August 1, 2022

ਕੌਮੀ ਕਮਜ਼ੋਰੀਆਂ ਤੇ ਅੰਤਰਝਾਤ (Some Internal Weaknesses of Sikhs)

 ਏਹੁ ਹਮਾਰਾ ਜੀਵਣਾ - ਕੌਮੀ ਕਮੀਆਂ ਤੇ ਅੰਤਰਝਾਤ

ਜਨਮ ਵੇਲੇ ਕਾਦਰ ਨੇ ਮੋਟੇ ਤੌਰ ਤੇ ਸਭ ਨੂੰ ਬਰਾਬਰ ਸਰੀਰਕ ਅੰਗ ਤੇ ਸਮਰੱਥਾ ਦਿੱਤੀ ਹੈ। ਪਰ ਜੰਗਲਾਂ ਤੋਂ ਕਬੀਲਿਆਂ, ਕਬੀਲਿਆਂ ਤੋਂ ਪਿੰਡਾਂ ਤੇ ਪਿੰਡਾਂ ਤੋਂ ਸ਼ਹਿਰਾਂ ਤਕ ਪਹੁੰਚਦਿਆਂ ਪਹੁੰਚਦਿਆਂ ਮਨੁੱਖ ਨੇ ਇਕ ਅਜਿਹਾ ਸਮਾਜ ਸਿਰਜ ਲਿਆ ਹੈ ਜਿਸ ਵਿੱਚ ਬਹੁਤੇ ਮਸਲੇ ਨਾਬਰਾਬਰੀ ਦੇ ਹੀ ਹਨ। ਇਹ ਨਾਬਰਾਬਰੀ, ਹੋਰ ਕਾਰਨਾਂ ਦੇ ਨਾਲ ਨਾਲ, ਜਾਇਦਾਦ ਦੇ ਜਮਾਂਦਰੂ ਹੱਕ ਨਾਲ ਵੀ ਅੱਗੇ ਵਧਦੀ ਜਾਂਦੀ ਹੈ ਜਿਵੇਂ ਵਿਰਸੇ ਵਿੱਚ ਜ਼ਿਆਦਾ ਸਾਧਨ ਮਿਲੇ ਹੋਣ ਕਰਕੇ ਅਮੀਰ ਹੋਰ ਅਮੀਰ ਹੋਈ ਜਾਂਦਾ ਹੈ ਤੇ ਗ਼ਰੀਬ ਹੋਰ ਗ਼ਰੀਬ। ਮਹਾਨ ਧਰਮੀ ਸ਼ਖ਼ਸੀਅਤਾਂ ਨੇ ਇਸ ਨਾਬਰਾਬਰੀ ਨੂੰ ਘਟਾਉਣ ਲਈ ਮਨੁੱਖ ਨੂੰ ਆਪਣੇ ਸੁਭਾਅ ਵਿੱਚ ਤਬਦੀਲੀਆਂ ਲਿਆਉਣ ਲਈ ਪ੍ਰੇਰਨਾ ਦਿੱਤੀ। ਪੁਰਾਣੇ ਸਮਿਆਂ ਵਿੱਚ ਗਿਆਨ ਦੇ ਪਸਾਰੇ ਦੀ ਘਾਟ ਹੋਣ ਕਰਕੇ ਇਹ ਪ੍ਰੇਰਨਾ ਬਹੁਤੀ ਦੂਰ ਤੱਕ ਨਹੀਂ ਸੀ ਫੈਲਦੀ। ਸਗੋਂ ਪੁਜਾਰੀ ਤਬਕਾ ਪੈਦਾ ਹੁੰਦਾ ਗਿਆ ਜਿਸ ਨੇ ਹਰ ਧਰਮ ਵਿੱਚ ਆਪਣੀ ਇੱਕ ਵਪਾਰਕ ਦੁਨੀਆਂ ਵਸਾ ਲਈ ਹੈ। ਸਿੱਖੀ ਆਖ਼ਰੀ ਧਰਮ ਹੋਣ ਕਰਕੇ ਅਜੇ ਬਚਣ ਦੇ ਮੌਕੇ ਹਨ। ਸਨਅਤੀ ਦੇਸ਼ਾਂ ਦੇ ਮਾਹੌਲ ਵਿਚੋਂ ਉਪਜੇ ਕਮਿਊਨਿਜ਼ਮ ਨੇ ਸਾਰੀ ਜਾਇਦਾਦ ਤੇ ਸਮਰੱਥਾ ਨੂੰ ਸਰਕਾਰਾਂ ਦੇ ਹਵਾਲੇ ਕਰਨ ਵਿੱਚ ਇਸ ਦਾ ਹੱਲ ਸਮਝਿਆ। ਪਰ ਇਸ ਨਾਲ ਸਰਕਾਰਾਂ ਮਜ਼ਬੂਤ ਹੋਈਆਂ ਤੇ ਮਨੁੱਖ ਦੀਆਂ ਬਦਮਾਸ਼ੀਆਂ ਸਰਕਾਰਾਂ ਦੀਆਂ ਬਦਮਾਸ਼ੀਆਂ ਵਿਚ ਬਦਲ ਗਈਆਂ। ਇਸ ਕਰਕੇ ਠੀਕ ਹੱਲ ਧਰਮੀ ਪ੍ਰੇਰਨਾ ਨੂੰ ਫੈਲਾਉਣ ਵਿੱਚ ਹੀ ਹੈ। ਜਾਇਦਾਦ ਦੇ ਜਮਾਂਦਰੂ ਹੱਕ ਤੋਂ ਬਿਨਾਂ ਸਮਾਜ ਸਥਿਰਤਾ ਨਾਲ ਅੱਗੇ ਨਹੀਂ ਵਧ ਸਕਦਾ ਪਰ ਇਹ ਹੱਕ ਏਨਾ ਪੱਥਰ ਤੇ ਲੀਕ ਵੀ ਨਹੀਂ ਹੋਣਾ ਚਾਹੀਦਾ ਕਿ ਅਮੀਰ ਦੇਸ਼ ਜਾਂ ਅਮੀਰ ਬੰਦਾ ਗ਼ਰੀਬ ਨੂੰ ਜਿਊਣ ਹੀ ਨਾ ਦੇਵੇ।   

