈ ਇਤਿਹਾਸਕ ਜ਼ਰੂਰਤਾਂ ਚੋਂ ਪੈਦਾ ਹੋਈ ਪਾਹੁਲ ਛਕਾਉਣ ਦੀ ਘਟਨਾ ਨੂੰ ਵੀ ਦੂਜੇ ਧਰਮਾਂ ਦੀਆਂ ਰਸਮਾਂ ਵਾਂਗ ਇੱਕ ਰਸਮ(ritual) ਸਮਝਦੇ ਹਾਂ। ਇਸ ਨੂੰ ਰਵਾਇਤ(tradition) ਜਾਂ ਕਿਸੇ ਹੋਰ ਵਾਜਬ ਸ਼ਬਦ ਨਾਲ ਪੁਕਾਰਿਆ ਜਾ ਸਕਦਾ ਹੈ ਪਰ ਇਹ ਰਸਮ(ritual) ਨਹੀਂ ਹੈ। ਸੰਭਵ ਹੈ ਕਿ ਰਸਮਾਂ ਵਾਲੇ ਮੁਕਾਬਲੇ ਦੀ ਭਾਵਨਾ ਹੇਠ ਅਸੀਂ ਕੇਸਾਂ ਦੀ ਰਹਿਣੀ ਨੂੰ ਵੀ ਦਸਵੇਂ ਗੁਰੂ ਦੁਆਰਾ ਸਿਰਜੀ ਗਈ ਪਾਹੁਲ ਛਕਾਉਣ ਦੀ ਘਟਨਾ ਤੋਂ ਚਲਾਉਣਾ ਚਾਹੁੰਦੇ ਹਾਂ। ਉਸ ਘਟਨਾ ਵਿਚ ਗੁਰੂ ਵੱਲੋਂ ਦਿੱਤਾ ਗਿਆ ਸਭ ਤੋਂ ਅਹਿਮ ਕਕਾਰ ਪੂਰੀ ਲੰਬਾਈ ਦੀ ਕ੍ਰਿਪਾਨ ਸੀ ਜਿਸ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਤੇ ਨੁਕਸਾਨ ਉਠਾ ਰਹੇ ਹਾਂ ਜਿਵੇਂ ਬਿੱਪਰ ਹੱਥੋਂ ਨਵੰਬਰ 1984 ਵਿੱਚ ਉਠਾਇਆ ਹੈ। ਜੇ ਓਦੋਂ ਸਾਰੇ ਸਿੱਖ ਘਰਾਂ ਵਿਚ ਪੂਰੀ ਗਿਣਤੀ ਤੇ ਪੂਰੀ ਲੰਬਾਈ ਦੀਆਂ ਕ੍ਰਿਪਾਨਾਂ ਹੁੰਦੀਆਂ ਤਾਂ ਹਾਲਾਤ ਕੁਝ ਹੋਰ ਹੁੰਦੇ। ਪਰ ਉਸ ਕ੍ਰਿਪਾਨ ਨੂੰ ਅਸੀਂ ਜਨੇਊ ਦੀ ਰਸਮ ਦਾ ਮੁਕਾਬਲਾ ਕਰਨ ਲਈ ਛੋਟੀ ਤੇ ਨੁਕਸਾਨ ਰਹਿਤ ਕਰਕੇ ਜਨੇਊ ਵਾਂਗ ਗਲ ਵਿੱਚ ਪਾ ਲਿਆ ਹੈ।

