March 24, 2021

ਪੰਜਾਬ ਵਿੱਚ ਹਿੰਦੀ ਦੀ ਬੇਲੋੜੀ ਪੜ੍ਹਾਈ (Hindi Not Required In Punjab)

 ਪੰਜਾਬ ਵਿੱਚ ਪੰਜਾਬੀ ਦੀ ਲੋੜ


ਭਾਸ਼ਾ ਦੀ ਖੋਜ ਮਨੁੱਖ ਨੇ ਹੀ ਕੀਤੀ ਹੈ ਤੇ ਇਹ ਮਨੁੱਖ ਦੇ ਬਹੁਤ ਸਾਰੇ ਸਿੱਧੇ ਤੇ ਅਸਿੱਧੇ ਕੰਮ ਆਉਂਦੀ ਹੈ। ਸਿੱਧੇ ਕੰਮਾਂ ਵਿੱਚੋਂ ਇਹ ਬੋਲਣ, ਪੜ੍ਹਨ ਅਤੇ ਲਿਖਣ ਦੇ ਕੰਮ ਆਉਂਦੀ ਹੈ। ਅਸਿੱਧੇ ਤੌਰ ਤੇ ਆਪਣਾ ਗਿਆਨ ਵਧਾਉਣ ਤੇ ਦੂਜਿਆਂ ਨਾਲ ਗੱਲਬਾਤ ਕਰਨ ਦੇ ਕੰਮ ਵੀ ਆਉਂਦੀ ਹੈ। ਪੜ੍ਹਨ ਲੱਗਿਆਂ ਤਾਂ ਮਨੁੱਖ ਕਿਸੇ ਵੀ ਸਿੱਖੀ ਹੋਈ ਭਾਸ਼ਾ ਵਿੱਚ ਪੜ੍ਹ ਸਕਦਾ ਹੈ ਪਰ ਬੋਲਣ ਤੇ ਲਿਖਣ ਲੱਗਿਆਂ ਇਹ ਵੇਖਣ ਦੀ ਜ਼ਰੂਰਤ ਹੈ ਕਿ ਜਿਸਦੇ ਲਈ ਲਿਖਿਆ ਜਾਂ ਬੋਲਿਆ ਜਾ ਰਿਹਾ ਹੈ ਕੀ ਉਹ ਉਸ ਭਾਸ਼ਾ ਨੂੰ ਸਮਝਦਾ ਹੈ। ਪੰਜਾਬ ਵਿੱਚ ਇਸ ਵੇਲੇ ਤਿੰਨ ਭਾਸ਼ਾਵਾਂ ਬੱਚਿਆਂ ਨੂੰ ਜ਼ਬਰਦਸਤੀ ਪੜ੍ਹਾਈਆਂ ਜਾ ਰਹੀਆਂ ਹਨ ਤੇ ਇਹ ਤਿੰਨ ਭਾਸ਼ਾਈ ਫਾਰਮੂਲੇ ਦਾ ਹਿੱਸਾ ਹੈ। ਕੇਂਦਰ ਦੀ ਨਵੀਂ ਸਿੱਖਿਆ ਨੀਤੀ 2020 ਵੀ ਲਗਭਗ ਪਹਿਲਾਂ ਵਰਗਾ ਹੀ ਬੰਦੋਬਸਤ ਹੈ।

ਪੰਜਾਬ ਵਿੱਚ ਪੰਜਾਬੀ ਨੂੰ ਬਣਦਾ ਮਹੱਤਵ ਨਹੀਂ ਦਿੱਤਾ ਜਾਂਦਾ ਤੇ ਉਲਟਾ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ ਵੀ ਪੜ੍ਹਨੀ ਜ਼ਰੂਰੀ ਹੈ। ਅਰਥਾਤ ਛੋਟੇ ਛੋਟੇ ਪੰਜਾਬੀ ਬੱਚਿਆਂ ਤੇ ਤਿੰਨ ਤਿੰਨ ਭਾਸ਼ਾਵਾਂ ਪੜ੍ਹਨ ਦਾ ਬੋਝ ਪਾਇਆ ਜਾ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਪੰਜਾਬ ਦੇ ਬੱਚਿਆਂ ਤੇ ਦੋ ਵਾਧੂ ਵਿਸ਼ਿਆਂ ਦਾ ਭਾਰ ਪੈਂਦਾ ਹੈ। ਜੇ ਇਹੋ ਵਾਧੂ ਵਕਤ ਪੰਜਾਬੀ ਬੱਚੇ ਹੋਰ ਵਿਗਿਆਨਕ ਜਾਂ ਅਜੋਕੇ ਵਿਸ਼ਿਆਂ ਨੂੰ ਪੜ੍ਹਨ ਤੇ ਲਾਉਣ ਤਾਂ ਉਹ ਜ਼ਿਆਦਾ ਅੱਗੇ ਵਧ ਸਕਦੇ ਹਨ। ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਪੰਜਾਬੀ ਬੱਚੇ ਪੜ੍ਹਾਈ ਲਿਖਾਈ ਤੋਂ ਭੱਜਦੇ ਹਨ। ਅੰਗਰੇਜ਼ਾਂ ਨੂੰ ਕੇਵਲ ਇੱਕੋ ਹੀ ਭਾਸ਼ਾ ਸਿੱਖਣ ਦੀ ਲੋੜ ਹੈ, ਅੰਗਰੇਜ਼ੀ। ਇਹੋ ਕਾਰਨ ਹੈ ਕਿ ਅੰਗਰੇਜ਼ ਵਿਗਿਆਨਕ ਤੇ ਤਕਨੀਕੀ ਤਰੱਕੀ ਕਰਨ ਵਿੱਚ ਬਾਕੀ ਸਾਰੀ ਦੁਨੀਆਂ ਨੂੰ ਮਾਤ ਪਾ ਗਏ ਹਨ। ਜਿੰਨਾ ਗਿਆਨ ਅੰਗਰੇਜ਼ਾਂ ਨੇ ਆਪਣੀ ਭਾਸ਼ਾ ਵਿੱਚ ਵੱਖ ਵੱਖ ਵਿਸ਼ਿਆਂ ਵਿੱਚ ਪੈਦਾ ਕੀਤਾ ਹੈ ਓਨਾ ਕਿਸੇ ਵੀ ਹੋਰ ਕੌਮ ਨੇ ਨਹੀਂ ਕੀਤਾ। ਕਾਰਨ ਸਾਫ਼ ਹੈ ਕਿ ਉਨ੍ਹਾਂ ਨੂੰ ਦਿਮਾਗਾਂ ਵਿੱਚ ਵਾਧੂ ਭਾਸ਼ਾਵਾਂ ਆਦਿ ਦਾ ਕਬਾੜ ਨਹੀਂ ਵਾੜਨਾ ਪੈਂਦਾ। ਵਾਧੂ ਭਾਸ਼ਾਵਾਂ ਦਾ ਗਿਆਨ ਹਾਸਲ ਕਰਨ ਲਈ ਜਾਂ ਉਸ ਤੇ ਖੋਜ ਕਰਨ ਲਈ ਉਹ ਆਪਣੀ ਬਾਕੀ ਦੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਆਜ਼ਾਦ ਹਨ।

ਹਿੰਦੀ ਅਤੇ ਅੰਗਰੇਜ਼ੀ ਦੋਵੇਂ ਭਾਰਤ ਸਰਕਾਰ ਦੀਆਂ ਸਰਕਾਰੀ ਭਾਸ਼ਾਵਾਂ ਹਨ। ਇਨ੍ਹਾਂ ਨੂੰ ਰਾਸ਼ਟਰੀ ਜਾਂ ਕੌਮੀ ਭਾਸ਼ਾਵਾਂ ਹੋਣ ਦਾ ਕੋਈ ਵੀ ਖਿਤਾਬ ਨਹੀਂ ਮਿਲਿਆ ਹੋਇਆ। ਇਸ ਕਰਕੇ ਇਹ ਦੋਵੇਂ ਭਾਸ਼ਾਵਾਂ ਸਿਰਫ਼ ਰਾਜਾਂ ਅਤੇ ਕੇਂਦਰ ਦੇ ਆਪਸੀ ਤਾਲਮੇਲ ਨੂੰ ਬਿਹਤਰ ਬਣਾਉਣ ਲਈ ਮਿੱਥੀਆਂ ਗਈਆਂ ਹਨ। ਕਿਸੇ ਵੀ ਰਾਜ ਲਈ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਇੱਕ ਭਾਸ਼ਾ ਨੂੰ ਆਪਣੇ ਬਸ਼ਿੰਦਿਆਂ ਨੂੰ ਪੜ੍ਹਾਉਣ ਨਾਲ ਮਸਲਾ ਹੱਲ ਹੋ ਜਾਂਦਾ ਹੈ। ਫਿਰ ਇਹ ਕਿਉਂ ਜ਼ਰੂਰੀ ਹੈ ਕਿ ਪੰਜਾਬ ਵਿੱਚ ਇਹ ਦੋਵੇਂ ਭਾਸ਼ਾਵਾਂ ਜ਼ਬਰਦਸਤੀ ਬੱਚਿਆਂ ਨੂੰ ਪੜ੍ਹਾਈਆਂ ਜਾਣ। ਪੰਜਾਬ ਨੂੰ ਅੰਗਰੇਜ਼ੀ ਦੀ ਜ਼ਰੂਰਤ ਹੈ ਪਰ ਅੰਗਰੇਜ਼ੀ ਪੜ੍ਹਾਉਣ ਲਈ ਵੀ ਅੰਗਰੇਜ਼ੀ ਸਾਹਿਤ ਤੇ ਜ਼ੋਰ ਦੇਣਾ ਬਿਲਕੁਲ ਬੇਥਵਾ ਹੈ। ਬੱਚਿਆਂ ਨੂੰ ਕੰਮਕਾਜੀ ਅੰਗਰੇਜ਼ੀ ਤੇ ਇਸਦੇ ਵਿਗਿਆਨਕ ਸ਼ਬਦਾਂ ਦੀ ਜਾਣਕਾਰੀ ਦੀ ਜ਼ਰੂਰਤ ਹੈ ਨਾ ਕਿ ਸ਼ੈਕਸਪੀਅਰ ਦੀਆਂ ਕਵਿਤਾਵਾਂ ਦੀ। ਅੰਗਰੇਜ਼ੀ ਸਾਹਿਤ ਨੂੰ ਪੜ੍ਹਨ ਲਈ ਕੋਈ ਵੀ ਬੱਚਾ ਚੋਣਵਾਂ ਵਿਸ਼ਾ ਲੈ ਕੇ ਅਲੱਗ ਤੋਂ ਪੜ੍ਹ ਸਕਦਾ ਹੈ।

ਮੰਨਣਯੋਗ ਹੈ ਕਿ ਪੰਜਾਬੀ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਨੀ ਫਾਇਦੇ ਵਿੱਚ ਹੈ ਕਿਉਂਕਿ ਪੱਖਪਾਤੀ ਨੀਤੀਆਂ ਕਾਰਨ ਸਾਡੇ ਬੱਚਿਆਂ ਨੂੰ ਪੰਜਾਬ ਛੱਡਕੇ ਵਿਦੇਸ਼ਾਂ ਵਿਚ ਜਾਣਾ ਪੈ ਰਿਹਾ ਹੈ ਅਤੇ ਦੁਨੀਆਂ ਦਾ ਬਹੁਤਾ ਗਿਆਨ ਵੀ ਅੰਗਰੇਜ਼ੀ ਭਾਸ਼ਾ ਵਿੱਚ ਹੀ ਲਿਖਿਆ ਮਿਲਦਾ ਹੈ। ਪਰ ਅੰਗਰੇਜ਼ੀ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੰਜਵੀਂ ਜਮਾਤ ਤੋਂ ਬਾਅਦ ਸ਼ੁਰੂ ਹੋਣੀ ਚਾਹੀਦੀ ਹੈ ਤਾਂ ਕਿ ਓਦੋਂ ਤੱਕ ਬੱਚਾ ਆਪਣੀ ਮਾਤ ਭਾਸ਼ਾ ਵਿੱਚ ਪਰਪੱਕ ਹੋ ਸਕੇ ਤੇ ਮਾਤਾਵਾਂ ਨੂੰ ਸਾਰਾ ਦਿਨ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਤੇ ਹਿੰਦੀ ਵਿੱਚ ਚਿੜੀ-ਤੋਤਿਆਂ ਦੇ ਨਾਵਾਂ ਦੇ ਘੋਟੇ ਨਾ ਲਵਾਉਣੇ ਪੈਣ। 

ਜਿੱਥੋਂ ਤਕ ਹਿੰਦੀ ਦਾ ਸੁਆਲ ਹੈ, ਪੰਜਾਬੀ ਬੱਚਿਆਂ ਨੂੰ ਹਿੰਦੀ ਦੀ ਪੜ੍ਹਾਈ ਦੀ ਕੋਈ ਜ਼ਰੂਰਤ ਹੀ ਨਹੀਂ ਜਾਪਦੀ। ਮੇਰਾ ਆਪਣਾ ਨਿੱਜੀ ਤਜਰਬਾ ਹੈ ਕਿ ੩੭ ਸਾਲ ਕੇਂਦਰ ਸਰਕਾਰ ਦੇ ਇਕ ਨਾਮੀ ਮਹਿਕਮੇ ਵਿੱਚ ਕੰਮ ਕਰਨ ਦੇ ਦੌਰਾਨ ਤੇ ਨਾ ਹੀ ਉਸ ਤੋਂ ਬਾਅਦ ਅੱਜ ਤਕ ਮੈਨੂੰ ਹਿੰਦੀ ਦਾ ਇੱਕ ਵੀ ਸ਼ਬਦ ਲਿਖਣ ਦੀ ਜ਼ਰੂਰਤ ਨਹੀਂ ਪਈ। ਫਿਰ ਮੈਂ ਕਾਹਦੇ ਵਾਸਤੇ ਸਕੂਲੀ ਪੜ੍ਹਾਈ ਦੌਰਾਨ ਹਿੰਦੀ ਦੀ ਲਿਪੀ ਦੇ ਸ਼ਬਦਾਂ ਨੂੰ ਘੋਟੇ ਲਾ ਲਾ ਕੇ ਆਪਣਾ ਵਕਤ ਜ਼ਾਇਆ ਕਰਦਾ ਰਿਹਾ। ਅੱਜਕੱਲ੍ਹ ਮੰਨੂਵਾਦੀਆਂ ਦੇ ਦਬਾਅ ਹੇਠ ਇਸ ਤਰ੍ਹਾਂ ਦੀ ਵਕਤ ਦੀ ਬਰਬਾਦੀ ਕਿਤੇ ਵਧ ਗਈ ਹੈ। ਸ਼ਾਇਦ ਇਹ ਇਸੇ ਕਰਕੇ ਕੀਤਾ ਜਾ ਰਿਹਾ ਹੈ ਤਾਂ ਕਿ ਮੰਨੂਵਾਦੀਆਂ ਤੋਂ ਇਲਾਵਾ ਹੋਰ ਕੋਈ ਵੀ ਜ਼ਿਆਦਾ ਗਿਆਨ ਪ੍ਰਾਪਤ ਕਰਨ ਦਾ ਵਕਤ ਨਾ ਕੱਢ ਸਕੇ। ਇਹ ਪੁਰਾਣੇ ਵਕਤਾਂ ਵਿੱਚ ਗਿਆਨ ਲੈਣ ਤੋਂ ਰੋਕਣ ਲਈ ਮੰਨੂਵਾਦੀਆਂ ਵੱਲੋਂ ਮਾੜਿਆਂ ਦੇ ਕੰਨਾਂ ਵਿੱਚ ਸਿੱਕਾ ਪਿਘਲਾ ਕੇ ਪਾਉਣ ਦੇ ਬਰਾਬਰ ਹੈ।

ਜਿੱਥੋਂ ਤਕ ਪੰਜਾਬ ਦੇ ਹਿੰਦੂ ਵੀਰਾਂ ਦੇ ਪੁਰਾਣੇ ਦੱਸੇ ਜਾਂਦੇ ਸ਼ਾਸਤਰਾਂ, ਵੇਦਾਂ ਆਦਿ ਨੂੰ ਪੜ੍ਹਨ ਦਾ ਸਵਾਲ ਹੈ, ਉਨ੍ਹਾਂ ਨੂੰ ਪੰਜਾਬੀ ਵਿੱਚ ਉਲਥਾ ਕਰਕੇ ਜਾਂ ਗੁਰਮੁਖੀ ਵਿਚ ਲਿਪੀਅੰਤਰ ਕਰਕੇ ਵੀ ਪੜ੍ਹਿਆ ਜਾ ਸਕਦਾ ਹੈ। ਉਂਜ ਵੀ ਇਹ ਸਾਰੇ ਗ੍ਰੰਥ ਹਿੰਦੀ ਦੀ ਬਜਾਏ ਸੰਸਕ੍ਰਿਤ ਵਿਚ ਹਨ। ਇਸ ਲਈ ਹਿੰਦੀ ਨੂੰ ਸਿੱਖਣ ਦੀ ਬਜਾਏ ਪੁਰਾਣਾ ਸਾਹਿਤ ਪੜ੍ਹਨ ਲਈ ਸੰਸਕ੍ਰਿਤ ਸਿੱਖਣੀ ਪੰਜਾਬੀ ਹਿੰਦੂਆਂ ਲਈ ਜ਼ਿਆਦਾ ਫ਼ਾਇਦੇਮੰਦ ਹੈ। ਇਸ ਕਰਕੇ ਹਿੰਦੀ ਤੇ ਸੰਸਕ੍ਰਿਤ ਦੋਵਾਂ ਨੂੰ ਇਕ ਚੋਣਵੇਂ ਵਿਸ਼ੇ ਦੇ ਤੌਰ ਤੇ ਦਸਵੀਂ ਜਮਾਤ ਵਿੱਚ ਲਾਇਆ ਜਾ ਸਕਦਾ ਹੈ। ਹਿੰਦੀ ਨੂੰ ਪੰਜਾਬ ਵਿਚ ਇਕ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੜ੍ਹਾਏ ਜਾਣ ਦਾ ਕੋਈ ਵੀ ਕਾਰਨ ਨਜ਼ਰ ਨਹੀਂ ਆਉਂਦਾ। ਉਂਜ ਵੀ ਇਹ ਪੰਜਾਬੀ ਸੂਬਾ ਹੈ। ਪਰ ਜੇ ਫਿਰ ਵੀ ਕੇਂਦਰ ਸਰਕਾਰ ਦੀ ਸਰਕਾਰੀ ਭਾਸ਼ਾ ਹੋਣ ਕਰਕੇ ਕੋਈ ਪੜ੍ਹਨਾ ਚਾਹੇ ਤਾਂ ਇਸ ਨੂੰ ਚੋਣਵੇਂ ਵਿਸ਼ੇ ਦੇ ਤੌਰ ਤੇ ਲਾਗੂ ਕੀਤਾ ਜਾ ਸਕਦਾ ਹੈ ਤਾਂ ਕਿ ਜੋ ਪੜ੍ਹਨਾ ਚਾਹੇ ਉਹ ਪੜ੍ਹ ਸਕੇ।

ਪੰਜਾਬ ਦਾ ਇਤਿਹਾਸ ਤੇ ਖਾਸ ਕਰਕੇ ਸਿੱਖ ਇਤਿਹਾਸ ਮੁਸਲਮਾਨ ਧਾੜਵੀਆਂ ਦੀ ਆਮਦ ਨਾਲ ਜੁਡ਼ਿਆ ਹੋਇਆ ਹੈ। ਇਸ ਕਰਕੇ ਇਹ ਇਤਿਹਾਸ ਜ਼ਿਆਦਾਤਰ ਮੁਸਲਮਾਨ ਲੇਖਕਾਂ ਦੁਆਰਾ ਲਿਖਿਆ ਫਾਰਸੀ ਭਾਸ਼ਾ ਵਿੱਚ ਤੇ ਅਰਬੀ ਲਿੱਪੀ ਵਿਚ ਮਿਲਦਾ ਹੈ। ਇਸ ਦੀ ਜਾਣਕਾਰੀ ਅਤੇ ਖੋਜ ਨੂੰ ਅੱਗੇ ਵਧਾਉਣ ਲਈ ਇਹ ਜ਼ਰੂਰੀ ਹੈ ਕਿ ਫ਼ਾਰਸੀ ਤੇ ਉੜਦੂ ਭਾਸ਼ਾ ਨੂੰ ਵੀ ਇਕ ਚੋਣਵੇਂ ਵਿਸ਼ੇ ਦੇ ਤੌਰ ਤੇ ਦਸਵੀਂ ਜਮਾਤ ਵਿੱਚ ਲਾਗੂ ਕੀਤਾ ਜਾਵੇ। ਨਾਲ ਦੀ ਨਾਲ ਇਸ ਇਤਿਹਾਸ ਨੂੰ ਪੰਜਾਬੀ ਵਿੱਚ ਉਲਥਾ ਕੇ ਮਿਲਣਯੋਗ ਬਣਾਉਣਾ ਪੰਜਾਬ ਸਰਕਾਰ ਦੀ ਇੱਕ ਪਹਿਲ ਹੋਣੀ ਚਾਹੀਦੀ ਹੈ ਤਾਂ ਕਿ ਆਪਣਾ ਹੀ ਇਤਿਹਾਸ ਪੜ੍ਹਨ ਲਈ ਅਸੀਂ ਬਾਹਰਲੀਆਂ ਭਾਸ਼ਾਵਾਂ ਤੇ ਨਿਰਭਰ ਨਾ ਰਹੀਏ।  

ਜਿੱਥੋਂ ਤਕ ਹਿੰਦੀ ਵਿਚ ਬੋਲਣ ਦੀ ਜ਼ਰੂਰਤ ਦਾ ਸਵਾਲ ਹੈ, ਪੰਜਾਬ ਵਿੱਚ ਰਹਿੰਦਿਆਂ ਕਿਸੇ ਨੂੰ ਹਿੰਦੀ ਬੋਲਣ ਦੀ ਬਹੁਤੀ ਸਮੱਸਿਆ ਨਹੀਂ ਹੈ। ਇਹ - ਗਊ ਖੇਤਰ ਦੇ ਸੂਬਿਆਂ ਵਿੱਚ ਬੋਲਣ ਸਮਝਣ ਦੇ ਕੰਮ ਆਉਂਦੀ ਹੈ। ਪਰ ਇੰਨੀ ਕੁ  ਹਿੰਦੀ ਤਾਂ ਪੰਜਾਬੀਆਂ ਨੂੰ ਉਂਜ ਹੀ ਜਾਂਦੀ ਹੈ। ਪਹਿਲਾ ਕਾਰਨ ਇਹ ਹੈ ਕਿ ਹਿੰਦੀ ਤੇ ਪੰਜਾਬੀ ਦੇ ਬੋਲਣ ਵਿਚ ਕਾਫ਼ੀ ਕੁਝ ਸਾਂਝਾ ਹੈ। ਦੂਸਰਾ, ਭਾਰਤ ਸਰਕਾਰ, ਟੀ ਵੀ, ਫ਼ਿਲਮਾਂ, ਅਖ਼ਬਾਰ, ਸਾਡੇ ਘਟੀਆ ਸਕੂਲ ਅਤੇ ਮਨੂੰਵਾਦੀ ਚੌਧਰੀ ਸਭ ਦੇ ਸਭ ਸਾਨੂੰ ਹਿੰਦੀ ਬੋਲਣੀ ਤੇ ਸਮਝਣੀ ਸਿਖਾਉਣ ਵਿੱਚ ਹੀ ਤਾਂ ਲੱਗੇ ਹੋਏ ਹਨ। ਜੇ ਅਸੀਂ ਉਨ੍ਹਾਂ ਦੀ ਇੰਨੀ ਮਿਹਨਤ ਦੇ ਬਾਵਜੂਦ ਹਿੰਦੀ ਬੋਲਣੀ ਤੇ ਸਮਝਣੀ ਨਹੀਂ ਸਿੱਖ ਸਕਦੇ ਤਾਂ ਫਿਰ ਅਸੀਂ ਸਕੂਲਾਂ ਵਿੱਚ ਵੀ ਨਹੀਂ ਸਿੱਖ ਸਕਦੇ।    

ਪੁਰਾਤਨ ਸੱਭਿਅਤਾ ਦੀ ਦੁਹਾਈ ਦੇਣ ਵਾਲੇ ਮੰਨੂਵਾਦੀਏ ਅੱਜਕੱਲ੍ਹ ਹਿੰਦੀ ਤੇ ਸੰਸਕ੍ਰਿਤ ਨੂੰ ਅੱਗੇ ਵਧਾਉਣ ਲਈ ਅੱਡੀ  ਚੋਟੀ ਦਾ ਜ਼ੋਰ ਲਾ ਰਹੇ ਹਨ। ਇਸ ਕਰਕੇ ਇਹ ਲੋਕ ਭਾਰਤ ਵਿੱਚ ਅੰਗਰੇਜ਼ੀ ਨੂੰ ਅੱਗੇ ਵਧਾਉਣ ਵਾਲੇ ਥਾਮਸ ਬੈਬਿੰਗਟਨ ਮੈਕਾਲੇ ਨੂੰ ਨਫ਼ਰਤ ਦੀ ਨਜ਼ਰ ਨਾਲ ਯਾਦ ਕਰਦੇ ਹਨ ਤੇ ਅੰਗਰੇਜ਼ੀ ਵਿਚ ਕੰਮਕਾਰ ਕਰਨ ਵਾਲਿਆਂ ਨੂੰ ਇਹ ਮੈਕਾਲੇ ਦੇ ਬੱਚੇ(Macaulay’s Children) ਕਹਿ ਕੇ ਛੁਟਿਆਉਂਦੇ ਹਨ। ਪਰ ਉਹ ਭੁੱਲ ਜਾਂਦੇ ਹਨ ਕਿ ਹਿੰਦੀ ਤੇ ਉੜਦੂ ਸਿਰਫ਼ ਸਵਾ ਦੋ ਸੌ ਸਾਲ ਪਹਿਲਾਂ ਹੀ ਪੈਦਾ ਹੋਈਆਂ ਭਾਸ਼ਾਵਾਂ ਹਨ ਜਿਨ੍ਹਾਂ ਨੂੰ ਜੌਹਨ ਬੋਰਥਵਿਕ ਗਿਲਕ੍ਰਿਸਟ ਨੇ ਪੈਦਾ ਕੀਤਾ ਸੀ। ਇਸ ਲਈ ਹਿੰਦੀ ਤੇ ਉੜਦੂ ਥੋਪਣ ਵਾਲਿਆਂ ਨੂੰ ਵੀ ਇਕ ਅੰਗਰੇਜ਼ ਗਿਲਕ੍ਰਿਸਟ ਦੇ ਬੱਚੇ(Gilchrist’s Children) ਆਖਿਆ ਜਾ ਸਕਦਾ ਹੈ। ਉਸ ਨੇ ਇਹਨਾਂ ਦੋਵਾਂ ਭਾਸ਼ਾਵਾਂ ਨੂੰ ਦਿੱਲੀ ਦੁਆਲੇ ਦੇ ਖੇਤਰ ਦੀਆਂ ਇਲਾਕਾਈ ਬੋਲੀਆਂ(ਖਾਸ ਕਰਕੇ 'ਖੜੀ' ਬੋਲੀ) ਦੇ ਆਧਾਰ ਤੇ ਬਣਾਇਆ ਸੀ। ਮੰਨੂਵਾਦੀਆਂ ਲਈ ਇਹ ਕਾਰਜ ਬੜਾ ਫ਼ਾਇਦੇਮੰਦ ਸਾਬਤ ਹੋਇਆ ਹੈ। ਉਨ੍ਹਾਂ ਨੇ ਗਊ ਖੇਤਰ ਦੇ - ਸੂਬਿਆਂ ਦੀਆਂ ਬਹੁਤ ਸਾਰੀਆਂ ਇਲਾਕਾਈ ਭਾਸ਼ਾਵਾਂ ਨੂੰ ਦੇਵਨਾਗਰੀ ਵਿੱਚ ਲਿਖ ਕੇ ਹਿੰਦੀ ਦਾ ਹੀ ਹਿੱਸਾ ਬਣਾ ਦਿੱਤਾ ਹੈ ਜਿਸ ਨਾਲ ਇਨ੍ਹਾਂ ਇਲਾਕਿਆਂ ਦੀ ਆਜ਼ਾਦ ਸੱਭਿਅਤਾ ਤੇ ਮੰਨੂੰਵਾਦੀਆਂ ਦਾ ਪ੍ਰਭਾਵ ਵਧਿਆ ਹੈ। ਇਸੇ ਸਰਗਰਮੀ ਵਜੋਂ ਸਿਰਫ਼ ਸਵਾ ਦੋ ਸੌ ਸਾਲ ਪਹਿਲਾਂ ਪੈਦਾ ਹੋਈਆਂ ਹਿੰਦੀ ਤੇ ਉੜਦੂ ਭਾਸ਼ਾਵਾਂ ਨੂੰ ਉੱਚੀ ਥਾਂ ਦਿੱਤੀ ਜਾ ਰਹੀ ਹੈ ਤੇ ਪੰਜਾਬੀ ਨੂੰ ਤਿਰਸਕਾਰਿਆ ਜਾ ਰਿਹਾ ਹੈ। ਪੰਜਾਬੀ ਬੋਲਣ ਵਾਲੇ ਹਿੰਦੂ ਤੇ ਪਾਕਿਸਤਾਨੀ ਮੁਸਲਮਾਨ ਕਰਮਵਾਰ ਹਿੰਦੀ ਤੇ ਉੜਦੂ ਨੂੰ ਆਪਣੀ ਭਾਸ਼ਾ ਬਣਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ ਤੇ ਆਪਣੀ ਮਾਂ ਬੋਲੀ ਪੰਜਾਬੀ ਬਾਰੇ ਪੰਜਾਬੀਆਂ ਵਿਚ ਹੀ ਹੀਣ ਭਾਵਨਾ ਘਰ ਕਰਦੀ ਜਾਂਦੀ ਹੈ। ਇਹ ਹੀਣ ਭਾਵਨਾ ਮੰਨੂਵਾਦੀਆਂ ਨੂੰ ਮਣਾਂ ਮੂੰਹੀਂ ਰਾਸ ਆਉਂਦੀ ਹੈ। ਇਸ ਨਾਲ ਛੋਟੇ ਬੱਚਿਆਂ ਨੂੰ ਪੰਜਾਬੀ ਵਿਚ ਬੋਲ ਚਾਲ ਤੇ ਪੜ੍ਹਾਈ ਕਰਾਉਣ ਤੋਂ ਕੱਚੀਆਂ ਜਮਾਤਾਂ ਵਿੱਚ ਹੀ ਰੋਕ ਲਿਆ ਜਾਂਦਾ ਹੈ ਜਿਸ ਨਾਲ ਉਹ ਸਕੂਲ ਵਿੱਚ ਹਿੰਦੀ ਜਾਂ ਅੰਗਰੇਜ਼ੀ ਬੋਲਣ ਲਈ ਮਜਬੂਰ ਹਨ ਤੇ ਘਰ ਕੇ ਪੰਜਾਬੀ। 

ਇਸ ਦਾ ਇੱਕ ਬਹੁਤ ਹੀ ਗੁੱਝਾ ਤੇ ਵੱਡਾ ਨੁਕਸਾਨ ਹੋ ਰਿਹਾ ਹੈ ਜਿਸ ਦੀ ਕੋਈ ਚਰਚਾ ਕਿਧਰੇ ਨਜ਼ਰ ਨਹੀਂ ਆਉਂਦੀ। ਇਹ ਇੰਜ ਹੈ ਕਿ ਬੱਚਾ ਤਿੰਨ ਵੱਖ ਵੱਖ ਬੋਲੀਆਂ ਦੇ ਅੱਖਰਾਂ ਵਿੱਚ ਉਲਝ ਜਾਂਦਾ ਹੈ ਤੇ ਬੋਲਣ ਵਿਚ ਝਿਜਕਣ ਲੱਗਦਾ ਹੈ। ਉਹ ਆਪਣਾ ਆਮ ਬੋਲ ਚਾਲ ਕੁਦਰਤੀ ਤੇਜ਼ੀ ਨਾਲ ਨਹੀਂ ਕਰ ਸਕਦਾ। ਇਹ ਝਿਜਕ ਬੱਚੇ ਨੂੰ ਜਨਤਕ ਤੌਰ ਤੇ ਤੇਜ਼ੀ ਨਾਲ ਬੋਲ ਸਕਣ ਦੇ ਗੁਣ ਨੂੰ ਵੀ ਅਪਨਾਉਣ ਤੋਂ ਰੋਕਦੀ ਹੈ। ਇਸ ਦਾ ਹੀ ਨਤੀਜਾ ਹੈ ਕਿ ਆਮ ਕਰਕੇ ਜਿੰਨਾ ਕੋਈ ਅੰਗਰੇਜ਼ ਅੰਗਰੇਜ਼ੀ ਵਿੱਚ ਜਾਂ ਗਊ ਖੇਤਰ ਵਾਲਾ ਹਿੰਦੀ ਵਿੱਚ ਸੌਖਾ ਤੇ ਤੇਜ਼ ਬੋਲ ਸਕਦਾ ਹੈ, ਓਨਾ ਕੋਈ ਵੀ ਪੰਜਾਬੀ ਪੰਜਾਬੀ ਵਿੱਚ ਨਹੀਂ ਬੋਲ ਸਕਦਾ। ਸਪੱਸ਼ਟ ਹੈ ਕਿ ਉਸ ਦਾ ਪੰਜਾਬੀ ਵਿਚ ਬੋਲਣ ਦਾ ਮੁਹਾਵਰਾ ਜ਼ਿੰਦਗੀ ਦੇ ਤਜਰਬੇ ਦੇ ਤੌਰ ਤੇ ਪੱਕਾ ਹੀ ਨਹੀਂ ਹੋਇਆ ਹੁੰਦਾ ਤੇ ਉੱਤੋਂ ਉਹ ਪੰਜਾਬੀ ਬੋਲਣ ਲੱਗਿਆਂ ਨਿੱਤ ਸਿਰ ਵਿੱਚ ਵੱਜਦੇ ਹਿੰਦੀ ਤੇ ਅੰਗਰੇਜ਼ੀ ਦੇ ਸ਼ਬਦਾਂ ਵਿੱਚ ਉਲਝਣ ਲੱਗ ਜਾਂਦਾ ਹੈ। ਜੇ ਇਤਬਾਰ ਨਹੀਂ ਤਾਂ ਟੀਵੀ ਉੱਤੇ ਵੇਖੋ ਕਿ ਇੱਕ ਮਾਈਕ ਵੇਖ ਕੇ ਯੂਪੀ ਤੇ ਬਿਹਾਰ ਵਾਲੇ ਲੋਕ ਕਿੰਨਾ ਤੇਜ਼ ਤੇ ਕੁਦਰਤੀ ਬੋਲਦੇ ਹਨ ਤੇ ਪੰਜਾਬ ਵਾਲੇ ਕਿੰਨਾ। ਸਰਵੇ ਦੇ ਤੌਰ ਤੇ ਦੋਹਾਂ ਦੀ ਕੁਦਰਤੀਪਣ ਦੀ ਔਸਤ ਕੱਢ ਲਈ ਜਾਵੇ ਤਾਂ ਗੱਲ ਸਪੱਸ਼ਟ ਹੋ ਜਾਵੇਗੀ। ਹੁਣ ਤਾਂ ਪੰਜਾਬੀ ਦੇ ਟੀਵੀ ਚੈਨਲਾਂ ਉੱਤੇ ਆਉਣ ਵਾਲੀਆਂ ਖ਼ਬਰਾਂ ਵੀ ਨਾ ਤਾਂ ਸ਼ੁੱਧ ਪੰਜਾਬੀ ਵਿੱਚ ਲਿਖੀਆਂ ਜਾਂਦੀਆਂ ਤੇ ਨਾ ਬੋਲੀਆਂ ਜਾਂਦੀਆਂ। ਪੰਜਾਬੀ ਟੀਵੀ ਦੇ ਨਾਂ ਤੇ ਚਿੱਕੜ ਵਰਤਾਇਆ ਜਾ ਰਿਹਾ ਹੈ।

ਇਸ ਲਈ ਪੰਜਾਬੀ ਬੱਚਿਆਂ ਨੂੰ ਪੰਜਵੀਂ ਜਮਾਤ ਤਕ ਕੇਵਲ ਪੰਜਾਬੀ ਵਿੱਚ ਹੀ ਸਿੱਖਿਆ ਦਿੱਤੀ ਜਾਵੇ। ਛੇਵੀਂ ਜਮਾਤ ਤੋਂ ਅੰਗਰੇਜ਼ੀ ਲਾਗੂ ਕੀਤੀ ਜਾਵੇ ਤੇ ਬਾਕੀ ਦੀਆਂ ਭਾਸ਼ਾਵਾਂ ਦਸਵੀਂ ਤੋਂ ਬਾਅਦ ਸਿਰਫ਼ ਚੋਣਵੇਂ ਵਿਸ਼ੇ ਦੇ ਤੌਰ ਤੇ ਹੀ ਪੜ੍ਹਾਈਆਂ ਜਾਣ। ਜਿਹੜੇ ਨਿੱਜੀ ਸਕੂਲ ਪੰਜਾਬੀ ਨੂੰ ਉਹਦਾ ਬਣਦਾ ਹੱਕ ਦੇਣ ਤੋਂ ਕੰਨੀ ਕਤਰਾਉਂਦੇ ਹਨ ਉਨ੍ਹਾਂ ਨੂੰ ਸੂਬੇ ਦੇ ਸਾਧਨਾਂ ਤੇ ਮਨਜ਼ੂਰੀਆਂ ਤੋਂ ਹੱਥ ਖਿੱਚ ਕੇ ਅਕਲ ਸਿਖਾਈ ਜਾ ਸਕਦੀ ਹੈ। ਪਰ ਇਸ ਲਈ ਜਨਤਕ ਦਬਾਅ ਜ਼ਰੂਰੀ ਹੋ ਗਿਆ ਹੈ। ਪੰਜਾਬੀ ਤੇ ਹਮਲਾ ਇੰਨਾ ਜ਼ੋਰਦਾਰ ਹੈ ਕਿ ਇਸ ਨੂੰ ਪਛਾੜਨ ਲਈ ਦਿੱਲੀ ਲਾਗੇ ਚੱਲ ਰਹੇ ਕਿਸਾਨ ਅੰਦੋਲਨ ਵਾਂਗੂੰ ਹੀ ਚੰਡੀਗੜ੍ਹ ਵਿੱਚ ਇੱਕ ਇਹੋ ਜਿਹੇ ਅੰਦੋਲਨ ਦੀ ਲੋੜ ਹੈ ਜਿਹੜਾ ਚੰਡੀਗੜ੍ਹ ਵਸਦੇ ਘੁੱਗੂ ਸਿਆਸਤਦਾਨਾਂ ਦੇ ਨੱਕ ਵਿਚ ਦਮ ਕਰ ਦੇਵੇ। ਇਹ ਅੰਦੋਲਨ ਆਮ ਲੋਕਾਂ ਦੁਆਰਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਪੰਜਾਬੀ ਭਾਸ਼ਾ ਇਕੱਲੇ ਪੰਜਾਬੀ ਲੇਖਕਾਂ ਦੀ ਭਾਸ਼ਾ ਨਹੀਂ, ਇਹ ਆਮ ਲੋਕਾਂ ਦੀ ਹੈ ਜੋ ਪੰਜਾਬ ਵਿੱਚ ਵੱਸਦੇ ਹਨ।

(੨੨।੦੩।੨੦੨੧ ਦੇ ਰੋਜ਼ਾਨਾ ਸਪੋਕਸਮੈਨ ਵਿੱਚ ਛਪਿਆ ਹੋਇਆ)