ਇਹ ਭਾਰਤ ਵਰਗੇ ਵੱਡੇ ਦੇਸ਼ ਦੀਆਂ ਸਰਕਾਰਾਂ ਦੀ ਵਜ੍ਹਾ ਨਾਲ ਹੀ ਹੈ ਕਿ ਇੱਥੇ ੧੯੪੭ ਤੋਂ ਚੱਲ ਰਹੇ ਵਿਤਕਰਿਆਂ ਦੇ ਨਾਲ ਨਾਲ ਪਿਛਲੇ ਕੁਝ ਦਹਾਕਿਆਂ ਵਿੱਚ ਸਿੱਖਾਂ ਦੀਆਂ ਤਕਰੀਬਨ ਦੋ ਪੀੜ੍ਹੀਆਂ ਆਗੂ-ਰਹਿਤ ਕਰ ਦਿੱਤੀਆਂ ਗਈਆਂ ਹਨ। ਇਹ ਸਰਕਾਰਾਂ ਦੀ ਅਹਿੰਸਕ ਨੀਤੀ ਤੇ ਗੋਲੀ ਦੋਹਾਂ ਨਾਲ ਸਿਰੇ ਚੜ੍ਹਿਆ ਹੈ। ਮਾਹੌਲ ਬਦਲਣ ਨਾਲ ਕੌਮ ਵਿੱਚ ਗਿਰਾਵਟ ਆਈ ਹੈ। ਜੇ ਗਿਰਾਵਟ ਲਈ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਅਕਾਲੀ ਟੱਬਰ ਦਾ ਬਾਰ ਬਾਰ ਅੱਗੇ ਲਿਆਉਣਾ ਛੱਡ ਦੇਈਏ ਤਾਂ ਵੀ ਆਗੂਹੀਣਤਾ ਦੀ ਇੱਕ ਮਿਸਾਲ ਹੁਣੇ ਹੁਣੇ ਗੁਜ਼ਰੇ ਕਿਸਾਨ ਅੰਦੋਲਨ ਤੋਂ ਮਿਲ ਜਾਂਦੀ ਹੈ ਜਿੱਥੇ ਸਿੱਖਾਂ ਦੇ ਬੀਬੀਆਂ ਦਾੜ੍ਹੀਆਂ ਵਾਲੇ ਕਿਸਾਨ ਆਗੂ ਚੁਸਤ ਕਾਮਰੇਡੀ ਆਗੂਆਂ ਦੀ ਬੋਲੀ ਬੋਲਦੇ ਰਹੇ। ਇਨ੍ਹਾਂ ਕਾਮਰੇਡੀ ਪੜ੍ਹਾਕੂਆਂ ਨੇ ਹੀ ਪਿਛਲੇ ਅੱਸੀਵਿਆਂ ਅਤੇ ਨੱਬੇਵਿਆਂ ਵਿਚ 'ਕੌਮਨਸ਼ਟੀ' ਕਿਤਾਬੀ ਰਾਜਨੀਤੀ ਚੋਂ ਉਪਜੇ ਮੁਖ਼ਬਰੀ ਦੇ ਹੁਨਰ ਨਾਲ ਅਣਗਿਣਤ ਮੁੱਛਫੁੱਟ ਸਿੱਖ ਨੌਜਵਾਨ ਸਰਕਾਰ ਦੀ ਗੋਲੀ ਨਾਲ ਖ਼ਤਮ ਕਰਵਾ ਦਿੱਤੇ ਸਨ। ਇਨ੍ਹਾਂ ਬੀਬੀਆਂ ਦਾੜ੍ਹੀਆਂ ਵਾਲੇ ਸਿੱਖ ਆਗੂਆਂ ਨੇ ਸਰਕਾਰੀ ਤੇ ਕਾਮਰੇਡੀ ਪ੍ਰਾਪੇਗੰਡੇ ਵੱਲੋਂ ਪ੍ਰਚਾਰੇ ਗਏ ਸ਼ਬਦ 'ਏਜੰਟ', 'ਗ਼ੱਦਾਰ' ਤੇ 'ਖ਼ਾਲਿਸਤਾਨੀ' ਆਦਿ ਆਪਣੇ ਹੀ ਨੌਜਵਾਨਾਂ ਤੇ ਥੱਪ ਦਿੱਤੇ ਜਿਹੜੇ ਗੁੱਸੇ ਵਿਚ ਮੁਗ਼ਲਾਂ ਵਾਲੇ ਲਾਲ ਕਿਲ੍ਹੇ ਵੱਲ ਦੌੜ ਪਏ ਸਨ। ਪਰ ਚੋਣਾਂ ਦਾ ਬਿਗਲ ਵੱਜਦਿਆਂ ਹੀ ਉਹ ਸਿੱਖ ਆਗੂ ਖ਼ੁਦ ਸਰਕਾਰੀ ਦਫ਼ਤਰਾਂ ਵੱਲ ਪਰਚੇ ਭਰਨ ਦੌੜ ਪਏ। ਪਰ ਕਿਸੇ ਵੀ ਕੌਮ ਦੇ ਆਗੂ ਹਵਾ ਵਿਚੋਂ ਨਹੀਂ ਪੈਦਾ ਹੁੰਦੇ। ਉਹ ਕੌਮ ਦੀ ਸਮੁੱਚੀ ਸਮਰੱਥਾ ਦਾ ਹੀ ਇਕ ਔਸਤ ਜਿਹਾ ਮੁਜ਼ਾਹਰਾ ਹੁੰਦੇ ਹਨ। ਇਸ ਲਈ ਆਗੂਆਂ ਨੂੰ ਗਾਲ੍ਹਾਂ ਕੱਢਣ ਦੇ ਨਾਲ ਨਾਲ ਜ਼ਰੂਰੀ ਹੁੰਦਾ ਹੈ ਕਿ ਕੌਮ ਵਿੱਚ ਆਈਆਂ ਕਮੀਆਂ ਤੇ ਕੁਰੀਤੀਆਂ ਤੇ ਵੀ ਝਾਤ ਮਾਰੀ ਜਾਂਦੀ ਰਹੇ।       

ਸਿੱਖ ਗੁਰੂਆਂ ਦੀ ਪ੍ਰੇਰਨਾ ਆਮ ਤੌਰ ਤੇ ਦਇਆ, ਸੰਤੋਖ ਤੇ ਲੋੜਵੰਦ ਦੀ ਮਦਦ ਆਦਿ ਗੁਣਾਂ ਤੇ ਆਧਾਰਿਤ ਹੈ। ਅੱਜ ਦੀ ਸਿੱਖੀ ਦਾ ਚਿਹਰਾ ਮੁੱਖ ਤੌਰ ਤੇ ਪੰਜਾਬ ਦੀ ਪੇਂਡੂ ਕਿਰਸਾਨੀ ਹੈ। ਇਸ ਲਈ ਪੇਂਡੂ ਕਿਰਸਾਨੀ ਦੇ ਸੁਭਾਅ ਵਿਚਲੀਆਂ ਕੁਰੀਤੀਆਂ ਜਾਂ ਸਿੱਖੀ ਦੇ ਉੱਚੇ ਕਿਰਦਾਰ ਤੋਂ ਆਈ ਗਿਰਾਵਟ ਦੀ ਗੱਲ ਹੀ ਜ਼ਿਆਦਾ ਕਰਾਂਗੇ।  

() ਪਹਿਲੀ ਪਾਤਸ਼ਾਹੀ ਨੇ ਹੀ ਸਿੱਖਾਂ ਨੂੰ ਸਮਾਜਕ ਬੋਝ ਬਣੇ ਪੁਜਾਰੀ ਤਬਕੇ ਤੋਂ ਖ਼ਬਰਦਾਰ ਕੀਤਾ ਸੀ ਤੇ ਰਸਮੀ ਪੂਜਾ ਤੇ ਕਰਮਕਾਂਡ ਤੋਂ ਬਚ ਕੇ ਕਿਰਤ ਤੇ ਬਿਬੇਕ ਵੱਲ ਜ਼ਿਆਦਾ ਧਿਆਨ ਦੇਣ ਦੀ ਪ੍ਰੇਰਨਾ ਦਿੱਤੀ ਸੀ। ਪਰ ਆਪਣੇ ਆਸੇ ਪਾਸੇ ਝਾਤੀ ਮਾਰੀਏ ਤਾਂ ਇੱਕ ਸਿੱਖ ਦੇ ਜਨਮ ਤੋਂ ਲੈ ਕੇ ਉਹਦੇ ਅੰਤਮ ਸਸਕਾਰ ਤਕ ਕਿੰਨੀਆਂ ਹੀ ਰਸਮਾਂ ਇਸ ਤਬਕੇ ਨੇ ਸਿੱਖਾਂ ਤੇ ਲੱਦ ਦਿੱਤੀਆਂ ਹਨ ਜਿਸ ਨਾਲ ਲੱਖਾਂ ਦਿਨ ਤੇ ਲੱਖਾਂ ਹੱਥ ਅਜਾਈਂ ਜਾ ਰਹੇ ਹਨ। ਪਰ ਪਾਠੀ ਤਬਕੇ ਦਾ ਰੁਜ਼ਗਾਰ ਵਧਦਾ ਜਾਂਦਾ ਹੈ ਤੇ ਵਧੀਆ ਵੀ ਹੁੰਦਾ ਜਾਂਦਾ ਹੈ। ਵਾਰ ਵਾਰ ਤੇ ਲੰਮੀਆਂ ਲੰਮੀਆਂ ਅਰਦਾਸਾਂ ਦੀ ਗਿਣਤੀ ਅਤੇ ਲੰਬਾਈ ਦੋਵੇਂ ਵਧਦੀਆਂ ਜਾਂਦੀਆਂ ਹਨ। ਗੁਰੂ ਗ੍ਰੰਥ ਦੇ ਦੁਆਲੇ ਵੀ ਸਜਾਵਟੀ ਤਹਿਆਂ ਤੇ ਵਸਤੂਆਂ ਵਧਦੀਆਂ ਹੀ ਜਾ ਰਹੀਆਂ ਹਨ। ਅਸੀਂ ਭਾਈ ਗੁਰਦਾਸ ਦੁਆਰਾ ਦੱਸੀਆਂ ਧਰਮ-ਸ਼ਾਲਾਂ ਵਰਗੇ ਗੁਰੂ-ਦੁਆਰੇ ਬਣਾ ਕੇ ਉਹਨਾਂ ਦੇ ਸੇਵਾਦਾਰ ਰੱਖਣ ਦੀ ਥਾਂ ਆਪਣੇ ਗੁਰੂ ਦੇ ਉੱਤੇ ਹੀ ਪ੍ਰਧਾਨ ਥਾਪ ਦਿੱਤੇ ਹਨ। ਰਸਮਾਂ ਨੂੰ ਪੂਰੀ ਤਰ੍ਹਾਂ ਜ਼ਿੰਦਗੀ ਵਿੱਚੋਂ ਨਹੀਂ ਕੱਢਿਆ ਜਾ ਸਕਦਾ ਪਰ ਬਿੱਪਰ ਦਾ ਸਮਾਂ ਹੋਣ ਕਰਕੇ ਇਨ੍ਹਾਂ ਨੂੰ ਘੱਟ ਕਰਨ ਦਾ ਤੇ ਸੁੱਚੀ ਕਿਰਤ ਨੂੰ ਵਡਿਆਉਣ ਦਾ ਕੋਈ ਇੰਤਜ਼ਾਮ ਸਮੇਂ ਸਮੇਂ ਕਰਦੇ ਰਹਿਣ ਦੀ ਜ਼ਰੂਰਤ ਹੈ।  

() ਔਰਤਾਂ ਨੂੰ ਮਰਦ ਦੇ ਬਰਾਬਰ ਰੱਖਣ ਦੀ ਤਾਕੀਦ ਗੁਰਬਾਣੀ ਵਿੱਚ ਵਾਰ ਵਾਰ ਹੁੰਦੀ ਹੈ। ਪਰ ਜ਼ਮੀਨਾਂ ਜਾਇਦਾਦਾਂ ਮਿਲ ਜਾਣ ਨਾਲ ਜ਼ਿਮੀਂਦਾਰਾ ਤੇ ਜਗੀਰੂ ਸੁਭਾਅ ਇਸ ਹੱਦ ਤਕ ਸਾਡੇ ਅੰਦਰ ਵੜ ਗਿਆ ਹੈ ਕਿ ਸਿੱਖ ਔਰਤ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀ ਹੈ। ਇਸੇ ਖ਼ਦਸ਼ੇ ਵਿਚੋਂ ਹੀ ਉਹਦੇ ਸੁਭਾਅ ਦੀਆਂ ਨੁਕਸਾਨਦੇਹ ਨੀਤੀਆਂ ਨਿਕਲਦੀਆਂ ਹਨ ਜਿਹੜੀਆਂ ਵਸਦੇ ਰਸਦੇ ਟੱਬਰਾਂ ਨੂੰ ਉਜਾੜ ਦਿੰਦੀਆਂ ਹਨ। ਜ਼ਰਾ ਬਰੀਕੀ ਨਾਲ ਝਾਤ ਮਾਰੀ ਜਾਏ ਤਾਂ ਪਤਾ ਲੱਗੇਗਾ ਕਿ ਪੇਂਡੂ ਕਿਸਾਨਾਂ ਦੇ ਬਹੁਤੇ ਝਗੜੇ ਉਹਨਾਂ ਦੇ ਸੌਣ-ਕਮਰਿਆਂ ਵਿੱਚੋਂ ਹੀ ਨਿਕਲਦੇ ਹਨ। ਇਸ ਤਰ੍ਹਾਂ ਦੀ ਔਰਤ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਪਹਿਲਾਂ ਆਪਣੇ ਮਰਦ ਨੂੰ ਘਰ ਦੇ ਇਕ ਇਕ ਜੀਅ ਨਾਲੋਂ ਤੋੜਦੀ ਹੈ। ਉਸਨੂੰ ਛੋਟੇ ਛੋਟੇ ਜਾਇਦਾਦੀ ਝਗੜਿਆਂ ਵਿੱਚ ਉਲਝਾਉਂਦੀ ਰਹਿੰਦੀ ਹੈ ਤਾਂ ਕਿ ਕਿਤੇ ਉਹ ਦੁਬਾਰਾ ਆਪਣੇ ਖ਼ੂਨ ਨਾਲ ਨਾ ਜੁੜਨ ਲੱਗ ਪਵੇ। ਇਸ ਲਈ ਕਈ ਵਾਰੀ ਇਸੇ ਦਾ ਨਤੀਜਾ ਗੰਡਾਸਿਆਂ ਦੀ ਵਰਤੋਂ ਜਾਂ ਕਤਲਾਂ ਵਿਚ ਜਾ ਨਿਕਲਦਾ ਹੈ ਜਿਸ ਨਾਲ ਟੱਬਰ ਦਾ ਮਾਹੌਲ ਅਤੇ ਹੋਣੀ ਨਰਕ ਵਿੱਚ ਬਦਲ ਜਾਂਦੀ ਹੈ। ਕਿਸੇ ਨਵੇਂ ਹੁਨਰ ਨੂੰ ਸਿੱਖਣ ਜਾਂ ਘਰੋਂ ਬਾਹਰ ਕੰਮ ਕਰਨ ਦੀ ਮਜਬੂਰੀ ਨਾ ਹੋਣ ਕਰਕੇ ਔਰਤਾਂ ਦਾ ਵਾਧੂ ਵਕਤ ਚੁਗ਼ਲਬਾਜ਼ੀ ਵਿੱਚ ਨਿਕਲਦਾ ਰਹਿੰਦਾ ਹੈ ਜਿਸ ਦਾ ਨਤੀਜਾ ਵੀ ਝਗੜਿਆਂ ਦੇ ਹੋਰ ਵਾਧੇ ਵਿੱਚ ਨਿਕਲਦਾ ਹੈ। ਜਗੀਰੂ ਮਾਹੌਲ ਵਿੱਚ ਔਰਤ ਨੂੰ ਵਸਤੂ ਦੇ ਤੌਰ ਤੇ ਸਮਝਿਆ ਜਾਂਦਾ ਹੈ। ਇਸੇ ਕਰਕੇ ਉਸ ਦਾ ਦੂਜੇ ਮਰਦ ਦੇ ਹੱਥ ਲੱਗ ਜਾਣਾ ਵੀ ਛੱਡ-ਛੁਡਾਅ ਜਾਂ ਤਲਾਕ ਦੀ ਬਜਾਏ ਕਤਲਾਂ ਤੇ ਟੱਬਰਾਂ ਦੀ ਬਰਬਾਦੀ ਵਿੱਚ ਨਿਕਲਦਾ ਹੈ। 