ਇਹ ਮੰਨਣਾ ਪਏਗਾ ਕਿ ਦੁਨੀਆ ਵਿੱਚ ਵੱਡੀ ਬਹੁਗਿਣਤੀ ਐਸੇ ਲੋਕਾਂ ਦੀ ਹੈ ਜਿਹੜੇ ਵਾਲ ਕੱਟਦੇ ਹਨ ਜਾਂ ਸਫ਼ਾਚੱਟ(clean shave) ਕਰਦੇ ਹਨ। ਇਨ੍ਹਾਂ ਲੋਕਾਂ ਵੱਲੋਂ ਕੇਸ ਰੱਖਣ ਦੇ ਖ਼ਿਲਾਫ਼ ਦਿੱਤੀਆਂ ਜਾਂਦੀਆਂ ਦਲੀਲਾਂ ਵਿੱਚੋਂ ਮੁਖ ਕੇਸਾਂ ਦੀ ਸਫ਼ਾਈ ਮੁਸ਼ਕਲ ਹੋਣਾ, ਕੁਝ ਤਕਨੀਕੀ ਕੰਮਾਂ ਵਿੱਚ ਰੁਕਾਵਟ ਬਣਨਾ ਅਤੇ ਕੇਸਾਂ ਨਾਲ ਮਨੁੱਖ ਦਾ ਸੋਹਣਾ ਨਾ ਲੱਗਣਾ ਹੈ ਜਦ ਕਿ ਇਹ ਤਿੰਨੇ ਹੀ ਦਲੀਲਾਂ ਗ਼ਲਤ ਹਨ ਤੇ ਇਹ ਦਲੀਲਾਂ ਬਹੁਗਿਣਤੀ ਲੋਕਾਂ ਵਰਗੇ ਦਿਸਣ ਲਈ ਹੀਣ ਭਾਵਨਾ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਦਲੀਲਾਂ ਹੀ ਹਨ।

(੧) ਸਫ਼ਾਈ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਸਾਨੂੰ ਬਿਮਾਰੀਆਂ ਤੋਂ ਬਚਾਉਂਦੀ ਹੈ। ਪਰ ਵਾਲਾਂ ਦੀ ਸਫ਼ਾਈ ਤਾਂ ਬਹੁਤ ਆਸਾਨ ਹੈ। ਸਾਬਣ ਆਦਿ ਨਾਲ ਕੀਤੀ ਜਾ ਸਕਦੀ ਹੈ। ਅੱਜ ਤਕ ਕਦੀ ਇਹ ਨਹੀਂ ਸੁਣਿਆ ਗਿਆ ਕਿ ਕੋਈ ਇਨਸਾਨ ਵਾਲ ਰੱਖਣ ਕਰਕੇ ਕਿਸੇ ਬਿਮਾਰੀ ਜਾ ਮੌਤ ਦਾ ਸ਼ਿਕਾਰ ਹੋ ਗਿਆ ਹੈ। ਭਾਵੇਂ ਇਹ ਵੀ ਨਹੀਂ ਸੁਣਿਆ ਗਿਆ ਕਿ ਕੋਈ ਆਦਮੀ ਆਪਣੇ ਚਿਹਰੇ ਨੂੰ ਸਫ਼ਾਚੱਟ ਕਰਦਿਆਂ ਜਾਂ ਕੈਂਚੀ ਚਲਾਉਂਦਿਆਂ ਕਿਸੇ ਬਿਮਾਰੀ ਜਾਂ ਮੌਤ ਦਾ ਸ਼ਿਕਾਰ ਹੋ ਗਿਆ ਹੈ ਪਰ ਸਵਾਲ ਬਣਦਾ ਹੈ ਕਿ, ਉਂਜ, ਇਨ੍ਹਾਂ ਦੋਹਾਂ ਵਿੱਚੋਂ ਕਿਹੜੀ ਹਾਲਤ ਜ਼ਿਆਦਾ ਖ਼ਤਰਨਾਕ ਹੈ। ਵਾਲ ਕੋਈ ਇਹੋ ਜਿਹੀ ਵਸਤੂ ਨਹੀਂ ਹਨ ਜੋ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਨੁਕਸਾਨ ਪਹੁੰਚਾ ਸਕਣ। ਪਰ ਜਿਹੜੇ ਤਕਨੀਕੀ(electric) ਉਸਤਰੇ ਤੇ ਰਸਾਇਣ(chemical) ਵਾਲਾਂ ਨੂੰ ਕੱਟਣ ਜਾਂ ਸਫ਼ਾਚੱਟ ਕਰਨ ਲਈ ਵਰਤੇ ਜਾਂਦੇ ਹਨ ਉਹ ਮਨੁੱਖੀ ਚਮੜੀ ਦੇ ਉਤਲੇ ਹਿੱਸੇ ਦਾ ਭਰਵਾਂ ਨੁਕਸਾਨ ਕਰਦੇ ਹਨ। ਉਸ ਤੋਂ ਬਾਅਦ ਜਿਹੜੇ ਰਸਾਇਣ ਚਮੜੀ ਨੂੰ ਫਿਰ ਤੋਂ ਨਰਮ ਤੇ ਕੁਦਰਤੀ ਦਿਸਣ ਲਈ ਵਰਤੇ ਜਾਂਦੇ ਹਨ ਉਹ ਕਿਹੋ ਜਿਹਾ ਨੁਕਸਾਨ ਪੁਚਾਉਂਦੇ ਹਨ ਇਸ ਬਾਰੇ ਉਨ੍ਹਾਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਕਦੀ ਨਹੀਂ ਦੱਸਣਗੀਆਂ ਕਿਉਂਕਿ ਉਨ੍ਹਾਂ ਦਾ ਮੁਨਾਫਾ ਇਸ ਤੇ ਨਿਰਭਰ ਹੈ। ਇਸ ਕਰਕੇ ਸਫ਼ਾਈ ਵਾਲੀ ਦਲੀਲ ਆਮ ਸਮਝ ਦੇ ਉਲਟ ਹੈ ਤੇ ਬਹੁਗਿਣਤੀ ਨਾਲ ਰਲਣ ਦੀ ਹੀਣ ਭਾਵਨਾ ਵਿੱਚੋਂ ਨਿਕਲਦੀ ਹੈ। 

(੨) ਜਿੱਥੋਂ ਤਕ ਤਕਨੀਕੀ ਕੰਮਾਂ ਦਾ ਸਬੰਧ ਹੈ, ਹੋ ਸਕਦਾ ਹੈ ਕੁਝ ਪੁਲਾੜ ਯਾਤਰੀਆਂ ਤੇ ਰਸਾਇਣਕ ਪ੍ਰਯੋਗਾਂ ਵਿੱਚ ਕੰਮ ਕਰਦੇ ਵਿਗਿਆਨਕਾਂ ਦੇ ਪਹਿਰਾਵਿਆਂ ਲਈ ਜਾਂ ਸਰੀਰਕ ਸੱਟ ਦੀ ਚਕਿਤਸਾ(surgery) ਵਿਚ ਵਾਲ ਥੋੜ੍ਹੀ ਮੁਸ਼ਕਲ ਪੈਦਾ ਕਰਦੇ ਹੋਣ ਪਰ ਇਹੋ ਜਿਹੇ ਲੋਕ ਵੀ ਕਿੰਨੇ ਕੁ ਹਨ? ਜੇ ਵਾਲਾਂ ਸਮੇਤ ਇਸ ਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਵੀ ਸਿੱਖੀ ਵਿੱਚ ਇਹੋ ਜਿਹੀ ਕੋਈ ਰਸਮੀ ਕੱਟੜਤਾ ਨਹੀਂ ਹੈ। ਇਹੋ ਜਿਹੇ ਅੱਤ ਦੇ(extreme) ਹਾਲਾਤ ਵਿਚ ਵਾਲ ਕਟਾਏ ਵੀ ਜਾ ਸਕਦੇ ਹਨ ਜਿਵੇਂ ਹਾਦਸੇ ਤੋਂ ਬਾਅਦ ਜਾਂ ਚਕਿਤਸਾ ਵਿਚ ਕਦੀ ਲੱਤਾਂ ਬਾਂਹਵਾਂ ਤੱਕ ਕੱਟਣੀਆਂ ਪੈਂਦੀਆਂ ਹਨ। ਪਰ ਇਸ ਛੋਟੇ ਜਿਹੇ ਨੁਕਤੇ ਨੂੰ ਕੁਦਰਤੀ ਦਿੱਖ ਤੋਂ ਭੱਜਣ ਦਾ ਬਹਾਨਾ ਬਣਾਉਣਾ ਕਾਇਰਤਾ ਦੀ ਨਿਸ਼ਾਨੀ ਹੈ ਜਿਹੜੀ ਪੂੰਜੀਵਾਦ ਦੀ ਪੈਦਾਇਸ਼ ਮੂਰਖ ਬਹੁਗਿਣਤੀ ਨਾਲ ਇਕਮਿਕ ਹੋਣ ਦੀ ਖਾਹਸ਼ ਵਿੱਚੋਂ ਆਉਂਦੀ ਹੈ।     

(੩) ਸੁੰਦਰਤਾ ਜਾਂ ਸੁਹੱਪਣ ਦੀ ਗੱਲ ਬਾਰੇ ਵਿਦਵਾਨ ਕਹਿ ਚੁੱਕੇ ਹਨ ਕਿ ਇਹ ਵੇਖਣ ਵਾਲ਼ੇ ਦੀਆਂ ਅੱਖਾਂ ਵਿੱਚ ਹੁੰਦੀ ਹੈ ਕਿਉਂਕਿ ਇਕ ਹੀ ਚੀਜ਼ ਜੋ ਇਕ ਜਣੇ ਨੂੰ ਸੁਹਣੀ ਲੱਗਦੀ ਹੈ ਉਹੋ ਕਿਸੇ ਦੂਜੇ ਨੂੰ ਸੁਹਣੀ ਨਹੀਂ ਲੱਗਦੀ। ਨਾਲੇ ਸੁੰਦਰਤਾ ਦਾ ਪੈਮਾਨਾ ਮਨੁੱਖ ਵੱਲੋਂ ਬਣਾਈ ਕਿਸੇ ਬਨਾਉਟੀ ਜਾਂਚ ਸੂਚੀ(check list) ਵਿੱਚੋਂ ਨਹੀਂ ਨਿਕਲ ਸਕਦਾ। ਇਹ ਸਦਾਬਹਾਰ ਪੈਮਾਨਾ ਕੁਦਰਤ ਹੀ ਦਿੰਦੀ ਹੈ ਜਿਵੇਂ ਆਪਣੇ ਖਿਤੇ ਵਿਚ ਵਡਿਆਏ ਜਾਂਦੇ ਗੋਰਾ ਰੰਗ, ਤਿੱਖਾ ਨੱਕ, ਗੋਲ ਗੱਲ੍ਹਾਂ, ਚੌੜਾ ਮੱਥਾ, ਕਾਲੇ ਵਾਲ, ਲੰਮੀ ਧੌਣ, ਆਦਿ ਵੀ ਹਮੇਸ਼ਾਂ ਸੁਹੱਪਣ ਨਹੀਂ ਦਿੰਦੇ। ਦੁਨੀਆਂ ਵਿੱਚ ਵੱਖ ਵੱਖ ਪੌਣਪਾਣੀ ਤੇ ਸੱਭਿਆਤਾਵਾਂ ਹਨ ਤੇ ਉਨ੍ਹਾਂ ਦੇ ਲੋਕ ਸਰੀਰ ਤੇ ਚਿਹਰੇ ਪੱਖੋਂ ਵੱਖੋ ਵੱਖਰੀ ਬਨਾਵਟ ਰੱਖਦੇ ਹਨ। ਮਿਸਾਲ ਦੇ ਤੌਰ ਤੇ, ਬੈਠਵੇਂ ਚਿਹਰੇ ਵਾਲੇ ਚੀਨੀਆਂ ਨੂੰ ਜੇ ਯੂਰਪੀਆਂ ਵਾਲਾ ਉਭਰਵਾਂ ਨੱਕ ਲਾ ਦਿੱਤਾ ਜਾਏ ਤਾਂ ਕੀ ਉਹ ਪਹਿਲਾਂ ਨਾਲ਼ੋਂ ਚੰਗੇ ਲੱਗਣਗੇ? ਜਾਂ ਹੱਡਲ ਚਿਹਰੇ ਵਾਲੇ ਭਾਰਤੀਆਂ ਦੇ ਨੱਕ ਚੀਨੀਆਂ ਵਾਂਗ ਫੀਨੇ ਕਰ ਦਿੱਤੇ ਜਾਣ ਤਾਂ ਕੀ ਇਹ ਪਹਿਲਾਂ ਨਾਲ਼ੋਂ ਸੁਹਣੇ ਲੱਗਣਗੇ? ਕੁਦਰਤ ਵਿੱਚ ਵੇਖੀਏ ਤਾਂ, ਜੇ ਜਿਰਾਫ਼ ਦੀ ਲੰਮੀ ਤੇ ਲਚਕੀਲੀ ਧੌਣ ਦੀ ਚਕਿਤਸਾ ਕਰਕੇ ਉਸ ਨੂੰ ਬੱਬਰ ਸ਼ੇਰ ਦੀ ਵਾਲਾਂ ਨਾਲ ਭਰੀ ਧੌਣ ਲਾ ਦਿੱਤੀ ਜਾਵੇ ਤਾਂ ਕੀ ਜਿਰਾਫ਼ ਪਹਿਲਾਂ ਨਾਲੋਂ ਸੋਹਣਾ ਹੋ ਜਾਵੇਗਾ? ਜਾਂ ਜਿਰਾਫ਼ ਦੀ ਧੌਣ ਬੱਬਰ ਸ਼ੇਰ ਨੂੰ ਲਾ ਦਿੱਤੀ ਜਾਵੇ ਤਾਂ ਕੀ ਉਹ ਵੀ ਪਹਿਲਾਂ ਨਾਲੋਂ ਸੋਹਣਾ ਹੋ ਜਾਵੇਗਾ? ਕੀ ਪੱਤਿਆਂ ਤੋਂ ਬਿਨਾ ਰੁੱਖ ਸੋਹਣਾ ਲੱਗਦਾ ਹੈ? ਕਦੀ ਵੀ ਨਹੀਂ, ਤੇ ਉਸ ਦਾ ਇੱਕੋ ਹੀ ਕਾਰਨ ਹੋਏਗਾ। ਕਿ ਉਹ ਆਪਣੀ ਕੁਦਰਤੀ ਬਨਾਵਟ ਵਿੱਚ ਨਹੀਂ ਹਨ।    

ਪਰ ਇਹ ਵੀ ਮੰਨਣਾ ਪਵੇਗਾ ਕਿ ਹਮੇਸ਼ਾਂ ਇਹੋ ਜਿਹੀ ਸਥਿਤੀ ਨਹੀਂ ਸੀ। ਧਾਤ(metal) ਦੀਆਂ ਕੈਂਚੀਆਂ ਤੇ ਉਸਤਰਿਆਂ ਦੀ ਕਾਢ ਹੋਣ ਤੋਂ ਬਾਅਦ ਕੱਟਣ ਵਾਲਿਆਂ ਦੀ ਗਿਣਤੀ ਵਧੀ ਹੋਏਗੀ। ਪਰ ਇਨ੍ਹਾਂ ਕੈਂਚੀਆਂ ਤੇ ਉਸਤਰਿਆਂ ਦੇ ਹੋਰ ਆਸਾਨ ਤੇ ਤਕਨੀਕੀ ਹੋ ਜਾਣ ਨਾਲ ਤੇ ਉਨ੍ਹਾਂ ਦੀਆਂ ਦੁਕਾਨਾਂ ਤੇ ਕੰਪਨੀਆਂ ਖੁੱਲ੍ਹ ਜਾਣ ਨਾਲ ਕੱਟਣ ਵਾਲਿਆਂ ਦੀ ਗਿਣਤੀ ਹੋਰ ਵੀ ਜ਼ਿਆਦਾ ਵਧੀ ਹੋਵੇਗੀ। ਇਨ੍ਹਾਂ ਦੁਕਾਨਾਂ ਤੇ ਕੰਪਨੀਆਂ ਵੱਲੋਂ ਆਪਣੇ ਮੁਨਾਫ਼ੇ ਨੂੰ ਚੱਲਦਾ ਤੇ ਵਧਦਾ ਰੱਖਣ ਲਈ ਮੀਡੀਆ ਵਿੱਚ ਕੀਤੇ ਗਏ ਪ੍ਰਚਾਰ ਅਤੇ ਦਿੱਖ ਨਾਲ ਇਹ ਗਿਣਤੀ ਹੋਰ ਵੀ ਵਧੀ ਹੋਵੇਗੀ। ਕਿਉਂਕਿ ਪੂੰਜੀਵਾਦ ਦੇ ਫ਼ੈਲਾਅ ਨਾਲ ਇਹ ਮੁਨਾਫ਼ਾ ਅਤੇ ਪ੍ਰਚਾਰ ਅਜੇ ਵਧ ਹੀ ਰਿਹਾ ਹੈ, ਇਸ ਕਰਕੇ ਇਹ ਗਿਣਤੀ ਵਧਣ ਦੇ ਹੋਰ ਵੀ ਆਸਾਰ ਹਨ। 

ਸੋ ਵਾਲ ਰੱਖਣੇ ਇਕੱਲੇ ਸਿੱਖਾਂ ਦੀ ਹੀ ਸਿਧਾਂਤਕ ਜ਼ਰੂਰਤ ਨਹੀਂ ਹੈ। ਜਿਹੜੇ ਗ਼ੈਰ ਸਿੱਖ ਕੁਦਰਤੀ ਵਾਤਾਵਰਣ ਨੂੰ ਪਿਆਰ ਕਰਦੇ ਹਨ ਉਨ੍ਹਾਂ ਨੂੰ ਵੀ ਇਹ ਪਿਆਰ ਸਾਬਤ ਕਰਨ ਲਈ ਵਾਲ ਰੱਖਣ ਦੀ ਜ਼ਰੂਰਤ ਹੈ। ਇਹ ਇਕ ਸਿੱਖ ਦੀ ਆਪਣੀ ਮਰਜ਼ੀ ਹੈ ਕਿ ਉਹ ਗੁਰੂ ਦੇ ਹੁਕਮ ਪਿੱਛੇ ਕਿੱਥੋਂ ਤੱਕ ਚੱਲਦਾ ਹੈ, ਪਰ ਹੁਕਮ ਦੇ ਉਲਟ ਚੱਲਣ ਲਈ ਨਕਲੀ ਦਲੀਲਾਂ ਨਹੀਂ ਘੜਨੀਆਂ ਚਾਹੀਦੀਆਂ।       

ਜਿੱਥੋਂ ਤਕ ਪੱਗ ਦਾ ਸਬੰਧ ਹੈ ਇਹ ਕੁਦਰਤ ਦੀ ਸਿੱਧੀ ਦੇਣ ਨਹੀਂ ਹੈ। ਇਹ ਕੁਦਰਤ ਵੱਲੋਂ ਦਿੱਤੇ ਗਏ ਕੇਸਾਂ ਨੂੰ ਸੰਭਾਲਣ ਲਈ ਤੇ ਸਿਰ ਦੀ ਸੁਰੱਖਿਆ ਲਈ ਇਕ ਸਾਧਨ ਹੈ ਜੋ ਹੌਲੀ ਹੌਲੀ ਸੱਭਿਆਚਾਰ ਦਾ ਹਿੱਸਾ ਬਣ ਗਿਆ ਹੈ। ਜੋ ਲੋਕ ਕੇਸ ਰੱਖਦੇ ਹਨ ਉਨ੍ਹਾਂ ਨੂੰ ਪੱਗ ਦੀ ਜ਼ਰੂਰਤ ਹੈ। ਪਰ ਇਸ ਨੂੰ ਅਣਖ ਦੇ ਅਰਥਾਂ ਵਿੱਚ ਉਦੋਂ ਹੀ ਲੈਣਾ ਚਾਹੀਦਾ ਹੈ ਜਦੋਂ ਕੋਈ ਗਿਣ ਮਿਥ ਕੇ ਜਾਂ ਵੰਗਾਰ ਕੇ ਕਿਸੇ ਦੀ ਪੱਗ ਲਾਹੁੰਦਾ ਹੈ। ਆਮ ਹਾਲਤਾਂ ਵਿੱਚ ਇਹ ਇਕ ਕੱਪੜਾ ਹੀ ਹੈ ਜਿਵੇਂ ਸਰੀਰ ਤੇ ਦੂਸਰੇ ਕੱਪੜੇ ਪਹਿਨੇ ਜਾਂਦੇ ਹਨ। 

ਦੂਸਰੇ ਕੱਪੜਿਆਂ ਵਾਂਗ ਪੱਗ ਵੀ ਹੁਣ ਫੈਸ਼ਨ ਦਾ ਹਿੱਸਾ ਹੋ ਗਈ ਹੈ। ਪਰ ਇਸ ਨਾਲ ਅਸੀਂ ਆਪਣਾ ਕੀਮਤੀ ਵਕਤ ਪੱਗ ਨੂੰ ਗੋਲ, ਨੋਕਦਾਰ ਜਾਂ ਪੋਚਵੀਂ ਬਨਾਉਣ ਵਿੱਚ ਗੁਜ਼ਾਰ ਦਿੰਦੇ ਹਾਂ। ਕਈ ਸਿੱਖ ਛੋਟੇ ਮੋਟੇ ਕੰਮਾਂ ਲਈ ਘਰੋਂ ਬਾਹਰ ਨਿਕਲਣ ਲੱਗਿਆਂ ਵੀ ਪੱਗ ਦੀ ਏਨੀ ਤਿਆਰੀ ਕਰਕੇ ਨਿਕਲਦੇ ਹਨ ਜਿਵੇਂ ਕਿਸੇ ਪਾਰਟੀ ਵਿਚ ਜਾ ਰਹੇ ਹੋਣ। ਅਸਲ ਮਕਸਦ ਦੋ ਮੀਟਰ ਤੋਂ ਲੈ ਕੇ ਕਿਸੇ ਵੀ ਲੰਬਾਈ ਦੇ ਕੱਪੜੇ ਨਾਲ ਪੂਰਾ ਕੀਤਾ ਜਾ ਸਕਦਾ ਹੈ। ਪਰ ਸਿੱਖ ਲਈ ਟੋਪੀ ਜਾਂ ਟੋਪ ਪਹਿਨਣਾ ਵਾਜਬ ਨਹੀਂ। ਕਾਰਨ ਇਹ ਕਿ ਇਹ ਇਕ ਰਸਮੀ ਕਾਰਵਾਈ ਹੈ ਕਿਉਂਕਿ ਨਾ ਤਾਂ ਇਹ ਵਾਲਾਂ ਨੂੰ ਖਿਲਰਣ ਤੋਂ ਬਚਾਉਂਦੀ ਹੈ ਤੇ ਨਾ ਸਿਰ ਦੀ ਹਿਫ਼ਾਜ਼ਤ ਦੀ ਜ਼ਰੂਰਤ ਪੂਰੀ ਕਰਦੀ ਹੈ।

(੦੬ ਅਤੇ ੧੩।੭।੨੦੨੨ ਦੇ ਰੋਜ਼ਾਨਾ ਸਪੋਕਸਮੈਨ ਵਿੱਚ ਛਪਿਆ ਹੋਇਆ)