() ਗੁਰੂਆਂ ਨੇ ਜਾਤ ਪਾਤ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ ਸੀ ਪਰ ਅਸੀਂ ਤਾਂ ਕਈ ਪੀੜ੍ਹੀਆਂ ਪਹਿਲਾਂ ਮਿਲੀਆਂ ਗੋਤਾਂ ਵੀ ਨਹੀਂ ਛੱਡ ਸਕੇ, ਸ਼ਾਇਦ ਆਪਣਾ ਜੱਟਪੁਣਾ (ਜਾਂ ਉਜੱਡਪੁਣਾ) ਦੱਸਣ ਲਈ। ਹੁਣ ਤੱਕ ਕੁੜੀਆਂ ਵਿਆਹ ਤੋਂ ਬਾਅਦ ਆਪਣੀ ਗੋਤ ਛੱਡ ਕੇ ਪਤੀ ਦੀ ਗੋਤ ਜੋੜਦੀਆਂ ਸਨ। ਹੁਣ ਉਹ ਆਪਣੀ ਖ਼ੁਦ ਦੀ ਗੋਤ ਵੀ ਨਾਲ ਹੀ ਰੱਖਦੀਆਂ ਹਨ ਜਿਵੇਂ ਇਹ ਵੀ ਮਰਦ ਔਰਤ ਦੀ ਬਰਾਬਰੀ ਦਾ ਹੀ ਇੱਕ ਤਰੀਕਾ ਹੋਵੇ। ਹੁਣ ਉਹ ਵਿਆਹ ਤੋਂ ਬਾਅਦ ਫ਼ਲਾਨੀ ਕੌਰ ਗਿੱਲ ਸੰਧੂ ਜਾਂ ਢੀੰਗਣੀ ਕੌਰ ਸੰਧੂ ਗਿੱਲ ਹੋ ਜਾਂਦੀਆਂ ਹਨ। ਸਿੱਖੀ ਵਿੱਚ ਕਿੰਨੀ ਤਰੱਕੀ ਹੋਈ ਹੈ!

() ਜੇ ਇਹੋ ਜਾਤ ਗੋਤ ਸਾਡੇ ਸਿਆਸੀ ਆਗੂਆਂ ਨੇ ਛੱਡਣੀ ਹੋਵੇ ਤਾਂ ਹੋਰ ਵੀ ਔਖਾ ਹੈ ਕਿਉਂਕਿ ਉਹ ਤਾਂ ਇਸ ਜਨਮ ਵਿੱਚ ਮਿਲੇ ਜੁਆਕੀ ਨਾਮ ਵੀ ਨਹੀਂ ਛੱਡ ਸਕਦੇ। ਮਿਸਾਲ ਦੇ ਤੌਰ ਤੇ ਸਾਡੇ ਕੁਝ ਅਗਵਾਈ-ਬਖ਼ਸ਼ਾਂ ਦੇ ਸਤਿਕਾਰਤ ਨਾਮ ਸਰਵਣ ਕਰੋ - ਚੰਨੀ, ਸ਼ੈਰੀ, ਬਿੱਟੂ, ਗੋਲਡੀ, ਰਿੰਕੂ, ਟੀਨੂੰ, ਬੱਬੀ, ਸਿੱਕੀ, ਲੱਖਾ, ਪਿੰਕੀ, ਕਿੱਕੀ, ਰੂਬੀ, ਸੰਨੀ, ਆਦਿ। ਸੂਚੀ ਵਿਚ ਕੋਈ ਨਾਮ ਰਹਿ ਗਿਆ ਹੋਵੇ ਜਾਂ ਵਾਧੂ ਗਿਆ ਹੋਵੇ ਤਾਂ ਮੁਆਫ਼ੀ।  

() ਜੇ ਗੁਰੂਆਂ ਦੀ ਸਬਰ ਸੰਤੋਖ ਵਾਲੀ ਸਿੱਖਿਆ ਨੂੰ ਛੱਡ ਦੇਈਏ ਤਾਂ ਜ਼ਿਮੀਂਦਾਰਾ ਮਾਹੌਲ ਵਿਚ ਜ਼ਮੀਨ ਦਾ ਮੋਹ ਤੇ  ਹੰਕਾਰ ਅੱਤ ਨੂੰ ਪਹੁੰਚ ਜਾਂਦਾ ਹੈ। ਇਸੇ ਕਰਕੇ ਪੇਂਡੂ ਕਿਸਾਨ ਹਰ ਦੂਜੇ ਕਿਸਾਨ ਨੂੰ ਆਪਣੇ ਕਿੱਲਿਆਂ ਦੀ ਗਿਣਤੀ ਨਾਲ ਹੀ ਨਾਪਦਾ ਹੈ। ਇਸੇ ਕਾਰਨ ਉਹ ਕਿਸੇ ਗੁਣੀ ਗਿਆਨੀ ਜਾਂ ਹੁਨਰਮੰਦ ਬੰਦੇ ਦੀ ਕਦਰ ਕਰਨ ਦੀ ਥਾਂ ਸਾਰੀ ਉਮਰ ਅੱਧਪੜ੍ਹ ਜਿਹੇ ਪਟਵਾਰੀਆਂ ਅਤੇ ਹੌਲਦਾਰਾਂ ਨੂੰ ਜੀ ਜੀ ਕਰਦਾ ਰਹਿੰਦਾ ਹੈ। ਇਸੇ ਵਿੱਚੋਂ ਉਪਜੇ ਦੋਗਲੇ ਕਿਰਦਾਰ ਦੀ ਮਿਸਾਲ ਹੈ ਕਿ ਕੁਝ ਕੁੜੀਮਾਰ ਕਿਸਮ ਦੇ ਕਿਸਾਨ ਆਪਣੇ ਮੁੰਡਿਆਂ ਦੇ ਸਾਕ ਉਨ੍ਹਾਂ ਘਰਾਂ ਵਿੱਚ ਖ਼ੁਸ਼ੀ ਨਾਲ ਕਰ ਲੈਂਦੇ ਹਨ ਜਿੱਥੇ ਕੇਵਲ ਕੁੜੀਆਂ ਹੋਣ ਜਾਂ ਮੁੰਡਾ ਨਾ ਰਿਹਾ ਹੋਵੇ ਤਾਂ ਕਿ ਉਨ੍ਹਾਂ ਨੂੰ ਉਸ ਟੱਬਰ ਦੀ ਜ਼ਮੀਨ ਵੀ ਮਿਲ ਸਕੇ। ਪਰ ਜਿਉਂ ਹੀ ਜ਼ਮੀਨ ਮਿਲ ਜਾਂਦੀ ਹੈ ਤਾਂ ਉਹੋ ਕਿਸਾਨ ਕਹਿਣ ਲੱਗ ਪੈਂਦਾ ਹੈ ਕਿ ਉਸ ਨੇ ਬਿਗਾਨੀ ਧੀ ਤੇ ਬੜਾ ਉਪਕਾਰ ਕੀਤਾ ਹੈ। ਜਿੱਥੇ ਗਿਣ ਮਿਥ ਕੇ ਅਜਿਹਾ ਰਿਸ਼ਤਾ ਕਰਨਾ ਜ਼ਮੀਨ ਨਾਲ ਅੱਤ ਦਾ ਮੋਹ ਵਿਖਾਉਂਦਾ ਹੈ ਉੱਥੇ ਹੀ ਪਰਉਪਕਾਰ ਦਾ ਦਾਅਵਾ ਕਿਸਾਨ ਦੇ ਘਟੀਆ ਹੰਕਾਰ ਦੀ ਨਿਸ਼ਾਨੀ ਹੈ ਕਿਉਂਕਿ ਉਹ ਜ਼ਮੀਨ ਦੇ ਪ੍ਰਤੱਖ ਦਿਸਦੇ ਲਾਲਚ ਬਾਰੇ ਵੀ ਸੁਣਨਾ ਨਹੀਂ ਚਾਹੁੰਦਾ। ਜ਼ਮੀਨ ਦੀ ਇਸੇ ਅੱਤ ਦੀ ਖਿੱਚ ਦੇ ਕਾਰਨ ਦੂਰ ਨੌਕਰੀ ਕਰਦੇ ਜਾਂ ਦੂਜੇ ਦੇਸ਼ ਗਏ ਆਪਣੇ ਹੀ ਭਰਾਵਾਂ ਦੀਆਂ ਹੱਕੀ ਜ਼ਮੀਨਾਂ ਪਿੱਛੇ ਰਹਿੰਦੇ ਭਰਾ ਅੱਤ ਦੀ ਕਮੀਨਗੀ ਕਰਦੇ ਹੋਏ ਦੱਬ ਲੈੰਦੇ ਹਨ। ਸਾਡੇ ਕਰਮਕਾਂਡੀ ਪਾਠੀ ਇਹਨਾਂ ਕਮੀਨਗੀਆਂ ਬਾਰੇ ਕਦੇ ਪ੍ਰਚਾਰ ਕਰਦੇ ਨਹੀਂ ਦਿਸਦੇ ਕਿਉਂਕਿ ਇਹ ਅੱਧਿਓਂ ਬਹੁਤੇ ਕਿਸਾਨਾਂ ਦਾ ਸੁਭਾਅ ਹੈ ਤੇ ਇਸ ਦਾ ਜ਼ਿਕਰ ਚੜ੍ਹਾਵੇ ਦੀ ਰਕਮ ਘਟਾ ਸਕਦਾ ਹੈ।

() ਅੱਜਕੱਲ੍ਹ ਦੇ ਬਹੁਤੇ ਪੰਜਾਬੀ ਗਾਇਕ ਤੇ ਫ਼ਿਲਮੀ ਕਲਾਕਾਰ ਵੀ ਪੇਂਡੂ ਕਿਸਾਨੀ ਨਾਲ ਜੁੜੇ ਹੋਏ ਹੀ ਹਨ। ਉਨ੍ਹਾਂ ਦੀ ਗਿਰਾਵਟ ਦੇ ਅਲੱਗ ਹੀ ਨਮੂਨੇ ਹਨ। ਤਕਰੀਬਨ ਹਰ ਫ਼ਿਲਮ ਵਿੱਚ ਪਿਓ ਕੁਦਰਤੀ ਦਿੱਖ ਵਿੱਚ ਪੱਗ ਦਾੜ੍ਹੀ ਵਾਲਾ ਹੁੰਦਾ ਹੈ ਤੇ ਮੁੰਡਾ ਤਕਨੀਕੀ ਮੂੰਹ (Technical face ਜਾਂ ਬੂਥੀ) ਵਾਲਾ। ਜੇ ਕਿਸੇ ਦੇ ਦਾੜ੍ਹੀ ਹੈ ਵੀ ਤਾਂ ਉਹ ਪੰਜਾਬ ਪੁਲਿਸ ਦੇ ਸਿਪਾਹੀਆਂ ਵਾਲ਼ੀ। ਤਕਨੀਕੀ ਮੂੰਹ ਇਸ ਕਰਕੇ ਕਹਿ ਰਿਹਾ ਹਾਂ ਕਿ ਗ਼ੈਰ ਕੁਦਰਤੀ ਸਫ਼ਾਚੱਟ ਚਿਹਰਾ ਤੇ ਖੋਪੜੀ ਬਣਾਉਣ ਲਈ ਤਕਨੀਕੀ ਉਸਤਰਿਆਂ(Technical shavers ਤੇ trimmers) ਦੀ ਲੋੜ ਪੈਂਦੀ ਹੈ ਜਿਵੇਂ ਪੱਛਮੀ ਫ਼ਿਲਮਾਂ ਵਿਚ ਪਰ-ਗ੍ਰਹਿ ਨਿਵਾਸੀਆਂ (Aliens) ਦੀਆਂ ਸ਼ਕਲਾਂ ਬਣਾਉਣ ਲਈ। ਬਾਬੇ ਨਾਨਕ ਦੀ "ਹੁਕਮਿ ਰਜਾਈ ਚਲਣਾ" ਵਾਲੀ ਕੁਦਰਤੀ ਰਹਿਣੀ ਬਹਿਣੀ ਬਾਰੇ ਇਨ੍ਹਾਂ ਛੋਕਰਿਆਂ ਨੂੰ ਕੋਈ ਜਾਣਕਾਰੀ ਨਹੀਂ। ਉੱਤੋਂ ਇਹ ਕਿ ਇਹਨਾਂ ਦੀ ਕਲਾਕਾਰੀ ਵਿੱਚ ਸਫ਼ਾਚੱਟ ਮੂੰਹਾਂ ਨੂੰ 'ਸਰਦਾਰ' ਤੇ 'ਜੱਟ' ਵਰਗੇ ਲਫ਼ਜ਼ਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ! ਲੱਖਾਂ ਕਰੋੜਾਂ ਰੁਪਈਏ ਬਰਬਾਦ ਕਰਦੇ ਦਿਸਦੇ ਹਨ ਪਰ ਉਨ੍ਹਾਂ ਹੀ ਪੈਸਿਆਂ ਨਾਲ ਇਹੋ ਜਿਹੀਆਂ ਫ਼ਿਲਮਾਂ ਆਦਿ ਨਹੀਂ ਬਣਾ ਸਕਦੇ ਜਿਹੜੀਆਂ ਘੱਟੋ ਘੱਟ ਪੰਜਾਬ ਵਿੱਚ ਪੱਗ ਦਾੜ੍ਹੀ ਨੂੰ ਇੱਕ ਆਮ ਵਰਤਾਰੇ (The Normal) ਵਾਂਙ ਪੇਸ਼ ਕਰਨ। ਸਗੋਂ ਗ਼ੁਲਾਮਾਂ ਵਾਲੀਆਂ ਦਲੀਲਾਂ ਦਿੰਦੇ ਹਨ ਕਿ ਪੱਗ ਦਾੜ੍ਹੀ ਨਾਲ ਰੋਲ ਨਹੀਂ ਮਿਲਦੇ। ਬੰਬਈਆ ਫ਼ਿਲਮਾਂ ਵਰਗੇ ਰੋਲ ਲੈਣ ਦੇ ਬਹਾਨੇ ਉਹ ਪੱਗ ਦਾੜ੍ਹੀ ਨੂੰ ਵਿਸਾਰ ਕੇ ਸਿੱਖ ਨੌਜਵਾਨਾਂ ਨੂੰ ਇੱਕ ਨਵਾਂ ਵਰਤਾਰਾ (The New Normal) ਦੇਈ ਜਾ ਰਹੇ ਹਨ। ਗੁੱਸੇਖ਼ੋਰ ਨੌਜਵਾਨ ਆਰ ਐੱਸ ਐੱਸ ਦੇ ਅਹੁਦੇਦਾਰਾਂ ਨੂੰ ਜਿੰਨੀ ਮਰਜ਼ੀ ਨਫ਼ਰਤ ਕਰੀ ਜਾਣ, ਇਹੋ ਜਿਹੇ 'ਮਹਾਨ ਕਲਾਕਾਰਾਂ' ਦੇ ਹੁੰਦਿਆਂ ਪੰਜਾਬ ਵਿੱਚ ਕਿਸੇ ਸੰਘ ਦੀ ਤਾਂ ਲੋੜ ਹੀ ਨਹੀਂ ਰਹਿ ਜਾਂਦੀ। ਹੋ ਸਕਦਾ ਹੈ ਇਸ ਚਾਲੇ ਚਲਦਿਆਂ ਇਹ ਮਹਾਨ ਨਿਰਦੇਸ਼ਕ ਕੁਝ ਸਾਲਾਂ ਵਿੱਚ ਹੀ ਸਫ਼ਾਚੱਟ ਚਿਹਰਿਆਂ ਨੂੰ ਸ੍ਰੀ ਸਾਹਿਬ ਪਵਾ ਕੇ 'ਖ਼ਾਲਸਾ ਜੀ' ਤੇ 'ਗਿਆਨੀ ਜੀ' ਦੇ ਰੋਲ ਵੀ ਕਰਵਾ ਲੈਣ। ਇਹੋ ਜਿਹੇ ਪੰਜਾਬੀ ਮੀਡੀਆ ਦੇ ਹੁੰਦਿਆਂ ਕੁਝ ਸਿੱਖ ਧੀਆਂ ਭੈਣਾਂ ਦਾ ਤਕਨੀਕੀ ਮੂੰਹਾਂ ਵਾਲਿਆਂ ਨੂੰ ਪਹਿਲ ਦੇਣਾ ਕੋਈ ਹੈਰਾਨੀ ਵਾਲਾ ਵਰਤਾਰਾ ਨਹੀਂ। ਜੇ ਪੰਜਾਬੀ ਫ਼ਿਲਮਾਂ ਵਿਚ ਹਰ ਪੱਗ ਦਾੜ੍ਹੀ ਵਾਲੇ ਦਾ ਮੁੰਡਾ ਤਕਨੀਕੀ ਮੂੰਹ ਵਾਲਾ ਹੈ ਤਾਂ ਹਰ ਪੱਗ ਦਾੜ੍ਹੀ ਵਾਲੇ ਦੀ ਧੀ ਨੂੰ ਵੀ ਤਾਂ ਤਕਨੀਕੀ ਮੂੰਹ ਵਾਲਾ ਹੀ ਖਿੱਚ-ਪਾਊ ਲੱਗੇਗਾ। ਇਨ੍ਹਾਂ ਵਿੱਚੋਂ ਹੀ ਕੁਝ ਹਨ ਜਿਹੜੇ ਇਤਿਹਾਸਕ ਸਿੱਖ ਹਸਤੀਆਂ ਦੀ ਬਜਾਏ ਮਾਰੇ ਗਏ ਗੈਂਗਸਟਰਾਂ ਤੇ ਫ਼ਿਲਮਾਂ ਬਣਾਉਂਦੇ ਹਨ। ਇਸਨੂੰ ਇਹ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਦੱਸਦੇ ਹਨ!

() ਬਾਹਰਲੇ ਅਮੀਰ ਸਿੱਖਾਂ ਦੇ ਸੁਭਾਅ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਦੀ ਦੌੜ ਇੱਥੋਂ ਦੇ ਗਰਕੇ ਹੋਏ ਆਗੂਆਂ ਤੋਂ ਇੱਜ਼ਤ ਜਾਂ ਟਿਕਟਾਂ ਲੈਣ ਤੱਕ ਹੀ ਸੀਮਤ ਹੈ। ਹਜ਼ਾਰਾਂ ਏਕੜਾਂ ਤੇ ਅਰਬਾਂ ਦੀ ਜਾਇਦਾਦ ਦੇ ਮਾਲਕ ਅੱਜ ਤਕ ਪੰਜਾਬ ਵਿੱਚ ਸਿੱਖਾਂ ਲਈ ਕੋਈ ਅੰਤਰਰਾਸ਼ਟਰੀ ਪੱਧਰ ਦਾ ਸਕੂਲ ਜਾਂ ਹਸਪਤਾਲ ਨਹੀਂ ਬਣਾ ਸਕੇ ਨਾ ਹੀ ਕੋਈ ਟੀਵੀ ਚੈਨਲ। ਸਿੱਖਾਂ ਲਈ ਚੱਲ ਰਹੇ ਪੰਜਾਬੀ ਚੈਨਲਾਂ ਵੱਲ ਝਾਤ ਮਾਰੀਏ ਤਾਂ ਇੱਕ ਉਸੇ ਟੱਬਰ ਦਾ ਹੈ(PTC) ਜਿਸ ਨੇ ਸਿੱਖਾਂ ਨੂੰ ਇਸ ਹਾਲਤ ਵਿੱਚ ਪਹੁੰਚਾਇਆ ਹੈ। ਦੂਜਾ ਉਸ ਬਾਣੀਏ ਦਾ ਹੈ (Zee) ਜਿਸ ਨੂੰ ਭਾਜਪਾ ਨੇ ਰਾਜ ਸਭਾ ਦਾ ਮੈਂਬਰ ਬਣਾਇਆ ਹੈ। ਕੁਝ ਛੋਟੇ ਮੋਟੇ ਹੋਰ ਹਨ ਜਿਨ੍ਹਾਂ ਵਿੱਚ ਅੰਬਾਨੀਆਂ ਵਰਗਿਆਂ ਦੇ ਹਿੱਸੇ ਹਨ। ਇਕ ਹੁਣੇ ਜਿਹੇ ਸ਼ੁਰੂ ਹੋਇਆ ਹੈ ਜਿਸ ਦਾ ਵੱਡਾ ਐਂਕਰ ਉਸ ਬਾਡੀਗਾਰਡ ਦਾ ਪੁੱਤਰ ਹੈ ਜਿਹੜਾ ਸੁਮੇਧ ਸੈਣੀ ਤੇ ਹੋਏ ਹਮਲੇ ਵਿਚ ਮਾਰਿਆ ਗਿਆ ਸੀ। ਇਨ੍ਹਾਂ ਵਿੱਚੋਂ ਤੁਸੀਂ ਕਿਸ ਚੈਨਲ ਨੂੰ ਸਿੱਖਾਂ ਦੇ ਹਿੱਤਾਂ ਦੀ ਗੱਲ ਕਰਨ ਦੀ ਆਸ ਨਾਲ ਵੇਖੋਗੇ?

() ਸਿੱਖ-ਵੈਰੀ ਪਾਰਟੀਆਂ ਵਿੱਚ ਪਹਿਲਾਂ ਹੀ ਵੜੇ ਹੋਏ ਸਿੱਖ ਆਗੂਆਂ ਦੀ ਤਾਂ ਗੱਲ ਹੀ ਛੱਡੋ। ਹੁਣੇ ਜਿਹੇ ਚੋਣਾਂ ਦੇ ਐਲਾਨ ਵੇਲੇ ਟਿਕਟਾਂ ਨਾ ਮਿਲਣ ਕਰਕੇ ਕਿਵੇਂ ਤਰ੍ਹਾਂ ਤਰ੍ਹਾਂ ਦੇ ਸਿੱਖ ਆਗੂ ਇਕ ਦੂਜੇ ਦੇ ਉੱਤੋਂ ਦੀ ਲੰਘ ਕੇ ਸਿੱਖ-ਦੁਸ਼ਮਣ ਪਾਰਟੀਆਂ ਵਿਚ ਜਾ ਕੇ ਡਿੱਗੇ ਹਨ ਇਸ ਤੋਂ ਵੱਧ ਸ਼ਰਮਨਾਕ ਕਾਰਾ ਕਿਹੜਾ ਹੋ ਸਕਦਾ ਹੈ? ਪਰ ਇਹ ਵੀ ਗਿਰਾਵਟ ਦੀ ਹੱਦ ਨਹੀਂ ਜਾਪਦੀ! ਅਜੇ ਇਹ ਵੇਖਣਾ ਬਾਕੀ ਹੈ ਕਿ ਚੋਣ ਨਤੀਜਿਆਂ ਤੋਂ ਬਾਅਦ ਦੀ ਸਥਿਤੀ ਵਿੱਚ ਇਹੋ ਜਿਹੇ ਬਾਂਦਰ ਕਿਹੋ ਜਿਹੀਆਂ ਟਪੂਸੀਆਂ ਮਾਰਦੇ ਹਨ।

ਸਾਫ਼ ਜ਼ਾਹਰ ਹੈ ਕਿ ਆਗੂਆਂ ਦਾ ਤੇ ਉਨ੍ਹਾਂ ਦੇ ਪਿਛਲੱਗਾਂ ਦਾ ਸੁਭਾਅ ਇਕ ਦੂਜੇ ਉੱਤੇ ਅਸਰ ਕਰਦਾ ਹੈ। ਇਸ ਕਰਕੇ ਦੋਹਾਂ ਦਾ ਇੱਕੋ ਹੀ ਇਲਾਜ ਹੈ - ਮਾਨਸਿਕ ਵਿਕਾਸ। 

ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ॥

(ਉਬਰੇ=ਬਚ ਗਏ, ਮੁਹਾਇ=ਠੱਗੇ ਗਏ)

(੨੮/੦੭/੨੦੨੨ ਦੇ ਰੋਜ਼ਾਨਾਸਪੋਕਸਮੈਨ ਵਿੱਚ ਛਪਿਆ ਹੋਇਆ)